ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਡੇਂਗੂ, ਜੀਕਾ ਅਤੇ ਨਿਪਾਹ ਵਾਇਰਸਾਂ ਦੀ ਦਸਤਕ

Saturday, Sep 16, 2023 - 04:03 AM (IST)

ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਡੇਂਗੂ, ਜੀਕਾ ਅਤੇ ਨਿਪਾਹ ਵਾਇਰਸਾਂ ਦੀ ਦਸਤਕ

ਇਨ੍ਹੀਂ ਦਿਨੀਂ ਡੇਂਗੂ ਦੇਸ਼ ਦੇ ਵੱਖ-ਵੱਖ ਸੂਬਿਆਂ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਉੱਤਰਾਖੰਡ, ਤਮਿਲਨਾਡੂ, ਹਰਿਆਣਾ, ਹਿਮਾਚਲ, ਪੰਜਾਬ ਆਦਿ ਨੂੰ ਆਪਣੀ ਲਪੇਟ ’ਚ ਲੈ ਰਿਹਾ ਹੈ ਅਤੇ ਉੱਥੇ ਇਸ ਦੇ ਮਾਮਲੇ ਵਧ ਰਹੇ ਹਨ। ਇਸ ਦੇ ਨਤੀਜੇ ਵਜੋਂ ਹਸਪਤਾਲਾਂ ’ਚ ਰੋਗੀਆਂ ਦੀ ਿਗਣਤੀ ਵਧ ਰਹੀ ਹੈ ਅਤੇ ਕੁਝ ਮੌਤਾਂ ਵੀ ਹੋਈਆਂ ਹਨ।

ਡੇਂਗੂ ਵਾਇਰਲ ਰੋਗ ਹੈ। ਇਸ ਨਾਲ ਤੇਜ਼ ਬੁਖਾਰ, ਸਿਰ ਦਰਦ, ਛਾਤੀ ਦਰਦ, ਜੋੜਾਂ ਤੇ ਪਿੱਠ ’ਚ ਦਰਦ, ਭੁੱਖ ਨਾ ਲੱਗਣਾ ਅਤੇ ਸਰੀਰ ’ਤੇ ਲਾਲ ਚਕੱਤੇ ਉਭਰਨ ਆਦਿ ਦੀ ਤਕਲੀਫ ਹੁੰਦੀ ਹੈ। ਕਦੀ-ਕਦੀ ਰੋਗੀ ਦੇ ਸਰੀਰ ’ਚ ਅੰਦਰੂਨੀ ਖੂਨ ਵਗਣਾ ਵੀ ਹੁੰਦਾ ਹੈ। ਇਸ ਦੇ ਨਾਲ ਹੀ ਕਮਜ਼ੋਰੀ ਤੇ ਚੱਕਰ ਵੀ ਆਉਂਦੇ ਹਨ।

ਪਲੇਟਲੈੱਟਸ ਘਟਣ ਜਾਂ ਬਲੱਡ ਪ੍ਰੈਸ਼ਰ ਘੱਟ ਹੋਣ ਦਾ ਵੀ ਖਤਰਾ ਵਧ ਜਾਂਦਾ ਹੈ। ਰੋਗੀ ਨੂੰ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਜੇ ਪਾਣੀ ਪੀਣ ਅਤੇ ਕੁਝ ਵੀ ਖਾਣ ’ਚ ਔਖ ਹੋਵੇ ਅਤੇ ਵਾਰ-ਵਾਰ ਉਲਟੀ ਆਵੇ ਤਾਂ ਡੀ-ਹਾਈਡ੍ਰੇਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ।

ਡੇਂਗੂ ‘ਏਡੀਜ਼’ ਨਾਂ ਦੇ ਮਾਦਾ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਦਾ ਮੱਛਰ ਗੰਦੇ ਪਾਣੀ ਦੀ ਬਜਾਏ ਸਾਫ ਪਾਣੀ ’ਚ ਪੈਦਾ ਹੁੰਦਾ ਹੈ, ਇਸ ਲਈ ਘਰ ਦੇ ਅੰਦਰ ਜਾਂ ਘਰ ਦੇ ਆਲੇ-ਦੁਆਲੇ ਪਾਣੀ ਜਮ੍ਹਾਂ ਨਹੀਂ ਹੋਣ ਦੇਣਾ ਚਾਹੀਦਾ। ਬਰਸਾਤ ’ਚ ਗਮਲਿਆਂ, ਕੂਲਰਾਂ, ਪੁਰਾਣੇ ਟਾਇਰਾਂ ਆਦਿ ’ਚ ਇਕੱਠੇ ਪਾਣੀ ’ਚ ਇਹ ਮੱਛਰ ਵੱਧ ਪਾਇਆ ਜਾਂਦਾ ਹੈ।

ਉੱਤਰ ਪ੍ਰਦੇਸ਼ ਦੇ ਨੋਇਡਾ ’ਚ ਡੇਂਗੂ ਦਾ ਖਤਰਨਾਕ ਵੇਰੀਐਂਟ ਡੇਨ-2 ਸਟ੍ਰੇਨ ਪਾਇਆ ਗਿਆ ਹੈ, ਜੋ ਕਾਫੀ ਖਤਰਨਾਕ ਦੱਸਿਆ ਜਾਂਦਾ ਹੈ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਿਦੱਤੀ ਹੈ।

ਇਸੇ ਦੌਰਾਨ ਮਹਾਰਾਸ਼ਟਰ ’ਚ ਜੀਕਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵੀ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਬੀਮਾਰੀ ਹੈ ਅਤੇ ਮਹਾਰਾਸ਼ਟਰ ਦੇ ਕੋਲਹਾਪੁਰ ’ਚ ਜੀਕਾ ਦੇ 2 ਕੇਸ ਮਿਲਣ ਪਿੱਛੋਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਮੁਤਾਬਕ ਏਡੀਜ਼ ਮੱਛਰ ਦੇ ਕੱਟਣ ਨਾਲ ਹੀ ਡੇਂਗੂ, ਚਿਕਨਗੁਨੀਆ ਅਤੇ ਯੈਲੋ ਫੀਵਰ ਫੈਲਦਾ ਹੈ। ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ਼ ਕੰਟ੍ਰੋਲ ਐਂਡ ਪ੍ਰੀਵੈਂਸ਼ਨ ਮੁਤਾਬਕ ਜੀਕਾ ਦੀ ਕੋਈ ਵੈਕਸੀਨ ਜਾਂ ਇਲਾਜ ਨਹੀਂ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੀਕਾ ਤੋਂ ਇਨਫੈਕਟਿਡ ਹੋਣ ਪਿੱਛੋਂ ਲਗਾਤਾਰ ਆਰਾਮ ਅਤੇ ਲੋੜੀਂਦੀ ਮਾਤਰਾ ’ਚ ਪਾਣੀ ਪੀਂਦੇ ਰਹਿਣਾ ਜ਼ਰੂਰੀ ਹੈ। ਇਸ ਦੇ ਲੱਛਣਾਂ ’ਚ ਸਰੀਰ ’ਤੇ ਲਾਲ ਚਕੱਤੇ ਉਭਰਨਾ, ਬੁਖਾਰ, ਮਾਸਪੇਸ਼ੀਆਂ, ਜੋੜਾਂ ਅਤੇ ਸਿਰ ’ਚ ਦਰਦ ਸ਼ਾਮਲ ਹੈ।

ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਦੱਖਣੀ ਭਾਰਤ ’ਚ ਕੇਰਲ ਦੇ ਕੋਝੀਕੋਡ ’ਚ ਨਿਪਾਹ ਵਾਇਰਸ ਦੇ ਵਧਦੇ ਮਾਮਲਿਆਂ ਦਰਮਿਆਨ 14 ਸਤੰਬਰ ਨੂੰ ਸਾਰੇ ਸਕੂਲ-ਕਾਲਜ 2 ਦਿਨਾਂ ਲਈ ਬੰਦ ਰੱਖਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਇੱਥੇ ਨਿਪਾਹ ਵਾਇਰਸ ਨਾਲ 2 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਇਕ 9 ਸਾਲਾ ਬੱਚਾ ਆਈ. ਸੀ. ਯੂ. ’ਚ ਭਰਤੀ ਹੈ।

ਇਕ ਸਿਹਤ ਮੁਲਾਜ਼ਮ ਦੇ ਇਲਾਵਾ ਇਕ 39 ਸਾਲਾ ਵਿਅਕਤੀ ’ਚ ਵੀ ਨਿਪਾਹ ਵਾਇਰਸ ਦੀ ਪੁਸ਼ਟੀ ਹੋਈ ਹੈ। ਕੇਰਲ ’ਚ ਨਿਪਾਹ ਦੇ ਹੁਣ ਤਕ 6 ਮਾਮਲੇ ਸਾਹਮਣੇ ਆ ਚੁੱਕੇ ਹਨ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਮੁਤਾਬਕ ਸੂਬੇ ’ਚ ਜਿਸ ਵਾਇਰਸ ਦੀ ਪੁਸ਼ਟੀ ਹੋਈ ਹੈ, ਉਹ ਇਨਸਾਨਾਂ ਤੋਂ ਇਨਸਾਨਾਂ ’ਚ ਫੈਲਣ ਅਤੇ ਵੱਧ ਮੌਤ ਦਰ ਵਾਲਾ ਬੰਗਲਾਦੇਸ਼ੀ ਵੇਰੀਐਂਟ ਹੈ।

ਕੇਰਲ ’ਚ ਵਧਦੇ ਨਿਪਾਹ ਦੇ ਖਤਰੇ ਨੂੰ ਦੇਖਦੇ ਹੋਏ ਹੋਰ ਸੂਬਿਆਂ ਨੂੰ ਵੀ ਅਲਰਟ ਕੀਤਾ ਗਿਆ ਹੈ। ਸਿਹਤ ਵਿਭਾਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਜ਼ਿਆਦਾ ਖਤਰਨਾਕ ਹੋ ਸਕਦਾ ਹੈ, ਇਸ ਲਈ ਇਨਫੈਕਸ਼ਨ ਦੇ ਜੋਖਮਾਂ ਨੂੰ ਦੇਖਦੇ ਹੋਏ ਸਾਰੇ ਲੋਕਾਂ ਨੂੰ ਵਿਸ਼ੇਸ਼ ਚੌਕਸੀ ਵਰਤਣ ਦੀ ਲੋੜ ਹੈ।

ਸਿਹਤ ਮਾਹਿਰਾਂ ਨੇ ਚਮਗਿੱਦੜਾਂ ਦੇ ਸੈਂਪਲ ਇਕੱਠੇ ਕਰਨ ਦੀ ਮੁਹਿੰਮ ਤੇਜ਼ ਕਰ ਿਦੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚਮਗਿੱਦੜ ਤੋਂ ਮਨੁੱਖ ’ਚ ਇਨਫੈਕਸ਼ਨ ਦਾ ਜੋਖਮ ਵੱਧ ਹੋਣ ਦੇ ਕਾਰਨ ਉਨ੍ਹਾਂ ਥਾਵਾਂ ’ਤੇ ਜਾਣ ਤੋਂ ਬਚਣ ਦੀ ਲੋੜ ਹੈ, ਜਿੱਥੇ ਚਮਗਿੱਦੜ ਵੱਧ ਹੋਣ।

ਕੁਲ ਮਿਲਾ ਕੇ ਭਾਰਤ ਇਨ੍ਹੀਂ ਦਿਨੀਂ 3 ਰੋਗਾਂ ਦੇ ਜੋਖਮ ’ਚ ਹੈ, ਜਿਨ੍ਹਾਂ ਤੋਂ ਬਚਾਅ ਲਈ ਜਿੱਥੇ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ, ਉੱਥੇ ਹੀ ਸਬੰਧਤ ਸੂਬੇ ਦੀਆਂ ਸਰਕਾਰਾਂ ਨੂੰ ਵੀ ਇਸ ਸਬੰਧ ’ਚ ਤੁਰੰਤ ਸੁਰੱਖਿਆ ਪ੍ਰਬੰਧ ਤੇਜ਼ ਕਰਨੇ ਚਾਹੀਦੇ ਹਨ।

- ਵਿਜੇ ਕੁਮਾਰ


author

Anmol Tagra

Content Editor

Related News