ਦਿਲੀਪ ਕੁਮਾਰ-ਯਾਦਾਂ ਦੇ ਝਰੋਖੇ ਤੋਂ ਫਿਲਮ ਜਗਤ ਦੇ ‘ਸ਼ਹਿਨਸ਼ਾਹ’ ‘ਦਿਲੀਪ ਕੁਮਾਰ’ ਨਹੀਂ ਰਹੇ

07/08/2021 3:12:05 AM

ਫਿਲਮ ਪ੍ਰੇਮੀਆਂ ਦੇ ਦਿਲ ਦੇ ਸਮਰਾਟ 98 ਸਾਲਾ ਦਿਲੀਪ ਕੁਮਾਰ ਦਾ 7 ਜੁਲਾਈ ਨੂੰ ਸਵੇਰੇ 7.30 ਵਜੇ ਮੁੰਬਈ ਦੇ ਹਸਪਤਾਲ ’ਚ ਦਿਹਾਂਤ ਹੋ ਗਿਆ। ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਚੱਲ ਰਹੀ ਸੀ।

ਵੱਖਰੇ ਅੰਦਾਜ਼ ਦੇ ਅਭਿਨੇਤਾ ਦਿਲੀਪ ਕੁਮਾਰ ਨੇ 22 ਸਾਲ ਦੀ ਉਮਰ ’ਚ ਅਭਿਨੈ ਦੀ ਦੁਨੀਆ ’ਚ ਕਦਮ ਰੱਖਿਆ ਅਤੇ ਜਿਹੜੇ ਲੋਕਾਂ ਨੇ ਫਿਲਮਾਂ ’ਚ ਉਨ੍ਹਾਂ ’ਤੇ ਫਿਲਮਾਏ ਹੋਏ ਗੀਤ ਦੇਖੇ ਹਨ, ਉਹ ਉਨ੍ਹਾਂ ਨੂੰ ਕਦੀ ਵੀ ਭੁਲਾ ਨਹੀਂ ਸਕਣਗੇ।

ਬਟਵਾਰੇ ਤੋਂ ਪਹਿਲਾਂ ਜਦੋਂ ਅਸੀਂ ਲਾਹੌਰ ’ਚ ਰਹਿੰਦੇ ਸੀ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਜਦੋਂ ਵੀ ਕੋਈ ਨਵੀਂ ਫਿਲਮ ਰਿਲੀਜ਼ ਹੁੰਦੀ ਤਾਂ ਆਪਣੇ ਪਰਮ ਮਿੱਤਰ ਪੰਡਿਤ ਮੰਗਲ ਦਾਸ ਜੀ ਦੇ ਨਾਲ ਉਸ ਨੂੰ ਦੇਖਣ ਜਾਂਦੇ ਅਤੇ ਮੈਨੂੰ ਵੀ ਕਦੀ-ਕਦੀ ਆਪਣੇ ਨਾਲ ਲੈ ਜਾਂਦੇ ।

1960 ਦੇ ਨੇੜੇ-ਤੇੜੇ ਜਦੋਂ ਮੈਂ ਇਕ ਵਾਰ ਮੁੰਬਈ ਗਿਆ ਤਾਂ ਸਾਡੇ ਮੁੰਬਈ ਸਥਿਤ ਪੱਤਰਕਾਰ ਓਮ ਪ੍ਰਕਾਸ਼ ਸ਼ਾਸਤਰੀ ਨੇ ਮੈਨੂੰ ਦੱਸਿਆ ਕਿ ਦਿਲੀਪ ਕੁਮਾਰ ਦੇ ਜੀਜਾ ਕੇ.ਆਸਿਫ ਬਹੁਤ ਵੱਡੇ ਬਜਟ ਦੀ ਫਿਲਮ ‘ਮੁਗਲ-ਏ–ਆਜ਼ਮ’ ਬਣਾ ਰਹੇ ਹਨ।

ਉਹ ਮੈਨੂੰ ਕੇ. ਆਸਿਫ ਨਾਲ ਮਿਲਵਾਉਣ ਲੈ ਗਏ। ਸਾਦਗੀ ਨਾਲ ਇਕ ਫਲੈਟ ’ਚ ਰਹਿਣ ਵਾਲੇ ਕੇ.ਆਸਿਫ ਸਾਨੂੰ ਗਰਮਜੋਸ਼ੀ ਨਾਲ ਮਿਲੇ ਅਤੇ ਗੱਲਬਾਤ ’ਚ ਦੱਸਿਆ,‘‘ਉਂਝ ਤਾਂ ਇਹ ਫਿਲਮ ਬਲੈਕ ਐਂਡ ਵ੍ਹਾਈਟ ’ਚ ਬਣ ਰਹੀ ਹੈ ਪਰ ਇਸ ’ਚ ‘ਸ਼ੀਸ਼ ਮਹਲ’ ਦਾ ਸੀਨ ਮੈਂ ਰੰਗੀਨ ਫਿਲਮਾ ਰਿਹਾ ਹਾਂ। ’’

ਦੁਨੀਆ ਭਰ ’ਚ ਧੂਮ ਮਚਾਉਣ ਵਾਲਾ ਫਿਲਮ ਦਾ ਗੀਤ ‘ਜਬ ਪਿਆਰ ਕੀਯਾ ਤੋ ਡਰਨਾ ਕਯਾ’ ਇਸੇ ਸ਼ੀਸ਼ ਮਹਲ, ’ਚ ਅਭਿਨੇਤਰੀ ਮਧੂਬਾਲਾ ’ਤੇ ਫਿਲਮਾਇਆ ਗਿਆ ਸੀ। ਇਹ ਫਿਲਮ ਦੇਸ਼ ਭਰ ’ਚ 5 ਅਗਸਤ, 1960 ਨੂੰ ਰਿਲੀਜ਼ ਹੋਈ, ਜਿਸ ਨੇ ਰਿਕਾਰਡ ਤੋੜ ਸਫਲਤਾ ਹਾਸਲ ਕੀਤੀ ਅਤੇ ਸਿਨੇਮਾ ਘਰਾਂ ’ਚ ਸਾਲਾਂ ਤੱਕ ਚਲਦੀ ਰਹੀ।

ਇਸ ਫਿਲਮ ’ਚ ਮਧੂਬਾਲਾ ਨੇ ਦਿਲੀਪ ਕੁਮਾਰ ਭਾਵ ਸ਼ਹਿਜ਼ਾਦਾ ਸਲੀਮ ਦੀ ਪ੍ਰੇਮਿਕਾ ਅਨਾਰਕਲੀ ਦੀ ਅਤੇ ਪ੍ਰਿਥਵੀ ਰਾਜ ਕਪੂਰ ਨੇ ਬਾਦਸ਼ਾਹ ਅਕਬਰ ਦੀ ਭੂਮਿਕਾ ਨਿਭਾਈ ਸੀ।

ਫਿਲਮਾਂ ’ਚ ਅਭਿਨੈ ਤੋਂ ਪਹਿਲਾਂ ਪ੍ਰਿਥਵੀ ਰਾਜ ਕਪੂਰ ਨੇ ਰੰਗਮੰਚ ਨਾਲ ਲਗਾਅ ਦੇ ਕਾਰਨ ‘‘ਪ੍ਰਿਥਵੀ ਥਿਏਟਰ ਕਾਇਮ ਕੀਤਾ ਸੀ। ਉਹ 1958 ’ਚ ਜਲੰਧਰ ਆਏ ਅਤੇ ‘ਜਯੋਤੀ ਥਿਏਟਰ’ ’ਚ ਇਕ ਹਫਤੇ ਤੱਕ ਚੱਲੇ ‘ਨਾਟਕ ਸਮਾਰੋਹ’ ’ਚ 7 ਨਾਟਕਾਂ ਦਾ ਮੰਚਨ ਕੀਤਾ ਸੀ। ਉਦੋਂ ਪਿਤਾ ਜੀ, ਰਮੇਸ਼ ਜੀ ਅਤੇ ਮੈਂ ਉਨ੍ਹਾਂ ਨੂੰ ਮਿਲਣ ਗਏ ਅਤੇ ਉਹ ਸਾਡੇ ਘਰ ਵੀ ਆਏ ਅਤੇ ਅਸੀਂ ਉਨ੍ਹਾਂ ਦੇ ਸਾਰੇ ਨਾਟਕ ਉਥੇ ਦੇਖੇ।

ਮੈਨੂੰ ਭਾਰਤ ਦੇ ਤਤਕਾਲੀਨ ਵਿਦੇਸ਼ ਮੰਤਰੀ ਨਰਸਿਮ੍ਹਾ ਰਾਓ, ਜੋ ਬਾਅਦ ’ਚ ਪ੍ਰਧਾਨ ਮੰਤਰੀ ਬਣੇ, ਦੀ ਪੱਤਰਕਾਰ ਟੀਮ ਦੇ ਨਾਲ 1983 ’ਚ ਪਾਕਿਸਤਾਨ ਦੇ ਦੌਰੇ ’ਤੇ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਜਾਣ ਦਾ ਮੌਕਾ ਮਿਲਿਆ। ਉਸ ਦੌਰੇ ’ਚ ਸਾਡੇ ਨਾਲ ਪ੍ਰਸਿੱਧ ਉਰਦੂ ਪੱਤ੍ਰਿਕਾ ‘ਸ਼ਮਾਂ’ ਦੇ ਮਾਲਕ ਯੂਨੁਸ ਦੇਹਲਵੀ ਵੀ ਸਨ।

ਮੇਰੀ ਵੱਡੀ ਭੈਣ ਸਵਰਨਲਤਾ ਦਾ ਇਸਲਾਮਾਬਾਦ ਦੇ ਜੁੜਵਾਂ ਸ਼ਹਿਰ ਰਾਵਲਪਿੰਡੀ ’ਚ ਸੁਤੰਤਰਤਾ ਸੈਨਾਨੀ ਸ਼੍ਰੀ ਤਿਲਕ ਰਾਜ ਸੂਰੀ ਦੇ ਨਾਲ ਵਿਆਹ ਹੋਇਆ ਸੀ, ਜੋ ਪੂਜਨੀਕ ਪਿਤਾ ਜੀ ਦੇ ਨਾਲ ਜੇਲ ’ਚ ਵੀ ਰਹੇ ਸਨ। ਰਾਵਲਪਿੰਡੀ ’ਚ ਉਨ੍ਹਾਂ ਦਾ ਮਕਾਨ ਦੇਖਣ ਦੇ ਬਾਅਦ ਅਸੀਂ ਪੇਸ਼ਾਵਰ ਚਲੇ ਗਏ।

ਪ੍ਰਿਥਵੀ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੋਵੇਂ ਹੀ ਪੇਸ਼ਾਵਰ ਦੇ ਰਿਹਣ ਵਾਲੇ ਸਨ ਅਤੇ ਦੋਵਾਂ ਦੀਆਂ ਹੀ ਜੱਦੀ ਹਵੇਲੀਆਂ ਉਥੇ ਹਨ। ਉਥੇ ਸਾਨੂੰ ਇਕ ਹੋਟਲ ’ਚ ਠਹਿਰਾਇਆ ਗਿਆ ਅਤੇ ਖਾਣਾ ਖੁਆਉਣ ਦੇ ਲਈ ਅਧਿਕਾਰੀ ਸਾਨੂੰ ਉਥੋਂ ਦੇ ਮਸ਼ਹੂਰ ‘ਕਿੱਸਾਖਵਾਨੀ ਬਾਜ਼ਾਰ’ ’ਚ ਲੈ ਗਏ।

ਉਥੇ ਪਕਾਏ ਜਾ ਰਹੇ ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ’ਚ ਵਰਤੇ ਜਾ ਰਹੇ ਮਸਾਲਿਆਂ ਦੀ ਮੁਗਧ ਕਰਨ ਵਾਲੀ ਮਹਿਕ ਫੈਲੀ ਸੀ। ਜਿਸ ’ਤੇ ਮੈਨੂੰ ਪਰੌਂਠਿਆਂ ਦੇ ਲਈ ਮਸ਼ਹੂਰ ਚਾਂਦਨੀ ਚੌਕ, ਦਿੱਲੀ ਦੀ ਪ੍ਰਸਿੱਧ ਪਰੌਂਠਿਆਂ ਵਾਲੀ ਗਲੀ ਦੀ ਯਾਦ ਆ ਗਈ।

ਮੈਂ ਤੰਦੂਰ ਵਾਲਿਆਂ ਨੂੰ ਕਿਹਾ ਕਿ ਮੈਂ ਸ਼ਾਕਾਹਾਰੀ ਹਾਂ ਤਾਂ ਉਨ੍ਹਾਂ ਨੇ ਦਾਲ, ਸਬਜ਼ੀ ਤਿਆਰ ਹੋਣ ਤੱਕ ਸਾਡੇ ਲਈ ਇਕ ਗਜ਼ ਲੰਬਾ ਨਾਨ ਲਿਆ ਕੇ ਮੇਜ਼ ’ਤੇ ਪਰੋਸ ਿਦੱਤਾ, ਜੋ ਇੰਨਾ ਸਵਾਦ ਸੀ ਕਿ ਦਾਲ-ਸਬਜ਼ੀ ਆਉਣ ਤੋਂ ਪਹਿਲਾਂ ਹੀ ਅਸੀਂ ਸਾਰੇ ਉਸ ਨੂੰ ਖਾ ਗਏ।

ਜਦੋਂ ਤੰਦੂਰ ਵਾਲਿਆਂ ਨੂੰ ਪਤਾ ਲੱਗਾ ਕਿ ਅਸੀਂ ਭਾਰਤ ਤੋਂ ਆਏ ਹਾਂ ਤਾਂ ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਸੇ ਗਲੀ ਦੇ ਨੇੜੇ ਹੀ ਦਿਲੀਪ ਕੁਮਾਰ ਅਤੇ ਪ੍ਰਿਥਵੀ ਰਾਜ ਕਪੂਰ ਦੀਆਂ ਹਵੇਲੀਆਂ ਹਨ। ਇਹ ਜਾਣ ਕੇ ਅਸੀਂ ਉਨ੍ਹਾਂ ਨੂੰ ਦੇਖਣ ਚਲੇ ਗਏ।

ਹਾਲ ਹੀ ’ਚ ਦਿਲੀਪ ਕੁਮਾਰ ਦੇ ਮਕਾਨ ਨੂੰ ਮਿਊਜ਼ੀਅਮ ਦਾ ਰੂਪ ਦੇਣ ਦੇ ਲਈ ਹੁਣ ਪਾਕਿਸਤਾਨ ਦੀ ਖੈਬਰ ਪਖਤੂਨਖਵਾ ਸਰਕਾਰ ਨੇ 2.3 ਕਰੋੜ ਜਾਰੀ ਕੀਤੇ ਹਨ।

ਫਿਲਮ ‘ਮੁਗਲ-ਏ-ਆਜ਼ਮ’ ਦੇ ਇਲਾਵਾ 65 ਤੋਂ ਵੱਧ ਫਿਲਮਾਂ ’ਚ ਅਭਿਨੈ ਦੀ ਅਮਿਟ ਛਾਪ ਛੱਡਣ ਵਾਲੇ ਦਿਲੀਪ ਕੁਮਾਰ ਵਰਗਾ ਬਣਨ ਲਈ ਰਾਜਿੰਦਰ ਕੁਮਾਰ, ਧਰਮਿੰਦਰ ਅਤੇ ਮਨੋਜ ਕੁਮਾਰ ਸਮੇਤ ਦਰਜਨਾਂ ਨੌਜਵਾਨ ਮੁੰਬਈ ਪਹੁੰਚੇ ਪਰ ਉਨ੍ਹਾਂ ਵਰਗਾ ਕੋਈ ਨਹੀਂ ਬਣ ਸਕਿਆ ਸੀ

ਦਿਲੀਪ ਕੁਮਾਰ ਦੇ ਨਾਲ ਕਈ ਫਿਲਮਾਂ ’ਚ ਕੰਮ ਕਰਨ ਵਾਲੀ ਅਭਿਨੇਤਰੀ ਮਧੁਬਾਲਾ ਦੇ ਨਾਲ ਉਨ੍ਹਾਂ ਦਾ ਪ੍ਰੇਮ ਪ੍ਰਸੰਗ ਜ਼ੋਰਾਂ ਨਾਲ ਚੱਲਿਆ ਸੀ। ਮਧੁਬਾਲਾ ਦੇ ਪਿਤਾ ਉਸ ਦੀ ਹਰ ਸ਼ੂਟਿੰਗ ’ਤੇ ਉਸ ਦੇ ਨਾਲ ਜਾਂਦੇ, ਜਿਨ੍ਹਾਂ ਦੇ ਕਾਰਨ ਇਨ੍ਹਾਂ ਦੋਵਾਂ ਦਾ ਪਿਆਰ ਸਿਰੇ ਨਾ ਚੜ੍ਹ ਸਕਿਆ।

ਅਖੀਰ ਦਿਲੀਪ ਕੁਮਾਰ ਨੇ 44 ਸਾਲ ਦੀ ਉਮਰ ’ਚ ਆਪਣੇ ਤੋਂ 22 ਸਾਲ ਛੋਟੀ ਸਾਇਰਾ ਬਾਨੋ ਨਾਲ 11 ਅਕਤੂਬਰ, 1966 ਨੂੰ ਵਿਆਹ ਕਰ ਲਿਆ, ਜੋ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਆਖਰੀ ਸਾਹ ਤੱਕ ਅਥਾਹ ਪਿਆਰ ਕਰਦੀ ਰਹੀ ਅਤੇ ਉਨ੍ਹਾਂ ਨੂੰ ‘ਸਾਹਿਬ’ ਕਹਿ ਕੇ ਬੁਲਾਉਂਦੀ ਸੀ।

ਅੱਜ ਨਾ ਦਿਲੀਪ ਕੁਮਾਰ ਰਹੇ, ਨਾ ਪ੍ਰਿਥਵੀ ਰਾਜ ਕਪੂਰ ਅਤੇ ਨਾ ਹੀ ਰਾਜ ਕਪੂਰ ਸਾਡੇ ਦਰਮਿਆਨ ਹਨ ਪਰ ਆਪਣੀਆਂ ਯਾਦਾਂ ਦੀ ਜੋ ਵਿਰਾਸਤ ਉਹ ਸਾਨੂੰ ਦੇ ਗਏ ਹਨ ਉਹ ਅਨਮੋਲ ਹੈ ਅਤੇ ਉਨ੍ਹਾਂ ਦੀ ਘਾਟ ਵੀ ਕਦੀ ਪੂਰੀ ਨਹੀਂ ਹੋ ਸਕਦੀ।

ਅੱਜ ਜ਼ਮਾਨਾ ਬਦਲ ਗਿਆ ਹੈ। ਰੇਡੀਓ ਅਤੇ ਸਿਨੇਮਾ ਦੀ ਥਾਂ ’ਤੇ ਟੈਲੀਵਿਜ਼ਨ ਅਤੇ ਮੋਬਾਇਲ ਆ ਗਏ ਹਨ। ਇਸ ਦੌਰ ’ਚ ਨਾ ਉਹੋ ਜਿਹੀਆਂ ਫਿਲਮਾਂ ਬਣ ਰਹੀਆਂ ਹਨ ਨਾ ਉਹੋ ਜਿਹਾ ਗੀਤ-ਸੰਗੀਤ ਅਤੇ ਨਾ ਹੀ ਉਹੋ ਜਿਹੀ ਕਹਾਣੀ ਫਿਲਮਾਂ ’ਚ ਦੇਖਣ ਨੂੰ ਮਿਲਦੀ ਹੈ। ਬਚੀਆਂ ਹਨ ਤਾਂ ਕੁਝ ਕੁ ਪੁਰਾਣੀਆਂ ਯਾਦਾਂ।

- ਵਿਜੇ ਕੁਮਾਰ


Bharat Thapa

Content Editor

Related News