‘ਬਿਜਲੀ ਦੀਆਂ ਜਰਜਰ ਅਤੇ ਢਿੱਲੀਆਂ ਤਾਰਾਂ ਨਾਲ’ ‘ਲੋਕਾਂ ਦੇ ਸਿਰਾਂ ’ਤੇ ਮੰਡਰਾਉਂਦੀ ਮੌਤ’

04/14/2021 2:21:50 AM

ਦੇਸ਼ ਦੇ ਕਈ ਹਿੱਸਿਆਂ ’ਚ ਬੇਤਰਤੀਬ ਅਤੇ ਅਸੁਰੱਖਿਅਤ ਢੰਗ ਨਾਲ ਲਟਕਦੀਆਂ, ਢਿੱਲੀਆਂ ਅਤੇ ਸੁਰੱਖਿਆ ਨਿਯਮਾਂ ਦਾ ਪਾਲਣ ਕੀਤੇ ਬਿਨਾਂ ਲਾਪ੍ਰਵਾਹੀ ਨਾਲ ਲਾਏ ਗਏ ਬਿਜਲੀ ਦੇ ਖੰਭੇ ਅਤੇ ਤਾਰਾਂ ਲੋਕਾਂ ਦੇ ਜਾਨ-ਮਾਲ ਲਈ ਖਤਰਾ ਬਣੀਆਂ ਹੋਈਆਂ ਹਨ।

ਕਈ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚ ਕਈ ਥਾਵਾਂ ’ਤੇ ਇਹ ਤਾਰਾਂ ਇੰਨੀਆਂ ਹੇਠਾਂ ਲਟਕ ਰਹੀਆਂ ਹਨ ਕਿ ਮਕਾਨਾਂ ਦੀਆਂ ਛੱਤਾਂ ਤੱਕ ਨੂੰ ਛੂਹ ਰਹੀਆਂ ਹਨ, ਜਿਸ ਕਾਰਨ ਮੀਂਹ ਅਤੇ ਹਨੇਰੀ-ਤੂਫਾਨ ਆਉਣ ’ਤੇ ਇਨ੍ਹਾਂ ਕਾਰਨ ਖਤਰਾ ਹੋਰ ਵੀ ਵਧ ਜਾਂਦਾ ਹੈ। ਦੇਸ਼ ’ਚ ਇਸ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਇਲਾਵਾ ਕਈ ਹੋਰ ਲੋਕ ਪੂਰੀ ਉਮਰ ਲਈ ਅੰਗਹੀਣ ਹੋ ਰਹੇ ਹਨ।

2019 ’ਚ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ ਭਾਰਤ ’ਚ ਰੋਜ਼ਾਨਾ ਘੱਟੋ-ਘੱਟ 30 ਮੌਤਾਂ ਕਰੰਟ ਲੱਗਣ ਕਾਰਨ ਹੁੰਦੀਆਂ ਹਨ, ਜਿਨ੍ਹਾਂ ਦੀਆਂ ਹੁਣੇ ਜਿਹੇ ਦੀਆਂ ਚੰਦ ਤਾਜ਼ਾ ਉਦਾਹਰਨਾਂ ਹੇਠਾਂ ਦਰਜ ਹਨ :

* 17 ਜਨਵਰੀ ਨੂੰ ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਮਹੇਸ਼ਪੁਰਾ ਪਿੰਡ ’ਚ ਮੁਸਾਫਿਰਾਂ ਨਾਲ ਭਰੀ ਬੱਸ ਦੇ ਇਕ ਸੜਕ ਦੇ ਉਪਰੋਂ ਲੰਘ ਰਹੀ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆ ਜਾਣ ਕਾਰਨ ਬੱਸ ’ਚ ਕਰੰਟ ਆ ਗਿਆ ਅਤੇ 6 ਵਿਅਕਤੀਆਂ ਦੀ ਮੌਤ ਹੋ ਗਈ।

* 19 ਜਨਵਰੀ ਨੂੰ ਨੋਇਡਾ ’ਚ ਇਕ ਕਰੇਨ ਦੇ ਬਿਜਲੀ ਦੀ ਹਾਈ-ਟੈਨਸ਼ਨ ਤਾਰ ਨਾਲ ਟਕਰਾਅ ਜਾਣ ਕਾਰਨ ਕਰੇਨ ’ਚ ਸਵਾਰ ਇਕ ਮਜ਼ਦੂਰ ਝੁਲਸ ਕੇ ਮਰ ਗਿਆ।

* 25 ਫਰਵਰੀ ਨੂੰ ਬਲੀਆ ਦੇ ਬੈਰੀਆ ਥਾਣਾ ਖੇਤਰ ’ਚ ਬਿਜਲੀ ਦੀ ਨੰਗੀ ਤਾਰ ਟੁੱਟ ਕੇ ਉੱਥੋਂ ਲੰਘ ਰਹੇ 3 ਨੌਜਵਾਨਾਂ ’ਤੇ ਡਿੱਗ ਗਈ, ਜਿਸ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।

* 11 ਮਾਰਚ ਨੂੰ ਕਰਨਾਲ ਦੇ ਨੀਲੋਖੇੜੀ ’ਚ ਨੰਗੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਨਾਲ ਇਕ ਮਜ਼ਦੂਰ ਚੱਲ ਵਸਿਆ।

* 26 ਮਾਰਚ ਨੂੰ ਮਥੁਰਾ ਵਿਖੇ ਮੁਸਾਫਿਰਾਂ ਨਾਲ ਭਰੀ ਇਕ ਬੱਸ ਸੜਕ ਤੋਂ ਲੰਘ ਰਹੀਆਂ 11000 ਵੋਲਟ ਦੀਆਂ ਹਾਈ-ਟੈਨਸ਼ਨ ਤਾਰਾਂ ਦੀ ਲਪੇਟ ’ਚ ਆ ਗਈ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਅਤੇ 6 ਹੋਰ ਜ਼ਖ਼ਮੀ ਹੋ ਗਏ।

* 26 ਮਾਰਚ ਵਾਲੇ ਦਿਨ ਹੀ ਲੁਧਿਆਣਾ ਦੇ ਢੰਡਾਰੀ ਕਲਾਂ ਦੀ ਮੱਕੜ ਕਾਲੋਨੀ ’ਚ 14 ਸਾਲ ਦਾ ਇਕ ਬੱਚਾ ਘਰ ਦੀ ਛੱਤ ’ਤੇ ਖੇਡਦੇ ਸਮੇਂ ਹਾਈ-ਟੈਨਸ਼ਨ ਕਾਰਾਂ ਦੀ ਲਪੇਟ ’ਚ ਆ ਕੇ ਬੁਰੀ ਤਰ੍ਹਾਂ ਝੁਲਸ ਗਿਆ।

* 29 ਮਾਰਚ ਨੂੰ ਪ੍ਰਤਾਪਗੜ੍ਹ ਵਿਖੇ ਖੇਤ ’ਚ ਟੁੱਟ ਕੇ ਡਿੱਗੀ ਹਾਈ-ਵੋਲਟੇਜ ਤਾਰ ਦੀ ਲਪੇਟ ’ਚ ਆਉਣ ਨਾਲ ਪਤੀ-ਪਤਨੀ ਦੀ ਜਾਨ ਚਲੀ ਗਈ।

* 29 ਮਾਰਚ ਨੂੰ ਹੀ ਮੈਨਪੁਰੀ ਦੇ ਲਹਿਰਾ ਪਿੰਡ ’ਚ ਬਹੁਤ ਹੇਠਾਂ ਝੂਲ ਰਹੀ ਹਾਈ-ਟੈਨਸ਼ਨ ਤਾਰ ਦੇ ਕਰੰਟ ਨੇ ਉੱਥੋਂ ਲੰਘ ਰਹੇ ਦੋ ਨੌਜਵਾਨਾਂ ਦੇ ਪ੍ਰਾਣ ਲੈ ਲਏ।

* 30 ਮਾਰਚ ਨੂੰ ਪ੍ਰਯਾਗਰਾਜ ਵਿਖੇ ‘ਖੀਰੀ’ ਇਲਾਕੇ ਦੇ ਇਕ ਪਿੰਡ ਦੇ ਕਈ ਮਕਾਨਾਂ ’ਤੇ 11000 ਵੋਲਟ ਦੀ ਹਾਈ-ਟੈਨਸ਼ਨ ਤਾਰ ਟੁੱਟ ਕੇ ਡਿੱਗ ਜਾਣ ਨਾਲ ਉਸ ’ਚ ਕਰੰਟ ਆ ਗਿਆ, ਜਿਸ ਕਾਰਨ ਇਕ ਨੌਜਵਾਨ ਦੀ ਮੌਤ ਅਤੇ ਕਈ ਹੋਰ ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ।

* 2 ਅਪ੍ਰੈਲ ਨੂੰ ਆਜ਼ਮਗੜ੍ਹ ਦੇ ‘ਘੋਰਠ’ ਪਿੰਡ ’ਚ ਕਾਫੀ ਹੇਠਾਂ ਲਟਕ ਰਹੀ ਹਾਈ-ਟੈਨਸ਼ਨ ਤਾਰ ਨਾਲ ਇਕ ਬਜ਼ੁਰਗ ਦੀ ਛਤਰੀ ਛੂਹ ਜਾਣ ਨਾਲ ਛਤਰੀ ’ਚ ਆਏ ਕਰੰਟ ਨੇ ਬਜ਼ੁਰਗ ਦੀ ਜਾਨ ਲੈ ਲਈ।

* 4 ਅਪ੍ਰੈਲ ਨੂੰ ਬਲੀਆ ਦੇ ਬੈਰੀਆ ਥਾਣਾ ਖੇਤਰ ਦੇ ਇਕ ਪਿੰਡ ’ਚ ਟੁੱਟ ਕੇ ਜ਼ਮੀਨ ’ਤੇ ਡਿੱਗੀ ਬਿਜਲੀ ਦੀ ਤਾਰ ਦੀ ਲਪੇਟ ’ਚ ਆਉਣ ਨਾਲ ਇਕ ਨੌਜਵਾਨ ਮਾਰਿਆ ਗਿਆ।

* 12 ਅਪ੍ਰੈਲ ਨੂੰ ਅੰਮ੍ਰਿਤਸਰ ’ਚ ਛੱਤ ’ਤੇ ਕੱਪੜੇ ਸੁਕਾਉਣ ਗਈਆਂ 2 ਸਕੀਆਂ ਭੈਣਾਂ ਮਕਾਨ ’ਤੋਂ ਲੰਘ ਰਹੀਆਂ 66 ਕੇ. ਵੀ. ਬਿਜਲੀ ਦੀਆਂ ਤਾਰਾਂ ਦੇ ਟਕਰਾਉਣ ਨਾਲ ਨਿਕਲੀਆਂ ਚੰਗਿਆੜੀਆਂ ਕਾਰਨ ਝੁਲਸ ਗਈਆਂ, ਜਿਨ੍ਹਾਂ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਹਾਲਾਂਕਿ ਭਾਰਤ ਨੇ ਹਰ ਖੇਤਰ ’ਚ ਤਰੱਕੀ ਕੀਤੀ ਹੈ ਪਰ ਕੁਝ ਖੇਤਰ ਅਜੇ ਵੀ ਅਜਿਹੇ ਹਨ, ਜਿੱਥੇ ਸਥਿਤੀ ’ਚ ਕੋਈ ਸੁਧਾਰ ਨਹੀਂ ਹੋਇਆ, ਇਨ੍ਹਾਂ ’ਚ ਬਿਜਲੀ ਵਿਭਾਗ ਵੀ ਇਕ ਹੈ। ਇਸ ਨੇ ਪਿਛਲੇ ਕੁਝ ਸਾਲਾਂ ’ਚ ਕੁਝ ਖੇਤਰਾਂ ’ਚ ਤਰੱਕੀ ਤਾਂ ਕੀਤੀ ਹੈ ਪਰ ਸੁਰੱਖਿਆ ਦੇ ਪੱਧਰ ’ਤੇ ਇਸ ਦੀ ਹਾਲਤ ਅਜੇ ਵੀ ਬਹੁਤ ਅਸੰਤੋਸ਼ਜਨਕ ਹੈ।

ਲੋਕਾਂ ਦੀ ਆਮ ਸ਼ਿਕਾਇਤ ਹੈ ਕਿ ਵਾਰ-ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਜਰਜਰ, ਢਿੱਲੀਆਂ ਅਤੇ ਝੂਲ ਰਹੀਆਂ ਤਾਰਾਂ ਨੂੰ ਜਲਦੀ ਠੀਕ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਟੁੱਟ ਕੇ ਡਿੱਗੀਆਂ ਤਾਰਾਂ ਨੂੰ ਜਲਦੀ ਚੁੱਕਿਆ ਜਾਂਦਾ ਹੈ।

ਤੇਜ਼ ਹਵਾ ਕਾਰਨ ਅਕਸਰ ਦੁਰਘਟਨਾਵਾਂ ਹੁੰਦੀਆਂ ਹਨ, ਜਿਨ੍ਹਾਂ ਤੋਂ ਬਚਣ ਲਈ ਵਿਦੇਸ਼ਾਂ ਵਾਂਗ ਅੰਡਰਗਰਾਊਂਡ ਤਾਰਾਂ ਵਿਛਾਉਣ ਦੀ ਲੋੜ ਹੈ ਪਰ ਸਾਡੇ ਇਥੇ ਇਸ ਦਿਸ਼ਾ ’ਚ ਕੋਈ ਖਾਸ ਤਰੱਕੀ ਨਹੀਂ ਹੋਈ ਹੈ।

ਜਿੱਥੋਂ ਤੱਕ ਨਾਗਰਿਕ ਆਬਾਦੀ ਵਾਲੇ ਇਲਾਕਿਆਂ ’ਤੋਂ ਲੰਘ ਰਹੀਆਂ ਤਾਰਾਂ ਦੇ ਜਾਲ ਦਾ ਸਬੰਧ ਹੈ, ਇਹ ਦੁਰਘਟਨਾਵਾਂ ਸਹੀ ਢੰਗ ਨਾਲ ਜੋੜ ਨਾ ਲਾਉਣ ਕਾਰਨ ਹੋ ਰਹੀਆਂ ਹਨ। ਇਸ ਲਈ ਜਦੋਂ ਤੱਕ ਅਧਿਕਾਰੀ ਇਸ ਸਮੱਸਿਆ ਨੂੰ ਦੂਰ ਕਰਨ ਲਈ ਦ੍ਰਿੜ੍ਹ ਇੱਛਾਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਨਗੇ, ਉਦੋਂ ਤੱਕ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਹੀ ਰਹਿਣਗੀਆਂ।

ਇਸ ਦੇ ਨਾਲ ਹੀ ਬਿਜਲੀ ਦੀਆਂ ਤਾਰਾਂ ਦੇ ਟੁੱਟਣ ਆਦਿ ਦੇ ਸਿੱਟੇ ਵਜੋਂ ਕਰੰਟ ਲੱਗਣ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਅਤੇ ਦੋਸ਼ੀ ਅਧਿਕਾਰੀਆਂ ਤੇ ਮੁਲਾਜ਼ਮਾਂ ਲਈ ਸਖਤ ਸਜ਼ਾ ਦੀ ਵਿਵਸਥਾ ਕਰਨ ਦੀ ਵੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News