ਕੋਰੋਨਾ ਮਹਾਸੰਕਟ: ਰਾਧਾ ਸੁਆਮੀ ਸਤਿਸੰਗ ਬਿਆਸ ਵਲੋਂ ਪੇਸ਼ ਫੈਸਲਿਆਂ ਦੀ ਲਾਜਵਾਬ ਮਿਸਾਲ

09/04/2020 3:34:11 AM

1891 ’ਚ ਸਥਾਪਿਤ ਬਿਆਸ ਸਥਿਤ ‘ਰਾਧਾ ਸੁਆਮੀ ਸਤਿਸੰਗ’ ਦਾ ਮਕਸਦ ਲੋਕਾਂ ਨੂੰ ਧਾਰਮਿਕ ਸੰਦੇਸ਼ ਦੇਣਾ ਅਤੇ ਸਮਾਜ ਭਲਾਈ ਦੇ ਕਾਰਜ ਕਰਨਾ ਹੈ। ਇਹ ਸੰਸਥਾ ਇਗਲੈਂਡ, ਅਮਰੀਕਾ, ਸਪੇਨ ਆਦਿ ਸਮੇਤ 90 ਤੋਂ ਵੱਧ ਦੇਸ਼ਾਂ ’ਚ ਫੈਲੀ ਹੋਈ ਹੈ। ਡੇਰੇ ਦੇ ਕੋਲ 4000 ਏਕੜ ਤੋਂ ਵੱਧ ਜ਼ਮੀਨ ਹੈ, ਜਿਸ ’ਚ ਲਗਭਗ 48 ਏਕੜ ਭੂਮੀ ’ਚ ਲੰਗਰ ਅਸਥਾਨ ਫੈਲਿਆ ਹੋਇਆ ਹੈ। ਸਮੇਂ-ਸਮੇਂ ’ਤੇ ਅਾਯੋਜਿਤ ਹੋਣ ਵਾਲੇ ਭੰਡਾਰਿਆਂ ਦੇ ਦਿਨਾਂ ’ਚ ਇਥੇ 3 ਤੋਂ 4 ਲੱਖ ਤੱਕ ਸੰਗਤ ਪਹੁੰਚਦੀ ਹੈ। ਰਾਧਾ ਸੁਆਮੀ ਸਤਿਸੰਗ ਬਿਆਸ ਨੂੰ ਜੇਕਰ ‘ਸ਼ਰਧਾ ਦਾ ਮਹਾਸਾਗਰ’ ਅਤੇ ਨਿਰਸਵਾਰਥ ਸੇਵਾ ਦਾ ਪ੍ਰਤੀਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਇਥੇ ਹਰ ਪਾਸੇ ਨਿਰਸਵਾਰਥ ਤੇ ਸ਼ਰਧਾ ਦਾ ਸਾਗਰ ਉਮੜਦਾ ਦਿਖਾਈ ਦਿੰਦਾ ਹੈ। ਡੇਰੇ ਦੀਆਂ ਸਿੱਖਿਆਵਾਂ ’ਚ ਵਿਸ਼ਵਾਸ ਰੱਖਣ ਵਾਲੀਆਂ ਅਨੇਕ ਪ੍ਰਸਿੱਧ ਸ਼ਖਸੀਅਤਾਂ ਵੀ ਆਪਣੀ ਜ਼ਿੰਦਗੀ ਦੀ ਸ਼ਾਮ ਗੁਜ਼ਾਰਦੀਆਂ ਹੋਈਆਂ ਸ਼ਰਧਾਲੂਆਂ ਦੀ ਸੇਵਾ ਕਰ ਰਹੀਆਂ ਹਨ। ਲੰਗਰ ਅਤੁੱਟ ਜਾਰੀ ਰਹਿੰਦਾ ਹੈ ਅਤੇ ਡੇਰਾ ਨਿਰਸਵਾਰਥ ਸੇਵਾ ਦਾ ਪ੍ਰਤੀਕ ਬਣ ਚੁੱਕਾ ਹੈ। ਡੇਰੇ ’ਚ ਸੰਗਤ ਦੇ ਰਹਿਣ ਲਈ ਸਰਾਂ, ਗੈਸਟ ਹਾਊਸ ਅਤੇ ਸ਼ੈੱਡ ਬਣੇ ਹੋਏ ਹਨ, ਜਿਥੇ ਇਕੱਠੇ ਲੋਕਾਂ ਦੇ ਰਹਿਣ ਦਾ ਪ੍ਰਬੰਧ ਹੈ। ਲੋਕਾਂ ਦੇ ਮੁਫਤ ਇਲਾਜ ਲਈ 3 ਹਸਪਤਾਲ ਵੀ ਬਣਾਏ ਗਏ ਹਨ ਅਤੇ ਡੇਰੇ ਦੇ 35 ਕਿਲੋਮੀਟਰ ਇਲਾਕੇ ’ਚ ਰਹਿਣ ਵਾਲੇ ਲੋਕਾਂ ਦੇ ਇਲਾਜ ਦੀ ਮੁਫਤ ਸਹੂਲਤ ਦਿੱਤੀ ਗਈ ਹੈ। ਇਨ੍ਹਾਂ ਹਸਪਤਾਲਾਂ ’ਚ ਨਵੰਬਰ ਮਹੀਨੇ ’ਚ ਅੱਖਾਂ ਦੇ ਆਪ੍ਰੇਸ਼ਨ ਲਈ ਕੈਂਪ ਵੀ ਲਗਾਏ ਜਾਂਦੇ ਸਨ। ਬਾਅਦ ’ਚ ਇਹ ਵਿਵਸਥਾ ਡੇਰੇ ਦੇ ਹਸਪਤਾਲ ’ਚ ਕਰ ਦਿੱਤੀ ਗਈ।

ਬਿਆਸ ਸਥਿਤ ਮੁੱਖ ਡੇਰੇ ਦੇ ਇਲਾਵਾ ਇਸ ਸੰਸਥਾ ਦੇ ਸਤਿਸੰਗ ਘਰ ਦੇਸ਼ ਦੇ ਅਨੇਕ ਸੂਬਿਆਂ ਦੇ ਛੋਟੇ-ਵੱਡੇ ਸ਼ਹਿਰਾਂ ਅਤੇ ਕਸਬਿਆਂ ’ਚ ਫੈਲੇ ਹੋਏ ਹਨ ਅਤੇ ਉਥੇ ਵੀ ਲੰਗਰ, ਸਤਿਸੰਗ-ਪ੍ਰਵਚਨ ਆਦਿ ਦੇ ਪ੍ਰੋਗਰਾਮ ਸਾਲ ਭਰ ਜਾਰੀ ਰਹਿੰਦੇ ਹਨ। ਕੋੋਰੋਨਾ ਪ੍ਰਕੋਪ ਤੋਂ ਪਹਿਲਾਂ ਤੱਕ ਸਭ ਠੀਕ ਚੱਲ ਰਿਹਾ ਸੀ ਪਰ ਦੇਸ਼ ’ਚ 20 ਮਾਰਚ ਨੂੰ ਲਾਕਡਾਊਨ ਐਲਾਨੇ ਜਾਣ ਦੇ ਬਾਅਦ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਜੀ ਨੇ ਆਪਣੇ ਸਾਰੇ ਕੇਂਦਰਾਂ ’ਚ ਸਤਿਸੰਗ ਅਤੇ ਪ੍ਰਵਚਨਾਂ ਦੇ ਪ੍ਰੋਗਰਾਮ ਮੁਲਤਵੀ ਕਰ ਕੇ ਅਨੇਕ ਸੇਵਾ ਕੇਂਦਰਾਂ ਨੂੰ ਹਿਜਰਤ ਕਰ ਰਹੇ ਮਜ਼ਦੂਰਾਂ ਨੂੰ ਠਹਿਰਾਉਣ ਅਤੇ ਕੋਰੋਨਾ ਇਨਫੈਕਟਿਡਾਂ ਦੇ ਇਲਾਜ ਲਈ ਆਈਸੋਲੇਸ਼ਨ ਕੇਂਦਰਾਂ ’ਚ ਬਦਲ ਦੇਣ ਦੇ ਇਲਾਵਾ ਪੀੜਤਾਂ ਨੂੰ ਪੌਸ਼ਟਿਕ ਭੋਜਨ ਦੇ ਪੈਕੇਟ ਭਿਜਵਾਉਣ ਦਾ ਹੁਕਮ ਦੇ ਦਿੱਤਾ। ਇਥੇ ਇਹ ਗੱਲ ਵੀ ਵਰਣਨਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਜੀ ਨੇ ਕੋਰੋਨਾ ਪੀੜਤਾਂ ਦੀ ਸਹਾਇਤਾ ਲਈ ਨਾ ਸਿਰਫ 8 ਸੂਬਾ ਸਰਕਾਰਾਂ ਨੂੰ 8 ਕਰੋੜ ਰੁਪਇਆ ਵੀ ਭਿਜਵਾਇਆ ਸਗੋਂ ਪ੍ਰਵਾਸੀ ਮਜ਼ਦੂਰਾਂ ਅਤੇ ਕੋਰੋਨਾ ਇਨਫੈਕਟਿਡਾਂ ਦੇ ਲਈ ਪਕਾਏ ਜਾਣ ਵਾਲੇ ਭੋਜਨ ਦੀ ਵੱਖ-ਵੱਖ ਸੂਬਿਆਂ ਦੇ ਸੇਵਾ ਕੇਂਦਰਾਂ ’ਚ ਜਾ ਕੇ ਖੁਦ ਨਿਗਰਾਨੀ ਕੀਤੀ ਅਤੇ ਉਥੇ ਰਹਿਣ ਵਾਲੇ ਲੋਕਾਂ ਅਤੇ ਸੇਵਾਦਾਰਾਂ ਦਾ ਹੌਸਲਾ ਵਧਾਇਆ ਅਤੇ ਵੱਡੀ ਗਿਣਤੀ ’ਚ ਹਿਜਰਤ ਕਰਨ ਲਈ ਮਜਬੂਰ ਪ੍ਰਵਾਸੀ ਮਜ਼ਦੂਰਾਂ ਨੂੰ ਹਿਜਰਤ ਕਰਨ ਤੋਂ ਰੋਕਿਆ।

ਪਹਿਲਾਂ ਬਿਆਸ ਡੇਰੇ ਤੋਂ 20 ਮਾਰਚ ਨੂੰ 30 ਜੂਨ ਤੱਕ ਹਫਤਾਵਾਰੀ ਸਤਿਸੰਗ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ, ਫਿਰ ਇਸ ਨੂੰ 31 ਅਗਸਤ ਤੱਕ ਵਧਾਇਆ ਗਿਆ ਅਤੇ ਕੋਰੋਨਾ ਪ੍ਰਕੋਪ ਜਾਰੀ ਰਹਿਣ ਦੇ ਕਾਰਨ ਸੁਰੱਖਿਆ ਉਪਾਅ ਦੇ ਰੂਪ ’ਚ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਦੇ ਵੱਖ-ਵੱਖ ਸ਼ਹਿਰਾਂ ’ਚ ਸਥਿਤ ਸਤਿਸੰਗ ਘਰਾਂ ’ਚ 31 ਦਸੰਬਰ ਤੱਕ ਸਤਿਸੰਗ ਦਾ ਆਯੋਜਨ ਨਾ ਕਰਨ ਦੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ। ਜਿਥੇ ਕੁਝ ਧਾਰਮਿਕ ਸੰਸਥਾਵਾਂ ਨੇ ਭੀੜ ਇਕੱਠੀ ਕਰ ਕੇ ਕੋਰੋਨਾ ਸੰਕਟ ਵਧਾਉਣ ’ਚ ਭੂਮਿਕਾ ਨਿਭਾਈ, ਉਥੇ ਰਾਧਾ ਸੁਆਮੀ ਡੇਰਾ ਬਿਆਸ ਦੇ ਪ੍ਰਬੰਧਕਾਂ ਨੇ ਆਪਣੀਆਂ ਸਾਰੀਅਾਂ ਸਮੂਹਿਕ ਧਾਰਮਿਕ ਸਰਗਰਮੀਆਂ ਮੁਲਤਵੀ ਕਰ ਕੇ ਆਪਣੇ ਡੇਰਿਆਂ ਨੂੰ ਕੋਰੋਨਾ ਪੀੜਤਾਂ ਦੇ ਇਕਾਂਤਵਾਸ ਲਈ ਸਮਰਪਿਤ ਕਰ ਕੇ ਇਕ ਉਦਾਹਰਣ ਪੇਸ਼ ਕੀਤੀ ਹੈ। ਇਸ ਲਿਹਾਜ਼ ਨਾਲ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਬਾਬਾ ਗੁਰਿੰਦਰ ਸਿੰਘ ਜੀ ਦਾ ਫੈਸਲਾ ਸ਼ਲਾਘਾਯੋਗ ਅਤੇ ਲਾਜਵਾਬ ਹੈ। ਹੋਰ ਸਮਾਜਿਕ-ਧਾਰਮਿਕ ਸੰਸਥਾਵਾਂ ਨੂੰ ਵੀ ਇਸਦਾ ਅਨੁਸਰਣ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਦੇ ਮਾਹੌਲ ’ਚ ਸਤਿਸੰਗ ’ਚ ਭੀੜ ਇਕੱਠੀ ਕਰਨ ਨਾਲ ਓਨਾ ਲਾਭ ਨਹੀਂ ਹੋਵੇਗਾ, ਜਿੰਨੀ ਸੁਰੱਖਿਆ ਦੇ ਉਪਾਵਾਂ ਦੀ ਪਾਲਣਾ ਨਾ ਹੋ ਸਕਣ ਦੇ ਕਾਰਨ ਕੋਰੋਨਾ ਇਨਫੈਕਸ਼ਨ ਨਾਲ ਨੁਕਸਾਨ ਹੋ ਸਕਦਾ ਹੈ।

-ਵਿਜੇ ਕੁਮਾਰ


Bharat Thapa

Content Editor

Related News