‘ਭ੍ਰਿਸ਼ਟਾਚਾਰ ਦਾ ਮਹਾਰੋਗ’ ‘ਦੇਸ਼ ਵਿਚ ਖਤਰਨਾਕ ਹੱਦ ਤੱਕ ਪੁੱਜਾ’

07/11/2021 3:17:04 AM

ਸਰਕਾਰ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਦੇਸ਼ ਵਿਚ ਭ੍ਰਿਸ਼ਟਾਚਾਰ ਦਾ ਮਹਾਰੋਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ਵਿਚ ਕਈ ਛੋਟੇ-ਵੱਡੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸ਼ਾਮਲ ਪਾਇਆ ਜਾ ਰਿਹਾ ਹੈ। ਇਹ ਮਹਾਰੋਗ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕਿਆ ਹੈ, ਇਹ ਪਿਛਲੇ 10 ਦਿਨਾਂ ਦੀਆਂ ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 1 ਜੁਲਾਈ ਨੂੰ ਜੈਪੁਰ ਵਿਕਾਸ ਅਥਾਰਿਟੀ ਦੇ ਇੰਜੀਨੀਅਰ ਨਿਰਮਲ ਕੁਮਾਰ ਗੋਇਲ ਦੇ ਮਕਾਨ ’ਚੋਂ ਉਸ ਦੀ ਆਮਦਨ ਤੋਂ 1450 ਗੁਣਾ ਵੱਧ ਕਰੋੜਾਂ ਰੁਪਇਆਂ ਦੀ ਨਾਜਾਇਜ਼ ਜਾਇਦਾਦ ਫੜੀ ਗਈ, ਜਿਸ ਵਿਚ 30 ਕਿਲੋ ਸੋਨਾ, 5 ਲਗਜ਼ਰੀ ਕਾਰਾਂ ਦੇ ਇਲਾਵਾ ਆਲੀਸ਼ਾਨ ਬੰਗਲੇ ਸ਼ਾਮਲ ਹਨ।

* 1 ਜੁਲਾਈ ਨੂੰ ਚਿਤੌੜਗੜ੍ਹ ਦੇ ਡੀ. ਟੀ. ਓ. ਮਨੀਸ਼ ਸ਼ਰਮਾ ਦੇ ਘਰ ’ਤੇ ਛਾਪੇਮਾਰੀ ਦੇ ਦੌਰਾਨ 2 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦੇ ਦਸਤਾਵੇਜ਼ਾਂ ਦੇ ਇਲਾਵਾ ਇਕ ਲੱਖ ਰੁਪਏ ਨਕਦ, ਕਈ ਮਹਿੰਗੀਆਂ ਗੱਡੀਆਂ ਅਤੇ ਫਲੈਟਾਂ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ।

* 1 ਜੁਲਾਈ ਨੂੰ ਹੀ ਜੋਧਪੁਰ ਦੇ ਥਾਣਾ ਸੁਰਸਾਗਰ ਦੇ ਐੱਸ. ਐੱਚ. ਓ. ਪ੍ਰਦੀਪ ਕੁਮਾਰ ਦੇ ਜੋਧਪੁਰ, ਭੋਪਾਲਗੜ੍ਹ ਅਤੇ ਬੀਕਾਨੇਰ ਸਥਿਤ ਟਿਕਾਣਿਆਂ ’ਤੇ ਹੋਈ ਛਾਪੇਮਾਰੀ ਵਿਚ ਲਗਭਗ 4.43 ਕਰੋੜ ਰੁਪਏ ਨਿਵੇਸ਼ ਦੇ ਦਸਤਾਵੇਜ਼ ਫੜੇ ਗਏ।

* 2 ਜੁਲਾਈ ਨੂੰ ਪਟਨਾ ਅਦਾਲਤ ਨੇ ਬਿਹਾਰ ਟਰਾਂਸਪੋਰਟ ਵਿਭਾਗ ਦੇ ਇਕ ਸਾਬਕਾ ਇੰਸਪੈਕਟਰ ਅਰਜੁਨ ਪ੍ਰਸਾਦ ਦੀ 4 ਕਰੋੜ, 52 ਲੱਖ, 28 ਹਜ਼ਾਰ ਰੁਪਏ ਦੀ ਨਾਜਾਇਜ਼ ਢੰਗਾਂ ਨਾਲ ਬਣਾਈ ਜਾਇਦਾਦ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ।

* 5 ਜੁਲਾਈ ਨੂੰ ਅਧਿਕਾਰੀਆਂ ਨੇ ਸ਼ਿਕਾਇਤਕਰਤਾਵਾਂ ਕੋਲੋਂ 15 ਲੱਖ ਰੁਪਏ ਰਿਸ਼ਵਤ ਲੈਣ ਦੇ ਮੁਲਜ਼ਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਸੀਨੀਅਰ ਵਾਤਾਵਰਣ ਇੰਜੀਨੀਅਰ ਸੰਦੀਪ ਬਹਿਲ ਨੂੰ ਤੱਤਕਾਲ ਪ੍ਰਭਾਵ ਤੋਂ ਬਦਲਣ ਤੇ ਉਸ ਦੇ ਵਿਰੁੱਧ ਜਾਂਚ ਦੇ ਹੁਕਮ ਜਾਰੀ ਕੀਤੇ।

* 5 ਜੁਲਾਈ ਨੂੰ 104 ਕਰੋੜ ਰੁਪਏ ਦੇ ਬੈਂਕ ਘਪਲੇ ਦੇ ਮਾਮਲੇ ਵਿਚ 75 ਲੱਖ ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫਤਾਰ ਈ. ਡੀ. ਦੇ 2 ਅਧਿਕਾਰੀਆਂ ਦੀ ਆਵਾਜ਼ ਦੇ ਨਮੂਨਿਆਂ ਦਾ ਮਿਲਾਣ ਕਰਨ ਦਾ ਹੁਕਮ ਦਿੱਤਾ ਗਿਆ।

* 9 ਜੁਲਾਈ ਨੂੰ ਛੱਤੀਸਗੜ੍ਹ ਪੁਲਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਮੁਅੱਤਲ ਵਧੀਕ ਪੁਲਸ ਮਹਾਨਿਰਦੇਸ਼ਕ ਜੀ. ਪੀ. ਸਿੰਘ ’ਤੇ ਸਰਕਾਰ ਦੇ ਵਿਰੁੱਧ ਸਾਜ਼ਿਸ਼ ਰਚਣ ਦੇ ਦੋਸ਼ ’ਚ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ। ਉਸ ਦੇ ਲਗਭਗ 15 ਟਿਕਾਣਿਆਂ ’ਤੇ 1 ਤੋਂ 3 ਜੁਲਾਈ ਦੇ ਦਰਮਿਆਨ ਮਾਰੇ ਗਏ ਛਾਪਿਆਂ ਦੇ ਦੌਰਾਨ ਅਧਿਕਾਰੀਆਂ ਨੇ ਲਗਭਗ 10 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਫੜੀ ਸੀ।

* 9 ਜੁਲਾਈ ਨੂੰ ਮੱਧ ਪ੍ਰਦੇਸ਼ ਵਿਚ ਗਵਾਲੀਅਰ ਦੇ ਪੀ. ਡਬਲਿਊ. ਡੀ. ਵਿਭਾਗ ਦੇ ਐੱਸ . ਡੀ. ਓ. ਰਵਿੰਦਰ ਸਿੰਘ ਕੁਸ਼ਵਾਹਾ ਦੇ ਗਵਾਲੀਅਰ ਸਥਿਤ ਬੰਗਲੇ ’ਤੇ ਛਾਪੇਮਾਰੀ ਵਿਚ ਲਗਭਗ 20 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦਾ ਪਤਾ ਲੱਗਾ। ਐੱਸ. ਡੀ. ਓ. ਦੇ ਲਗਭਗ 4 ਕਰੋੜ ਰੁਪਏ ਦੀ ਕੀਮਤ ਵਾਲੇ ਬੰਗਲੇ ਦੇ ਦਸਤਾਵੇਜ਼ਾਂ ਦੇ ਇਲਾਵਾ 75 ਵਿੱਘੇ ਜ਼ਮੀਨ ਅਤੇ ਗਵਾਲੀਅਰ ਅਤੇ ਭੋਪਾਲ ’ਚ ਕਈ ਫਲੈਟਾਂ, ਪਲਾਟਾਂ ਅਤੇ ਦੁਕਾਨਾਂ ਦੇ ਦਸਤਾਵੇਜ਼, 5 ਕਿਲੋ ਚਾਂਦੀ ਅਤੇ 3.5 ਲੱਖ ਰੁਪਏ ਨਕਦ ਜ਼ਬਤ ਕੀਤੇ ਗਏ।

* 9 ਜੁਲਾਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਮਿਊਂਸੀਪਲ ਕਮੇਟੀ ਸੁਲਤਾਨਪੁਰ ਲੋਧੀ ਦੇ ਈ. ਓ. ਬਲਜੀਤ ਸਿੰਘ ਅਤੇ ਕਲਰਕ ਅਜੀਤ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜਿਆ।

* 9 ਜੁਲਾਈ ਨੂੰ ਭ੍ਰਿਸ਼ਟਾਚਾਰ ਰੋਕੂ ਬਿਊਰੋ ਜੈਪੁਰ ਦੀ ਟੀਮ ਨੇ ਰਾਜਸਥਾਨ ਲੋਕ ਸੇਵਾ ਕਮਿਸ਼ਨ ਦੇ ਜੂਨੀਅਰ ਅਕਾਊਂਟੈਂਟ ਸੱਜਣ ਸਿੰਘ ਗੁਰਜਰ ਨੂੰ 1 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ।

* 10 ਜੁਲਾਈ ਨੂੰ ਮੁਜ਼ੱਫਰਪੁਰ ਦੇ ਜ਼ਿਲਾ ਟਰਾਂਸਪੋਰਟ ਅਧਿਕਾਰੀ ਰਜਨੀਸ਼ ਲਾਲ ਦੀ ਰਿਹਾਇਸ਼ ’ਤੇ ਛਾਪੇਮਾਰੀ ਦੇ ਦੌਰਾਨ ਆਮਦਨ ਤੋਂ ਵੱਧ 1.24 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦਾ ਪਤਾ ਲੱਗਣ ’ਤੇ ਉਸ ਨੂੰ ਮੁਅੱਤਲ ਕੀਤਾ ਗਿਆ। ਇਸ ਵਿਚ 51 ਲੱਖ ਰੁਪਏ ਤੋਂ ਵੱਧ ਦੀ ਨਕਦੀ ਅਤੇ 60 ਲੱਖ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਇਲਾਵਾ ਜ਼ਮੀਨ ਅਤੇ ਦੂਸਰੀ ਪ੍ਰਾਪਰਟੀ ਦੇ ਦਸਤਾਵੇਜ਼ ਸ਼ਾਮਲ ਹਨ।

ਇਸ ਤੋਂ ਪਹਿਲਾਂ ਇਸੇ ਸਾਲ ਫਰਵਰੀ ਵਿਚ ਮੱਧ ਪ੍ਰਦੇਸ਼ ਦੇ ਸਤਨਾ ਵਿਚ ਇਕ ਸਹਾਇਕ ਕਮੇਟੀ ਪ੍ਰਬੰਧਕ ਰਾਜਮਣੀ ਮਿਸ਼ਰਾ ਦੀ ਰਿਹਾਇਸ਼ ਸਮੇਤ ਕਈ ਟਿਕਾਣਿਆਂ ’ਤੇ ਛਾਪੇਮਾਰੀ ਵਿਚ 2 ਕਰੋੜ ਤੋਂ ਵੱਧ ਦੀ ਨਾਜਾਇਜ਼ ਜਾਇਦਾਦ ਦਾ ਪਤਾ ਲੱਗਾ ਸੀ।

ਮਾਰਚ ਵਿਚ ਮਾਰੇ ਗਏ ਛਾਪੇ ਵਿਚ ਮੱਧ ਪ੍ਰਦੇਸ਼ ਵਿਚ ਹੀ ਬੈਤੂਲ ਦੇ ਇਕ ਸਰਕਾਰੀ ਸਕੂਲ ਦੇ ਅਧਿਆਪਕ ਦੇ ਇੱਥੇ 5 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਪਤਾ ਲੱਗਾ ।

ਮਈ ਵਿਚ ਸੀ. ਬੀ. ਆਈ. ਨੇ ਭੋਪਾਲ ਵਿਚ ਕਿਸ਼ੋਰ ਮੀਣਾ ਨਾਂ ਦੇ ਕਲਰਕ ਦੇ ਇੱਥੇ ਛਾਪਾ ਮਾਰ ਕਰ ਕੇ 3.1 ਕਰੋੜ ਰੁਪਏ ਨਕਦ, 387 ਗ੍ਰਾਮ ਸੋਨਾ ਅਤੇ 600 ਗ੍ਰਾਮ ਚਾਂਦੀ ਜ਼ਬਤ ਕੀਤੀ ਸੀ। ਉਸਨੇ ਆਪਣੇ ਘਰ ਵਿਚ ਲਾਕਰ ਬਣਵਾ ਰੱਖਿਆ ਸੀ ਅਤੇ ਨੋਟ ਗਿਣਨ ਦੀ ਮਸ਼ੀਨ ਲਗਵਾ ਰੱਖੀ ਸੀ।

ਇਹ ਤਾਂ ਕੁਝ ਕੁ ਉਦਾਹਰਣਾਂ ਮਾਤਰ ਹਨ, ਇਨ੍ਹਾਂ ਦੇ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਅਜਿਹੀਆਂ ਘਟਨਾਵਾਂ ਹੋਈਆਂ ਹੋਣਗੀਆਂ। ਸਪੱਸ਼ਟ ਹੈ ਕਿ ਅਹੁਦੇ ਦੀ ਦੁਰਵਰਤੋਂ ਕਰ ਕੇ ਸਰਕਾਰੀ ਕਰਮਚਾਰੀਆਂ ਅਤੇ ਅਧਿਕਾਰੀਆਂ ਦਾ ਇਕ ਵਰਗ ਵੱਡੇ ਪੱਧਰ ’ਤੇ ਰਿਸ਼ਵਤ ਅਤੇ ਹੋਰ ਅਣਉਚਿਤ ਤਰੀਕਿਆਂ ਨਾਲ ਆਪਣੀ ਆਮਦਨ ਨਾਲੋਂ ਕਿਤੇ ਵੱਧ ਕਰੋੜਾਂ ਰੁਪਇਆਂ ਦੀ ਜਾਇਦਾਦ ਬਣਾ ਰਿਹਾ ਹੈ।

ਸਰਕਾਰ ਵੱਲੋਂ ਭ੍ਰਿਸ਼ਟਾਚਾਰ ’ਤੇ ਨੁਕੇਲ ਕੱਸਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਤੇ ਦਾਅਵਿਆਂ ਦੇ ਬਾਵਜੂਦ ਇਸ ਦਾ ਜਾਰੀ ਰਹਿਣਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।

ਲਿਹਾਜ਼ਾ ਇਸ ਬੁਰਾਈ ’ਤੇ ਰੋਕ ਲਗਾਉਣ ਦੇ ਲਈ ਵੱਧ ਸਖਤੀ ਵਰਤਣ ਅਤੇ ਦੋਸ਼ੀ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਬਜਾਏ ਨੌਕਰੀ ਤੋਂ ਕੱਢਣ, ਉਨ੍ਹਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇ ਅਯੋਗ ਠਹਿਰਾਉਣ ਵਰਗੇ ਸਖਤ ਕਦਮ ਚੁੱਕਣ ਦੀ ਲੋੜ ਹੈ।

—ਵਿਜੇ ਕੁਮਾਰ


Bharat Thapa

Content Editor

Related News