ਦੇਸ਼ ’ਚ ਨੇਤਾਵਾਂ ਅਤੇ ਉਨ੍ਹਾਂ ਦੇ ਕਰੀਬੀਆਂ ਦਾ ‘ਭ੍ਰਿਸ਼ਟਾਚਾਰ ਜ਼ੋਰਾਂ ’ਤੇ’

07/31/2022 12:44:45 AM

ਇਨ੍ਹੀਂ ਦਿਨੀਂ ਦੇਸ਼ ਦੇ 2 ਪ੍ਰਮੁੱਖ ਸੂਬੇ ਪੱਛਮੀ ਬੰਗਾਲ ਅਤੇ ਪੰਜਾਬ ਭਾਰੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਨੂੰ ਲੈ ਕੇ ਚਰਚਾ ’ਚ ਹਨ ਜਿਸ ’ਚ ਇਨ੍ਹਾਂ ਸੂਬਿਆਂ ਦੇ ਨੇਤਾ ਅਤੇ ਉਨ੍ਹਾਂ ਦੇ ਕਰੀਬੀ ਸ਼ਾਮਲ ਪਾਏ ਜਾ ਰਹੇ ਹਨ। ਪੱਛਮੀ ਬੰਗਾਲ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਰੋਸੇਮੰਦ ਸਾਥੀ ਅਤੇ ਸਾਬਕਾ ਵਪਾਰ ਤੇ ਉਦਯੋਗ ਮੰਤਰੀ ਪਾਰਥ ਚੈਟਰਜੀ ਅਤੇ ਉਸ ਦੀ ਕਰੀਬੀ ਅਰਪਿਤਾ ਮੁਖਰਜੀ ਦੇ ਟਿਕਾਣਿਆਂ ’ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ‘ਪੱਛਮੀ ਬੰਗਾਲ ਸਕੂਲ ਸੇਵਾ ਆਯੋਗ ਭਰਤੀ ਘਪਲੇ’ ਦੇ ਸਬੰਧ ’ਚ ਛਾਪੇਮਾਰੀ ਜਾਰੀ ਹੈ। 

ਇਨ੍ਹਾਂ ਛਾਪਿਆਂ ਦੇ ਦੌਰਾਨ ਪਾਰਥ ਚੈਟਰਜੀ ਦੀ ਲਗਭਗ 50 ਕਰੋੜ ਰੁਪਏ ਦੀ ਜਾਇਦਾਦ ਦਾ ਪਤਾ ਲੱਗਾ ਹੈ ਜਦਕਿ ਅਰਪਿਤਾ ਮੁਖਰਜੀ ਦੇ ਫਲੈਟਾਂ ’ਤੇ ਛਾਪੇਮਾਰੀ ਦੇ ਦੌਰਾਨ ਹੁਣ ਤੱਕ 51 ਕਰੋੜ ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਜਾ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਅਰਪਿਤਾ ਮੁਖਰਜੀ ਨੂੰ ਪਾਰਥ ਚੈਟਰਜੀ ਆਪਣੇ ‘ਮਿੰਨੀ ਬੈਂਕ’ ਦੇ ਵਾਂਗ ਵਰਤਦਾ ਸੀ। ਇਹ ਦੋਵੇਂ 3 ਅਗਸਤ ਤੱਕ ਈ. ਡੀ. ਦੀ ਹਿਰਾਸਤ ’ਚ ਹਨ। ਲਗਜ਼ਰੀ ਲਾਈਫ ਦੀ ਸ਼ੌਕੀਨ ਅਰਪਿਤਾ ਦੇ ਫਲੈਟਾਂ ਦੇ ਵਾਸ਼ਰੂਮ, ਵਾਰਡਰੋਬ ਅਤੇ ਸੰਦੂਕਾਂ ਤੱਕ ’ਚ ਲੁਕਾ ਕੇ ਰੱਖਿਆ ਗਿਆ ਕਈ ਕਿੱਲੋ ਸੋਨਾ, ਡਾਲਰ, 20 ਮੋਬਾਇਲ ਫੋਨ, ਸਕੂਲਾਂ ’ਚ ਸਟਾਫ ਦੀ ਨਿਯੁਕਤੀ ਅਤੇ ਤਬਾਦਲਿਆਂ ਦੇ ਦਸਤਾਵੇਜ਼, ਉਮੀਦਵਾਰਾਂ ਦੇ ਦਾਖਲਾ ਪੱਤਰ ਅਤੇ ਹੋਰ ਕੀਮਤੀ ਵਸਤੂਆਂ ਵੀ ਬਰਾਮਦ ਹੋ ਚੁੱਕੀਆਂ ਹਨ।ਛਾਪੇਮਾਰੀ ’ਚ ਬਰਾਮਦ ਸਾਲ 2012 ਦੀ 44 ਪੰਨਿਆਂ ਦੀ ਇਕ ਡਾਇਰੀ ਤੋਂ ਪਤਾ ਲੱਗਦਾ ਹੈ ਕਿ ਇਹ ਦੋਵੇਂ ਇਕ-ਦੂਜੇ ਨੂੰ ਘੱਟ ਤੋਂ ਘੱਟ 10 ਸਾਲਾਂ ਤੋਂ ਜਾਣਦੇ ਹਨ। ਝਾੜਗ੍ਰਾਮ ਦੇ ਇਕ ਵਪਾਰੀ ਨਾਲ ਵਿਆਹ ਦੇ ਕੁਝ ਹੀ ਹਫਤਿਆਂ ਬਾਅਦ ਅਰਪਿਤਾ ਮੁਖਰਜੀ ਉਸ ਨਾਲੋਂ ਵੱਖ ਹੋ ਕੇ ਕੋਲਕਾਤਾ ਚਲੀ ਆਈ ਅਤੇ ਫਿਲਮਾਂ ’ਚ ਕੰਮ ਕਰਨ ਲੱਗੀ। ਉਸ ਦਾ ਫਿਲਮੀ ਕਰੀਅਰ ਲਗਭਗ 6 ਸਾਲ ਤੱਕ ਰਿਹਾ। 

ਹਾਲਾਂਕਿ ਮਮਤਾ ਬੈਨਰਜੀ ਨੇ ਪਾਰਥ ਚੈਟਰਜੀ ਨੂੰ ਪਾਰਟੀ ਤੇ ਸਰਕਾਰੀ ਅਹੁਦਿਆਂ ਤੋਂ ਹਟਾ ਦਿੱਤਾ ਹੈ ਅਤੇ ਪਾਰਥ ਚੈਟਰਜੀ ਨੇ ਕਿਹਾ ਹੈ ਕਿ ਉਸ ਦੇ ਵਿਰੁੱਧ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ 30 ਜੁਲਾਈ ਨੂੰ ਪੁੱਛਗਿੱਛ ’ਚ ਇਨ੍ਹਾਂ ਦੋਵਾਂ ਨੇ ਸਾਂਝੀ ਪ੍ਰਾਪਰਟੀ ਖਰੀਦਣ, ਕਈ ਨੇਤਾਵਾਂ ਤੇ ਕਾਰੋਬਾਰੀਆਂ ਨਾਲ ਸਬੰਧਾਂ ਅਤੇ ਬੈਂਕ ਖਾਤਿਆਂ ਦਾ ਖੁਲਾਸਾ ਕੀਤਾ ਹੈ ਅਤੇ ਕੇਂਦਰ ਸਰਕਾਰ ਨੇ ਇਨ੍ਹਾਂ ਦੇ 3 ਬੈਂਕ ਖਾਤੇ ਫ੍ਰੀਜ਼ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਬੰਗਲਾ ਅਭਿਨੇਤਰੀ ਸ਼੍ਰੀਲੇਖਾ ਮਿੱਤਰਾ ਦੀ ਇਕ ਪੋਸਟ ਨੂੰ ਲੈ ਕੇ ਭੜਥੂ ਪੈ ਗਿਆ ਹੈ, ਜਿਸ ’ਚ ਉਸ ਨੇ ਕਿਹਾ ਹੈ ਕਿ ‘‘ਅਰਪਿਤਾ ਮੁਖਰਜੀ ਦੀ ਰਿਹਾਇਸ਼ ’ਚ ਅਸ਼ਲੀਲ ਸਮੱਗਰੀ (ਸੈਕਸ ਟੁਆਏ) ਦੀ ਮੌਜੂਦਗੀ ਤੋਂ ਪਾਰਥ ਦੀ  ਕਮਜ਼ੋਰੀ ਦਾ ਪਤਾ ਲੱਗਦਾ ਹੈ। ਕੀ ਪਾਰਥ ਅਸਫਲ ਸਨ? ਦੇਸ਼ ਜਾਨਣਾ ਚਾਹੁੰਦਾ ਹੈ।’’ਦੂਜਾ ਮਾਮਲਾ ਪੰਜਾਬ ਦੇ ਸਾਬਕਾ ਪੁਲਸ ਅਧਿਕਾਰੀ  ਤੇ ਸਿਆਸਤਦਾਨ ਅਤੇ ‘ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)’ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟਿਆਂ ਨਾਲ ਸਬੰਧਤ ਹੈ। ਸਿਮਰਨਜੀਤ ਸਿੰਘ ਮਾਨ ਦੇ ਪਿਤਾ ਲੈ. ਕਰਨਲ ਜੋਗਿੰਦਰ ਸਿੰਘ ਮਾਨ 1967 ’ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ ਜਦਕਿ ਸਿਮਰਨਜੀਤ ਸਿੰਘ ਮਾਨ ਉਸੇ ਸਾਲ  ਭਾਰਤੀ  ਪੁਲਸ ਸੇਵਾ ’ਚ ਸ਼ਾਮਲ ਹੋਣ ਦੇ ਬਾਅਦ  ਕਮਾਂਡੈਂਟ ਪੰਜਾਬ ਹਥਿਆਰਬੰਦ ਪੁਲਸ ਤੇ ਸੀ. ਆਈ. ਐੱਸ. ਐੱਫ. ਬੰਬਈ ਦੇ ਗਰੁੱੁਪ  ਕਮਾਂਡੈਂਟ ਸਮੇਤ ਕੁਝ ਹੋਰ ਅਹੁਦਿਆਂ ’ਤੇ ਰਹੇ। 

18 ਜੂਨ, 1984 ਨੂੰ ਇਨ੍ਹਾਂ ਨੇ ‘ਆਪ੍ਰੇਸ਼ਨ ਬਲਿਊ ਸਟਾਰ’ ਦੇ ਵਿਰੋਧ ’ਚ ਪੁਲਸ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਇਨ੍ਹਾਂ ਨੇ 1989 ’ਚ ਤਰਨਤਾਰਨ ਲੋਕ ਸਭਾ ਸੀਟ 89.16 ਫੀਸਦੀ ਵੋਟਾਂ ਹਾਸਲ ਕਰ ਕੇ ਜਿੱਤੀ ਜਦਕਿ 1999 ’ਚ ਇਨ੍ਹਾਂ ਨੇ ਸੰਗਰੂਰ (ਮੁੱਖ ਮੰਤਰੀ ਭਗਵੰਤ ਮਾਨ ਦਾ ਜ਼ਿਲਾ) ਸੀਟ 42.08 ਫੀਸਦੀ ਵੋਟਾਂ ਹਾਸਲ ਕਰ ਕੇ ਜਿੱਤੀ ਅਤੇ 2022 ’ਚ ਵੀ ਇੱਥੋਂ ‘ਆਪ’ ਦੇ ਉਮੀਦਵਾਰ ਨੂੰ ਹਰਾਇਆ। 1990 ’ਚ ਕਿਰਪਾਨ ਧਾਰਨ ਕਰਨ ’ਤੇ ਜ਼ੋਰ ਦੇਣ ਦੇ ਕਾਰਨ ਇਨ੍ਹਾਂ ਨੂੰ ਸੰਸਦ ’ਚ ਦਾਖਲੇ ਤੋਂ ਵਾਂਝਾ ਕਰ ਦਿੱਤਾ ਗਿਆ ਸੀ ਅਤੇ ਇਸ ਵਾਰ ਉਨ੍ਹਾਂ ਨੇ ਸੰਵਿਧਾਨ ਦੇ ਨਾਂ ’ਤੇ ਸਹੁੰ ਚੁੱਕ ਲਈ। ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦੱਸਣ ਲਈ ਵੀ  ਉਹ ਚਰਚਾ ’ਚ ਰਹੇ।ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ’ਤੇ ਕਬਜ਼ਾ ਕਰਨ ਵਾਲਿਆਂ ਦੀ ਸੂਚੀ ’ਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਬੇਟੇ ਦੇ ਇਲਾਵਾ ਇਨ੍ਹਾਂ ਦੇ ਬੇਟੇ ਦਾ ਨਾਂ ਵੀ ਆਇਆ ਹੈ। 

ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਅਨੁਸਾਰ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪੁੱਤਰ ਹਰਮਨਦੀਪ ਸਿੰਘ ਨੇ 5 ਏਕੜ ਜ਼ਮੀਨ  ’ਤੇ, ਸਿਮਰਨਜੀਤ ਸਿੰਘ ਮਾਨ ਦੇ ਬੇਟੇ ਈਮਾਨ ਸਿੰਘ ਮਾਨ ਨੇ 125  ਏਕੜ ਪੰਚਾਇਤੀ ਜ਼ਮੀਨ ’ਤੇ  ਅਤੇ ਇਨ੍ਹਾਂ ਦੇ ਇਕ ਰਿਸ਼ਤੇਦਾਰ ਸੰਧੂ ਨੇ 28 ਏਕੜ  ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ,  ਜਿਸ  ਨੂੰ  ਛੁਡਾਇਆ ਗਿਆ ਹੈ। ਪੱਛਮੀ ਬੰਗਾਲ ਦੇ ‘ਅਧਿਆਪਕ ਭਰਤੀ ਘਪਲੇ’ ਅਤੇ ਪੰਜਾਬ  ਦੇ ‘ਜ਼ਮੀਨ ਕਬਜ਼ਾ ਘਪਲੇ’ ’ਚ ਨੇਤਾਵਾਂ, ਉਨ੍ਹਾਂ ਦੇ  ਕਰੀਬੀਆਂ ਅਤੇ ਰਿਸ਼ਤੇਦਾਰਾਂ ਦੇ ਨਾਂ  ਆਉਣ ’ਤੇ ਸਪੱਸ਼ਟ ਹੈ ਕਿ ਅੱਜ ਸੱਤਾ  ਸੰਸਥਾਨਾਂ ਨਾਲ ਜੁੜੇ ਲੋਕ ਕਿਸ ਤਰ੍ਹਾਂ ਆਪਣੇ ਪ੍ਰਭਾਵ  ਦੀ ਦੁਰਵਰਤੋਂ ਕਰ ਕੇ ਦੇਸ਼ ਨੂੰ ਆਰਥਿਕ ਤੌਰ ’ਤੇ ਖੋਖਲਾ ਕਰ ਰਹੇ ਹਨ।  ਯਕੀਨਨ ਹੀ  ਅਜਿਹੇ ਲੋਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ ਕਿਉਂਕਿ ਇਸ ਤਰ੍ਹਾਂ ਦੇ  ਘਟਨਾਕ੍ਰਮ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ’ਚ ਇਸੇ ਤਰ੍ਹਾਂ ਦੇ ਕੁਝ  ਹੋਰ ਮਾਮਲੇ ਵੀ ਜ਼ਰੂਰ ਸਾਹਮਣੇ ਆ ਸਕਦੇ ਹਨ। 

ਵਿਜੇ ਕੁਮਾਰ


Karan Kumar

Content Editor

Related News