ਵਿਰੋਧੀ ਧਿਰ ’ਚ ਫਿਰ ਫੁੱਟ, ਧਨਖੜ ਆਸਾਨੀ ਨਾਲ ਜਿੱਤੇ ਉਪ-ਰਾਸ਼ਟਰਪਤੀ ਦੀ ਚੋਣ

Sunday, Aug 07, 2022 - 03:22 AM (IST)

ਵਿਰੋਧੀ ਧਿਰ ’ਚ ਫਿਰ ਫੁੱਟ, ਧਨਖੜ ਆਸਾਨੀ ਨਾਲ ਜਿੱਤੇ ਉਪ-ਰਾਸ਼ਟਰਪਤੀ ਦੀ ਚੋਣ

ਦੇਸ਼ ਦੇ 14ਵੇਂ ਉਪ-ਰਾਸ਼ਟਰਪਤੀ ਦੇ ਲਈ 6 ਅਗਸਤ ਨੂੰ ਪੋਲਿੰਗ ’ਚ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੇ ਉਮੀਦਵਾਰ ਜਗਦੀਪ ਧਨਖੜ ਅਤੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗ੍ਰੇਟ ਅਲਵਾ ਦੇ ਦਰਮਿਆਨ ਮੁਕਾਬਲਾ ਹੋਇਆ, ਜਿਸ ਵਿਚ ਜਗਦੀਪ ਧਨਖੜ ਜੇਤੂ ਰਹੇ। 18 ਮਈ, 1951 ਨੂੰ ਰਾਜਸਥਾਨ ਦੇ ਛੋਟੇ ਜਿਹੇ ਪਿੰਡ ‘ਕਿਠਾਨਾ’ ਦੇ ਇਕ ਸਾਧਾਰਨ ਕਿਸਾਨ ਪਰਿਵਾਰ ’ਚ ਪੈਦਾ ਹੋਏ ਸ਼੍ਰੀ ਜਗਦੀਪ ਧਨਖੜ ਨੇ ਆਪਣੀ ਮੁੱਢਲੀ ਸਿੱਖਿਆ ਪਿੰਡ ’ਚ ਅਤੇ ਸਕੂਲੀ ਸਿੱਖਿਆ ਸੈਨਿਕ ਸਕੂਲ, ਚਿਤੌੜਗੜ੍ਹ ’ਚ ਪੂਰੀ ਕਰਨ ਪਿੱਛੋਂ ਰਾਜਸਥਾਨ ਯੂਨੀਵਰਸਿਟੀ, ਜੈਪੁਰ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ ਅਤੇ ਵਕਾਲਤ ਦਾ ਕਿੱਤਾ ਚੁਣਨ ਪਿੱਛੋਂ ਰਾਜਸਥਾਨ ਹਾਈ ਕੋਰਟ ਵਿਚ ਵਕਾਲਤ ਵੀ ਕਰਦੇ ਰਹੇ।

ਸਮਾਜਵਾਦੀ ਪਿਛੋਕੜ ਦੇ 71 ਸਾਲਾ ਜਗਦੀਪ ਧਨਖੜ ਨੇ ਆਪਣੀ ਸਿਆਸੀ ਪਾਰੀ ਰਾਜਸਥਾਨ ਦੀ ਝੁੰਝਨੂੰ ਲੋਕ ਸਭਾ ਸੀਟ ਜਨਤਾ ਦਲ ਦੀ ਟਿਕਟ ’ਤੇ ਜਿੱਤ ਕੇ ਸ਼ੁਰੂ ਕੀਤੀ ਅਤੇ ਸੰਸਦ ਮੈਂਬਰ ਬਣਨ ਤੋਂ ਬਾਅਦ 1989-91 ਦੌਰਾਨ ਕੇਂਦਰ ’ਚ ਵੀ. ਪੀ. ਸਿੰਘ ਅਤੇ ਚੰਦਰਸ਼ੇਖਰ ਦੀਆਂ ਸਰਕਾਰਾਂ ’ਚ ਮੰਤਰੀ ਰਹੇ। 1991 ਦੀਆਂ ਚੋਣਾਂ ’ਚ ਜਨਤਾ ਦਲ ਕੋਲੋਂ ਟਿਕਟ ਨਾ ਮਿਲਣ ’ਤੇ ਜਗਦੀਪ ਧਨਖੜ ਕਾਂਗਰਸ ’ਚ ਚਲੇ ਗਏ ਅਤੇ 1993 ’ਚ ਕਿਸ਼ਨਗੜ੍ਹ ਸੀਟ ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕ ਬਣੇ ਅਤੇ ਫਿਰ 2003 ’ਚ ਕਾਂਗਰਸ ਨਾਲੋਂ ਮੂੰਹ ਮੋੜ ਕੇ ਭਾਜਪਾ ’ਚ ਸ਼ਾਮਲ ਹੋ ਗਏ। ਜਗਦੀਪ ਧਨਖੜ ਨੂੰ 30 ਜੁਲਾਈ, 2019 ਨੂੰ ਤੱਤਕਾਲੀਨ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਸੀ ਅਤੇ ਇਹ ਅਹੁਦਾ ਸੰਭਾਲਣ ਦੇ ਬਾਅਦ ਤੋਂ ਹੀ ਉਨ੍ਹਾਂ ਦਾ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ‘36’ ਦਾ ਅੰਕੜਾ ਰਿਹਾ, ਜੋ ਉਨ੍ਹਾਂ ਦੇ ਇਸ ਅਹੁਦੇ ’ਤੇ ਬਣੇ ਰਹਿਣ ਤੱਕ ਜਾਰੀ ਰਿਹਾ।

ਅੰਕੜਿਆਂ ਦੇ ਪੱਖੋਂ ਧਨਖੜ ਦੀ ਜਿੱਤ ਪਹਿਲਾਂ ਹੀ ਪੱਕੀ ਨਜ਼ਰ ਆ ਰਹੀ ਸੀ। ਜਿਸ ਤਰ੍ਹਾਂ ਰਾਸ਼ਟਰਪਤੀ ਦੀ ਚੋਣ ਲਈ ਪੋਲਿੰਗ ਦੇ ਸਮੇਂ ਵੀ ਵਿਰੋਧੀ ਪਾਰਟੀਆਂ ’ਚ ਆਪਣੇ ਉਮੀਦਵਾਰ ਯਸ਼ਵੰਤ ਸਿਨ੍ਹਾ ਦੇ ਪੱਖ ’ਚ ਏਕਤਾ ਨਾ ਬਣ ਸਕੀ ਅਤੇ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਉਸੇ ਤਰ੍ਹਾਂ ਉਪ-ਰਾਸ਼ਟਰਪਤੀ ਦੀ ਚੋਣ ’ਚ ਵੀ ਵਿਰੋਧੀ ਪਾਰਟੀਆਂ ਇਕ ਨਾ ਹੋ ਸਕੀਆਂ। ਇਥੋਂ ਤੱਕ ਕਿ ਤ੍ਰਿਣਮੂਲ ਕਾਂਗਰਸ ਨੇ ਵੀ ਪੋਲਿੰਗ ਤੋਂ ਦੂਰ ਰਹਿ ਕੇ ਇਕ ਤਰ੍ਹਾਂ ਨਾਲ ਜਗਦੀਪ ਧਨਖੜ ਦੀ ਹੀ ਹਮਾਇਤ ਕਰ ਦਿੱਤੀ। ਮਮਤਾ ਬੈਨਰਜੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਮਾਰਗ੍ਰੇਟ ਅਲਵਾ ਦੇ ਨਾਂ ’ਤੇ ਫੈਸਲਾ ਕਰਦੇ ਸਮੇਂ ਤ੍ਰਿਣਮੂਲ ਕਾਂਗਰਸ ਨੂੰ ਭਰੋਸੇ ’ਚ ਨਹੀਂ ਲਿਆ, ਜਿਸ ’ਤੇ ਮਾਰਗ੍ਰੇਟ ਅਲਵਾ ਨੇ ਮਮਤਾ ਦੇ ਫੈਸਲੇ ਉਤੇ ਕਿਹਾ ਸੀ ਕਿ ਇਹ ਸਮਾਂ ਹੰਕਾਰ ਜਾਂ ਗੁੱਸੇ ਦਾ ਨਹੀਂ ਹੈ ਪਰ ਮਮਤਾ ਆਪਣੇ ਫੈਸਲੇ ਉਤੇ ਕਾਇਮ ਰਹੀ।

ਵਰਣਨਯੋਗ ਹੈ ਕਿ ਰਾਕਾਂਪਾ ਸੁਪਰੀਮੋ ਸ਼ਰਦ ਪਵਾਰ ਦੇ ਨਿਵਾਸ ਵਿਖੇ ਹੋਈ ਬੈਠਕ ’ਚ ਮਾਰਗ੍ਰੇਟ ਅਲਵਾ ਦੀ ਉਮੀਦਵਾਰੀ ਦਾ ਐਲਾਨ ਕਰਦੇ ਹੋਏ ਸ਼ਰਦ ਪਵਾਰ ਨੇ ਕਿਹਾ ਸੀ ਕਿ, ‘‘17 ਵਿਰੋਧੀ ਪਾਰਟੀਆਂ ਨੇ ਸਰਬਸੰਮਤੀ ਨਾਲ ਮਾਰਗ੍ਰੇਟ ਅਲਵਾ ਦੇ ਨਾਂ ’ਤੇ ਫੈਸਲਾ ਕੀਤਾ ਹੈ।’’ ਪਰ ਉਨ੍ਹਾਂ ਦਾ ਇਹ ਕਥਨ ਸਹੀ ਸਿੱਧ ਨਾ ਹੋਇਆ। ਜਗਦੀਪ ਧਨਖੜ ਨੂੰ ਰਾਜਗ ਦੀਆਂ ਸਹਿਯੋਗੀ ਪਾਰਟੀਆਂ ਤੋਂ ਇਲਾਵਾ ਬੀਜੂ ਜਨਤਾ ਦਲ, ਵਾਈ. ਐੱਸ. ਆਰ. ਕਾਂਗਰਸ, ਅੰਨਾ ਦ੍ਰਮੁਕ, ਤੇਲਗੂ ਦੇਸ਼ਮ, ਸ਼ਿਵਸੈਨਾ, ਆਪ ਅਤੇ ਬਸਪਾ ਦੀ ਵੀ ਹਮਾਇਤ ਹਾਸਲ ਸੀ। ਰਾਸ਼ਟਰਪਤੀ ਦੀ ਚੋਣ ਵਾਂਗ ਹੀ ਉਪ-ਰਾਸ਼ਟਰਪਤੀ ਦੀ ਚੋਣ ਵਿਚ ਵੀ ਕ੍ਰਾਸ ਵੋਟਿੰਗ ਹੋਈ। ਮਮਤਾ ਬੈਨਰਜੀ ਨੇ ਆਪਣੇ 36 ਸੰਸਦ ਮੈਂਬਰਾਂ ਨੂੰ ਵੋਟਿੰਗ ਤੋਂ ਦੂਰ ਰਹਿਣ ਦੀ ਗੱਲ ਕਹੀ ਸੀ ਪਰ ਤ੍ਰਿਣਮੂਲ ਸੰਸਦ ਮੈਂਬਰਾਂ ਸ਼ਿਸ਼ਿਰ ਅਧਿਕਾਰੀ ਅਤੇ ਦਿਵਯੇਂਦੁ ਅਧਿਕਾਰੀ ਨੇ ਮਮਤਾ ਦੇ ਫੈਸਲੇ ਦੇ ਵਿਰੁੱਧ ਵੋਟ ਪਾਈ। ਸਪਾ ਅਤੇ ਸ਼ਿਵ ਸੈਨਾ ਦੇ 2, ਜਦਕਿ ਬਸਪਾ ਦੇ ਇਕ ਸੰਸਦ ਮੈਂਬਰ ਨੇ ਵੋਟ ਨਹੀਂ ਪਾਈ। ਭਾਜਪਾ ਸੰਸਦ ਮੈਂਬਰ ਸੰਨੀ ਦਿਓਲ ਅਤੇ ਸੰਜੇ ਧੋਤਰੇ ਨੇ ਵੀ ਵੋਟ ਨਹੀਂ ਪਾਈ।

ਖੈਰ, ਹੁਣ ਜਦਕਿ ਸ਼੍ਰੀ ਜਗਦੀਪ ਧਨਖੜ ਦੇਸ਼ ਦੇ ਦੂਜੇ ਸਰਵਉੱਚ ਨੇਤਾ ਚੁਣ ਲਏ ਗਏ ਹਨ, ਇਹ ਭਾਜਪਾ ਦੀ ਰਣਨੀਤੀ ਦੀ ਸਫਲਤਾ ਅਤੇ ਵਿਰੋਧੀ ਧਿਰ ਦੀ ਫੁੱਟ ਦਾ ਨਤੀਜਾ ਹੈ, ਜੋ ਵਾਰ-ਵਾਰ ਮੂੰਹ ਦੀ ਖਾਣ ਦੇ ਬਾਵਜੂਦ ਆਪਣੀਆਂ ਹਾਰਾਂ ਤੋਂ ਸਬਕ ਸਿੱਖਣ ਲਈ ਤਿਆਰ ਨਹੀਂ ਹੈ। ਮਾਰਗ੍ਰੇਟ ਅਲਵਾ ਦੀ ਹਾਰ ’ਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਦੋਵਾਂ 'ਚੋਂ ਕਿਸੇ ਇਕ ਨੇ ਤਾਂ ਹਾਰਨਾ ਹੀ ਸੀ ਪਰ ਜੇ ਉਹ ਜਿੱਤ ਜਾਂਦੀ ਤਾਂ ਇਹ ਦੁਨੀਆ ’ਚ ਇਕ ਅਨੋਖਾ ਰਿਕਾਰਡ ਹੁੰਦਾ ਜਦੋਂ ਕਿਸੇ ਦੇਸ਼ ਦੇ 2 ਸਰਵਉੱਚ ਅਹੁਦਿਆਂ ’ਤੇ ਇਕੋ ਵੇਲੇ 2 ਔਰਤਾਂ ਬਿਰਾਜਮਾਨ ਹੁੰਦੀਆਂ।

ਇਕ ਪਾਰਟੀ ਤੋਂ ਦੂਜੀ ਪਾਰਟੀ ’ਚ ਜਾਣ ਦੇ ਬਾਵਜੂਦ ਸ਼੍ਰੀ ਧਨਖੜ ਕਿਸਾਨਾਂ ਦੇ ਅਤਿਅੰਤ ਹਰਮਨਪਿਆਰੇ ਰਹੇ ਹਨ ਅਤੇ ਸਮੇਂ-ਸਮੇਂ ’ਤੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਉਠਾਉਂਦੇ ਰਹੇ ਹਨ। ਇਸ ਲਈ ਭਾਜਪਾ ਨੂੰ ਕਿਸਾਨ ਹਮਾਇਤੀ ਸ਼੍ਰੀ ਧਨਖੜ ਨੂੰ ਉਪ-ਰਾਸ਼ਟਰਪਤੀ ਬਣਾਉਣ ਦਾ ਕੁਝ ਲਾਭ ਆਉਣ ਵਾਲੀਆਂ ਚੋਣਾਂ ’ਚ ਜ਼ਰੂਰ ਮਿਲੇਗਾ। ਮੌਜੂਦਾ ਉਪ-ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਜਾਵੇਗਾ ਅਤੇ ਨਵੇਂ ਉਪ-ਰਾਸ਼ਟਰਪਤੀ ਵਜੋਂ ਸ਼੍ਰੀ ਜਗਦੀਪ ਧਨਖੜ 11 ਅਗਸਤ ਨੂੰ ਸਹੁੰ ਚੁੱਕ  ਲੈਣਗੇ।

–ਵਿਜੇ ਕੁਮਾਰ


author

Mukesh

Content Editor

Related News