ਨਸ਼ਾ ਸਮੱਗਲਿੰਗ ਬਣਦੀ ਜਾ ਰਹੀ ਦੇਸ਼ ’ਚ ‘ਫੈਮਿਲੀ ਬਿਜ਼ਨੈੱਸ’
Sunday, Apr 23, 2023 - 01:42 AM (IST)
![ਨਸ਼ਾ ਸਮੱਗਲਿੰਗ ਬਣਦੀ ਜਾ ਰਹੀ ਦੇਸ਼ ’ਚ ‘ਫੈਮਿਲੀ ਬਿਜ਼ਨੈੱਸ’](https://static.jagbani.com/multimedia/2022_11image_14_07_589558542drugscopy.jpg)
ਆਮ ਤੌਰ ’ਤੇ ਨਸ਼ਾ ਸਮੱਗਲਿੰਗ ਵਰਗੇ ਗੈਰ-ਕਾਨੂੰਨੀ ਧੰਦਿਆਂ ਨੂੰ ਮਰਦ ਪ੍ਰਧਾਨ ਹੀ ਮੰਨਿਆ ਜਾਂਦਾ ਸੀ ਪਰ ਹੁਣ ਨਸ਼ਾ ਸਮੱਗਲਰ ਆਪਣੇ ਇਸ ਧੰਦੇ ’ਚ ਵੱਡੀ ਿਗਣਤੀ ’ਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸ਼ਾਮਲ ਕਰਨ ਲੱਗੇ ਹਨ ਜਿਸ ਕਾਰਨ ਇਹ ਇਕ ‘ਫੈਮਿਲੀ ਬਿਜ਼ਨੈੱਸ’ ਬਣਦਾ ਜਾ ਰਿਹਾ ਹੈ।
ਇਸ ਦੀਆਂ ਇਸ ਸਾਲ ਦੀਆਂ ਕੁਝ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :-
* 18 ਜਨਵਰੀ ਨੂੰ ਅਲਮੋੜਾ (ਉੱਤਰਾਖੰਡ) ਵਿਖੇ ਪੁਲਸ ਨੇ ਬਿਜਨੌਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਇਕ ਪਿਤਾ-ਪੁੱਤਰ ਨਸੀਰ ਅਤੇ ਸ਼ਾਹ ਨਵਾਜ਼ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਸਾਢੇ 27 ਕਿਲੋ ਗਾਂਜਾ ਬਰਾਮਦ ਕੀਤਾ।
* 7 ਫਰਵਰੀ ਨੂੰ ਟਿਮਲੀ (ਉੱਤਰਾਖੰਡ) ’ਚ ਪੁਲਸ ਨੇ ਲਗਭਗ 51 ਲੱਖ ਰੁਪਏ ਦੀ ਕੀਮਤ ਦੀ 510 ਗ੍ਰਾਮ ਸਮੈਕ ਨਾਲ ਇਕ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਜੋ ਮਿਰਜ਼ਾਪੁਰ (ਉੱਤਰ ਪ੍ਰਦੇਸ਼) ਤੋਂ ਇੱਥੇ ਇਸ ਦੀ ਸਪਲਾਈ ਦੇਣ ਲਈ ਆਏ ਸਨ।
* 10 ਫਰਵਰੀ ਨੂੰ ਬਰੇਲੀ (ਉੱਤਰ ਪ੍ਰਦੇਸ਼) ਵਿਖੇ ਇਕ ਪ੍ਰਸਿੱਧ ਨਿੱਜੀ ਸਕੂਲ ਦੀ ਬੱਸ ’ਚ ਸਮੱਗਲ ਕੀਤੀ ਜਾ ਰਹੀ 70 ਗ੍ਰਾਮ ਸਮੈਕ ਨਾਲ ਇਕ ਪਿਤਾ-ਪੁੱਤਰ ਨੂੰ ਕਾਬੂ ਕੀਤਾ ਗਿਆ।
* 24 ਫਰਵਰੀ ਨੂੰ ਸਬ-ਜੇਲ ਪੱਟੀ ’ਚ ਨਸ਼ਾ ਸਮੱਗਲਿੰਗ ਦੇ ਦੋਸ਼ ਹੇਠ ਬੰਦ ਮੁਲਜ਼ਮ ਨੂੰ ਕੱਪੜੇ ਅਤੇ ਹੋਰ ਸਾਮਾਨ ਦੇਣ ਆਈ ਉਸ ਦੀ ਪਤਨੀ ਕੋਲੋਂ 30 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਣ ਪਿੱਛੋਂ ਪੁਲਸ ਨੇ ਪਤੀ-ਪਤਨੀ ਦੋਹਾਂ ਵਿਰੁੱਧ ਕੇਸ ਦਰਜ ਕਰ ਲਿਆ।
* 2 ਮਾਰਚ ਨੂੰ ‘ਕੋਟ ਫਤੂਹੀ’ (ਪੰਜਾਬ) ਦੀ ਪੁਲਸ ਨੇ 2 ਮੋਟਰਸਾਈਕਲ ਸਵਾਰਾਂ ਨੂੰ ਰੋਕ ਕੇ ਇਕ ਵਿਅਕਤੀ ਨੂੰ 540 ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਜਦੋਂ ਕਿ ਉਸ ਦਾ ਬੇਟਾ ਹੈਰੋਇਨ ਸੁੱਟ ਕੇ ਫਰਾਰ ਹੋ ਗਿਆ।
* 18 ਮਾਰਚ ਨੂੰ ਲੁਧਿਆਣਾ (ਪੰਜਾਬ) ਦੇ ਪ੍ਰੀਤਮ ਨਗਰ ’ਚ ਪੁਲਸ ਨੇ ਆਪਣੇ ਘਰੋਂ ਨਸ਼ਾ ਵੇਚਣ ਵਾਲੇ ਜੋੜੇ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 25 ਗ੍ਰਾਮ ਹੈਰੋਇਨ ਨਾਲ 27300 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ।
* 23 ਮਾਰਚ ਨੂੰ ਥਾਣਾ ਆਦਮਪੁਰ (ਪੰਜਾਬ) ਦੀ ਪੁਲਸ ਨੇ ਨਸ਼ਾ ਵੇਚਣ ਵਾਲੇ 2 ਸਕੇ ਭਰਾਵਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 29 ਨਸ਼ੀਲੇ ਟੀਕੇ, 230 ਨਸ਼ੀਲੀਆਂ ਗੋਲੀਆਂ ਅਤੇ ਹੋਰ ਸਾਮਾਨ ਕਬਜ਼ੇ ’ਚ ਲਿਆ।
* 24 ਮਾਰਚ ਨੂੰ ਸ਼੍ਰੀਗੰਗਾਨਗਰ (ਰਾਜਸਥਾਨ) ਦੇ ਸਾਦੁਲਸ਼ਹਿਰ ’ਚ ਪੁਲਸ ਨੇ ਨਸ਼ਾ ਸਮੱਗਲਿੰਗ ’ਚ ਸ਼ਾਮਲ ਇਕ ਪਿਤਾ-ਪੁੱਤਰ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 75 ਗ੍ਰਾਮ ਸਮੈਕ, ਇਕ ਕਾਰ ਅਤੇ 45000 ਰੁਪਏ ਦੀ ਨਕਦ ਰਕਮ ਬਰਾਮਦ ਕੀਤੀ।
* 29 ਮਾਰਚ ਨੂੰ ਰਾਂਚੀ (ਝਾਰਖੰਡ) ਦੇ ‘ਪੰਡਰਾ’ ’ਚ ਪੁਲਸ ਨੇ ਨਸ਼ੇ ਦੇ ਕਾਲੇ ਕਾਰੋਬਾਰ ’ਚ ਸ਼ਾਮਲ ‘ਐਨਾ ਬਾਰਲਾ’ ਨਾਮੀ ਔਰਤ ਅਤੇ ਉਸ ਦੀ ਬੇਟੀ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਬ੍ਰਾਊਨ ਸ਼ੂਗਰ (ਨਸ਼ਾ) ਦੀਆਂ 70 ਪੁੜੀਆਂ ਜ਼ਬਤ ਕੀਤੀਅਾਂ।
* 30 ਮਾਰਚ ਨੂੰ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪਿੰਡ ‘ਬੱਚੀਵਿੰਡ’ ’ਚ ਡ੍ਰੋਨ ਰਾਹੀਂ ਸੁੱਟੀ ਗਈ 3 ਕਿਲੋ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਗਏ ਸਮੱਗਲਰ ਸਕੇ ਚਾਚਾ-ਭਤੀਜਾ ਨਿਕਲੇ ਜਿਸ ’ਚੋਂ 17 ਸਾਲਾ ਭਤੀਜਾ ਨਾਬਾਲਿਗ ਹੈ।
* 6 ਅਪ੍ਰੈਲ ਨੂੰ ਸਿਲੀਗੁੜੀ (ਆਸਾਮ) ’ਚ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਦੀ ਟੀਮ ਨੇ ਇਕ ਪਰਿਵਾਰ ਦੇ 3 ਮੈਂਬਰਾਂ ਪਤੀ-ਪਤਨੀ ਅਤੇ ਉਨ੍ਹਾਂ ਦੀ ਬੇਟੀ ਨੂੰ 550 ਗ੍ਰਾਮ ਬ੍ਰਾਊਨ ਸ਼ੂਗਰ (ਨਸ਼ਾ) ਨਾਲ ਗ੍ਰਿਫਤਾਰ ਕੀਤਾ।
* 11 ਅਪ੍ਰੈਲ ਨੂੰ ਜੈਪੁਰ (ਰਾਜਸਥਾਨ) ’ਚ ਨਸ਼ਾ ਰੋਕੂ ਵਿਸ਼ੇਸ਼ ਅਦਾਲਤ ਨੇ ਅਫੀਮ ਦੀ ਸਮੱਗਲਿੰਗ ਦੇ ਇਕ ਮਾਮਲੇ ’ਚ ‘ਸੱਜਾ ਰਾਮ’ ਅਤੇ ਉਸ ਦੇ ਬੇਟੇ ਅਰੁਣ ਕੁਮਾਰ ਨੂੰ ਅਫੀਮ ਦੀ ਸਮੱਗਲਿੰਗ ਦੇ ਇਕ ਮਾਮਲੇ ’ਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ।
* 12 ਅਪ੍ਰੈਲ ਨੂੰ ਸਾਂਬਾ (ਜੰਮੂ) ਵਿਖੇ ਅਧਿਕਾਰੀਆਂ ਨੇ ਨਸ਼ਾ ਸਮੱਗਲਰਾਂ ਵਿਰੁੱਧ ਮੁਹਿੰਮ ਦੌਰਾਨ ਇਕ ਹੀ ਪਰਿਵਾਰ ਦੇ 3 ਮੈਂਬਰਾਂ ਪਤੀ, ਪਤਨੀ ਅਤੇ ਬੇਟੇ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹੈਰੋਇਨ ਅਤੇ ਭੁੱਕੀ ਬਰਾਮਦ ਕੀਤੀ।
* 15 ਅਪ੍ਰੈਲ ਨੂੰ ਸ਼ਿਮਲਾ (ਹਿਮਾਚਲ ਪ੍ਰਦੇਸ਼) ਦੇ ਰਾਮਪੁਰ ’ਚ ਕਾਰ ’ਚ ਜਾ ਰਹੇ ਪਿਤਾ-ਪੁੱਤਰ ਦੇ ਕਬਜ਼ੇ ’ਚੋਂ 6.52 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ।
* ਅਤੇ ਹੁਣ 21 ਅਪ੍ਰੈਲ ਨੂੰ ਹੁਸ਼ਿਆਰਪੁਰ (ਪੰਜਾਬ) ਪੁਲਸ ਨੇ ਪਿੰਡ ‘ਮਾਹਲਾ ਬਲਟੋਹੀਆਂ’ ਨੇੜੇ ਮੋਟਰਸਾਈਕਲ ਸਵਾਰ ਇਕ ਪਤੀ-ਪਤਨੀ ਨੂੰ ਰੋਕ ਕੇ ਉਨ੍ਹਾਂ ਦੇ ਕਬਜ਼ੇ ’ਚੋਂ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਸਪਲਾਈ ਦੇਣ ਲਈ ਉਹ ਜਾ ਰਹੇ ਸਨ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਅੱਜ ਨਸ਼ਾ ਇਕ ਤਰ੍ਹਾਂ ਨਾਲ ‘ਫੈਮਿਲੀ ਬਿਜ਼ਨੈੱਸ’ ਬਣਦਾ ਜਾ ਰਿਹਾ ਹੈ ਅਤੇ ਜਲਦੀ ਅਮੀਰ ਬਣਨ ਦੇ ਜਨੂੰਨ ’ਚ ਲੋਕ ਆਪਣੇ ਪਰਿਵਾਰ ਦੇ ਮੈਂਬਰਾਂ, ਇੱਥੋਂ ਤੱਕ ਕਿ ਔਰਤਾਂ ਤੱਕ ਨੂੰ ਇਸ ਕਾਲੇ ਕਾਰੋਬਾਰ ’ਚ ਧੱਕ ਰਹੇ ਹਨ।
ਇਸ ਲਈ ਇਸ ਨੂੰ ਰੋਕਣ ਲਈ ਪੁਲਸ ਵੱਲੋਂ ਵਧੇਰੇ ਚੌਕਸੀ ਵਰਤਣ ਤੋਂ ਇਲਾਵਾ ਸਰਕਾਰ ਵੱਲੋਂ ਲੋੜਵੰਦਾਂ ਲਈ ਰੋਜ਼ਗਾਰ ਦੇ ਸੌਖੇ ਬਦਲ ਵੀ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਉਹ ਪੈਸਿਆਂ ਦੀ ਤੰਗੀ ਦੂਰ ਕਰਨ ਲਈ ਗੈਰ-ਕਾਨੂੰਨੀ ਸਰਗਰਮੀਆਂ ਨਾਲ ਜੁੜਨ ਲਈ ਮਜਬੂਰ ਨਾ ਹੋਣ।
-ਵਿਜੇ ਕੁਮਾਰ