ਆਪਣੀਆਂ ਗਲਤ ਹਰਕਤਾਂ ਨਾਲ ਕੁਝ ਪੁਲਸ ਵਾਲੇ ਕਰ ਰਹੇ ਵਿਭਾਗ ਨੂੰ ਬਦਨਾਮ

10/09/2019 1:11:00 AM

ਸਮਾਜ ’ਚ ਕਾਨੂੰਨ ਵਿਵਸਥਾ ਅਤੇ ਸ਼ਾਂਤੀ ਬਣਾਈ ਰੱਖਣ ਅਤੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਪੁਲਸ ਵਿਭਾਗ ਦੀ ਹੈ ਪਰ ਇਸ ’ਚ ਦਾਖਲ ਹੋਈਆਂ ਕੁਝ ਕਾਲੀਆਂ ਭੇਡਾਂ ਆਪਣੇ ਗਲਤ ਚਰਿੱਤਰ ਨਾਲ ਸਮੁੱਚੀ ਪੁਲਸ ਫੋਰਸ ਦੀ ਬਦਨਾਮੀ ਦਾ ਕਾਰਣ ਬਣ ਰਹੀਆਂ ਹਨ, ਜੋ ਲੱਗਭਗ ਇਕ ਮਹੀਨੇ ਦੀਆਂ ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 09 ਸਤੰਬਰ ਨੂੰ ਆਸਾਮ ਪੁਲਸ ਨੇ ਦਾਰਾਂਗ ਜ਼ਿਲੇ ਦੀ ਇਕ ਪੁਲਸ ਚੌਕੀ ’ਚ ਗਰਭਵਤੀ ਔਰਤ ਅਤੇ ਉਸ ਦੀਆਂ 2 ਭੈਣਾਂ ’ਤੇ ਅੱਤਿਆਚਾਰ ਕਰਨ, ਉਨ੍ਹਾਂ ਦੇ ਕੱਪੜੇ ਉਤਾਰਨ ਅਤੇ ਕੁੱਟਣ ਦੇ ਦੋਸ਼ ’ਚ 2 ਕਾਂਸਟੇਬਲਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ। ਪੁਲਸ ਦੀ ਕੁੱਟਮਾਰ ਨਾਲ ਔਰਤ ਦਾ ਗਰਭ ਡਿੱਗ ਗਿਆ।

* 14 ਸਤੰਬਰ ਨੂੰ ਝਾਰਖੰਡ ’ਚ ਬੋਕਾਰੋ ਦੇ ਇਕ ਏ. ਐੱਸ. ਆਈ. ਰਾਜੂ ਸਿੰਘ ਨੂੰ ਇਕ ਮਰਹੂਮ ਪੁਲਸ ਇੰਸਪੈਕਟਰ ਦੀ 14 ਸਾਲਾ ਧੀ ਨਾਲ ਬਲਾਤਕਾਰ ਕਰਨ ਅਤੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ ’ਚ ਮੁਅੱਤਲ ਕੀਤਾ ਗਿਆ।

* 26 ਸਤੰਬਰ ਨੂੰ ਬਠਿੰਡਾ ’ਚ ਥਾਣਾ ਮੌੜ ਦੇ ਐੱਸ. ਐੱਚ. ਓ. ਖੇਮਚੰਦ ਪਰਾਸ਼ਰ, ਹੌਲਦਾਰ ਅਵਤਾਰ ਸਿੰਘ ਅਤੇ ਉਸ ਦੇ ਪੁੱਤਰ ਅਨੂਪ ਗਰੋਵਰ ਵਲੋਂ ਦੁਬਈ ਤੋਂ ਆਏ ਵਪਾਰੀਆਂ ਨੂੰ ਅਗ਼ਵਾ ਕਰ ਕੇ ਥਾਣੇ ’ਚ ਬੰਧਕ ਬਣਾ ਕੇ ਉਨ੍ਹਾਂ ਤੋਂ 2.4 ਕਿਲੋ ਸੋਨਾ ਲੁੱਟਣ ਦੇ ਦੋਸ਼ ’ਚ ਐੱਸ. ਐੱਚ. ਓ. ਅਤੇ ਹੌਲਦਾਰ ਨੂੰ ਬਰਖਾਸਤ ਕਰ ਦਿੱਤਾ ਗਿਆ।

* 28 ਸਤੰਬਰ ਨੂੰ ਪੀ. ਏ. ਪੀ. ਦੀ 75 ਬਟਾਲੀਅਨ ਦੇ ਹੈੱਡਕਾਂਸਟੇਬਲ ਤੇਜਿੰਦਰ ਪਾਲ ਸਿੰਘ ਉਰਫ ਵਿੱਕੀ ਪੁੱਤਰ ਹਰਭਜਨ ਸਿੰਘ ਨੂੰ ਇਕ 5 ਸਾਲਾ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 01 ਅਕਤੂਬਰ ਨੂੰ ਪੁਲਸ ਕਰਮਚਾਰੀਆਂ ਦੇ ਰਿਕਾਰਡ ਦੀ ਜਾਂਚ ਕਰ ਰਹੀ ਕਮੇਟੀ ਵਲੋਂ ਹੌਲਦਾਰ ਕਮਲਜੀਤ ਸਿੰਘ (324 ਆਰ), ਹੌਲਦਾਰ ਅਸ਼ੋਕ ਕੁਮਾਰ (569 ਆਰ) ਅਤੇ ਹੌਲਦਾਰ ਗੁਰਮੀਤ ਸਿੰਘ (703 ਆਰ), ਦਾ ਰਿਕਾਰਡ ਅਸੰਤੋਸ਼ਜਨਕ, ਡਿਊਟੀ ਤੋਂ ਗੈਰ-ਹਾਜ਼ਰ ਅਤੇ ਸ਼ਰਾਬ ਪੀਣ ਦਾ ਆਦੀ ਪਾਏ ਜਾਣ ਦੇ ਆਧਾਰ ’ਤੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰਨ ਦੀ ਸਿਫਾਰਿਸ਼ ਕੀਤੀ ਗਈ।

* 01 ਅਕਤੂਬਰ ਨੂੰ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ 24 ਪੁਲਸ ਕਾਂਸਟੇਬਲਾਂ ਦੇ ਭੱਤਿਆਂ ਦੀ ਰਕਮ 19.44 ਲੱਖ ਰੁਪਏ ਦਾ ਗਬਨ ਕਰਨ ਦੇ ਦੋਸ਼ ’ਚ ਕਾਂਸਟੇਬਲ ਅਨਿਲ ਨੂੰ ਗ੍ਰਿਫਤਾਰ ਕੀਤਾ।

* 02 ਅਕਤੂਬਰ ਨੂੰ ਵਿਜੀਲੈਂਸ ਟੀਮ ਨੇ ਏ. ਪੀ. ਰੇਲਵੇ ਪੁਲਸ ਚੌਕੀ ਅਲਾਵਲਪੁਰ ਦੇ ਏ. ਐੱਸ. ਆਈ. ਸਰਬਜੀਤ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਫੜਿਆ।

* 02 ਅਕਤੂਬਰ ਨੂੰ ਰਿਲੀਜ਼ ਹੋਈ ਤੇਲਗੂ ਮੈਗਾਸਟਾਰ ਚਿਰੰਜੀਵੀ ਦੀ ਫਿਲਮ ‘ਸਈ ਰਾ ਨਰਸਿਮ੍ਹਾ ਰੈੱਡੀ’ ਦੇਖਣ ਲਈ ਕਰਨੂਲ ਦੇ ਕੋਈਕੁੰਤਲਾ ’ਚ ਤਾਇਨਾਤ 7 ਪੁਲਸ ਕਰਮਚਾਰੀ ਆਪਣੀ ਡਿਊਟੀ ਛੱਡ ਕੇ ਬਿਨਾਂ ਛੁੱਟੀ ਲਏ ਚਲੇ ਗਏ, ਜਿਸ ’ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

* 04 ਅਕਤੂਬਰ ਨੂੰ ਹੁਸ਼ਿਆਰਪੁਰ ਦੇ ਨੇੜੇ ਮਾਹਿਲਪੁਰ ’ਚ ਛਾਪਾ ਮਾਰਨ ਪਹੁੰਚੀ ਨਾਰਕੋਟਿਕਸ ਟੀਮ ਦੀ ਗੱਡੀ ’ਚੋਂ 3 ਪੈਕੇਟ ਚੂਰਾ ਪੋਸਤ, ਨਸ਼ੇ ਵਾਲਾ ਪਾਊਡਰ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਨਸ਼ੇ ਦੇ ਮਾਮਲੇ ’ਚ ਫਸਾਉਣ ਦਾ ਦੋਸ਼ ਲਾਉਂਦੇ ਹੋਏ ਦਿਹਾਤੀਆਂ ਨੇ ਇਕ ਏ. ਐੱਸ. ਆਈ. ਨੂੰ ਕੁੱਟਿਆ ਅਤੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਇਸ ਸਿਲਸਿਲੇ ’ਚ ਛਾਪਾਮਾਰੀ ਕਰਨ ਗਈ ਟੀਮ ਦੇ 6 ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ।

* 04 ਅਕਤੂਬਰ ਨੂੰ ਹੀ ਇਕ ਔਰਤ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਦਫਤਰ ’ਚ ਤਾਇਨਾਤ ਇਕ ਏ. ਐੱਸ. ਆਈ. ’ਤੇ ਉਸ ਨਾਲ ਬਲਾਤਕਾਰ ਕਰਨ ਅਤੇ ਪੁਲਸ ’ਤੇ ਇਸ ਮਾਮਲੇ ’ਚ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ।

* 05 ਅਕਤੂਬਰ ਨੂੰ ਬਠਿੰਡਾ ’ਚ ਸੀ. ਆਈ. ਏ.-2 ਦੀ ਪੁਲਸ ਨੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲੇ ਇਕ ਪੁਲਸ ਕਰਮਚਾਰੀ ਨੂੰ ਉਸ ਦੇ ਸਾਥੀ ਨਾਲ ਗ੍ਰਿਫਤਾਰ ਕੀਤਾ।

* 05 ਅਕਤੂਬਰ ਨੂੰ ਹੀ ਲੁਧਿਆਣਾ ਦੀ ਅਦਾਲਤ ’ਚ ਸੁਣਵਾਈ ਤੋਂ ਬਾਅਦ ਇਕ ਪੁਲਸ ਕਾਂਸਟੇਬਲ ਨਸ਼ਾ ਸਮੱਗਲਿੰਗ ਦੇ ਇਕ ਮੁਲਜ਼ਮ ਨੂੰ ਉਸ ਦੇ ਘਰ ਲੈ ਗਿਆ ਕਿਉਂਕਿ ਉਹ ਆਪਣੀ ਬੀਮਾਰ ਮਾਂ ਨੂੰ ਮਿਲਣਾ ਚਾਹੁੰਦਾ ਸੀ ਅਤੇ ਉਸ ਦੀ ਹੱਥਕੜੀ ਵੀ ਖੋਲ੍ਹ ਦਿੱਤੀ। ਕਾਂਸਟੇਬਲ ਨੇ ਉਥੇ ਚਾਹ ਵੀ ਪੀਤੀ ਅਤੇ ਬਾਅਦ ’ਚ ਦਵਾਈ ਲਿਆਉਣ ਦੇ ਬਹਾਨੇ ਨਸ਼ਾ ਸਮੱਗਲਰ ਉਥੋਂ ਭੱਜ ਗਿਆ।

* 06 ਅਕਤੂਬਰ ਨੂੰ ਮੇਰਠ ’ਚ ਫੌਜ ਦੇ ਇਕ ਸਿਪਾਹੀ ਨੂੰ ਆਪਣੀ 17 ਸਾਲਾ ਧੀ ਨਾਲ ਬਲਾਤਕਾਰ ਅਤੇ ਟਾਰਚਰ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਪੁਲਸ ਕਰਮਚਾਰੀਆਂ ਦਾ ਇਸ ਤਰ੍ਹਾਂ ਦਾ ਜਨ-ਵਿਰੋਧੀ, ਗੈਰ-ਸੰਵਿਧਾਨਿਕ ਅਤੇ ਅਨੈਤਿਕ ਚਰਿੱਤਰ ਸੱਚਮੁਚ ਸਮੁੱਚੀ ਪੁਲਸ ਫੋਰਸ ਦੇ ਅਕਸ ਨੂੰ ਮਿੱਟੀ ਵਿਚ ਮਿਲਾਉਣ ਵਾਲਾ ਹੈ। ਇਸ ਲਈ ਅਜਿਹਾ ਕਰਨ ਵਾਲੇ ਪੁਲਸ ਮੁਲਾਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਦੂਜਿਆਂ ਨੂੰ ਨਸੀਹਤ ਮਿਲੇ ਅਤੇ ਕੋਈ ਵੀ ਨਿਰਦੋਸ਼ ਇਨ੍ਹਾਂ ਦੇ ਅੱਤਿਆਚਾਰ ਦਾ ਸ਼ਿਕਾਰ ਨਾ ਹੋਵੇ ਅਤੇ ਇਨ੍ਹਾਂ ਦੀਆਂ ਮਨਮਰਜ਼ੀਆਂ ’ਤੇ ਵੀ ਰੋਕ ਲੱਗ ਸਕੇ।

–ਵਿਜੇ ਕੁੁਮਾਰ\\\


Bharat Thapa

Content Editor

Related News