ਮੱਧ ਪ੍ਰਦੇਸ਼ ਦੇ ‘ਸਮੂਹਿਕ ਵਿਆਹ ਸਮਾਰੋਹ’ ’ਚ ਨਵ-ਵਿਆਹਿਆਂ ਨੂੰ ਵੰਡੇ ‘ਗਰਭ ਨਿਰੋਧਕ’

Thursday, Jun 01, 2023 - 06:08 AM (IST)

ਮੱਧ ਪ੍ਰਦੇਸ਼ ਦੇ ‘ਸਮੂਹਿਕ ਵਿਆਹ ਸਮਾਰੋਹ’ ’ਚ ਨਵ-ਵਿਆਹਿਆਂ ਨੂੰ ਵੰਡੇ ‘ਗਰਭ ਨਿਰੋਧਕ’

ਅੱਜ ਜਿੱਥੇ ਭਾਰਤ ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ ਅਤੇ ਮਹਿੰਗਾਈ ਆਦਿ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਉੱਥੇ ਹੀ ਇਕ ਵੱਡੀ ਸਮੱਸਿਆ ਆਬਾਦੀ ਧਮਾਕੇ ਦੀ ਵੀ ਹੈ। ਦੇਸ਼ ’ਚ ਗਰੀਬੀ ਦੇ ਖਾਤਮੇ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਵਧਦੀ ਹੋਈ ਆਬਾਦੀ ਨਿਗਲਦੀ ਜਾ ਰਹੀ ਹੈ।

ਇਸੇ ਸਮੱਸਿਆ ਨੂੰ ਸਾਹਮਣੇ ਰੱਖਦੇ ਹੋਏ ਸਰਕਾਰੀ ਸਿਹਤ ਕੇਂਦਰਾਂ ’ਚ ਮੁਫਤ ‘ਕੰਡੋਮ’ ਅਤੇ ਗਰਭ ਨਿਰੋਧਕ ਗੋਲੀਆਂ ਦੀ ਵੰਡ ਤੇ ਨਲਬੰਦੀ ਅਤੇ ਨਸਬੰਦੀ ਕੈਂਪ ਲਗਾਉਣੇ ਸ਼ੁਰੂ ਕੀਤੇ ਗਏ ਹਨ ਪਰ ਇਨ੍ਹਾਂ ਦਾ ਤਸੱਲੀਬਖਸ਼ ਨਤੀਜਾ ਨਹੀਂ ਨਿਕਲ ਰਿਹਾ।

ਫਿਲਹਾਲ ਹੁਣ ਕੁਝ ਐੱਨ. ਜੀ. ਓਜ਼. ਅਤੇ ਸੂਬਾ ਸਰਕਾਰਾਂ ਇਸ ਦਿਸ਼ਾ ’ਚ ਕੁਝ ਕੰਮ ਕਰ ਰਹੀਆਂ ਹਨ। ਇਸੇ ਸਿਲਸਿਲੇ ’ਚ ਮੱਧ ਪ੍ਰਦੇਸ਼ ਸਰਕਾਰ ਵਲੋਂ ਸਮੇਂ -ਸਮੇਂ ’ਤੇ ਲੋੜਵੰਦ ਜੋੜਿਆਂ ਦੇ ਸਮੂਹਿਕ ਵਿਆਹ ਸਮਾਰੋਹ ਆਯੋਜਿਤ ਕੀਤੇ ਜਾਂਦੇ ਹਨ।

ਇਸੇ ਤਹਿਤ 22 ਮਈ ਨੂੰ ਸੂਬੇ ਦੇ ਝਾਬੁਆ ਜ਼ਿਲੇ ’ਚ ਸੂਬਾ ਸਰਕਾਰ ਵੱਲੋਂ ‘ਮੁੱਖ ਮੰਤਰੀ ਕੰਨਿਆ ਵਿਆਹ ਯੋਜਨਾ’ ਤਹਿਤ ਆਯੋਜਿਤ 292 ਜੋੜਿਆਂ ਦੇ ਸਮੂਹਿਕ ਵਿਆਹ ਸਮਾਰੋਹ ’ਚ ਝਾਬੁਆ ਪ੍ਰਸ਼ਾਸਨ ਵੱਲੋਂ ਨਵੇਂ ਵਿਆਹੇ ਜੋੜਿਆਂ ’ਚ ਪਰਿਵਾਰ ਨਿਯੋਜਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਤੋਹਫੇ ਦੇ ਡੱਬਿਆਂ ’ਚ ਕੰਡੋਮ ਅਤੇ ਹੋਰ ਗਰਭ ਨਿਰੋਧਕ ਸਮੱਗਰੀ ਵੀ ਸ਼ਾਮਲ ਕੀਤੀ ਗਈ।

ਹਾਲਾਂਕਿ ਵਿਰੋਧੀ ਪਾਰਟੀਆਂ ਨੇ ਸੂਬਾ ਸਰਕਾਰ ਦੀ ਇਸ ਪਹਿਲ ਨੂੰ ਨਵ- ਵਿਆਹੇ ਜੋੜਿਆਂ ਲਈ ਪ੍ਰੇਸ਼ਾਨ ਕਰਨ ਵਾਲਾ ਕਹਿ ਕੇ ਇਸ ਦੀ ਆਲੋਚਨਾ ਕੀਤੀ ਹੈ ਪਰ ਸਾਡੇ ਵਿਚਾਰ ’ਚ ਨਵ-ਵਿਆਹਿਆਂ ਨੂੰ ਇਸ ਨਾਲੋਂ ਵਧੀਆ ਤੋਹਫਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਬਾਦੀ ਵਾਧੇ ਦੇ ਦੋ ਵੱਡੇ ਕਾਰਨ ਅਨਪੜ੍ਹਤਾ ਅਤੇ ਗਰੀਬੀ ਹੈ, ਜਿਨ੍ਹਾਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਰਾਹ ’ਚ ਇਹ ਇਕ ਸਹੀ ਯਤਨ ਹੈ।

ਇਸ ਨਾਲ ਆਬਾਦੀ ਕੰਟਰੋਲ ’ਚ ਕੁਝ ਮਦਦ ਹਾਸਲ ਹੋਣ ਨਾਲ ਬੱਚੇ ਘੱਟ ਪੈਦਾ ਹੋਣ ਕਾਰਨ ਉਨ੍ਹਾਂ ਨੂੰ ਚੰਗੀ ਸਿੱਖਿਆ ਮਿਲ ਸਕੇਗੀ ਅਤੇ ਰੋਜ਼ਗਾਰ ਦੇ ਮੌਕਿਆਂ ’ਚ ਵੀ ਵਾਧਾ ਹੋਵੇਗਾ।

- ਵਿਜੇ ਕੁਮਾਰ


author

Anmol Tagra

Content Editor

Related News