ਦੇਸ਼ ’ਚ ਵਧ ਰਿਹਾ ਨਸ਼ੇ ਦਾ ਕਾਰੋਬਾਰ, ਹੁਣ ਵਿਦਿਆਰਥੀ-ਵਿਦਿਆਰਥਣਾਂ ਵੀ ਕਰਨ ਲੱਗੇ ਸਮੱਗਲਿੰਗ

10/18/2023 6:22:50 AM

ਨਸ਼ੇ ਦੀ ਵਰਤੋਂ ਦੇਸ਼ ’ਚ ਚਿੰਤਾਜਨਕ ਹੱਦ ਤਕ ਵਧ ਗਈ ਹੈ। ਇਸ ਦੇ ਨਤੀਜੇ ਵਜੋਂ ਹੋਣ ਵਾਲੀਆਂ ਮੌਤਾਂ ਨਾਲ ਅਣਗਿਣਤ ਪਰਿਵਾਰ ਉੱਜੜ ਰਹੇ ਹਨ ਅਤੇ ਸਭ ਤੋਂ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਨਸ਼ੇ ਦੇ ਵਪਾਰੀਆਂ ਨੇ ਨਸ਼ੇ ਦੀ ਡਲਿਵਰੀ ਲਈ ਸਕੂਲ-ਕਾਲਜਾਂ ਦੇ ਵਿਦਿਆਰਥੀ-ਵਿਦਿਆਰਥਣਾਂ ਦੀ ਵਰਤੋਂ ਵੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਨਸ਼ਾ ਸਮੱਗਲਰ ਐਸ਼ੋ-ਆਰਾਮ ਵਾਲੀ ਜ਼ਿੰਦਗੀ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾ ਕੇ ਅਪਰਾਧ ਦੀ ਦੁਨੀਆ ’ਚ ਧੱਕ ਰਹੇ ਹਨ ਅਤੇ ਪੈਸੇ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਦੂਰ-ਦੂਰ ਤੱਕ ਨਸ਼ਾ ਪਹੁੰਚਾਉਣ ਭੇਜ ਦਿੰਦੇ ਹਨ। ਦੱਸਿਆ ਜਾਂਦਾ ਹੈ ਕਿ ਨਾਬਾਲਿਗ ਸਮੱਗਲਰਾਂ ਨੂੰ ਪੁਲਸ ਵੱਲੋਂ ਫੜ ਲੈਣ ’ਤੇ ਸਮੱਗਲਰ ਉਨ੍ਹਾਂ ਨੂੰ ਬਾਲ ਸੁਧਾਰ ਘਰਾਂ ਤੋਂ ਜਲਦੀ ਹੀ ਛੁਡਵਾ ਵੀ ਲੈਂਦੇ ਹਨ।

* 16 ਅਕਤੂਬਰ ਨੂੰ ਜਲੰਧਰ ਦੇ ਸੀ. ਆਈ. ਏ. ਸਟਾਫ ਨੇ ਝਾਰਖੰਡ ਤੋਂ ਅਫੀਮ ਦੀ ਸਪਲਾਈ ਦੇਣ ਆਏ ਬੀ. ਏ. (2) ਦੇ ਵਿਦਿਆਰਥੀ ਚਿਰਾਗ (20) ਤੇ 11ਵੀਂ ਦੀ ਵਿਦਿਆਰਥਣ ਸਪਨਾ ਕੁਮਾਰੀ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ। ਸਪਨਾ ਝਾਰਖੰਡ ’ਚ ਕੱਪੜਿਆਂ ਦੀ ਦੁਕਾਨ ’ਤੇ ਕੰਮ ਕਰਦੀ ਹੈ ਅਤੇ ਆਮਦਨ ਘੱਟ ਹੋਣ ਕਾਰਨ ਉਸ ਨੇ ਅਫੀਮ ਵੇਚਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ।

* 26 ਸਤੰਬਰ ਨੂੰ ਮੈਂਗਲੁਰੂ (ਕਰਨਾਟਕ) ਪੁਲਸ ਨੇ ਸਥਾਨਕ ਕਾਲਜ ’ਚ ਬੀ. ਏ. ਦੀ ਪੜ੍ਹਾਈ ਕਰ ਰਹੇ ਲੁਕਮਾਨੁਲ ਹਕੀਮ (22) ਨਾਂ ਦੇ ਨੌਜਵਾਨ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 1.25 ਲੱਖ ਰੁਪਏ ਮੁੱਲ ਦੇ 25 ਗ੍ਰਾਮ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ‘ਮੈਥੀਲੇਨ ਡਾਓਕਸੀ ਮੇਥਾਮਫੇਟਾਮਾਈਨ’ (ਐੱਮ. ਡੀ. ਐੱਮ. ਏ.) ਤੋਂ ਇਲਾਵਾ ਡਿਜੀਟਲ ਕੰਡਾ, ਇਕ ਮੋਬਾਈਲ ਫੋਨ ਤੇ ਹੋਰ ਵਸਤੂਆਂ ਬਰਾਮਦ ਕੀਤੀਆਂ।

* 28 ਜੁਲਾਈ ਨੂੰ ਉਡੁੱਪੀ (ਕਰਨਾਟਕ) ਪੁਲਸ ਨੇ 2 ਮਕਾਨਾਂ ’ਤੇ ਛਾਪਾ ਮਾਰ ਕੇ ਇੰਜੀਨੀਅਰਿੰਗ ਦੇ 3 ਵਿਦਿਆਰਥੀਆਂ ਨੂੰ ਨਸ਼ਾ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1.10 ਲੱਖ ਰੁਪਏ ਮੁੱਲ ਦਾ ਗਾਂਜਾ ਬਰਾਮਦ ਕੀਤਾ।

* 18 ਜੁਲਾਈ ਨੂੰ ਬੈਂਗਲੁਰੂ ਪੁਲਸ ਨੇ ਦੱਖਣੀ ਬੈਂਗਲੁਰੂ ’ਚ ਵਿਦਿਆਰਥੀਆਂ ਨੂੰ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ’ਚ ਕੇਰਲ ਦੇ ਇਕ ਵਿਦਿਆਰਥੀ ਬੇਸਟਿਨ ਰਾਏ (23) ਨੂੰ 20 ਲੱਖ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਨਾਲ ਗ੍ਰਿਫਤਾਰ ਕੀਤਾ।

* 17 ਜੂਨ ਨੂੰ ਉਡੁੱਪੀ ਜ਼ਿਲੇ ਦੇ ਉੱਲਾਸ ਪੁਲਸ ਥਾਣੇ ਦੀ ਪੁਲਸ ਨੇ ਕਾਨੂੰਨ ਦੇ 2 ਵਿਦਿਆਰਥੀਆਂ ਨਿਭੀਸ਼ ਅਤੇ ਅਮਾਲ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 35,000 ਰੁਪਏ ਦਾ ਨਸ਼ਾ ਬਰਾਮਦ ਕੀਤਾ ਜਦਕਿ ਉਨ੍ਹਾਂ ਦਾ ਇਕ ਸਾਥੀ ਫਰਾਰ ਹੋ ਗਿਆ।

* 16 ਜੂਨ ਨੂੰ ਦੇਹਰਾਦੂਨ (ਉੱਤਰਾਖੰਡ) ’ਚ ਪੁਲਸ ਨੇ 304 ਗ੍ਰਾਮ ਚਰਸ ਨਾਲ ਇਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਜੋ ਉਸ ਨੇ ਆਪਣੇ ਦੋਸਤਾਂ ਅਤੇ ਯੂਨੀਵਰਸਿਟੀ ਦੇ ਹੋਰ ਵਿਦਿਆਰਥੀਆਂ ਨੂੰ ਸਪਲਾਈ ਕਰਨੀ ਸੀ।

* 27 ਮਈ ਨੂੰ ਪੁਣੇ (ਮਹਾਰਾਸ਼ਟਰ) ’ਚ ਅਧਿਕਾਰੀਆਂ ਨੇ 2 ਕਾਲਜ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1,45,700 ਰੁਪਏ ਮੁੱਲ ਦੇ ਐੱਲ. ਐੱਸ. ਡੀ. ਦੇ ਸਟੈਂਪ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ।

* 21 ਫਰਵਰੀ ਨੂੰ ਕੋਝੀਕੋਡ (ਕੇਰਲ) ’ਚ 9ਵੀਂ ਜਮਾਤ ਦੀ ਵਿਦਿਆਰਥਣ ਨੂੰ ਨਸ਼ੇ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ। ਉਸ ਨੂੰ ਨਸ਼ੇ ਦੀ ਆਦਤ ਲਾਉਣ ਪਿੱਛੋਂ ਸਮੱਗਲਰਾਂ ਦਾ ਇਕ ਗਿਰੋਹ ਉਸ ਕੋਲੋਂ 3 ਸਾਲਾਂ ਤੋਂ ਨਸ਼ੇ ਦੀ ਸਮੱਗਲਿੰਗ ਕਰਵਾ ਰਿਹਾ ਸੀ।

* 17 ਫਰਵਰੀ ਨੂੰ ਸਿਲਚਰ (ਅਸਾਮ) ’ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ ਦੇ ਵਿਦਿਆਰਥੀ ਐੱਸ. ਗੋਖਲੇ ਨੂੰ ਨਸ਼ਾ ਵੇਚਦੇ ਹੋਏ ਰੰਗੇ ਹੱਥੀਂ ਫੜਿਆ ਗਿਆ।

* 21 ਜਨਵਰੀ ਨੂੰ ਮੈਂਗਲੁਰੂ ਸਥਿਤ ‘ਕਸਤੂਰਬਾ ਮੈਡੀਕਲ ਕਾਲਜ’ ਦੇ 2 ਡਾਕਟਰਾਂ ਤੇ 7 ਵਿਦਿਆਰਥੀਆਂ ਦੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਦੋਸ਼ ’ਚ ਗ੍ਰਿਫਤਾਰੀ ਪਿੱਛੋਂ ਪ੍ਰੋਫੈਸਰਾਂ ਨੂੰ ਨੌਕਰੀ ’ਚੋਂ ਅਤੇ ਵਿਦਿਆਰਥੀਆਂ ਨੂੰ ਕਾਲਜ ’ਚੋਂ ਕੱਢਿਆ ਗਿਆ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਵਿਦਿਆਰਥੀ-ਵਿਦਿਆਰਥਣਾਂ ਕੋਲੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਵਾਉਣ ਦਾ ਸਿਲਸਿਲਾ ਦੇਸ਼ ਭਰ ’ਚ ਫੈਲਦਾ ਜਾ ਰਿਹਾ ਹੈ। ਨਸ਼ਾ ਸਮੱਗਲਿੰਗ ਦੇ ਮਾਮਲੇ ’ਚ ਸਮੱਗਲਰ ਨੂੰ 1 ਤੋਂ 20 ਸਾਲਾਂ ਤੱਕ ਸਜ਼ਾ ਹੋ ਸਕਦੀ ਹੈ।

ਅਦਾਲਤ ਉਸ ਦੀ ਜ਼ਮਾਨਤ ਵੀ ਮੁਸ਼ਕਲ ਨਾਲ ਲੈਂਦੀ ਹੈ ਪਰ ਮੁਲਜ਼ਮ ਦੇ ਨਾਬਾਲਿਗ ਹੋਣ ’ਤੇ ਸੁਣਵਾਈ ਬਾਲ ਕੋਰਟ ’ਚ ਹੁੰਦੀ ਹੈ, ਜਿਸ ’ਚ ਉਸ ਨੂੰ ਕਾਫੀ ਰਾਹਤ ਮਿਲ ਜਾਂਦੀ ਹੈ। ਇਸ ਲਈ ਨਸ਼ਾ ਸਮੱਗਲਿੰਗ ’ਚ ਨਾਬਾਲਿਗਾਂ ਦੀ ਭੂਮਿਕਾ ਕਾਫੀ ਵਧ ਗਈ ਹੈ।

ਇਸ ਲਈ ਨਸ਼ੇ ਦੇ ਧੰਦੇ ’ਚ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਧੱਕਣ ਵਾਲਿਆਂ ਵਿਰੁੱਧ ਵੀ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਅਜਿਹਾ ਨਾ ਹੋਣ ’ਤੇ ਦੇਸ਼ ਦੀ ਜਵਾਨੀ ਘੁਣ ਵਾਂਗ ਖੋਖਲੀ ਹੁੰਦੀ ਜਾਵੇਗੀ ਜਦਕਿ ਨੌਜਵਾਨ ਸ਼ਕਤੀ ਹੀ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਸ਼ਕਤੀ ਹੁੰਦੀ ਹੈ। -ਵਿਜੇ ਕੁਮਾਰ


Anmol Tagra

Content Editor

Related News