ਭਾਜਪਾ ਵਿਧਾਇਕ ਦੇ ਬੇਟੇ ਦੇ ਰਿਸ਼ਵਤ ਕਾਂਡ ਨਾਲ ਹੋਈ ਪਾਰਟੀ ਦੀ ਬਦਨਾਮੀ

03/05/2023 2:43:56 AM

ਭ੍ਰਿਸ਼ਟਾਚਾਰ ਪ੍ਰਤੀ ਸਰਕਾਰ ਵੱਲੋਂ ਐਲਾਨੀ ਜ਼ੀਰੋ ਟਾਲਰੈਂਸ ਦੀ ਨੀਤੀ ਦੇ ਬਾਵਜੂਦ ਇਹ ਬੁਰਾਈ ਦੇਸ਼ ਵਿਚੋਂ ਜਾਣ ਦਾ ਨਾਂ ਨਹੀਂ ਲੈ ਰਹੀ ਅਤੇ ਇਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਸੱਤਾ ਅਦਾਰਿਆਂ ਨਾਲ ਜੁੜੇ ਲੋਕ ਵੀ ਸ਼ਾਮਲ ਹਨ।

2 ਮਾਰਚ ਨੂੰ ਕਰਨਾਟਕ ’ਚ ਲੋਕ ਆਯੁਕਤ ਦੇ ਅਧਿਕਾਰੀਆਂ ਨੇ ਭਾਜਪਾ ਵਿਧਾਇਕ ਅਤੇ ‘ਮੈਸੂਰ ਸੰਦਲ ਸੋਪ’ ਬਣਾਉਣ ਵਾਲੀ ਸਰਕਾਰੀ ਕੰਪਨੀ ‘ਕਰਨਾਟਕ ਸੋਪ ਐਂਡ ਡਿਟਰਜੈਂਟ ਲਿਮਟਿਡ’ (ਕੇ. ਐੱਸ. ਡੀ. ਐੱਲ.) ਦੇ ਚੇਅਰਮੈਨ ‘ਕੇ. ਮਦਲ ਵੀਰੂਪਕਸ਼ੱਪਾ’ ਦੇ ਬੇਟੇ ‘ਪ੍ਰਸ਼ਾਂਤ ਮਦਲ’ ਨੂੰ 40 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ ਹੈ।

ਪ੍ਰਸ਼ਾਂਤ ਨੇ ਇਕ ਟੈਂਡਰ ‘ਕਲੀਅਰ’ ਕਰਨ ਲਈ 80 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਦੱਸਿਆ ਜਾਂਦਾ ਹੈ ‘ਪ੍ਰਸ਼ਾਂਤ ਮਦਲ’ ਆਪਣੇ ਪਿਤਾ ਵੱਲੋਂ ਹੀ ਰਿਸ਼ਵਤ ਲੈ ਰਿਹਾ ਸੀ ਅਤੇ ਉਸਦੀ ਗ੍ਰਿਫ਼ਤਾਰੀ ਵੀ ਉਸਦੇ ਪਿਤਾ ਦੇ ਦਫਤਰ ਵਿਚ ਹੀ ਹੋਈ।

ਪ੍ਰਸ਼ਾਂਤ ਦੀ ਗ੍ਰਿਫ਼ਤਾਰੀ ਪਿੱਛੋਂ ਲੋਕ ਆਯੁਕਤ ਨੇ ਕੇ. ਐੱਸ. ਡੀ. ਐੱਲ. ਦੇ ਦਫਤਰ ਅਤੇ ਪ੍ਰਸ਼ਾਂਤ ਦੇ ਘਰ ਛਾਪਾ ਮਾਰ ਕੇ ਉਥੋਂ 8 ਕਰੋੜ ਰੁਪਏ ਵੀ ਬਰਾਮਦ ਕੀਤੇ ਅਤੇ ਇਸ ਦੌਰਾਨ ਵਿਧਾਇਕ ‘ਵੀਰੂਪਕਸ਼ੱਪਾ’ ਨੇ ਖੁਦ ਨੂੰ ਨਿਰਦੋਸ਼ ਦੱਸਦੇ ਹੋਏ ਕੇ. ਐੱਸ. ਡੀ. ਐੱਲ. ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਵੀ ਦੇ ਿਦੱਤਾ ਹੈ।

ਅਜਿਹੀ ਹੀ ਸਥਿਤੀ ’ਤੇ ਸੁਪਰੀਮ ਕੋਰਟ ਨੇ 3 ਮਾਰਚ ਨੂੰ ਕਿਹਾ, ‘‘ਭ੍ਰਿਸ਼ਟਾਚਾਰ ਜੀਵਨ ਦੇ ਹਰ ਖੇਤਰ ਵਿਚ ਮੌਜੂਦ ਹੈ। ਪੈਸਿਆਂ ਦੇ ਲਾਲਚ, ਜਿਸ ਨੂੰ ਹਿੰਦੂ ਧਰਮ ਵਿਚ 7 ਪਾਪਾਂ ਵਿਚੋਂ ਇਕ ਮੰਨਿਆ ਜਾਂਦਾ ਹੈ, ਨੇ ਭ੍ਰਿਸ਼ਟਾਚਾਰ ਨੂੰ ਦੇਸ਼ ਵਿਚ ਕੈਂਸਰ ਵਾਂਗ ਵਧਾਉਣ ਵਿਚ ਮਦਦ ਕੀਤੀ ਹੈ।’’

ਵਰਣਨਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ, ਜਦੋਂ ਵਿਰੋਧੀ ਪਾਰਟੀਆਂ ਕਰਨਾਟਕ ਵਿਚ ‘40 ਫੀਸਦੀ ਕਮੀਸ਼ਨ’ ਅਤੇ ‘ਸਰਕਾਰੀ ਟੈਂਡਰਾਂ ’ਚ ਰਿਸ਼ਵਤਖੋਰੀ’ ਨੂੰ ਲੈ ਕੇ ਭਾਜਪਾ ਸਰਕਾਰ ਦੀ ਆਲੋਚਨਾ ਕਰ ਰਹੀਆਂ ਹਨ।

ਹੁਣ ਤੱਕ ਤਾਂ ਭਾਜਪਾ ਦੀ ਲੀਡਰਸ਼ਿਪ ਦੂਜੀਆਂ ਪਾਰਟੀਆਂ ਦੇ ਆਗੂਆਂ ਦੇ ਭ੍ਰਿਸ਼ਟਾਚਾਰ ਨੂੰ ਹੀ ਬੇਨਕਾਬ ਕਰਦੀ ਆ ਰਹੀ ਸੀ ਪਰ ਹੁਣ ‘ਪ੍ਰਸ਼ਾਂਤ ਮਦਲ’ ਦੀ ਗ੍ਰਿਫ਼ਤਾਰੀ ਨਾਲ ਭਾਜਪਾ ’ਤੇ ਹੀ ਸੇਕ ਆਉਣ ਲੱਗਾ ਹੈ ਅਤੇ ਇਸ ਨਾਲ ਪਾਰਟੀ ਦੀ ਬਦਨਾਮੀ ਹੋਈ ਹੈ। ਇਸ ਲਈ ਸੂਬਾ ਸਰਕਾਰ ਨੂੰ ਇਸ ਮਾਮਲੇ ਦੀ ਤੇਜ਼ੀ ਨਾਲ ਜਾਂਚ ਕਰਵਾ ਕੇ ਦੋਸ਼ੀ ਨੂੰ ਸਜ਼ਾ ਦਿਵਾ ਕੇ ਸੱਚਾਈ ਸਾਹਮਣੇ ਲਿਆਉਣੀ ਚਾਹੀਦੀ ਹੈ।

-ਵਿਜੇ ਕੁਮਾਰ


Anmol Tagra

Content Editor

Related News