ਹਿਮਾਚਲ ਦੀਆਂ ਚੋਣ ਦਿਲਚਸਪੀਆਂ : ਟੱਕਰ ਸਹੁਰੇ-ਜਵਾਈ ਦੀ : ਨਾਰਾਜ਼ਗੀ ਬਾਪ-ਬੇਟੀ ਦੀ
Saturday, Oct 22, 2022 - 04:16 AM (IST)
ਹਿਮਾਚਲ ਵਿਚ ਚੋਣ ਕਮਿਸ਼ਨ ਵਲੋਂ 12 ਨਵੰਬਰ ਨੂੰ ਵੋਟਾਂ ਪੈਣ ਦੀ ਮਿਤੀ ਐਲਾਨੇ ਜਾਣ ਤੋਂ ਪਹਿਲਾਂ ਹੀ ਸੂਬੇ ’ਚ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਸਨ, ਜਿਨ੍ਹਾਂ ’ਚ ਹੁਣ ਦਿਨ-ਪ੍ਰਤੀਦਿਨ ਤੇਜ਼ੀ ਆਉਂਦੀ ਜਾ ਰਹੀ ਹੈ।
ਸੂਬੇ ’ਚ ਅਜੇ ਤੱਕ ਬਦਲ-ਬਦਲ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ। ਇਨ੍ਹਾਂ ਚੋਣਾਂ ’ਚ ਜਿੱਥੇ ਕਾਂਗਰਸ ਨੇ ਭਾਜਪਾ ਕੋਲੋਂ ਸੱਤਾ ਖੋਹਣ ਦੇ ਲਈ ਤਿਆਰੀ ਸ਼ੁਰੂ ਕਰ ਰੱਖੀ ਹੈ, ਉੱਥੇ ਹੀ ਭਾਜਪਾ ਇਹ ਰਵਾਇਤ ਤੋੜਨ ਦੇ ਲਈ ਪੂਰਾ ਜ਼ੋਰ ਲਗਾ ਰਹੀ ਹੈ, ਜਦਕਿ ਆਮ ਆਦਮੀ ਪਾਰਟੀ (ਆਪ) ਵੀ ਆਪਣੀ ਹਾਜ਼ਰੀ ਦਰਜ ਕਰਵਾਉਣ ਦੇ ਲਈ ਸਰਗਰਮ ਹੈ।
ਇਸ ਸਮੇਂ ਸੂਬੇ ’ਚ ਦੋਵਾਂ ਹੀ ਪਾਰਟੀਆਂ ਕਾਂਗਰਸ ਤੇ ਭਾਜਪਾ ਦੇ ਨੇਤਾ ਪਿਛਲੇ ਪ੍ਰਾਜੈਕਟਾਂ ਨੂੰ ਲਾਗੂ ਕੀਤੇ ਜਾਣ ਦਾ ਸਿਹਰਾ ਤਾਂ ਲੈ ਰਹੇ ਹਨ ਪਰ ਭਾਵੀ ਵਿਕਾਸ ਸਬੰਧੀ ਮੁੱਦਿਆਂ ’ਤੇ ਚਰਚਾ ਨਹੀਂ ਕਰ ਰਹੇ।
ਸੂਬੇ ’ਚ 1184 ਵੋਟਰ 100 ਸਾਲ ਤੋਂ ਵੱਧ ਉਮਰ ਦੇ ਦੱਸੇ ਜਾਂਦੇ ਹਨ। ਇਨ੍ਹਾਂ ’ਚੋਂ ਕਿਨੌਰ ਦੇ ਕਲਪਾ ’ਚ ਰਹਿਣ ਵਾਲੇ ਸ਼ਿਆਮ ਸ਼ਰਣ ਨੇਗੀ 1951 ਤੋਂ ਅਜੇ ਤੱਕ ਇਕ ਵਾਰ ਵੀ ਵੋਟ ਪਾਉਣ ਤੋਂ ਨਹੀਂ ਖੁੰਝੇ ਅਤੇ ਇਨ੍ਹਾਂ ਨੇ ਕਦੀ ਵੀ ਆਪਣੀ ਵੋਟ ਬੇਕਾਰ ਨਹੀਂ ਕੀਤੀ। ਇਸ ਵਾਰ ਉਹ 18ਵੀਂ ਵਾਰ ਚੋਣਾਂ ’ਚ ਵੋਟਾਂ ਪਾਉਣਗੇ।
ਸੂਬੇ ’ਚ 80 ਸਾਲ ਤੋਂ ਵੱਧ ਉਮਰ ਦੇ 1.22 ਲੱਖ ਵੋਟਰ ਹਨ। ਇਨ੍ਹਾਂ ’ਚੋਂ ਵਧੇਰਿਆਂ ਦਾ ਕਹਿਣਾ ਹੈ ਕਿ ਕੋਈ ਵੀ ਪਾਰਟੀ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਗੱਲ ਨਹੀਂ ਕਰਦੀ। ਪਾਰਟੀਆਂ ਨੂੰ ਆਰਥਿਕ ਮੰਦੀ, ਸੜਕਾਂ, ਪਾਣੀ, ਭ੍ਰਿਸ਼ਟਾਚਾਰ ਅਤੇ ਫਲ ਉਤਪਾਦਕਾਂ ਦੀਆਂ ਸਮੱਸਿਆਵਾਂ ਆਦਿ ’ਤੇ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ।
ਲੋਕ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਦੀ ਆਲੋਚਨਾ, ਕਾਂਗਰਸ ਵੱਲੋਂ ‘ਜੁਮਲੇਬਾਜ਼ ਪ੍ਰਧਾਨ ਮੰਤਰੀ’ ਦਾ ਰਾਗ ਅਲਾਪਣ ਅਤੇ ‘ਆਪ’ ਵੱਲੋਂ ਲੋਕਾਂ ਨੂੰ ਰਿਸ਼ਵਤ ਦੇਣ ਅਤੇ ਵੀਡੀਓ ਬਣਾਉਣ ਵਰਗੀਆਂ ਗੱਲਾਂ ਵਾਰ-ਵਾਰ ਸੁਣ ਚੁੱਕੇ ਹਨ ਅਤੇ ਇਸ ਦੌਰਾਨ ਹੁਣ ਹੇਠਲੀਆਂ ਦਿਲਚਸਪ ਗੱਲਾਂ ਸਾਹਮਣੇ ਆ ਰਹੀਆਂ ਹਨ :
* ਕੇਂਦਰੀ ਮੰਤਰੀ ਅਨੁਰਾਗ ਠਾਕੁਰ ਦੇ ਪਿਤਾ, ਦੋ ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਪ੍ਰੇਮ ਕੁਮਾਰ ਧੂਮਲ ਦੇ ਚੋਣ ਨਾ ਲੜਨ ਦੇ ਫੈਸਲੇ ਦੇ ਵਿਰੋਧ ’ਚ ਹਮੀਰਪੁਰ ਜ਼ਿਲੇ ਦੇ 40 ਭਾਜਪਾ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਹਨ।
* ਧਰਮਪੁਰ ਵਿਧਾਨ ਸਭਾ ਹਲਕੇ ਤੋਂ ਜਲ ਸ਼ਕਤੀ ਮੰਤਰੀ ਮਹੇਂਦਰ ਸਿੰਘ ਠਾਕੁਰ ਦੇ ਬੇਟੇ ਰਜਤ ਠਾਕੁਰ ਨੂੰ ਭਾਜਪਾ ਵੱਲੋਂ ਚੋਣ ਜੰਗ ’ਚ ਉਤਾਰਨ ਤੋਂ ਨਾਰਾਜ਼ ਮਹੇਂਦਰ ਸਿੰਘ ਠਾਕੁਰ ਦੀ ਬੇਟੀ ਵੰਦਨਾ ਗੁਲੇਰੀਆ ਨੇ ਭਾਜਪਾ ਪ੍ਰਦੇਸ਼ ਮਹਿਲਾ ਮੋਰਚਾ ਦੇ ਮਹਾਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਕਿਹਾ ਹੈ ਕਿ ‘‘ਪਰਿਵਾਰਵਾਦ ’ਚ ਹਰ ਵਾਰ ਬੇਟੀਆਂ ਦੀ ਹੀ ਬਲੀ ਕਿਉਂ ਲਈ ਜਾਂਦੀ ਹੈ। ਦਿੱਲੀ ਤੋਂ ਟਿਕਟ ਮਿਲ ਸਕਦੀ ਹੈ, ਵੋਟ ਨਹੀਂ!’’
* 2017 ਦੇ ਵਾਂਗ ਇਸ ਵਾਰ ਵੀ ਸੋਲਨ ’ਚ ਮੁਕਾਬਲਾ ਸਹੁਰੇ ਅਤੇ ਜਵਾਈ ਦੇ ਦਰਮਿਆਨ ਹੋਵੇਗਾ। ਕਾਂਗਰਸ ਨੇ ਸਾਬਕਾ ਮੰਤਰੀ ਅਤੇ ਲਗਾਤਾਰ 2 ਵਾਰ ਚੋਣ ਜਿੱਤ ਚੁੱਕੇ ਕਰਨਲ ਧਨੀ ਰਾਮ ਸ਼ਾਂਡਿਲ ਨੂੰ ਟਿਕਟ ਦਿੱਤੀ ਹੈ ਅਤੇ ਭਾਜਪਾ ਨੇ ਉਨ੍ਹਾਂ ਦੇ ਜਵਾਈ ਡਾ. ਰਾਜੇਸ਼ ਕਸ਼ਯਪ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ।
ਕਰਨਲ ਧਨੀ ਰਾਮ ਸ਼ਾਂਡਿਲ ਨੇ 2017 ’ਚ ਕਸ਼ਯਪ ਨੂੰ ਹਰਾਇਆ ਸੀ। ਇਸ ਲਈ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਵਾਰ ਸਹੁਰੇ ਅਤੇ ਜਵਾਈ ’ਚੋਂ ਬਾਜ਼ੀ ਕਿਸ ਦੇ ਹੱਥ ਰਹਿੰਦੀ ਹੈ।
* ਸੂਬਾ ਭਾਜਪਾ ਉਪ ਪ੍ਰਧਾਨ ਕਿਰਪਾਲ ਪਰਮਾਰ ਨੂੰ ਫਤਿਹਪੁਰ ਤੋਂ ਲਗਾਤਾਰ ਦੂਜੀ ਵਾਰ ਟਿਕਟ ਨਾ ਦਿੱਤੇ ਜਾਣ ’ਤੇ ਉਨ੍ਹਾਂ ਦੇ ਸਮਰਥਕਾਂ ’ਚ ਗੁੱਸਾ ਭੜਕ ਉੱਠਿਆ ਹੈ। ਫਤਿਹਪੁਰ ’ਚ ਆਪਣੇ ਸਮਰਥਕਾਂ ਦੀ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉਹ ਭਾਵੁਕ ਹੋ ਉੱਠੇ ਅਤੇ ਆਪਣੇ ਹੰਝੂ ਪੂੰਝਦੇ ਅਤੇ ਪਾਰਟੀ ਲੀਡਰਸ਼ਿਪ ਕੋਲੋਂ ਮੁਆਫੀ ਮੰਗਦੇ ਹੋਏ ਉਨ੍ਹਾਂ ਨੇ ਇੱਥੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ।
* ਕੁੱਲੂ ਰਾਜਘਰਾਣੇ ਨਾਲ ਸਬੰਧਤ ਮਹੇਸ਼ਵਰ ਸਿੰਘ ਨੂੰ ਭਾਜਪਾ ਨੇ ਕੁੱਲੂ (ਸਦਰ) ਤੋਂ ਟਿਕਟ ਦਿੱਤੀ ਹੈ। ਉਨ੍ਹਾਂ ਦੇ ਪੁੱਤਰ ਹਿਤੇਸ਼ਵਰ ਸਿੰਘ ਨਾਲ ਲੱਗਦੇ ਬੰਜਾਰ ਤੋਂ ਚੋਣ ਲੜਨ ਦੇ ਚਾਹਵਾਨ ਸਨ ਪਰ ਭਾਜਪਾ ਦੀ ‘ਇਕ ਪਰਿਵਾਰ ਇਕ ਟਿਕਟ’ ਦੀ ਨੀਤੀ ਦੇ ਕਾਰਨ ਉਨ੍ਹਾਂ ਦੇ ਪਿਤਾ ਵੱਲੋਂ ਉਨ੍ਹਾਂ ਨੂੰ ਟਿਕਟ ਲਈ ਦਾਅਵਾ ਨਾ ਕਰਨ ਦੇ ਲਈ ਕਹਿਣ ’ਤੇ ਹਿਤੇਸ਼ਵਰ ਨੇ ਆਪਣੇ ਸਮਰਥਕਾਂ ਦੇ ਦਬਾਅ ਦੇ ਕਾਰਨ ਆਜ਼ਾਦ ਚੋਣ ਲੜਨ ਦਾ ਫੈਸਲਾ ਕਰ ਲਿਆ ਹੈ।
* ਟਿਕਟ ਨਾ ਮਿਲਣ ਕਾਰਨ ਸਾਬਕਾ ਮੰਤਰੀ ਕਰਣ ਸਿੰਘ ਦੇ ਪੁੱਤਰ ਆਦਿੱਤਿਆ ਵਿਕ੍ਰਮ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਅਤੇ ਭਾਜਪਾ ’ਚ ਸ਼ਾਮਲ ਹੋ ਗਏ।
* ਜਿੱਥੇ ਕਾਂਗਰਸ ਅਤੇ ‘ਆਮ ਆਦਮੀ ਪਾਰਟੀ’ (ਆਪ) ਵੋਟਰਾਂ ਨੂੰ ਮੁਫਤ ਦੀਆਂ ਸੌਗਾਤਾਂ ਦੇ ਵਾਅਦਿਆਂ ਨਾਲ ਭਰਮਾ ਰਹੀਆਂ ਹਨ, ਉੱਥੇ ਹੀ ਭਾਜਪਾ ਨੇ ਆਪਣੇ ਲੋਕ ਭਰਮਾਉਣੇ ਐਲਾਨ ਪੱਤਰ ’ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਸ ਨੂੰ ਉਹ ਸੂਬੇ ਦੇ 25,000 ਵੋਟਰਾਂ ਦੇ ਸੁਝਾਵਾਂ ਦੇ ਆਧਾਰ ’ਤੇ ਤਿਆਰ ਕਰ ਰਹੀ ਹੈ।
* ਇਕ ਪਾਸੇ ਵੱਖ-ਵੱਖ ਪਾਰਟੀਆਂ ਨੇ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਆਦਿ ਵੰਡਣੇ ਸ਼ੁਰੂ ਕਰ ਦਿੱਤੇ ਹਨ ਤਾਂ ਦੂਜੇ ਪਾਸੇ ਆਬਕਾਰੀ ਵਿਭਾਗ ਵੀ ਇਨ੍ਹਾਂ ਨੂੰ ਫੜਨ ਦੇ ਲਈ ਸਰਗਰਮ ਹੋ ਗਿਆ ਹੈ ਅਤੇ ਇਸ ਨੇ ਹੁਣ ਤੱਕ 1187 ਲਿਟਰ ਨਾਜਾਇਜ਼ ਸ਼ਰਾਬ ਜ਼ਬਤ ਕਰਨ ਦੇ ਇਲਾਵਾ 132 ਲਿਟਰ ਲਾਹਣ ਬਰਾਮਦ ਕਰ ਕੇ ਨਸ਼ਟ ਕੀਤੀ ਹੈ।
ਮੌਜੂਦਾ ਚੋਣਾਂ ’ਚ ਹਿਮਾਚਲ ਪ੍ਰਦੇਸ਼ ’ਚ ਫਿਲਹਾਲ ਕੁਝ ਅਜਿਹੀ ਤਸਵੀਰ ਬਣੀ ਹੈ। ਅੱਗੇ ਇਸ ’ਚ ਕੀ ਬਦਲਾਅ ਆਉਂਦੇ ਹਨ, ਉਸ ਤੋਂ ਵੀ ਆਪਣੇ ਪਾਠਕਾਂ ਨੂੰ ਰੂ-ਬ-ਰੂ ਕਰਵਾਉਣ ਦੀ ਕੋਸ਼ਿਸ਼ ਅਸੀਂ ਆਪਣੇ ਕਿਸੇ ਲੇਖ ’ਚ ਕਰਾਂਗੇ।
-ਵਿਜੇ ਕੁਮਾਰ