ਚੋਣਾਂ ਗੁਜਰਾਤ ਅਤੇ ਹਿਮਾਚਲ ’ਚ ਪਰ ਪੂਰੇ ਦੇਸ਼ ’ਤੇ ਚੜ੍ਹਿਆ ਚੋਣਾਂ ਦਾ ਰੰਗ

Saturday, Nov 05, 2022 - 12:42 AM (IST)

ਚੋਣਾਂ ਗੁਜਰਾਤ ਅਤੇ ਹਿਮਾਚਲ ’ਚ ਪਰ ਪੂਰੇ ਦੇਸ਼ ’ਤੇ ਚੜ੍ਹਿਆ ਚੋਣਾਂ ਦਾ ਰੰਗ

ਹਿਮਾਚਲ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਲਈ 12 ਨਵੰਬਰ ਨੂੰ ਵੋਟਾਂ ਪੈਣ ਦੇ ਐਲਾਨ ਦੇ ਬਾਅਦ ਚੋਣ ਕਮਿਸ਼ਨ ਨੇ ਗੁਜਰਾਤ ਲਈ ਵੀ ਵੋਟਾਂ ਪੈਣ ਦੀਆਂ ਮਿਤੀਆਂ 1 ਅਤੇ 5 ਦਸੰਬਰ ਐਲਾਨ ਦਿੱਤੀਆਂ ਹਨ ਅਤੇ ਦੋਵਾਂ ਹੀ ਸੂਬਿਆਂ ਦੇ ਚੋਣ ਨਤੀਜੇ 8 ਦਸੰਬਰ ਨੂੰ ਇਕੱਠੇ ਐਲਾਨੇ ਜਾਣਗੇ। ਦਿੱਲੀ ਅਤੇ ਪੰਜਾਬ ਦੇ ਬਾਅਦ ‘ਆਮ ਆਦਮੀ ਪਾਰਟੀ’ (ਆਪ) ਨੇ ਗੁਜਰਾਤ ਅਤੇ ਹਿਮਾਚਲ ’ਚ ਵੀ ਪੈਰ ਪਸਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ, ਜਿਸ ਕਾਰਨ ਤਿੰਨ ਦਹਾਕਿਆਂ ’ਚ ਪਹਿਲੀ ਵਾਰ ਗੁਜਰਾਤ ’ਚ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਗ੍ਰਹਿ ਸੂਬਾ ਹੋਣ ਦੇ ਕਾਰਨ ਗੁਜਰਾਤ ਦੀਆਂ ਚੋਣਾਂ ਭਾਜਪਾ ਦੇ ਲਈ ਵੱਕਾਰ ਦਾ ਸਵਾਲ ਬਣ ਗਈਆਂ ਹਨ।

* ਗੁਜਰਾਤ ਦੀ ਚੋਣ ਜਿੱਤਣ ਦੇ ਇਰਾਦੇ ਨਾਲ ਹੀ ਭਾਜਪਾ ਹਾਈਕਮਾਨ ਨੇ ਬੀਤੇ ਸਾਲ ਮੁੱਖ ਮੰਤਰੀ ਵਿਜੇ ਰੂਪਾਣੀ ਅਤੇ ਉਨ੍ਹਾਂ ਦੀ ਟੀਮ ਦੇ 22 ਮੈਂਬਰਾਂ ਕੋਲੋਂ ਅਚਾਨਕ ਅਸਤੀਫਾ ਦਿਵਾ ਕੇ ‘ਪਾਟੀਦਾਰ’ ਭਾਈਚਾਰੇ ਨੂੰ ਭਰਮਾਉਣ ਲਈ 16 ਸਤੰਬਰ, 2021 ਨੂੰ ਭੂਪੇਂਦਰ ਪਟੇਲ ਦੀ ਅਗਵਾਈ ’ਚ 24 ਨਵੇਂ ਮੰਤਰੀਆਂ ਦੀ ਟੀਮ ਦਾ ਗਠਨ ਕਰ ਦਿੱਤਾ ਸੀ।
ਭੂਪੇਂਦਰ ਪਟੇਲ ‘ਕੜਵਾ ਪਟੇਲ’ ਹਨ, ਜਿਨ੍ਹਾਂ ਦੀ ਪਾਟੀਦਾਰ ਭਾਈਚਾਰੇ ’ਚ ਚੰਗੀ ਪੈਠ ਹੈ ਤੇ ਇਸ ਭਾਈਚਾਰੇ ਦਾ ਸੂਬੇ ਦੀਆਂ ਲਗਭਗ 71 ਸੀਟਾਂ ’ਤੇ ਪ੍ਰਭਾਵ ਹੈ। ਇਸੇ ਲਈ ਕੈਬਨਿਟ ’ਚ ਮੁੱਖ ਮੰਤਰੀ ਸਮੇਤ 7 ਮੰਤਰੀ ਪਟੇਲ ਭਾਈਚਾਰੇ ਤੋਂ ਸ਼ਾਮਲ ਕੀਤੇ ਗਏ।  
* ਕਾਂਗਰਸ ਗੁਜਰਾਤ ’ਚ 1995 ਤੋਂ ਲਗਾਤਾਰ ਭਾਜਪਾ ਦੇ ਹੱਥੋਂ ਹਾਰਦੀ ਆ ਰਹੀ ਹੈ ਅਤੇ ਇਸ ਦੀ ਝੋਲੀ ’ਚ ਇਸ ਸਮੇਂ ਸਿਰਫ 2 ਹੀ ਸੂਬੇ ਛੱਤੀਸਗੜ੍ਹ ਅਤੇ ਰਾਜਸਥਾਨ ਰਹਿ ਗਏ ਹਨ, ਇਸ ਲਈ ਕਾਂਗਰਸ ਦੇ ਲਈ ਗੁਜਰਾਤ ’ਚ ‘ਕਰੋ ਜਾਂ ਮਰੋ’ ਦੀ ਸਥਿਤੀ ਪੈਦਾ ਹੋ ਗਈ ਹੈ। ਨਵੇਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਲਈ ਗੁਜਰਾਤ ਅਤੇ ਹਿਮਾਚਲ ਦੀਆਂ ਚੋਣਾਂ ਅਗਨੀ ਪ੍ਰੀਖਿਆ ਦੇ ਬਰਾਬਰ ਹਨ, ਜਦਕਿ ‘ਆਪ’ ਦੇ ਲਈ ਇਹ ਚੋਣਾਂ ਆਪਣੀ ਰਾਸ਼ਟਰ ਪੱਧਰੀ ਪਛਾਣ ਬਣਾਉਣ ਦੀ ਕੋਸ਼ਿਸ਼ ਦਾ ਹਿੱਸਾ ਹਨ। 
* ਚੋਣ ਕਮਿਸ਼ਨ ਹਰ ਵਾਰ ਵਾਂਗ ਇਸ ਵਾਰ ਵੀ ਗੁਜਰਾਤ ’ਚ ਗੀਰ ਦੇ ਜੰਗਲ ’ਚ ‘ਬਾਣੇਜ’ ਨਾਮਕ ਸਥਾਨ ’ਤੇ ਸਿਰਫ ਇਕ ਵੋਟਰ (ਜੋ ਇੱਥੇ ਸਥਿਤ ਮੰਦਿਰ ਦੇ ਇਕ ਪੁਜਾਰੀ ਮਹੰਤ ਹਰਿਦਾਸ ਹਨ) ਦੇ ਲਈ ਪੋਲਿੰਗ ਕੇਂਦਰ ਬਣਾਵੇਗਾ ਅਤੇ ਉੱਥੇ ਪੋਲਿੰਗ ਕਰਵਾਉਣ ਲਈ 15 ਅਧਿਕਾਰੀਆਂ ਦੀ ਟੀਮ ਭੇਜੀ ਜਾਵੇਗੀ।  
* ਇਸੇ ਤਰ੍ਹਾਂ ਭਰੂਚ ਜ਼ਿਲੇ ਦੇ ‘ਆਲਿਆਬੇਟ’ ਇਲਾਕੇ ’ਚ ਇਕ ਥਾਂ ’ਤੇ ਲਗਭਗ 200 ਵੋਟਰਾਂ ਦੇ ਲਈ ਇਕ ‘ਪੋਤ ਕੰਟਨੇਰ’ ’ਚ ਅਸਥਾਈ ਪੋਲਿੰਗ ਕੇਂਦਰ ਬਣਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਵੋਟਾਂ ਪਾਉਣ ਲਈ ਵੱਧ ਦੂਰੀ ਤੈਅ ਨਾ ਕਰਨੀ ਪਵੇ। 
* ਸੂਬੇ ’ਚ ‘ਸ਼ਿਆਲਬੇਟ’ ਨਾਂ ਦਾ ਇਕ ਟਾਪੂ ਹੈ, ਜਿੱਥੇ ਜਾਣ ਲਈ ਚੋਣ ਕਮਿਸ਼ਨ ਦੀ ਟੀਮ ਕਿਸ਼ਤੀ ਦੀ ਵਰਤੋਂ ਕਰੇਗੀ ਕਿਉਂਕਿ ਮੁੱਖ ਇਲਾਕੇ ਤੋਂ ਉੱਥੋਂ ਤੱਕ ਪਹੁੰਚਣ ਲਈ ਕੋਈ ਬਦਲਵਾਂ ਸੰਪਰਕ ਮਾਧਿਅਮ ਨਹੀਂ ਹੈ। 
* ਸੂਬੇ ’ਚ ਓ. ਬੀ. ਸੀ. ਵਰਗ ਨਾਲ ਸਬੰਧਤ ਅਤੇ ਸਾਬਕਾ ਪ੍ਰਸਿੱਧ ਟੀ. ਵੀ. ਐਂਕਰ ਅਤੇ ਸਥਾਨਕ ਪੱਤਰਕਾਰ ਇਸੁਦਾਨ ਗੜਵੀ ਨੂੰ ‘ਆਪ’ ਦਾ ਮੁੱਖ ਮੰਤਰੀ  ਫੇਸ ਐਲਾਨਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ, ‘‘ਗੁਜਰਾਤ ਨੇ ਆਪਣਾ ਨਵਾਂ ਮੁੱਖ ਮੰਤਰੀ ਚੁਣ ਲਿਆ ਹੈ। ਇੱਥੇ ਵੱਡਾ ਬਦਲਾਅ ਹੋਣ ਜਾ ਰਿਹਾ ਹੈ।’’
* ਦੂਜੇ ਪਾਸੇ ਗੁਜਰਾਤ ਨੂੰ ਲੈ ਕੇ ਇਕ ਓਪੀਨੀਅਨ ਪੋਲ ਸਾਹਮਣੇ ਆਇਆ ਹੈ, ਜਿਸ ’ਚ ਭਾਜਪਾ ਨੂੰ 125-130 ਸੀਟਾਂ, ਕਾਂਗਰਸ ਨੂੰ 29-33 ਅਤੇ ਆਮ ਆਦਮੀ ਪਾਰਟੀ ਨੂੰ 20-24 ਸੀਟਾਂ ਮਿਲਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। 
ਕਿਉਂਕਿ ਹਿਮਾਚਲ ਪ੍ਰਦੇਸ਼ ’ਚ ਚੋਣਾਂ ਦੀ ਮਿਤੀ ਗੁਜਰਾਤ ਤੋਂ ਕਾਫੀ ਪਹਿਲਾਂ ਐਲਾਨ ਕਰ ਦਿੱਤੀ ਗਈ ਸੀ, ਇਸ ਲਈ ਉੱਥੋਂ ਦੇ ਉਮੀਦਵਾਰਾਂ ਆਦਿ ਦੇ ਸਬੰਧ ’ਚ ਵੱਧ ਵੇਰਵਾ ਪ੍ਰਾਪਤ ਹੋ ਰਿਹਾ ਹੈ।  
* ਸੂਬੇ ’ਚ ਆਦਰਸ਼ ਚੋਣ ਜ਼ਾਬਤਾ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਹੁਣ ਤੱਕ 20 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਸ਼ਰਾਬ, ਨਕਦ ਰਾਸ਼ੀ ਅਤੇ ਜਿਊਲਰੀ ਆਦਿ ਬਰਾਮਦ ਕੀਤੀ ਜਾ ਚੁੱਕੀ ਹੈ, ਜੋ ਵੋਟਰਾਂ ਨੂੰ ਭਰਮਾਉਣ ਲਈ ਵੰਡੀ ਜਾਣ ਵਾਲੀ ਸੀ। ਇਹੀ ਨਹੀਂ, ਸੂਬੇ ’ਚ ਵੱਡੀ ਮਾਤਰਾ ’ਚ ਨਾਜਾਇਜ਼ ਸ਼ਰਾਬ ਜ਼ਬਤ ਕਰ ਕੇ ਨਸ਼ਟ ਕੀਤੀ ਗਈ ਹੈ। 
* ਹਿਮਾਚਲ ’ਚ ਡਾਕ ਰਾਹੀਂ ਪੋਲਿੰਗ ਦੀ ਪ੍ਰਕਿਰਿਆ 1 ਨਵੰਬਰ ਨੂੰ ਸ਼ੁਰੂ ਹੋ ਗਈ ਅਤੇ ਆਜ਼ਾਦ ਭਾਰਤ ਦੇ ਪਹਿਲੇ ਵੋਟਰ 106 ਸਾਲਾ ਸ਼ਯਾਮ ਸਰਨ ਨੇਗੀ ਨੇ ਆਪਣੇ ਘਰ ਕਲਪਾ ਤੋਂ ਪਹਿਲੀ ਵਾਰ ਪੋਸਟਲ ਬੈਲਟ ਰਾਹੀਂ ਵੋਟ ਪਾਈ। 
* ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ’ਚ ਕਾਂਗਰਸ ਦੇ 36 ਅਤੇ ਭਾਜਪਾ ਤੇ ਆਪ ਦੇ 12-12 ਉਮੀਦਵਾਰ ਅਪਰਾਧਿਕ ਅਕਸ ਵਾਲੇ ਹਨ। ਸੂਬੇ ’ਚ ਚੋਣ ਲੜ ਰਹੇ 55 ਫੀਸਦੀ ਉਮੀਦਵਾਰ ਕਰੋੜਪਤੀ ਹਨ, ਜਦਕਿ 2 ਉਮੀਦਵਾਰ ਅਨਪੜ੍ਹ ਹਨ। 
* ਸੂਬੇ ’ਚ ਚੌਪਾਲ ਤੋਂ ਭਾਜਪਾ ਉਮੀਦਵਾਰ ਬਲਬੀਰ ਵਰਮਾ 128 ਕਰੋੜ ਰੁਪਏ ਦੀ ਜਾਇਦਾਦ ਨਾਲ ਸਭ ਤੋਂ ਅਮੀਰ ਹਨ, ਜਦਕਿ ਸਰਕਾਘਾਟ ਤੋਂ ‘ਰਾਸ਼ਟਰੀ ਦੇਵਭੂਮੀ ਪਾਰਟੀ’ ਦੀ ਉਮੀਦਵਾਰ ਕੈਲਾਸ਼ ਚੰਦਰ ਦੇ ਕੋਲ ਸਿਰਫ 3000 ਰੁਪਏ ਦੀ ਚੱਲ ਜਾਇਦਾਦ ਹੈ ਅਤੇ ਇਨ੍ਹਾਂ ਦੀ ਕੋਈ ਅਚੱਲ ਜਾਇਦਾਦ ਨਹੀਂ ਹੈ। 
* ਸੂਬੇ ’ਚ ਕਾਂਗੜਾ ਜ਼ਿਲਾ ‘ਕਿੰਗ ਮੇਕਰ’ ਦੀ ਭੂਮਿਕਾ ਅਦਾ ਕਰਦਾ ਹੈ। ਸਭ ਤੋਂ ਵੱਧ ਸੀਟਾਂ (15) ਹੋਣ ਦੇ ਕਾਰਨ ਜਿਸ ਪਾਰਟੀ ਨੂੰ ਕਾਂਗੜਾ ਤੋਂ ਲੀਡ ਮਿਲਦੀ ਹੈ, ਸੂਬੇ ’ਚ ਜ਼ਿਆਦਾਤਰ ਉਸੇ ਪਾਰਟੀ ਦੀ ਸਰਕਾਰ ਬਣਦੀ ਹੈ। ਇਸ ਦੇ ਬਾਅਦ ਮੰਡੀ (10 ਸੀਟਾਂ) ਅਤੇ ਸ਼ਿਮਲਾ (8 ਸੀਟਾਂ) ਵੱਧ ਪ੍ਰਭਾਵ ਵਾਲੇ ਜ਼ਿਲੇ ਹਨ। 

ਹਾਲਾਂਕਿ ਚੋਣਾਂ ਤਾਂ ਗੁਜਰਾਤ ਅਤੇ ਹਿਮਾਚਲ ’ਚ ਹੋ ਰਹੀਆਂ ਹਨ ਪਰ ਸਾਰੇ ਦੇਸ਼ ਦੀ ਨਜ਼ਰ ਇਨ੍ਹਾਂ ਦੋਵਾਂ ਸੂਬਿਆਂ ’ਤੇ ਟਿਕੀ ਹੈ, ਜਿਨ੍ਹਾਂ ਦੇ ਨਤੀਜੇ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਪ੍ਰਤੀ ਵੋਟਰਾਂ ਦੇ ਰੁਝਾਨ ਦਾ ਕੁਝ ਸੰਕੇਤ ਜ਼ਰੂਰ ਦੇਣਗੇ। ਹੁਣ ਇਹ ਦੇਖਣਾ ਰੌਚਕ ਹੋਵੇਗਾ ਕਿ ਇਨ੍ਹਾਂ ਸੂਬਿਆਂ ’ਚ ਚੋਣ ਨਤੀਜਿਆਂ ਦਾ ਊਠ ਕਿਸ ਕਰਵਟ ਬੈਠਦਾ ਹੈ।

-ਵਿਜੇ ਕੁਮਾਰ


author

Mukesh

Content Editor

Related News