ਭਾਰਤ ’ਚ ਮਿਲੀ ਸਿਆਸੀ ਹਾਰ ਨਾਲ ਬੌਖਲਾਇਆ ਚੀਨ

Sunday, Oct 16, 2022 - 10:55 AM (IST)

ਭਾਰਤ ’ਚ ਮਿਲੀ ਸਿਆਸੀ ਹਾਰ ਨਾਲ ਬੌਖਲਾਇਆ ਚੀਨ

ਪਿਛਲੇ ਮਹੀਨੇ ਆਈ. ਏ. ਈ. ਏ. ਦੀ ਬੈਠਕ ਹੋਈ ਸੀ ਭਾਵ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ ਦੀ ਜਨਰਲ ਕਾਨਫਰੰਸ ਦੀ ਮੀਟਿੰਗ ’ਚ ਅਮਰੀਕਾ, ਆਸਟ੍ਰੇਲੀਆ ਅਤੇ ਬ੍ਰਿਟੇਨ ਦੀਆਂ ਪ੍ਰਮਾਣੂ ਪਣਡੁੱਬੀਆਂ ਦੀ ਡੀਲ ਨੂੰ ਲੈ ਕੇ ਚੀਨ ਨੇ ਇਕ ਮਤਾ ਪੇਸ਼ ਕੀਤਾ ਸੀ ਪਰ ਉਸ ਮਤੇ ਨੂੰ 175 ਦੇਸ਼ਾਂ ’ਚੋਂ ਕਿਸੇ ਨੇ ਵੀ ਆਪਣਾ ਸਮਰਥਨ ਨਹੀਂ ਦਿੱਤਾ ਕਿਉਂਕਿ ਇਸ ਮੀਟਿੰਗ ’ਚ ਭਾਰਤ ਨੇ ਇਨ੍ਹਾਂ ’ਚੋਂ ਵਧੇਰੇ ਦੇਸ਼ਾਂ ਨੂੰ ਆਪਣੇ ਪੱਖ ’ਚ ਲੈਣ ਦੇ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਸਾਰੇ ਦੇਸ਼ ਭਾਰਤ ਦੀ ਨਿਰਪੱਖ ਰਾਏ ਨਾਲ ਸਹਿਮਤ ਦਿਸੇ ਸਨ। ਇਸ ਗੱਲ ਤੋਂ ਚੀਨ ਇੰਨੇ ਵੱਡੇ ਸੰਮੇਲਨ ’ਚ ਖੁਦ ਨੂੰ ਇਕੱਲਿਆਂ ਪਾ ਰਿਹਾ ਸੀ ਅਤੇ ਉਸ ਨੇ ਖੁਦ ਨੂੰ ਬੇਇੱਜ਼ਤੀ ਤੋਂ ਬਚਾਉਣ ਲਈ ਇਹ ਮਤਾ ਵਾਪਸ ਲੈ ਲਿਆ। ਵਿਸ਼ਵ ਪੱਧਰ ’ਤੇ ਭਾਰਤ ਦੀ ਵਧਦੀ ਕੂਟਨੀਤਕ ਸ਼ਕਤੀ ਨੂੰ ਦੇਖ ਕੇ ਤਾਈਵਾਨ ਸਰਕਾਰ ਭਾਰਤ ਦੇ ਨਾਲ ਸਹਿਯੋਗ ਵਧਾਉਣਾ ਚਾਹੁੰਦੀ ਹੈ ਜਿਸ ਨਾਲ ਭਾਰਤ ਦੀ ਵਧਦੀ ਕੂਟਨੀਤਕ ਸ਼ਕਤੀ ਦਾ ਲਾਭ ਤਾਈਵਾਨ ਨੂੰ ਮਿਲੇ। ਤਾਈਵਾਨ ਚਾਹੁੰਦਾ ਹੈ ਕਿ ਭਾਰਤ ਚੀਨ ਦੇ ਵਿਰੁੱਧ ਤਾਈਵਾਨ ਦਾ ਸਾਥ ਦੇਵੇ।
ਚੀਨ ਚਾਹੁੰਦਾ ਹੈ ਕਿ ਪੂਰੀ ਦੁਨੀਆ ਉਸ ਦੇ ਿਦੱਤੇ ਹੁਕਮ ਦੇ ਤਹਿਤ ਇਕ ਚੀਨ ਦੀ ਨੀਤੀ ਦੀ ਪਾਲਣਾ ਕਰੇ ਜਦਕਿ ਚੀਨ ਆਪਣੇ ਹਮਲਾਵਰਪੁਣੇ ਨਾਲ ਆਪਣੇ ਗੁਆਂਢੀਆਂ ਦੀ ਜ਼ਮੀਨ ਹੜੱਪਣ ਦਾ ਕੰਮ ਕਰ ਰਿਹਾ ਹੈ। ਭਾਰਤ ’ਚ ਤਾਈਵਾਨ ਦੇ ਪ੍ਰਤੀਨਿਧੀ ਬਾਊਸ਼ੁਆਨ ਗੇਰ ਨੇ ਪਿਛਲੇ ਹਫਤੇ ਭਾਰਤ ਨੂੰ ਅਪੀਲ ਕੀਤੀ ਸੀ ਕਿ ਚੀਨ ਵੱਲੋਂ ਗਲਵਾਨ ਘਾਟੀ ’ਚ ਕੀਤੀ ਗਈ ਹਿੰਸਕ ਸਰਗਰਮੀ ਦੱਖਣੀ ਚੀਨ ਸਾਗਰ ’ਚ ਤਾਈਵਾਨ ਸਮੇਤ ਕਈ ਦੇਸ਼ਾਂ ਨੂੰ ਆਪਣੀ ਸ਼ਕਤੀ ਦੇ ਦਮ ’ਤੇ ਹੜਕਾਉਣਾ ਅਤੇ ਹਾਂਗਕਾਂਗ ’ਚ ਲੋਕਤੰਤਰਿਕ ਅੰਦੋਲਨ ਨੂੰ ਘਾਣਪੂਰਵਕ ਦਰੜਣ ਦੇ ਬਾਅਦ ਹੁਣ ਭਾਰਤ ਨੂੰ ਤਾਈਵਾਨ ਦੇ ਨਾਲ ਰਣਨੀਤਕ ਗਠਜੋੜ ਸ਼ੁਰੂ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਚੀਨ ਦੇ ਹਮਲਾਵਰਪੁਣੇ ’ਚ ਕਮੀ ਆਵੇ। ਬਾਊਸ਼ੁਆਨ ਗੇਰ ਨੇ ਅੱਗੇ ਕਿਹਾ ਹੈ ਕਿ ਚੀਨ ਦੇ ਹਮਲਾਵਰਪੁਣੇ ਨੂੰ ਰੋਕਣ ਦੇ ਲਈ ਭਾਰਤ ਅਤੇ ਤਾਈਵਾਨ ਦਾ ਹੱਥ ਮਿਲਾਉਣਾ ਬੜਾ ਜ਼ਰੂਰੀ ਹੈ। ਗੇਰ ਨੇ ਭਾਰਤ ਨਾਲ ਤਾਈਵਾਨ ਨੂੰ ਵਿਸ਼ਵ ਸਿਹਤ ਸੰਗਠਨ ਅਤੇ ਇੰਟਰਪੋਲ ਦਾ ਮੈਂਬਰ ਬਣਾਏ ਜਾਣ ਦੇ ਲਈ ਕੂਟਨੀਤਕ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਹੈ।
ਦਰਅਸਲ ਤਾਈਵਾਨ ਦੇ ਪੂਰੀ ਦੁਨੀਆ ’ਚ ਇਸ ਸਮੇਂ 14 ਜਾਂ 15 ਮਿੱਤਰ ਦੇਸ਼ ਹਨ ਜਿਨ੍ਹਾਂ ਨਾਲ ਉਸ ਦਾ ਕੂਟਨੀਤਕ ਸਬੰਧ ਬਣਿਆ ਹੋਇਆ ਹੈ ਜਦਕਿ ਚੀਨ ਦੇ ਕਾਰਨ ਦੁਨੀਆ ਦੇ ਵੱਡੀ ਗਿਣਤੀ ’ਚ ਦੇਸ਼ਾਂ ਨੇ ਤਾਈਵਾਨ ਨੂੰ ਅਧਿਕਾਰਤ ਤੌਰ ’ਤੇ ਇਕ ਆਜ਼ਾਦ ਦੇਸ਼ ਦੀ ਮਾਨਤਾ ਵੀ ਨਹੀਂ ਦਿੱਤੀ ਹੈ। ਤਾਈਵਾਨ ਚੀਨ ਦੇ ਪਰਛਾਵੇਂ ਤੋਂ ਬਾਹਰ ਨਿਕਲ ਕੇ ਵਿਸ਼ਵ ਪੱਧਰੀ ਮੰਚ ’ਤੇ ਆਪਣੇ ਲਈ ਇਕ ਅਧਿਕਾਰਕ ਮਾਨਤਾ ਚਾਹੁੰਦਾ ਹੈ ਪਰ ਚੀਨ ਆਪਣੀ ਸ਼ਕਤੀ, ਪੈਸੇ ਅਤੇ ਸੰਯੁਕਤ ਰਾਸ਼ਟਰ ’ਚ ਪ੍ਰਭਾਵ ਦੇ ਕਾਰਨ ਅਜਿਹਾ ਨਹੀਂ ਹੋਣ ਦਿੰਦਾ ਜਿਸ ਨਾਲ ਤਾਈਵਾਨ ਨੂੰ ਬੜਾ ਨੁਕਸਾਨ ਹੋ ਰਿਹਾ ਹੈ। ਇਸ ’ਚ ਪਹਿਲਾ ਵੱਡਾ ਨੁਕਸਾਨ ਤਾਂ ਤਾਈਵਾਨ ਦੀ ਸੁਤੰਤਰ ਪਛਾਣ ਨੂੰ ਲੈ ਕੇ ਅਤੇ ਦੂਜਾ ਵੱਡਾ ਨੁਕਸਾਨ ਉਸ ਦੀ ਵਧਦੀ ਅਤੇ ਮਜ਼ਬੂਤ ਹੁੰਦੀ ਅਰਥਵਿਵਸਥਾ ਨੂੰ ਲੈ ਕੇ ਹੈ ਜੋ ਆਪਣੇ ਟੀਚੇ ਦੇ ਅਨੁਸਾਰ ਅੱਗੇ ਨਹੀਂ ਵਧ ਰਹੀ ਹੈ। ਦਰਅਸਲ ਤਾਈਵਾਨ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇਕਰ ਭਾਰਤ ਉਸ ਦੇ ਪੱਖ ’ਚ ਆ ਗਿਆ ਤਾਂ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਤਾਈਵਾਨ ਆਪਣੇ ਪੱਖ ’ਚ ਕਰਨ ’ਚ ਸਮਰੱਥ ਹੈ, ਇਸ ਨਾਲ ਤਾਈਵਾਨ ਦੇ ਲਈ ਅਗਲਾ ਰਾਹ ਸੌਖਾ ਨਹੀਂ ਹੋਵੇਗਾ।
ਹਾਲ ਹੀ ’ਚ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੀ ਤਾਈਵਾਨ ਯਾਤਰਾ ਦੇ ਬਾਅਦ ਜਦੋਂ ਚੀਨ ਨੇ ਤਾਈਵਾਨ ਨੂੰ ਚੁਫੇਰਿਓਂ ਘੇਰ ਲਿਆ ਸੀ ਉਦੋਂ ਅਮਰੀਕੀ, ਫਰਾਂਸੀਸੀ ਅਤੇ ਦੂਸਰੇ ਦੇਸ਼ਾਂ ਦੇ ਜੰਗੀ ਬੇੜਿਆਂ ਨੇ ਉਥੇ ਆਪਣਾ ਡੇਰਾ ਲਗਾ ਲਿਆ ਸੀ, ਜਿਸ ਦੇ ਬਾਅਦ ਚੀਨ ਨੂੰ ਆਪਣੇ ਕਦਮ ਵਾਪਸ ਖਿੱਚਣੇ ਪਏ ਸਨ। ਨਾਲ ਹੀ ਭਾਰਤ ਨੇ ਵੀ ਚੀਨ ਨੂੰ ਕਿਹਾ ਸੀ ਕਿ ਚੀਨ ਤਾਈਵਾਨ ਜਲਡਮਰੂ ਮੱਧ ਖੇਤਰ ਵਿਚ ਅਜਿਹਾ ਕੋਈ ਕਦਮ ਨਾ ਚੁੱਕੇ ਤੇ ਅਜਿਹੀ ਕੋਈ ਇਕਤਰਫਾ ਕਾਰਵਾਈ ਨਾ ਕਰੇ ਜਿਸ ਨਾਲ ਪੂਰੇ ਖੇਤਰ ਵਿਚ ਤਣਾਅ ਵਧੇ ਤੇ ਜਿਉਂ ਦੀ ਤਿਉਂ ਸਥਿਤੀ ਵਿਗੜੇ।
ਚੀਨ ਨੂੰ ਹੁਣ ਇਸ ਗੱਲ ਦਾ ਡਰ ਸਤਾਉਣ ਲੱਗਾ ਹੈ ਕਿ ਕਿਤੇ ਭਾਰਤ ਵੀ ‘ਇਕ ਚੀਨ ਨੀਤੀ’ ਨੂੰ ਛੱਡ ਕੇ ਪੱਛਮੀ ਦੇਸ਼ਾਂ ਦੇ ਨਾਲ ਰਲ ਕੇ ਤਾਈਵਾਨ ਦਾ ਸਮਰਥਨ ਨਾ ਕਰਨ ਲੱਗੇ ਪਰ ਚੀਨ ਦੇ ਕੋਲ ਲੱਗਦਾ ਹੈ ਕਿ ਦਿਮਾਗ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਅਜਿਹੇ ਮੌਕੇ ’ਤੇ ਕੂਟਨੀਤਕ ਢੰਗ ਨਾਲ ਭਾਰਤ ਦਾ ਸਮਰਥਨ ਹਾਸਲ ਕਰਨ ਦੀ ਥਾਂ ਚੀਨ ਨੇ ਭਾਰਤੀ ਮੀਡੀਆ ਨੂੰ ਚਿਤਾਵਨੀ ਦੇਣੀ ਸ਼ੁਰੂ ਕਰ ਦਿੱਤੀ ਕਿ ਭਾਰਤ ਇਕ ਚੀਨ ਨੀਤੀ ਦੀ ਪਾਲਣਾ ਕਰੇ। ਚੀਨ ਸ਼ਾਇਦ ਇਹ ਸਮਝ ਰਿਹਾ ਹੈ ਕਿ ਉਹ ਜਿਸ ਤਰ੍ਹਾਂ ਆਪਣੇ ਦੇਸ਼ ਵਿਚ ਮੀਡੀਆ ਨੂੰ ਮੁੱਠੀ ਵਿਚ ਰੱਖਦਾ ਹੈ, ਭਾਰਤ ਵੀ ਉਹੋ ਜਿਹਾ ਹੀ ਕਰੇਗਾ ਜਦਕਿ ਭਾਰਤ ਵਰਗੇ ਲੋਕਤੰਤਰਿਕ ਦੇਸ਼ ਵਿਚ ਮੀਡੀਆ ਪੂਰੀ ਤਰ੍ਹਾਂ ਆਜ਼ਾਦ ਹੈ ਅਤੇ ਆਪਣੀਆਂ ਖਬਰਾਂ ਕਿਸੇ ਦੇ ਕਹਿਣ ਉਤੇ ਨਹੀਂ ਸਗੋਂ ਆਪਣੇ ਸੂਚਨਾ ਤੰਤਰ ਅਤੇ ਸੂਤਰਾਂ ਤੋਂ ਮਿਲੀ ਠੋਸ ਜਾਣਕਾਰੀ ਦੇ ਆਧਾਰ ਉਤੇ ਛਾਪਦਾ ਹੈ। ਉਥੇ ਹੀ ਚੀਨੀ ਦੂਤਘਰ ਦੇ ਬੁਲਾਰੇ ਵਾਂਗਸ਼ਿਆਓ ਚਯਾਨ ਨੇ ਭਾਰਤੀ ਮੀਡੀਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਇਸ ਦੁਨੀਆ ਵਿਚ ਇਕ ਚੀਨ ਹੈ ਅਤੇ ਤਾਈਵਾਨ ਉਸਦਾ ਅਨਿੱਖੜਵਾਂ ਹਿੱਸਾ ਹੈ ਅਤੇ ਪੀਪਲਸ ਰਿਪਬਲਿਕ ਆਫ ਚਾਈਨਾ ਇਕਮਾਤਰ ਸਰਕਾਰ ਹੈ ਜੋ ਵਿਸ਼ਵ ਪੱਧਰੀ ਮੰਚ ’ਤੇ ਚੀਨ ਅਤੇ ਤਾਈਵਾਨ ਦੋਵਾਂ ਦੀ ਪ੍ਰਤੀਨਿਧਤਾ ਕਰਦੀ ਹੈ। ਚਯਾਨ ਨੇ ਅੱਗੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਤਾਈਵਾਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ, ਇਹ ਗੱਲ ਸਮਝ ਤੋਂ ਪਰ੍ਹੇ ਹੈ ਕਿ ਚੀਨ ਭਾਰਤੀ ਅਧਿਕਾਰੀਆਂ ਨੂੰ ਹੁਕਮ ਦੇਣ ਦੇ ਭਾਵ ਨਾਲ ਕਿਵੇਂ ਕੋਈ ਗੱਲ ਕਹਿ ਸਕਦਾ ਹੈ। ਓਧਰ ਚੀਨ ਨੇ ਭਾਰਤੀ ਮੀਡੀਆ ਨੂੰ ਨਸੀਹਤ ਅਤੇ ਚਿਤਾਵਨੀ ਤਾਂ ਦਿੱਤੀ ਹੈ ਪਰ ਚੀਨ ਭਾਰਤ ਦੇ ਜੰਮੂ-ਕਸ਼ਮੀਰ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ, ਅਰੁਣਾਚਲ ਪ੍ਰਦੇਸ਼ ਨੂੰ ਦੱਖਣੀ ਚੀਨ ਦਾ ਹਿੱਸਾ ਮੰਨਦਾ ਹੈ ਅਤੇ ਉਸ ਨੂੰ ਨਾਨ ਤਸਾਂਗ ਦੇ ਨਾਂ ਨਾਲ ਸੱਦਦਾ ਹੈ। ਜਦੋਂ ਚੀਨ ਭਾਰਤ ਦੇ ਅਸਲੀ ਅਨਿੱਖੜਵੇਂ ਹਿੱਸਿਆਂ ਨੂੰ ਭਾਰਤ ਦਾ ਹਿੱਸਾ ਨਹੀਂ ਮੰਨਦਾ ਅਤੇ ਆਪਣੇ ਦੇਸ਼ ’ਚ ਜਾਰੀ ਭਾਰਤ ਦੇ ਨਕਸ਼ੇ ਨਾਲ ਇਨ੍ਹਾਂ ਦੋਵਾਂ ਇਲਾਕਿਆਂ ਨੂੰ ਭਾਰਤ ਦੀ ਥਾਂ ਚੀਨ ਦੇ ਨਕਸ਼ੇ ’ਚ ਦਿਖਾਉਂਦਾ ਹੈ ਤਾਂ ਫਿਰ ਚੀਨ ਭਾਰਤ ਨਾਲ ‘ਇਕ ਚੀਨ ਨੀਤੀ’ ਦੀ ਪਾਲਣਾ ਕਰਨ ਦੀ ਗੱਲ ਵੀ ਕਿਵੇਂ ਸੋਚ ਸਕਦਾ ਹੈ।

 


author

Aarti dhillon

Content Editor

Related News