ਕਰਨਾਟਕ ਚੋਣਾਂ ’ਚ ‘ਕਾਂਗਰਸ ਨੂੰ ਮਿਲੀ ਸੰਜੀਵਨੀ’ ਤੇ ‘ਭਾਜਪਾ ਨੂੰ ਲੱਗਾ ਝਟਕਾ’
Sunday, May 14, 2023 - 03:16 AM (IST)

13 ਮਈ ਨੂੰ ਪੂਰੇ ਦੇਸ਼ ਦੀਆਂ ਨਜ਼ਰਾਂ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜਿਆਂ ’ਤੇ ਟਿਕੀਆਂ ਹੋਈਆਂ ਸਨ ਜਿਸ ਨੂੰ ਜਿੱਤਣ ਲਈ ਸਭ ਪਾਰਟੀਆਂ ਨੇ ਪੂਰਾ ਜ਼ੋਰ ਲਾਇਆ ਹੋਇਆ ਸੀ।
ਉੱਥੇ ਪ੍ਰਚਾਰ ਲਈ ਕੇਂਦਰ ਸਰਕਾਰ ਦੀ ਪੂਰੀ ਕੈਬਨਿਟ ਨੇ ਪੂਰਾ ਮਹੀਨਾ ਡੇਰਾ ਲਾਈ ਰੱਖਿਆ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੇ. ਪੀ. ਨੱਢਾ, ਰਾਜਨਾਥ ਸਿੰਘ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ ਤੇ ਸ਼ਿਵਰਾਜ ਸਿੰਘ ਚੌਹਾਨ ਆਦਿ ਸ਼ਾਮਲ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੇਂਗਲੁਰੂ ’ਚ 26 ਕਿਲੋਮੀਟਰ ਤੇ 10 ਕਿਲੋਮੀਟਰ ਲੰਬੇ ਰੋਡ ਸ਼ੋਅ ਵੀ ਕੱਢੇ ਜਿਨ੍ਹਾਂ ’ਤੇ ਉਥੋਂ ਦੇ ਲੋਕਾਂ ਤੇ ਸ਼ੋਅ ’ਚ ਸ਼ਾਮਲ ਲੋਕਾਂ ਨੇ ਇਕ-ਦੂਜੇ ’ਤੇ ਪੀਲੇ ਰੰਗ ਦੇ ਫੁੱਲ ਸੁੱਟੇ, ਪ੍ਰਧਾਨ ਮੰਤਰੀ ਨੇ ਸੁਰੱਖਿਆ ਦਾ ਖਤਰਾ ਮੁੱਲ ਲੈਂਦੇ ਹੋਏ ਕਾਰ ’ਚੋਂ ਉਤਰ ਕੇ ਲੋਕਾਂ ਨਾਲ ਹੱਥ ਮਿਲਾਏ।
ਇਸੇ ਤਰ੍ਹਾਂ ਕਾਂਗਰਸ ਨੇ ਵੀ ਭਾਜਪਾ ਕੋਲੋਂ ਸੱਤਾ ਖੋਹਣ ਲਈ ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ, ਮਲਿਕਾਰਜੁਨ ਖੜਗੇ, ਸਿਧਰਮੱਈਆ, ਸੂਬਾਈ ਪਾਰਟੀ ਪ੍ਰਧਾਨ ਡੀ. ਕੇ. ਸ਼ਿਵਕੁਮਾਰ, ਰਾਜ ਬੱਬਰ, ਮੁਹੰਮਦ ਅਜ਼ਹਰੂਦੀਨ ਆਦਿ ਮੈਦਾਨ ’ਚ ਉਤਾਰੇ ਅਤੇ ਰੋਡ ਸ਼ੋਅ ਵੀ ਕੱਢੇ।
ਇਨ੍ਹਾਂ ਚੋਣਾਂ ’ਚ ਭਾਜਪਾ, ਕਾਂਗਰਸ ਅਤੇ ਜਨਤਾ ਦਲ (ਐੱਸ) ਨੇ ਵਾਅਦਿਆਂ ਦੀ ਚਾਸ਼ਨੀ ’ਚ ਲਪੇਟੇ ਹੋਏ ਮੈਨੀਫੈਸਟੋ ਜਾਰੀ ਕੀਤੇ ਅਤੇ ਸਭ ਪਾਰਟੀਆਂ ਦੇ ਆਗੂਆਂ ’ਚ ਧਰਮ ਗੁਰੂਆਂ ਦੇ ਆਸ਼ੀਰਵਾਦ ਲੈਣ ਦੀ ਵੀ ਦੌੜ ਲੱਗੀ ਰਹੀ।
ਹਾਲਾਂਕਿ ਭਾਜਪਾ ਇਸ ਚੋਣ ’ਚ ਸੂਬੇ ’ਚ ਪਿਛਲੇ 38 ਸਾਲ ਤੋਂ ਚਲੀ ਆ ਰਹੀ ਵਾਰੀ-ਵਾਰੀ ਦੀ ਸਰਕਾਰ ਬਣਾਉਣ ਦੀ ਪਰੰਪਰਾ ਨੂੰ ਤੋੜ ਕੇ ਆਪਣੀ ਜਿੱਤ ਦੁਹਰਾਉਣ ਪ੍ਰਤੀ ਆਸਵੰਦ ਸੀ ਪਰ ਸੂਬੇ ਦੇ ਵੋਟਰਾਂ ਨੇ ਭਾਜਪਾ ਨੂੰ ਨਕਾਰ ਦਿੱਤਾ।
ਕਾਂਗਰਸ ਨੂੰ ਸਭ ਤੋਂ ਵੱਧ 136, ਭਾਜਪਾ ਨੂੰ 65 ਅਤੇ ਜਨਤਾ ਦਲ (ਐੱਸ) ਨੂੰ 19 ਸੀਟਾਂ ਮਿਲੀਆਂ ਜਦੋਂ ਕਿ ਪਿਛਲੀਆਂ ਚੋਣਾਂ ’ਚ ਭਾਜਪਾ ਨੇ 104 ਸੀਟਾਂ ਜਿੱਤ ਕੇ ਜਨਤਾ ਦਲ (ਐੱਸ) (37) ਦੇ ਸਹਿਯੋਗ ਨਾਲ ਸਰਕਾਰ ਬਣਾਈ ਸੀ ਅਤੇ ਕਾਂਗਰਸ ਨੂੰ 80 ਸੀਟਾਂ ਹੀ ਮਿਲੀਆਂ ਸਨ।
ਜਿੱਥੇ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਇਲਾਵਾ ਪਾਰਟੀ ਆਗੂਆਂ ਵੱਲੋਂ ਭਾਜਪਾ ਸਰਕਾਰ ਵਿਰੁੱਧ ਮਹਿੰਗਾਈ ਅਤੇ ਬੇਰੋਜ਼ਗਾਰੀ ਵਰਗੇ ਸਥਾਨਕ ਮੁੱਦੇ ਉਠਾਉਣ ਕਾਰਨ ਲਾਭ ਹੋਇਆ, ਉੱਥੇ ਚੋਣ ਪ੍ਰਚਾਰ ’ਚ ਕੌਮੀ ਮੁੱਦਿਆਂ ’ਤੇ ਵੱਧ ਜ਼ੋਰ ਦੇਣਾ, ਖੇਤਰੀ ਆਗੂਆਂ ਦੀ ਬੇਧਿਆਨੀ ਅਤੇ ਆਪਸੀ ਧੜੇਬੰਦੀ ਭਾਜਪਾ ਦੀ ਹਾਰ ਦੇ ਕਾਰਨ ਬਣੇ।
ਹਿਮਾਚਲ ਤੋਂ ਬਾਅਦ ਪਿਛਲੇ 4 ਮਹੀਨਿਆਂ ’ਚ ਭਾਜਪਾ ਨੇ ਇਹ ਦੂਜਾ ਸੂਬਾ ਗਵਾਇਆ ਹੈ। ਸਾਲ 2024 ’ਚ ਹੋਣ ਵਾਲੀਆਂ ਚੋਣਾਂ ਨੂੰ ਵੇਖਦੇ ਹੋਏ ਇਹ ਨਤੀਜਾ ਕਾਂਗਰਸ ਲਈ ਇਕ ਸੰਜੀਵਨੀ ਵਾਂਗ ਹੈ ਜਦੋਂਕਿ ਆਪਣੀ ਹਾਰ ਨੂੰ ਵੇਖਦੇ ਹੋਏ ਭਾਜਪਾ ਆਗੂਆਂ ਨੂੰ ਆਪਣੀਆਂ ਕਮੀਆਂ ਵੱਲ ਹੋਰ ਧਿਆਨ ਦੇ ਕੇ ਉਨ੍ਹਾਂ ਨੂੰ ਦੂਰ ਕਰਨਾ ਚਾਹੀਦਾ ਹੈ।
-ਵਿਜੇ ਕੁਮਾਰ