ਜਾਰੀ ਹੈ- ਇਕ ਪਾਰਟੀ ਤੋਂ ਦੂਸਰੀ ਪਾਰਟੀ ’ਚ ‘ਜਾਣ-ਆਉਣ’ ਦਾ ਸਿਲਸਿਲਾ

10/13/2021 3:30:05 AM

ਅਜਿਹੀਆਂ ਕਈ ਉਦਾਹਰਣਾਂ ਹਨ ਜਿਨ੍ਹਾਂ ’ਚ ਵੱਖ-ਵੱਖ ਨੇਤਾ ਆਪਣੀ ਮੂਲ ਪਾਰਟੀ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ’ਚ ਗਏ ਪਰ ਉੱਥੇ ਅਣਡਿੱਠ ਕੀਤੇ ਜਾਣ ’ਤੇ ਵਾਪਸ ਮੂਲ ਪਾਰਟੀ ’ਚ ਪਰਤ ਆਏ। ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਤੋਂ ਦਲਬਦਲੀ ਕਰ ਕੇ ਵੱਡੀ ਗਿਣਤੀ ’ਚ ਨੇਤਾ ਭਾਜਪਾ ’ਚ ਸ਼ਾਮਲ ਹੋਏ।

ਇਨ੍ਹਾਂ ’ਚੋਂ 13 ਵਿਧਾਇਕਾਂ ਨੂੰ ਭਾਜਪਾ ਨੇ ਟਿਕਟਾਂ ਦਿੱਤੀਆਂ ਪਰ ਉਨ੍ਹਾਂ ’ਚੋਂ 4 ਹੀ ਜਿੱਤ ਸਕੇ ਅਤੇ ਉਸ ਦੇ ਬਾਅਦ ਭਾਜਪਾ ਤੋਂ ਵਾਪਸ ਤ੍ਰਿਣਮੂਲ ਕਾਂਗਰਸ ’ਚ ਦਲਬਦਲੂਆਂ ਦੀ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਪੱਛਮੀ ਬੰਗਾਲ ਤੋਂ ਸ਼ੁਰੂ ਹੋਇਆ ਦਲਬਦਲੀ ਦਾ ਇਹ ਸਿਲਸਿਲਾ ਹੋਰਨਾਂ ਪਾਰਟੀਆਂ ’ਚ ਵੀ ਜਾਰੀ ਹੈ ਜੋ ਸਿਰਫ 14 ਦਿਨਾਂ ਦੀਆਂ ਹੇਠਲੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :

* 29 ਸਤੰਬਰ ਨੂੰ ਗੋਆ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ‘ਲਈਜਿਨਹੋ ਫਲੇਰੀਓ’ 10 ਸਾਥੀਆਂ ਸਮੇਤ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋ ਗਏ।

* 1 ਅਕਤੂਬਰ ਨੂੰ ਪੱਛਮੀ ਬੰਗਾਲ ’ਚ ਰਾਏਗੰਜ ਤੋਂ ਭਾਜਪਾ ਵਿਧਾਇਕ ਕ੍ਰਿਸ਼ਨ ਕਲਿਆਣੀ ਨੇ ਪਾਰਟੀ ਦੀ ਮੈਂਬਰੀ ਤੋਂ ਅਸਤੀਫਾ ਦੇ ਿਦੱਤਾ। ਉਨ੍ਹਾਂ ਨੇ ਰਾਏਗੰਜ ਤੋਂ ਭਾਜਪਾ ਸੰਸਦ ਮੈਂਬਰ ਦੇਵਾਸ਼੍ਰੀ ਚੌਧਰੀ ’ਤੇ ਆਪਣੇ ਵਿਰੁੱਧ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ। ਇਸ ਤੋਂ ਕੁਝ ਹੀ ਦਿਨ ਪਹਿਲਾਂ ਕਲਿਆਗੰਜ ਤੋਂ ਭਾਜਪਾ ਵਿਧਾਇਕ ‘ਸੋਮਨ ਰੇ’ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ।

* 1 ਅਕਤੂਬਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ ਗਿਆਸਦੀਨ ਅਨੁਰਾਗੀ ਨੇ ਸਮਾਜਵਾਦੀ ਪਾਰਟੀ ਦਾ ਪੱਲਾ ਫੜ ਲਿਆ। ਉਨ੍ਹਾਂ ਨੇ ਕਿਹਾ ਕਿ ਗ੍ਰੈਂਡ ਓਲਡ ਪਾਰਟੀ ’ਚ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ ਸੀ। ਇਸ ਤੋਂ ਪਹਿਲਾਂ ਸੀਨੀਅਰ ਕਾਂਗਰਸ ਨੇਤਾ ਸਵਰਗੀ ਕਮਲਾਪਤੀ ਤ੍ਰਿਪਾਠੀ ਦੇ ਪੋਤੇ ਲਲਿਤੇਸ਼ ਤ੍ਰਿਪਾਠੀ ਵੀ ਕਾਂਗਰਸ ਛੱਡ ਚੁੱਕੇ ਹਨ।

* 5 ਅਕਤੂਬਰ ਨੂੰ ਕੇਰਲ ਦੇ ਵਾਇਨਾਡ ’ਚ ਰਾਹੁਲ ਦੇ ਕਰੀਬੀ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਪੀ. ਵੀ. ਬਾਲਾਚੰਦਰਨ ਨੇ ਪਾਰਟੀ ਛੱਡ ਦਿੱਤੀ। ਬਾਲਾਚੰਦਰਨ ਨੇ ਪਾਰਟੀ ਦੇ ਨਾਲ ਆਪਣੇ 52 ਸਾਲ ਦੇ ਲੰਬੇ ਸਬੰਧ ਖਤਮ ਕਰਦੇ ਹੋਏ ਕਿਹਾ ਕਿ ਕਾਂਗਰਸ ਦੇਸ਼ ’ਚ ਭਾਜਪਾ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ’ਚ ਅਸਫਲ ਰਹੀ ਹੈ। ਬਹੁਗਿਣਤੀ ਅਤੇ ਘੱਟਗਿਣਤੀ ਦੋਵੇਂ ਹੀ ਭਾਈਚਾਰੇ ਇਸ ਤੋਂ ਦੂਰ ਜਾ ਰਹੇ ਹਨ। ਲੋਕ ਉਸ ਪਾਰਟੀ ਦੇ ਨਾਲ ਖੜ੍ਹੇ ਨਹੀਂ ਹੋਣਗੇ ਜਿਸ ਨੇ ਆਪਣੀ ਦਿਸ਼ਾ ਗੁਆ ਦਿੱਤੀ ਹੈ।

ਇਸ ਤੋਂ ਪਹਿਲਾਂ ਹਾਲ ਹੀ ’ਚ ਪਾਰਟੀ ਦੇ ਇਕ ਹੋਰ ਸਾਬਕਾ ਵਿਧਾਇਕ ਕੇ. ਸੀ. ਤਿਆਗੀ ਰੋਸਾਕੁੱਟੀ, ਕੇਰਲ ਪ੍ਰਦੇਸ਼ ਕਾਂਗਰਸ ਦੇ ਸਕੱਤਰ ਸੀ. ਐੱਸ. ਵਿਸ਼ਵਨਾਥਨ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਨਿਲ ਕੁਮਾਰ ਪਾਰਟੀ ਛੱਡ ਚੁੱਕੇ ਹਨ।

* 6 ਅਕਤੂਬਰ ਨੂੰ ਤ੍ਰਿਪੁਰਾ ਤੋਂ ਭਾਜਪਾ ਦੇ ਵਿਧਾਇਕ ਆਸ਼ੀਸ਼ ਦਾਸ ਨੇ ਕੋਲਕਾਤਾ ਦੇ ਕਾਲੀਘਾਟ ਮੰਦਰ ’ਚ ਪੂਜਾ-ਅਰਚਨਾ ਦੇ ਬਾਅਦ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਿਦੱਤਾ।

* 10 ਅਕਤੂਬਰ ਨੂੰ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਇਸ ਦੇ ਦੋ ਪ੍ਰਮੁੱਖ ਨੇਤਾਵਾਂ ਦਵਿੰਦਰ ਰਾਣਾ ਅਤੇ ਸੁਰਜੀਤ ਸਿੰਘ ਸਲਾਥਿਆ ਨੇ ਪਾਰਟੀ ’ਚੋਂ ਅਸਤੀਫਾ ਦੇ ਦਿੱਤਾ ਅਤੇ 11 ਅਕਤੂਬਰ ਨੂੰ ਭਾਜਪਾ ’ਚ ਸ਼ਾਮਲ ਹੋ ਗਏ। ਵਰਨਣਯੋਗ ਹੈ ਕਿ ਦਵਿੰਦਰ ਰਾਣਾ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਛੋਟੇ ਭਰਾ ਹਨ ਅਤੇ 2011 ਤੋਂ ਹੀ ਨੈਸ਼ਨਲ ਕਾਨਫਰੰਸ ਦੇ ਸੂਬਾਈ ਪ੍ਰਧਾਨ ਸਨ।

ਕੁਝ ਹੀ ਸਮੇਂ ਦੇ ਵਕਫੇ ’ਚ ਨੈਸ਼ਨਲ ਕਾਨਫਰੰਸ ਦੇ 30 ਤੋਂ ਵੱਧ ਮੈਂਬਰ ਪਾਰਟੀ ਨੂੰ ਅਲਵਿਦਾ ਕਹਿ ਚੁੱਕੇ ਹਨ।

* 11 ਅਕਤੂਬਰ ਨੂੰ ਹੀ ਉੱਤਰਾਖੰਡ ’ਚ ਭਾਰਤੀ ਜਨਤਾ ਪਾਰਟੀ ਨੂੰ ਝਟਕਾ ਲੱਗਾ, ਜਦੋਂ ਸੂਬੇ ’ਚ ਭਾਜਪਾ ਸਰਕਾਰ ਦੇ ਟਰਾਂਸਪੋਰਟ ਮੰਤਰੀ ਯਸ਼ਪਾਲ ਆਰੀਆ ਆਪਣੇ ਬੇਟੇ ਸੰਜੀਵ ਆਰੀਆ ਦੇ ਨਾਲ ਕਾਂਗਰਸ ’ਚ ਸ਼ਾਮਲ ਹੋ ਗਏ।

ਇਹ ਦੋਵੇਂ 2017 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਭਾਜਪਾ ’ਚ ਚਲੇ ਗਏ ਸਨ। ਇਸ ਮੌਕੇ ’ਤੇ ਯਸ਼ਪਾਲ ਆਰੀਆ ਨੇ ਕਿਹਾ, ‘‘ਇਹ ਮੇਰੇ ਲਈ ਇਕ ਮਹੱਤਵਪੂਰਨ ਦਿਨ ਹੈ ਕਿਉਂਕਿ ਮੈਂ ਆਪਣੇ ਪਰਿਵਾਰ ’ਚ ਪਰਤ ਆਇਆ ਹਾਂ। ਇਹ ਮੇਰੀ ਘਰ ਵਾਪਸੀ ਹੈ। ਮੇਰੇ ਲਈ ਇਸ ਤੋਂ ਵੱਧ ਕੇ ਖੁਸ਼ੀ ਦਾ ਦਿਨ ਕੋਈ ਹੋ ਨਹੀਂ ਸਕਦਾ।’’

* 11 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ਦੇ ਰੈਗਾਂਵ ਵਿਧਾਨ ਸਭਾ ਹਲਕੇ ਦੇ ਸੀਨੀਅਰ ਬਸਪਾ ਨੇਤਾ ਰਾਮ ਨਿਵਾਸ ਚੌਧਰੀ ਆਪਣੇ ਸਮਰਥਕਾਂ ਦੇ ਨਾਲ ਬਸਪਾ ਛੱਡ ਕੇ ਭਾਜਪਾ ’ਚ ਸ਼ਾਮਲ ਹੋ ਗਏ।

ਅਸਲ ’ਚ ਮੂਲ ਪਾਰਟੀ ’ਚ ਅਣਦੇਖੀ ਹੋਣ ਦੇ ਕਾਰਨ ਹੀ ਕੋਈ ਵਿਅਕਤੀ ਉਸ ਨੂੰ ਛੱਡ ਕੇ ਦੂਸਰੀ ਪਾਰਟੀ ’ਚ ਜਾਂਦਾ ਹੈ ਪਰ ਦੂਸਰੀ ਪਾਰਟੀ ’ਚ ਜਾਣ ਨਾਲ ਉਸ ਦੀ ਵਿਚਾਰਕ ਪ੍ਰਤੀਬੱਧਤਾ ਅਤੇ ਭਰੋਸੇਯੋਗਤਾ ’ਤੇ ਸਵਾਲੀਆ ਚਿੰਨ੍ਹ ਲੱਗ ਜਾਂਦਾ ਹੈ।

ਇਹੀ ਨਹੀਂ, ਦੂਸਰੀ ਪਾਰਟੀ ਦੇ ਨਾਲ ਪਹਿਲਾਂ ਤੋਂ ਜੁੜੇ ਲੋਕ ਉਸ ਦੀ ਉਸੇ ਤਰ੍ਹਾਂ ਥਾਂ ਨਹੀਂ ਬਣਨ ਦਿੰਦੇ ਜਿਸ ਤਰ੍ਹਾਂ ਮੁਸਾਫਰਾਂ ਨਾਲ ਭਰੀ ਬੱਸ ’ਚ ਸਵਾਰ ਹੋਣ ਵਾਲੇ ਵਿਅਕਤੀ ਦੇ ਲਈ ਪਹਿਲਾਂ ਤੋਂ ਸੀਟ ’ਤੇ ਬੈਠਾ ਕੋਈ ਵਿਅਕਤੀ ਆਪਣੀ ਸੀਟ ਨਹੀਂ ਛੱਡਦਾ।

ਲਿਹਾਜ਼ਾ ਦੂਸਰੀ ਪਾਰਟੀ ’ਚ ਅਣਡਿੱਠਤਾ ਮਹਿਸੂਸ ਕਰਨ ’ਤੇ ਵਿਅਕਤੀ ਵਾਪਸ ਆਪਣੀ ਮੂਲ ਪਾਰਟੀ ’ਚ ਜਦੋਂ ਪਰਤਦਾ ਹੈ ਤਾਂ ਉਸ ਨੂੰ ਪਹਿਲਾਂ ਵਾਲਾ ਸਨਮਾਨ ਹਾਸਲ ਨਹੀਂ ਹੁੰਦਾ ਅਤੇ ਉਸ ਦੇ ਕਰੀਅਰ ’ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ। ਇਸ ਲਈ ਵਿਅਕਤੀ ਨੇ ਜਿਸ ਪਾਰਟੀ ’ਚ ਰਹਿ ਕੇ ਆਪਣਾ ਸਥਾਨ ਬਣਾਇਆ ਹੈ ਉਸ ਨੂੰ ਛੱਡ ਕੇ ਜਾਣ ਦੀ ਬਜਾਏ ਉਸੇ ਪਾਰਟੀ ’ਚ ਰਹਿ ਕੇ ਸੰਘਰਸ਼ ਕਰਨਾ ਚਾਹੀਦਾ ਹੈ।

ਇਸੇ ਤਰ੍ਹਾਂ ਪਾਰਟੀ ਦੇ ਨੇਤਾਵਾਂ ਦਾ ਵੀ ਫਰਜ਼ ਹੈ ਕਿ ਉਹ ਯਕੀਨੀ ਬਣਾਉਣ ਕਿ ਕਰਮਸ਼ੀਲ ਵਰਕਰਾਂ ਦੀ ਅਣਦੇਖੀ ਨਾ ਹੋਵੇ, ਉਨ੍ਹਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਿਦੱਤਾ ਜਾਵੇ ਤਾਂ ਕਿ ਦਲਬਦਲੀ ਦੀ ਨੌਬਤ ਨਾ ਆਵੇ।

-ਵਿਜੇ ਕੁਮਾਰ


Bharat Thapa

Content Editor

Related News