ਦੁਨੀਆ ਦਾ ਬੌਸ ਬਣਨਾ ਚਾਹੁੰਦਾ ਹੈ ਚੀਨ
Friday, Nov 18, 2022 - 10:28 PM (IST)
ਪਿਛਲੇ 2 ਦਹਾਕਿਆਂ ’ਚ ਚੀਨ ਨੇ ਪੂਰੀ ਦੁਨੀਆ ’ਤੇ ਆਪਣਾ ਗਲਬਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਨੂੰ ਹਰ ਥਾਂ ਉਹ ਸਫਲਤਾ ਨਹੀਂ ਮਿਲੀ ਜਿਸਦੀ ਉਸ ਨੂੰ ਆਸ ਸੀ ਪਰ ਚੀਨ ਨੇ ਆਪਣੀ ਅਸਫਲਤਾ ਦੇ ਬਾਵਜੂਦ ਉਨ੍ਹਾਂ ਖੇਤਰਾਂ ’ਚ ਆਪਣੀ ਬੜ੍ਹਤ ਬਣਾਉਣੀ ਸ਼ੁਰੂ ਕੀਤੀ ਜਿਨ੍ਹਾਂ ਦੇਸ਼ਾਂ ’ਤੇ ਕਿਸੇ ਵੱਡੀ ਤਾਕਤ ਦਾ ਧਿਆਨ ਨਹੀਂ ਜਾਂਦਾ ਸੀ। ਉਦਾਹਰਣ ਲਈ ਚੀਨ ਨੇ ਪੱਛੜੇ ਅਤੇ ਗਰੀਬ ਅਫਰੀਕੀ ਮਹਾਦੀਪ ਨੂੰ ਪੈਸਿਆਂ ਦੇ ਜ਼ੋਰ ’ਤੇ ਆਪਣੇ ਪੱਖ ’ਚ ਕਰਨ ’ਚ ਵੱਡੀ ਸਫਲਤਾ ਹਾਸਲ ਕੀਤੀ। ਇਸੇ ਤਰਜ਼ ’ਤੇ ਚੀਨ ਨੇ ਦੱਖਣ ਅਤੇ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ’ਤੇ ਵੀ ਆਪਣਾ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਇਲਾਵਾ ਪੂਰਬੀ ਯੂਰਪ, ਬਾਲਕਨ ਖੇਤਰ ਅਤੇ ਲੈਟਿਨ ਅਮਰੀਕਾ ’ਚ ਵੀ ਆਪਣੇ ਪੈਸਿਆਂ ਦੇ ਜ਼ੋਰ ’ਤੇ ਆਪਣਾ ਪ੍ਰਭਾਵ ਜਮਾਉਣ ਦੀ ਭਰਪੂਰ ਕੋਸ਼ਿਸ਼ ਕੀਤੀ।
ਉਥੇ ਹੀ ਚੀਨ ਦੀਆਂ ਅਖੌਤੀ ਨਿੱਜੀ ਕੰਪਨੀਆਂ ਨੇ ਲੈਟਿਨ ਅਮਰੀਕਾ ’ਚ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਚੀਨ ’ਚ ਜਿੰਨੀਆਂ ਵੀ ਨਿੱਜੀ ਕੰਪਨੀਆਂ ਹਨ ਉਨ੍ਹਾਂ ਦੇ ਮਾਲਕ ਸੀ. ਪੀ. ਸੀ. ਦੇ ਮੈਂਬਰ ਅਤੇ ਬੜੇ ਰਸੂਖਦਾਰ ਲੋਕ ਹੁੰਦੇ ਹਨ ਜਿਨ੍ਹਾਂ ਦੀ ਗੱਲ ਪਾਰਟੀ ਹਾਈ ਕਮਾਨ ਪੱਧਰ ਤਕ ਸੁਣੀ ਜਾਂਦੀ ਹੈ। ਲੈਟਿਨ ਅਮਰੀਕਾ ’ਚ ਚੀਨ ਨੇ ਊਰਜਾ, ਮੁੱਢਲੇ ਢਾਂਚੇ, ਪੁਲਾੜ ਦੇ ਨਾਲ ਦੂਜੇ ਕਈ ਖੇਤਰਾਂ ’ਚ ਨਿਵੇਸ਼ ਕੀਤਾ ਹੈ। ਚੀਨ ਲੈਟਿਨ ਅਮਰੀਕਾ ’ਚ ਸੰਯੁਕਤ ਰਾਜ ਅਮਰੀਕਾ ਤੋਂ ਵੀ ਵੱਧ ਨਿਵੇਸ਼ ਕਰ ਕੇ ਲੈਟਿਨ ਅਮਰੀਕਾ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਬੈਠਾ।
ਚੀਨ ਨੇ ਲੈਟਿਨ ਅਮਰੀਕਾ ’ਚ ਸਿਰਫ ਵਪਾਰਕ ਪਹੁੰਚ ਨਹੀਂ ਬਣਾਈ ਸਗੋਂ ਕੂਟਨੀਤਿਕ, ਸੱਭਿਆਚਾਰ, ਫੌਜੀ ਪਹੁੰਚ ਵੀ ਬਣਾਉਣ ਲੱਗਾ, ਦਰਅਸਲ ਚੀਨ ਇਹ ਸਾਰਾ ਕੰਮ ਇਕ ਰਣਨੀਤੀ ਤਹਿਤ ਕਰ ਰਿਹਾ ਸੀ ਅਤੇ ਉਹ ਅਮਰੀਕਾ ਦੇ ਗੁਆਂਢੀਆਂ ਨੂੰ ਘੇਰ ਕੇ ਆਪਣੇ ਪਾਲੇ ’ਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਨਾਲ ਭਵਿੱਖ ’ਚ ਅਮਰੀਕਾ ਨਾਲ ਕਿਸੇ ਵੀ ਤਣਾਅ ਦੀ ਹਾਲਤ ’ਚ ਅਮਰੀਕਾ ਦੇ ਗੁਆਂਢ ’ਚ ਬੈਠ ਕੇ ਅਮਰੀਕਾ ਵਿਰੁੱਧ ਮੁਹਿੰਮ ਚਲਾਈ ਜਾ ਸਕੇ।
ਚੀਨ ਨੇ ਆਪਣੇ ਗੁਆਂਢੀ ਦੇਸ਼ ਤਾਈਵਾਨ ਨੂੰ ਪੂਰੀ ਦੁਨੀਆ ਨਾਲੋਂ ਅਲੱਗ-ਥਲੱਗ ਕਰਨ ਲਈ ਵੀ ਆਪਣੇ ਪੈਰ ਪਸਾਰਨੇ ਸ਼ੁਰੂ ਕੀਤੇ ਜਿਸ ਨਾਲ ਜੇਕਰ ਆਉਣ ਵਾਲੇ ਦਿਨਾਂ ’ਚ ਚੀਨ ਤਾਈਵਾਨ ’ਤੇ ਹਮਲਾ ਕਰਕੇ ਉਸ ਨੂੰ ਆਪਣੇ ਦੇਸ਼ ’ਚ ਮਿਲਾਉਣਾ ਚਾਹੇ ਤਾਂ ਤਾਈਵਾਨ ਦਾ ਕੋਈ ਕੂਟਨੀਤਕ ਸਾਥੀ ਨਾ ਹੋਵੇ ਜੋ ਉਸ ਦੀ ਆਵਾਜ਼ ਸੰਯੁਕਤ ਰਾਸ਼ਟਰ ਸੰਘ ’ਚ ਪਹੁੰਚਾਏ। ਚੀਨ ਦੇ ਇਸ ਫੈਲਾਅ ਤੋਂ ਅਮਰੀਕਾ ਕਾਫੀ ਚਿੰਤਤ ਹੈ। ਚੀਨ ਦੇ ਸੱਭਿਆਚਾਰਕ ਰਿਸ਼ਤੇ ਵਧਾਉਣ ਦੇ ਕਾਰਨ ਪੇਰੂ ’ਚ ਸਭ ਤੋਂ ਵੱਧ ਪ੍ਰਵਾਸੀ ਚੀਨੀ ਨਾਗਰਿਕ ਰਹਿੰਦੇ ਹਨ। ਇਸ ਦੇ ਨਾਲ ਹੀ ਬ੍ਰਾਜ਼ੀਲ, ਕਿਊਬਾ, ਪਰਾਗੁਏ ਅਤੇ ਵੈਨੇਜ਼ੁਏਲਾ ’ਚ ਵੀ ਚੀਨੀਆਂ ਦੀ ਚੰਗੀ ਵੱਡੀ ਗਿਣਤੀ ਰਹਿੰਦੀ ਹੈ।
ਇਸ ਦਾ ਫਾਇਦਾ ਚੀਨ ਨੂੰ ਇਨ੍ਹਾਂ ਦੇਸ਼ਾਂ ਨਾਲ ਵਪਾਰਕ ਰਿਸ਼ਤੇ ਬਣਾਉਣ ਅਤੇ ਇਸ ਖੇਤਰ ’ਚ ਆਪਣੀ ਘੁਸਪੈਠ ਵਧਾਉਣ ’ਚ ਮਿਲਿਆ। ਸਾਲ 2000 ’ਚ ਲੈਟਿਨ ਅਮਰੀਕੀ ਦੇਸ਼ਾਂ ’ਚ ਚੀਨ ਦੇ ਉਤਪਾਦਾਂ ਦੀ ਗਿਣਤੀ ਸਿਰਫ 2 ਫੀਸਦੀ ਸੀ, ਉਥੇ ਹੀ ਇਹ ਸਾਲ 2020 ਤੱਕ ਵਧ ਕੇ 31 ਫੀਸਦੀ ਹੋ ਗਈ। ਸਾਲ 2035 ਤੱਕ ਇਸ ਦੇ 700 ਅਰਬ ਡਾਲਰ ਤਕ ਪਹੁੰਚਣ ਦੀ ਆਸ ਹੈ। ਲੈਟਿਨ ਅਮਰੀਕਾ ਤੋਂ ਚੀਨ ’ਚ ਸੋਇਆਬੀਨ, ਤਾਂਬਾ, ਪੈਟਰੋਲੀਅਮ, ਖੁਰਾਕੀ ਤੇਲ ਅਤੇ ਦੂਸਰੇ ਉਤਪਾਦ ਬਰਾਮਦ ਕੀਤੇ ਜਾਂਦੇ ਹਨ ਜਿਨ੍ਹਾਂ ਦੀ ਚੀਨ ਦੇ ਉਦਯੋਗਾਂ ’ਚ ਵਰਤੋਂ ਹੁੰਦੀ ਹੈ। ਚੀਨ ਨੇ ਚਿਲੀ, ਕੋਸਟਾਰਿਕਾ, ਪੇਰੂ ਦੇ ਨਾਲ ਬੀ. ਆਰ. ਆਈ. ਪ੍ਰਾਜੈਕਟ ਦੇ ਤਹਿਤ ਮੁਕਤ ਵਪਾਰ ਸਮਝੌਤਾ ਕੀਤਾ ਹੈ ਜਿਸ ਨਾਲ ਚੀਨ ਨੂੰ ਸਭ ਤੋਂ ਵੱਧ ਫਾਇਦਾ ਮਿਲਦਾ ਹੈ।
ਦੱਖਣ-ਦੱਖਣ ਸਹਿਯੋਗ ਦੇ ਤਹਿਤ ਚੀਨ ਨੇ ਲੈਟਿਨ ਅਮਰੀਕਾ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕੀਤੇ ਹਨ ਪਰ ਇਸੇ ਬਹਾਨੇ ਚੀਨ ਇਸ ਪੂਰੇ ਖੇਤਰ ’ਚ ਚੀਨੀ ਸਾਮਵਾਦੀ ਵਿਚਾਰਧਾਰਾ ਨੂੰ ਪ੍ਰਚਾਰਿਤ ਕਰ ਰਿਹਾ ਹੈ। ਇਸ ਦੀ ਸ਼ੁਰੂਆਤ ਅੱਜ ਤੋਂ 21 ਸਾਲ ਪਹਿਲਾਂ 2001 ’ਚ ਉਦੋਂ ਹੋਈ ਸੀ ਜਦੋਂ ਚੀਨ ਦੇ ਰਾਸ਼ਟਰਪਤੀ ਜਿਆਂਗ ਜੇਮਿਨ ਸਨ। ਉਨ੍ਹਾਂ ਨੇ 13 ਦਿਨਾਂ ਦੀ ਲੈਟਿਨ ਅਮਰੀਕਾ ਦੀ ਲੰਬੀ ਯਾਤਰਾ ਕੀਤੀ ਸੀ।
ਇਸ ਦੌਰਾਨ ਉਨ੍ਹਾਂ ਨੇ ਇਕ ਦਰਜਨ ਤੋਂ ਵੱਧ ਕੂਟਨੀਤਿਕ ਬੈਠਕਾਂ ਵੀ ਕੀਤੀਆਂ ਸਨ। ਓਧਰ ਚੀਨ ਇਸ ਖੇਤਰ ’ਚ ਆਪਣੀ ਘੁਸਪੈਠ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਸਾਲ 2013 ’ਚ ਸ਼ੀ ਜਿਨਪਿੰਗ ਦੇ ਰਾਸ਼ਟਰਪਤੀ ਬਣਨ ਦੇ ਬਾਅਦ ਉਨ੍ਹਾਂ ਨੇ ਇਸ ਖੇਤਰ ਦੀਆਂ 11 ਯਾਤਰਾਵਾਂ ਕੀਤੀਆਂ ਹਨ।
ਇਸ ਦੌਰਾਨ ਚੀਨ ਨੇ ਕਈ ਕੂਟਨੀਤਿਕ ਅਤੇ ਰਣਨੀਤਿਕ ਸਮਝੌਤੇ ਕੀਤੇ ਜਿਨ੍ਹਾਂ ’ਚ ਅਰਜਨਟੀਨਾ, ਬ੍ਰਾਜ਼ੀਲ, ਚਿਲੀ, ਇਕਵਾਡੋਰ, ਮੈਕਸੀਕੋ, ਪੇਰੂ ਅਤੇ ਵੈਨੇਜ਼ੁਏਲਾ ਸਭ ਤੋਂ ਨੇੜਲੇ ਕੂਟਨੀਤਕ ਸੰਬੰਧਾਂ ਵਾਲੇ ਦੇਸ਼ ਹਨ। ਓਧਰ ਚੀਨ ਦਾ ਇਕ ਹੋਰ ਮਕਸਦ ਤਾਈਵਾਨ ਨੂੰ ਦੁਨੀਆ ਨਾਲੋਂ ਅਲੱਗ-ਥਲੱਗ ਕਰਨਾ ਵੀ ਹੈ, ਪੈਸਿਆਂ ਦੇ ਜ਼ੋਰ ’ਤੇ ਡੋਮੀਨੀਕਲ ਗਣਰਾਜ ਅਤੇ ਨਿਕਾਰਾਗੁਆ ਨੇ ਹਾਲ ਹੀ ’ਚ ਤਾਈਵਾਨ ਨਾਲ ਸੰਬੰਧ ਖਤਮ ਕਰਕੇ ਚੀਨ ਨਾਲ ਜੋੜੇ ਹਨ।
ਲੈਟਿਨ ਅਮਰੀਕਾ ’ਚ ਚੀਨ ਸਾਮਵਾਦੀ ਤਾਨਾਸ਼ਾਹੀ ਸਰਕਾਰਾਂ ਬਣਾ ਕੇ ਉਨ੍ਹਾਂ ਨਾਲ ਸਹਿਯੋਗ ਅਤੇ ਉਨ੍ਹਾਂ ਨੂੰ ਆਰਥਿਕ ਮਦਦ ਦੇ ਕੇ ਆਪਣਾ ਬਾਜ਼ਾਰ ਅਤੇ ਬਾਅਦ ’ਚ ਬਸਤੀ ਬਣਾਉਣਾ ਚਾਹੁੰਦਾ ਹੈ। ਚੀਨ ਅਮਰੀਕਾ ਦੇ ਨੱਕ ਹੇਠੋਂ ਉਸ ਦੇ ਗੁਆਂਢੀਆਂ ਨੂੰ ਖੋਹ ਲੈਣਾ ਚਾਹੁੰਦਾ ਹੈ। ਚੀਨ ਇਕ ਸੋਚੀ-ਸਮਝੀ ਰਣਨੀਤੀ ਦੇ ਤਹਿਤ ਅਮਰੀਕਾ ਨੂੰ ਪਛਾੜ ਕੇ ਦੁਨੀਆ ਦਾ ਬੌਸ ਬਣਨਾ ਚਾਹੁੰਦਾ ਹੈ, ਚੀਨ ਨੂੰ ਇਸ ਰਣਨੀਤੀ ’ਚ ਬੜ੍ਹਤ ਵੀ ਹਾਸਲ ਹੈ ਕਿਉਂਕਿ ਚੀਨ ’ਚ ਇਕ ਹੀ ਪਾਰਟੀ ਹੈ ਜੋ ਆਪਣਾ ਨੇਤਾ ਚੁਣਦੀ ਹੈ। ਅਮਰੀਕਾ ਲੋਕਤੰਤਰਿਕ ਦੇਸ਼ ਹੋਣ ਕਾਰਨ ਉਸ ਦੀਆਂ ਪਹਿਲਕਦਮੀਆਂ ਬਦਲਦੀਆਂ ਰਹਿੰਦੀਆਂ ਹਨ।