ਭਾਰਤ ਦੇ ਨਾਲ ਲੱਗਦੀ ਸਰਹੱਦ ’ਤੇ ਬਣਾਏ ਪਿੰਡਾਂ ’ਚ ਚੀਨ ਆਬਾਦੀ ਵਸਾਉਣ ਲੱਗਾ

Monday, Feb 19, 2024 - 05:29 AM (IST)

ਚੀਨ ਆਪਣੀ ਆਦਰਸ਼ ਪਿੰਡਾਂ ਦੀ ਧਾਰਨਾ ਨੂੰ, ਜਿਸ ਨੂੰ ਉੱਥੋਂ ਦੀ ਭਾਸ਼ਾ ’ਚ ‘ਸ਼ਿਆਓਕਾਂਗ’ ਕਹਿੰਦੇ ਹਨ, ਉੱਤਰ-ਪੂਰਬ ਖੇਤਰ ’ਚ ਭਾਰਤ-ਚੀਨ ਸਰਹੱਦ ’ਤੇ ਅਸਲ ਕੰਟ੍ਰੋਲ ਰੇਖਾ ਦੇ ਨੇੜੇ ਤੱਕ ਲੈ ਕੇ ਪਹੁੰਚ ਗਿਆ ਹੈ ਜਿੱਥੇ ਉਹ 2019 ਤੋਂ ਹੀ ਆਪਣੇ ਇਨਫ੍ਰਾਸਟ੍ਰੱਕਚਰ ਦੇ ਵਿਕਾਸ ਅਤੇ ਵਾਧੂ ਤਾਇਨਾਤੀ ਦੇ ਨਾਲ ਕੰਮ ਕਰ ਰਿਹਾ ਸੀ।

ਲੋਹਿਤ ਘਾਟੀ ਅਤੇ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਦੇ ਪਾਰ ਐੱਲ. ਏ. ਸੀ. ਦੇ ਕੰਢੇ ਬਣੇ ਇਨ੍ਹਾਂ ਪਿੰਡਾਂ ਨੂੰ ‘ਸ਼ਿਆਓਕਾਂਗ ਬਾਰਡਰ ਡਿਫੈਂਸ ਵਿਲੇਜੇਸ’ ਦਾ ਨਾਂ ਦਿੱਤਾ ਗਿਆ ਹੈ ਜਿਨ੍ਹਾਂ ਨੂੰ ਨਾਗਰਿਕਾਂ ਦੇ ਨਾਲ-ਨਾਲ ਫੌਜ ਲਈ ਵੀ ਵਰਤਿਆ ਜਾ ਸਕਦਾ ਹੈ।

ਚੀਨ ਨੇ ਪਿਛਲੇ 5 ਸਾਲਾਂ ਤੋਂ ਵੱਧ ਸਮੇਂ ਦੇ ਦੌਰਾਨ ਤਿੱਬਤ ਖੁਦਮੁਖਤਾਰ ਖੇਤਰ ਤਤਾਲਦਾਧ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਸਰਹੱਦਾਂ ਸਮੇਤ ਐੱਲ. ਏ. ਸੀ. ਦੇ ਨਾਲ-ਨਾਲ 628 ਪਿੰਡਾਂ ਦੀ ਉਸਾਰੀ ਕੀਤੀ ਹੈ ਅਤੇ ਹੁਣ ਉਸ ਨੇ ਆਪਣੀ ਇਸ ਯੋਜਨਾ ਨੂੰ ਅਮਲੀ ਰੂਪ ਦੇ ਕੇ ਐੱਨ. ਏ. ਸੀ. ਦੇ ਨੇੜੇ ਬਣੀਆਂ ਦੋ ਮੰਜ਼ਿਲਾ ਇਮਾਰਤਾਂ ’ਚ, ਜੋ ਕੁਝ ਸਮਾਂ ਪਹਿਲਾਂ ਤੱਕ ਖਾਲੀ ਪਈਆਂ ਸਨ, ਆਪਣੇ ਲੋਕਾਂ ਨੂੰ ਵਸਾਉਣਾ ਸ਼ੁਰੂ ਕਰ ਦਿੱਤਾ ਹੈ।

ਚੀਨ ਦੇ ਇਸ ਕਦਮ ਨੇ, ਜਿਸ ਨੂੰ ਭਾਰਤੀ ਰਣਨੀਤੀਕਾਰ ਜ਼ਮੀਨ ਹਥਿਆਉਣ ਦੀ ਉਸ ਦੀ ਰਣਨੀਤੀ ਦਾ ਹੀ ਇਕ ਹਿੱਸਾ ਮੰਨਦੇ ਹਨ, ਭਾਰਤ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਪਿੰਡਾਂ ’ਚ ਜਿਹੜੇ ਲੋਕਾਂ ਨੂੰ ਥਾਂ ਦਿੱਤੀ ਜਾ ਰਹੀ ਹੈ ਉਹ ਸੰਭਾਵਿਤ ਸਾਬਕਾ ਫੌਜੀ ਹਨ ਅਤੇ ਇਨ੍ਹਾਂ ਮਕਾਨਾਂ ਦੀ ਵਰਤੋਂ ਰਹਿਣ ਦੇ ਨਾਲ-ਨਾਲ ਪ੍ਰਤੀਰੱਖਿਆ ਦੇ ਮਕਸਦਾਂ ਨਾਲ ਵੀ ਕੀਤੀ ਜਾ ਸਕਦੀ ਹੈ।

ਭੂਟਾਨ ਦੀ ਸਰਹੱਦ ਦੇ ਨੇੜੇ ਸਥਿਤ ਸਰਹੱਦੀ ਪਿੰਡਾਂ ’ਚ ਵੀ ਚੀਨ ਬੁਨਿਆਦੀ ਢਾਂਚੇ ਦੀ ਉਸਾਰੀ ਕਰ ਰਿਹਾ ਹੈ ਤਾਂ ਕਿ ਪੂਰਬ-ਉੱਤਰ ਦੇ ਇਲਾਕਿਆਂ ਨੂੰ ਬਾਕੀ ਭਾਰਤ ਨਾਲੋਂ ਕੱਟਣ ਦੀ ਸਮਰੱਥਾ ਵਿਕਸਿਤ ਕਰ ਸਕੇ।

ਇਸ ਦੇ ਜਵਾਬ ’ਚ ਭਾਰਤ ਨੇ ਵੀ ਪਿਛਲੇ 3-4 ਸਾਲਾਂ ’ਚ ਆਪਣੇ ਪਿੰਡਾਂ ਨੂੰ ਵਿਕਸਿਤ ਕਰਨ ਦੀ ਯੋਜਨਾ ਬਣਾਈ ਹੈ। ‘ਵਾਇਬ੍ਰੈਂਟ ਵਿਲੇਜੇਸ ਪ੍ਰੋਗਰਾਮ’ ਦੇ ਅਧੀਨ 663 ਸਰਹੱਦੀ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਨਾਲ ਲੈਸ ਕਰ ਕੇ ਆਧੁਨਿਕ ਪਿੰਡਾਂ ’ਚ ਵਿਕਸਿਤ ਕੀਤਾ ਜਾਵੇਗਾ। ਇਸ ’ਚ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ’ਚ ਚੀਨ ਦੀ ਸਰਹੱਦ ਦੇ ਨਾਲ ਲੱਗਣ ਵਾਲੇ ਘੱਟੋ-ਘੱਟ 17 ਪਿੰਡ ਸ਼ਾਮਲ ਹਨ।

ਇਸ ਦੇ ਨਾਲ ਹੀ ਭਾਰਤ ਨੇ ਆਪਣੇ ਬੁਨਿਆਦੀ ਸਰਹੱਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਧਿਆਨ ਦਿੱਤਾ ਹੈ ਜਿਸ ’ਚ ਐੱਲ. ਏ. ਸੀ. ਲਈ ਬਦਲਵੇਂ ਰਾਹਾਂ ਦੀ ਉਸਾਰੀ ਕਰ ਕੇ ਉਨ੍ਹਾਂ ਨੂੰ ਆਪਸ ’ਚ ਜੋੜਨਾ ਅਤੇ ਕੁਨੈਕਟੀਵਿਟੀ ’ਚ ਸੁਧਾਰ ਕਰਨਾ ਸ਼ਾਮਲ ਹੈ।

ਹਾਲਾਂਕਿ ਇਸ ਖੇਤਰ ’ਚ ਉਸਾਰੀ ਕਾਰਜ ਜਾਰੀ ਹਨ ਪਰ ਅਨਿਸ਼ਚਿਤ ਮੌਸਮ ਵਾਲਾ ਔਖਾ ਇਲਾਕਾ ਹੋਣ ਦੇ ਕਾਰਨ ਉਸਾਰੀ ਪੂਰੀ ਕਰਨ ’ਚ ਸਮਾਂ ਲੱਗੇਗਾ, ਇਸ ਲਈ ਭਾਰਤ ਨੂੰ ਚੀਨ ਦੀਆਂ ਉਕਤ ਸਰਗਰਮੀਆਂ ਨੂੰ ਦੇਖਦੇ ਹੋਏ ਸਰਹੱਦ ’ਤੇ ਤਤਕਾਲ ਆਪਣੇ ਚੌਕਸੀ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ।


Anmol Tagra

Content Editor

Related News