ਕਰਨਾਟਕ ਚੋਣਾਂ ਦੇ ਐਲਾਨ ਤੋਂ ਪਹਿਲਾਂ ਟਿਕਟ ਦੇ ਚਾਹਵਾਨਾਂ ਨੇ ਵੰਡਣੇ ਸ਼ੁਰੂ ਕੀਤੇ ਵੋਟਰਾਂ ਨੂੰ ਭਰਮਾਉਣ ਦੇ ਲਈ ਤੋਹਫੇ

Saturday, Feb 11, 2023 - 02:22 AM (IST)

ਕਰਨਾਟਕ ਚੋਣਾਂ ਦੇ ਐਲਾਨ ਤੋਂ ਪਹਿਲਾਂ ਟਿਕਟ ਦੇ ਚਾਹਵਾਨਾਂ ਨੇ ਵੰਡਣੇ ਸ਼ੁਰੂ ਕੀਤੇ ਵੋਟਰਾਂ ਨੂੰ ਭਰਮਾਉਣ ਦੇ ਲਈ ਤੋਹਫੇ

ਕਰਨਾਟਕ ਵਿਧਾਨ ਸਭਾ ਦਾ ਕਾਰਜਕਾਲ 24 ਮਈ, 2023 ਨੂੰ ਖਤਮ ਹੋਵੇਗਾ, ਜਿਸ ਕਾਰਨ ਸੂਬੇ ਦੀਆਂ 224 ਵਿਧਾਨ ਸਭਾ ਸੀਟਾਂ ਦੇ ਲਈ ਚੋਣਾਂ ਉਸ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਸ਼ਾਇਦ ਇਹ ਚੋਣਾਂ 5 ਅਤੇ 20 ਮਈ ਦੇ ਦਰਮਿਆਨ ਕਰਵਾਈਆਂ ਜਾਣਗੀਆਂ।

ਇਸ ਨੂੰ ਦੇਖਦੇ ਹੋਏ ਵੱਖ-ਵੱਖ ਸਿਆਸੀ ਪਾਰਟੀਆਂ ਨੇ ਹੁਣ ਤੋਂ ਹੀ ਵੋਟਰਾਂ ਨੂੰ ਭਰਮਾਉਣ ਲਈ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇਣੇ ਅਤੇ ਤੋਹਫੇ ਵੰਡਣੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ’ਚ ਡਿਨਰ ਸੈੱਟ, ਪ੍ਰੈਸ਼ਰ ਕੁੱਕਰ, ਡਿਜੀਟਲ ਘੜੀਆਂ ਆਦਿ ਸ਼ਾਮਲ ਹਨ।

ਹਾਲ ਹੀ ’ਚ ਬਗਲਕੋਟ ਜ਼ਿਲੇ ’ਚ ਇਕ ਪ੍ਰਮੁੱਖ ਨੇਤਾ ਦੀ ਤਸਵੀਰ ਵਾਲੀਆਂ ਡਿਜੀਟਲ ਘੜੀਆਂ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ। ਬੇਂਗਲੁਰੂ ’ਚ ਹਾਲ ਹੀ ’ਚ ਟਰੱਕ ’ਤੇ ਲੱਦੇ ਪ੍ਰੈਸ਼ਰ ਕੁੱਕਰ ਅਤੇ ਘਰੇਲੂ ਬਰਤਨ ਵੀ ਜ਼ਬਤ ਕੀਤੇ ਗਏ ਹਨ।

ਕਰਨਾਟਕ ਦੇ ਸਾਬਕਾ ਵਿਧਾਇਕ ‘ਨਾਰਾ ਸੂਰੀਆਨਾਰਾਇਣ ਰੈੱਡੀ’ ਦੇ ਪੁੱਤਰ ਭਾਰਤ ਰੈੱਡੀ ਨੇ ਬੇਲਾਰੀ ਦੇ ਵੋਟਰਾਂ ਨੂੰ ਆਪਣੀਆਂ ਤਸਵੀਰਾਂ ਵਾਲੇ ਪ੍ਰੈਸ਼ਰ ਕੁੱਕਰ ਵੰਡੇ ਹਨ। ਭਾਰਤ ਰੈੱਡੀ ਕਾਂਗਰਸ ਦਾ ਨੇਤਾ ਹੈ ਜਦਕਿ ਉਸ ਦੇ ਪਿਤਾ ‘ਨਾਰਾ ਸੂਰੀਆਨਾਰਾਇਣ ਰੈੱਡੀ’ ਪਹਿਲਾਂ ਜਦ (ਐੱਸ) ’ਚ ਸਨ, ਜੋ ਬਾਅਦ ’ਚ 2014 ’ਚ ਦਲਬਦਲੀ ਕਰ ਕੇ ਕਾਂਗਰਸ ’ਚ ਚਲੇ ਗਏ।

ਵਰਨਣਯੋਗ ਹੈ ਕਿ 2019 ਤੱਕ ਬੇਲਾਰੀ ਕਾਂਗਰਸ ਦਾ ਗੜ੍ਹ ਰਿਹਾ ਅਤੇ ਇਸ ਵਾਰ ਕਾਂਗਰਸ ਉੱਥੋਂ ਫਿਰ ਸੱਤਾ ’ਚ ਆਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ। ਪਾਰਟੀ ਨੇ ਟਿਕਟ ਦੇ ਚਾਹਵਾਨ ਮੈਂਬਰਾਂ ਕੋਲੋਂ 2 ਲੱਖ ਰੁਪਏ ਦੇ ਡਿਮਾਂਡ ਡ੍ਰਾਫਟ ਦੇ ਨਾਲ ਆਪਣੀ ਮੈਂਬਰੀ ਦਾ ਵੇਰਵਾ ਦਿੰਦੇ ਹੋਏ ਅਰਜ਼ੀਆਂ ਮੰਗੀਆਂ ਹਨ।

ਕੁਝ ਨੇਤਾਵਾਂ ਨੇ ਤਾਂ ਵੋਟਰਾਂ ਨੂੰ ਆਪਣੇ ਖਰਚੇ ’ਤੇ ਤੀਰਥ ਯਾਤਰਾ ਕਰਵਾਉਣੀ ਵੀ ਸ਼ੁਰੂ ਕਰ ਦਿੱਤੀ ਹੈ। ਆਂਧਰਾ ਪ੍ਰਦੇਸ਼ ਦਾ ਤਿਰੂਪਤੀ ਮੰਦਿਰ, ਕਰਨਾਟਕ ਦਾ ਮੰਜੂਨਾਥ ਸਵਾਮੀ ਮੰਦਿਰ ਅਤੇ ਮਹਾਰਾਸ਼ਟਰ ਦਾ ਸ਼ਿਰਡੀ ਮੰਦਿਰ ਵੋਟਰਾਂ ਦੇ ਪਸੰਦੀਦਾ ਤੀਰਥ ਅਸਥਾਨਾਂ ’ਚ ਸ਼ਾਮਲ ਹਨ।

ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਬੇਂਗਲੁਰੂ ਚੋਣ ਹਲਕੇ ’ਚ ਵੋਟਰਾਂ ਨੂੰ ਡਿਨਰ ਸੈੱਟ ਵੰਡੇ ਗਏ ਹਨ। ਇੱਥੋਂ ਤੱਕ ਕਿ ਲੋਕਾਂ ਨੂੰ ਫੋਨ ਕਰ ਕੇ ਸੱਦਿਆ ਜਾ ਰਿਹਾ ਹੈ ਕਿ ਉਹ ਆ ਕੇ ਆਪਣਾ ਤੋਹਫਾ ਲੈ ਜਾਣ।

ਇਕ ਔਰਤ ਨੇ ਕਿਹਾ, ‘‘ਹਾਲ ਹੀ ’ਚ ਮੈਨੂੰ ਇਕ ਫੋਨ ਆਇਆ ਅਤੇ ਡਿਨਰ ਸੈੱਟ ਲਿਜਾਣ ਲਈ ਕਿਹਾ ਗਿਆ। ਸ਼ੁਰੂ ’ਚ ਮੈਂ ਸੋਚਿਆ ਕਿ ਇਹ ਕੋਈ ਮਜ਼ਾਕ ਹੈ ਪਰ ਜਦੋਂ ਮੈਂ ਉੱਥੇ ਗਈ ਤਾਂ ਦੇਖਿਆ ਕਿ ਉਹ ਸੱਚਮੁੱਚ ਡਿਨਰ ਸੈੱਟ ਵੰਡ ਰਹੇ ਸਨ।’’

ਸ਼ਹਿਰ ਦੇ ਇਕ ਹੋਰ ਹਲਕੇ ’ਚ ਇਕ ਸਾਬਕਾ ਮੰਤਰੀ ਨੇ ਕਥਿਤ ਤੌਰ ’ਤੇ ਵੋਟਰਾਂ ਦੇ ਇਕ ਵਰਗ ਦੇ ਜੀਵਨ ਬੀਮਾ ਪ੍ਰੀਮੀਅਮ ਦਾ ਭੁਗਤਾਨ ਵੀ ਕੀਤਾ।

ਇਹੀ ਨਹੀਂ ਹੇਬਲ ਤੋਂ ਕਾਂਗਰਸ ਵਿਧਾਇਕ ‘ਬੈਰਾਥੀ ਸੁਰੇਸ਼’ ਤਾਂ ਇਸ ਤੋਂ ਵੀ ਅੱਗੇ ਨਿਕਲ ਕੇ ਆਪਣੇ ਵਿਧਾਨ ਸਭਾ ਹਲਕੇ ’ਚ 8 ਹਜ਼ਾਰ ਰੁਪਏ ਮੁੱਲ ਵਾਲੇ ਸਮਾਰਟ ਟੈਲੀਵਿਜ਼ਨ ਸੈੱਟ ਤੱਕ ਵੰਡ ਰਹੇ ਹਨ।

ਆਮ ਆਦਮੀ ਪਾਰਟੀ ਦੇ ਨੇਤਾ ਮੰਜੂ ਨਾਥ ਦੇ ਅਨੁਸਾਰ, ਹੇਬਲ ’ਚ 8 ਵਾਰਡ ਹਨ ਤੇ ਹਰੇਕ ਵਾਰਡ ’ਚ 5000 ਟੀ. ਵੀ. ਸੈੱਟ ਵੰਡੇ ਜਾ ਰਹੇ ਹਨ ਤੇ ਹੁਣ ਤੱਕ 40,000 ਟੈਲੀਵਿਜ਼ਨ ਸੈੱਟ ਵੰਡੇ ਜਾ ਚੁੱਕੇ ਹਨ।

ਵਿਧਾਇਕ ‘ਬੈਰਾਥੀ ਸੁਰੇਸ਼’ ਨੇ ਆਪਣੇ ਇਸ ਕਦਮ ਨੂੰ ਸਹੀ ਠਹਿਰਾਉਂਦੇ ਹੋਏ ਕਿਹਾ ਕਿ ਇਹ ਟੀ. ਵੀ. ਸੈੱਟ ਉਨ੍ਹਾਂ ਦੇ ਆਪਣੇ ਪੈਸੇ ਤੋਂ ਅਤੇ ਆਪਣੇ ਚੋਣ ਹਲਕੇ ਦੇ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ’ਚ ਪੜ੍ਹਾਈ ’ਚ ਮਦਦ ਕਰਨ ਲਈ ਦਿੱਤੇ ਜਾ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਟੀ. ਵੀ. ਸੈੱਟ ਸਿਰਫ ਪਾਤਰ ਪਰਿਵਾਰਾਂ ਨੂੰ ਹੀ ਦਿੱਤੇ ਜਾਣਗੇ ਪਰ ਉਨ੍ਹਾਂ ਨੇ ਇਸ ਦੇ ਲਈ ਨਿਰਧਾਰਿਤ ਮਾਪਦੰਡਾਂ ਬਾਰੇ ਜਾਣਕਾਰੀ ਨਹੀਂ ਦਿੱਤੀ।

ਵਰਨਣਯੋਗ ਹੈ ਕਿ ‘ਬੈਰਾਥੀ ਸੁਰੇਸ਼’ ਇਕ ਸਿਆਸਤਦਾਨ ਹੋਣ ਦੇ ਨਾਲ-ਨਾਲ ਕਰਨਾਟਕ ਦੇ ਇਕ ਵੱਡੇ ਰੀਅਲ ਅਸਟੇਟ ਕਾਰੋਬਾਰੀ ਵੀ ਹਨ ਅਤੇ ਉਨ੍ਹਾਂ ਦੀ ਜਾਇਦਾਦ 416 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ।

ਜਦੋਂ ਹੁਣ ਤੋਂ ਵੋਟਰਾਂ ਨੂੰ ਭਰਮਾਉਣ ਲਈ ਲਾਲਚਾਂ ਦਾ ਇਹ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਲਪਨਾ ਕੀਤੀ ਜਾ ਸਕਦੀ ਹੈ ਕਿ ਚੋਣਾਂ ਦੇ ਵਿਧੀਵਤ ਐਲਾਨ ਦੇ ਬਾਅਦ ਇਹ ਸਿਲਸਿਲਾ ਕਿਸ ਕਦਰ ਤੇਜ਼ ਹੋ ਜਾਵੇਗਾ ਅਤੇ ਵੋਟਰਾਂ ਨੂੰ ਭਰਮਾਉਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਕਿਸ ਕਦਰ ਤੋਹਫਿਆਂ ਦਾ ਆਪਣਾ ਜਾਲ ਫੈਲਾ ਦੇਣਗੀਆਂ।

-ਵਿਜੇ ਕੁਮਾਰ


author

Mukesh

Content Editor

Related News