ਆਪਸ ’ਚ ‘ਲੜ-ਝਗੜ’ ਰਹੇ ਕਾਂਗਰਸੀ ਨੇਤਾ ‘ਲੱਕ-ਤੋੜ ਹਾਰ’ ਤੋਂ ਕੁਝ ਸਬਕ ਤਾਂ ਲੈਣ

06/07/2019 5:45:15 AM

ਚੋਣਾਂ ’ਚ ਭਾਰੀ ਹਾਰ ਤੋਂ ਬਾਅਦ ਕਾਂਗਰਸ ’ਚ ਨਿਰਾਸ਼ਾ ਪੈਦਾ ਹੋਣ ਦੇ ਨਾਲ ਹੀ ਇਸ ਦੀਆਂ ਵੱਖ-ਵੱਖ ਸੂਬਾ ਇਕਾਈਆਂ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਕਰਨਾਟਕ ਆਦਿ ’ਚ ਫੁੱਟ ਪੈ ਗਈ ਹੈ।

ਮੱਧ ਪ੍ਰਦੇਸ਼ ’ਚ ਮੁੱਖ ਮੰਤਰੀ ਕਮਲਨਾਥ ਨੂੰ ਅੰਦਰੂਨੀ ਕਲੇਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਹਾਰਾਸ਼ਟਰ ’ਚ ਆਰ. ਵਿਖੇ ਪਾਟਿਲ ਵਲੋਂ ਪਾਰਟੀ ਛੱਡਣ ਅਤੇ ਕੁਝ ਹੋਰ ਕਾਂਗਰਸੀ ਨੇਤਾਵਾਂ ਵੱਲੋਂ ਵੀ ਛੇਤੀ ਧੜਾ ਬਦਲਣ ਦੀ ਚਰਚਾ ਸੁਣਾਈ ਦੇ ਰਹੀ ਹੈ।

ਕਰਨਾਟਕ ’ਚ ਵੀ ਸੀਨੀਅਰ ਕਾਂਗਰਸੀ ਨੇਤਾਵਾਂ ਰੋਸ਼ਨ ਬੇਗ ਅਤੇ ਰਾਮਲਿੰਗਾ ਰੈੱਡੀ ਨੇ ਖੁੱਲ੍ਹੇ ਤੌਰ ’ਤੇ ਸੂਬਾਈ ਮੰਤਰੀ ਮੰਡਲ ’ਚ ਬਾਹਰਲੇ ਲੋਕਾਂ ਨੂੰ ਜਗ੍ਹਾ ਦੇਣ ਲਈ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ।

25 ਮਈ ਨੂੰ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਤੋਂ ਬਾਅਦ ਅਜੇ ਤਕ ਰਾਹੁਲ ਗਾਂਧੀ ਪਾਰਟੀ ਆਗੂਆਂ ਨੂੰ ਮਿਲੇ ਨਹੀਂ ਹਨ ਅਤੇ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਹੈ ਕਿ ਪਾਰਟੀ ’ਚ ਨਵੀਂ ਰੂਹ ਫੂਕਣ ਲਈ ਉਹ ਇਸ ’ਚ ਕਿਹੜੀਆਂ ਤਬਦੀਲੀਆਂ ਕਰਨਗੇ।

ਪੰਜਾਬ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਨਵਜੋੋਤ ਸਿੰਘ ਸਿੱਧੂ ਵਿਚਾਲੇ ਦੂਸ਼ਣਬਾਜ਼ੀ ਕਾਰਣ ਟਕਰਾਅ ਵਾਲੀ ਸਥਿਤੀ ਬਣੀ ਹੋਈ ਹੈ ਅਤੇ 6 ਜੂਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਤੋਂ ਬਦਲ ਕੇ ਊਰਜਾ ਮੰਤਰੀ ਦਾ ਅਹੁਦਾ ਦੇ ਦਿੱਤਾ ਹੈ।

ਹਰਿਆਣਾ ’ਚ ਹਾਰ ਦੇ ਕਾਰਣਾਂ ’ਤੇ ਵਿਚਾਰ ਕਰਨ ਲਈ ਨਵੀਂ ਦਿੱਲੀ ’ਚ ਪਾਰਟੀ ਦੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਵੱਲੋਂ ਸੱਦੀ ਗਈ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕਾਂ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਸ਼ੋਕ ਤੰਵਰ ਵਿਚਾਲੇ ਖੂਬ ਗਰਮਾ-ਗਰਮੀ ਹੋਈ ਅਤੇ ਜ਼ਿਆਦਾਤਰ ਨੇਤਾਵਾਂ ਨੇ ਸੂਬਾਈ ਲੀਡਰਸ਼ਿਪ ਨੂੰ ਬਦਲਣ ਦੀ ਮੰਗ ਰੱਖੀ।

ਵਿਧਾਇਕ ਰਘੂਵੀਰ ਕਾਦਿਆਨ ਨੇ ਕਿਹਾ ਕਿ ਜਦੋਂ ਤਕ ਹੁੱਡਾ ਪਰਿਵਾਰ ਨੂੰ ਪਾਰਟੀ ਦੀ ਕਮਾਨ ਨਹੀਂ ਮਿਲੇਗੀ, ਅਜਿਹੇ ਹੀ ਨਤੀਜੇ ਆਉਣਗੇ। ਨੇਤਾਵਾਂ ਦਾ ਵਿਰੋਧ ਦੇਖ ਕੇ ਤੰਵਰ ਭੜਕ ਉੱਠੇ ਅਤੇ ਇਕ ਪੜਾਅ ’ਤੇ ਤਾਂ ਉਨ੍ਹਾਂ ਨੇ ਇਥੋਂ ਤਕ ਕਹਿ ਦਿੱਤਾ ਕਿ ‘‘ਸਾਰੇ ਮੈਨੂੰ ਗੋਲੀ ਮਾਰ ਦਿਓ, ਮੈਂ ਬਿਲਕੁਲ ਇਕੱਲਾ ਹਾਂ।’’ ਮੀਟਿੰਗ ’ਚ ਆਜ਼ਾਦ ਨੇ ਨਾਰਾਜ਼ਗੀ ਪ੍ਰਗਟਾਉਂਦਿਆ ਕਿਹਾ ਕਿ ਜੋ ਦਸੰਬਰ ’ਚ ਜ਼ਿੰਦਾ ਰਹੇਗਾ, ਉਸੇ ਨਾਲ ਗੱਲ ਕਰਾਂਗੇ।

ਰਾਜਸਥਾਨ ’ਚ ਵੀ ਸਾਰੀਆਂ 25 ਸੀਟਾਂ ’ਤੇ ਕਾਂਗਰਸ ਦੀ ਹਾਰ ਨੂੰ ਲੈ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਸਮਰਥਕਾਂ ਵਿਚਾਲੇ ਤਲਵਾਰਾਂ ਖਿੱਚੀਆਂ ਹੋਈਆਂ ਹਨ। ਜਿਥੇ ਗਹਿਲੋਤ ਨੇ ਇਸ ਹਾਰ ਲਈ ਪਾਇਲਟ ਦੇ ਸਿਰ ਭਾਂਡਾ ਭੰਨਿਆ ਹੈ, ਉਥੇ ਹੀ ਪਾਇਲਟ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਹਾਰ ਦੀ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਹੈ। ਇਸ ਦੇ ਨਾਲ ਹੀ ਵਿਧਾਇਕ ਪ੍ਰਿਥਵੀ ਰਾਜ ਮੀਣਾ ਅਤੇ ਹੋਰਨਾਂ ਨੇ ਪਾਇਲਟ ਨੂੰ ਮੁੱਖ ਮੰਤਰੀ ਬਣਾਉਣ ਦੀ ਮੰਗ ਵੀ ਕਰ ਦਿੱਤੀ ਹੈ।

ਕੁਲ ਮਿਲਾ ਕੇ ਇਸ ਸਮੇਂ ਕਾਂਗਰਸ ’ਚ ਉੱਥਲ-ਪੁਥਲ ਵਰਗੀ ਸਥਿਤੀ ਬਣੀ ਹੋਈ ਹੈ, ਜੇ ਕਾਂਗਰਸੀ ਨੇਤਾਵਾਂ ਨੇ ਚੋਣਾਂ ’ਚ ਹਾਰ ਤੋਂ ਸਬਕ ਨਾ ਲੈ ਕੇ ਇਸੇ ਤਰ੍ਹਾਂ ਲੜਨਾ-ਝਗੜਾ ਜਾਰੀ ਰੱਖਿਆ ਤਾਂ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਨੂੰ ਹੋਰ ਸੱਟਾਂ ਸਹਿਣ ਕਰਨ ਲਈ ਤਿਆਰ ਰਹਿਣਾ ਪਵੇਗਾ।

–ਵਿਜੇ ਕੁਮਾਰ
 


Bharat Thapa

Content Editor

Related News