ਮਹਿਬੂਬਾ ਦੇ ਨਜ਼ਰੀਏ ’ਚ ਬਦਲਾਅ ਮਜਬੂਰੀ ਜਾਂ ਅਸਲੀਅਤ

07/30/2021 3:20:16 AM

ਭਾਰਤ ਨਾਲ ਸਾਲਾਂ ਦੀ ਦੁਸ਼ਮਣੀ ਦੇ ਬਾਅਦ ਵੀ ਜਦੋਂ ਪਾਕਿਸਤਾਨ ਕੁਝ ਨਾ ਪਾ ਸਕਿਆ ਤਾਂ ਨਵਾਜ਼ ਸ਼ਰੀਫ ਨੇ 21 ਫਰਵਰੀ, 1999 ਨੂੰ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਦੋਵਾਂ ਦੇਸ਼ਾਂ ’ਚ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ।

ਉਦੋਂ ਆਸ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਇਸ ਦੇ ਕੁਝ ਹੀ ਸਮੇਂ ਬਾਅਦ ਪ੍ਰਵੇਜ਼ ਮੁਸ਼ੱਰਫ ਨੇ ਨਵਾਜ਼ ਸ਼ਰੀਫ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਕੇ ਸੱਤਾ ਹਥਿਆਉਣ ਦੇ ਬਾਅਦ ਦੇਸ਼ ਨਿਕਾਲਾ ਦੇ ਦਿੱਤਾ ਅਤੇ 1999 ’ਚ ਕਾਰਗਿਲ ’ਤੇ ਹਮਲਾ ਕਰਵਾ ਕੇ ਲਾਹੌਰ ਐਲਾਨ ਪੱਤਰ ਦੀਆਂ ਧੱਜੀਆਂ ਉਡਾ ਦਿੱਤੀਆਂ।

ਨਵਾਜ਼ ਸ਼ਰੀਫ ਜਦੋਂ 2013 ’ਚ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਪਹਿਲਾਂ ਮਿੱਥੇ ਪ੍ਰੋਗਰਾਮ ਦੇ 25 ਦਸੰਬਰ, 2015 ਨੂੰ ਕਾਬੁਲ ਤੋਂ ਆਉਂਦੇ ਹੋਏ ਰਾਹ ’ਚ ਲਾਹੌਰ ’ਚ ਰੁਕ ਕੇ ਨਵਾਜ਼ ਸ਼ਰੀਫ ਦੇ ਘਰ ਉਨ੍ਹਾਂ ਦੀ ਦੋਹਤੀ ਦੇ ਵਿਆਹ ਸਮਾਗਮ ’ਚ ਹਿੱਸਾ ਲੈਣ ਪਹੁੰਚ ਗਏ ਸਨ, ਪਰ ਇਸ ਤੋਂ ਪਹਿਲਾਂ ਕਿ ਦੋਵੇਂ ਨੇਤਾ ਸਬੰਧ ਆਮ ਹੋਣ ਦੀ ਦਿਸ਼ਾ ’ਚ ਹੋਰ ਅੱਗੇ ਵਧਦੇ, ਨਵਾਜ਼ ਸ਼ਰੀਫ ਨੂੰ ਸੱਤਾ ਤੋਂ ਫਿਰ ਹੱਥ ਧੋਣਾ ਪਿਆ।

ਦੋਵਾਂ ਦੇਸ਼ਾਂ ਦੇ ਸਬੰਧਾਂ ’ਚ ਕੁਝ ਬਦਲਾਅ ਦਾ ਇਕ ਸੰਕੇਤ 18 ਅਗਸਤ, 2018 ਨੂੰ ਮਿਲਿਆ ਜਦੋਂ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ, ਪਰ ਇਹ ਆਸ ਸਫਲ ਨਾ ਹੋਈ ਅਤੇ ਪਾਕਿਸਤਾਨ ਵੱਲੋਂ ਭਾਰਤ ਵਿਰੋਧੀ ਸਰਗਰਮੀਆਂ ਜਾਰੀ ਰਹਿਣ ਦੇ ਕਾਰਨ ਸਬੰਧ ਪਹਿਲਾਂ ਵਰਗੇ ਹੀ ਤਣਾਅਪੂਰਨ ਬਣੇ ਹੋਏ ਹਨ।

ਜੰਮੂ-ਕਸ਼ਮੀਰ ’ਚ ਸਰਗਰਮ ਪਾਕਿਸਤਾਨ ਸਮਰਥਿਤ ਵੱਖਵਾਦੀ ਨੇਤਾਵਾਂ ਅਤੇ ਅੱਤਵਾਦੀਆਂ ਨੇ ਹਿੰਸਾ ਜਾਰੀ ਰੱਖੀ ਹੈ। ਹਾਲਾਂਕਿ ਭਾਜਪਾ ਦੇ ਨਾਲ ਗਠਜੋੜ ’ਚ ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਸੁਪਰੀਮੋ ਮਹਿਬੂਬਾ ਮੁਫਤੀ ਦੀ ਸਰਕਾਰ (4 ਅਪ੍ਰੈਲ 2016-19 ਜੂਨ 2018) ਨੂੰ ਭਾਜਪਾ ਨੇ ਸੂਬੇ ’ਚ ਸ਼ਾਂਤੀ ਸਥਾਪਨਾ ਦਾ ਇਕ ਮੌਕਾ ਦਿੱਤਾ ਸੀ ਪਰ ਅਜਿਹਾ ਨਾ ਹੋ ਸਕਿਆ ਅਤੇ ਮਹਿਬੂਬਾ ’ਤੇ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਨਾਲ ਕਥਿਤ ਸਬੰਧਾਂ ਦੇ ਦੋਸ਼ ਲੱਗਦੇ ਰਹੇ।

ਇਸੇ ਸਾਲ 24 ਮਾਰਚ ਨੂੰ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਵਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮਹਿਬੂਬਾ ਦੀ ਪਾਰਟੀ ਦੇ ਇਕ ਵੱਡੇ ਨੇਤਾ ਵਹੀਦ-ਉਰ-ਰਹਿਮਾਨ-ਪਾਰਾ ਸਮੇਤ 4 ਲੋਕਾਂ ਦੇ ਵਿਰੁੱਧ ਦੋਸ਼ ਪੱਤਰ ਦਾਇਰ ਕੀਤਾ ਸੀ ਜੋ ਅਜੇ ਜੇਲ ’ਚ ਹਨ। ‘ਪਾਰਾ’ ’ਤੇ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਫਾਈਨਾਂਸਰ ਦੇ ਰੂਪ ’ਚ ਕੰਮ ਕਰਨ ਦਾ ਦੋਸ਼ ਹੈ।

ਮਹਿਬੂਬਾ ਅਕਸਰ ਵਿਵਾਦਿਤ ਬਿਆਨ ਵੀ ਦਿੰਦੀ ਰਹਿੰਦੀ ਹੈ ਪਰ 28 ਜੁਲਾਈ ਨੂੰ ਪੀ. ਡੀ. ਪੀ. ਦੇ 22ਵੇਂ ਸਥਾਪਨਾ ਦਿਵਸ ’ਤੇ ਸ਼੍ਰੀਨਗਰ ’ਚ ਇਕ ਪ੍ਰੋਗਰਾਮ ’ਚ ਉਨ੍ਹਾਂ ਨੇ ਜੋ ਭਾਸ਼ਣ ਦਿੱਤਾ, ਉਸ ’ਚ ਉਨ੍ਹਾਂ ਦੇ ਸਟੈਂਡ ’ਚ ਬਦਲਾਅ ਦੀ ਕੁਝ ਝਲਕ ਦਿਖਾਈ ਦਿੰਦੀ ਹੈ :

‘‘ਲੋਕਾਂ ਨੂੰ ਹਥਿਆਰ ਛੱਡ ਕੇ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ। ਸਾਨੂੰ ਡਾਂਗਾਂ ਨਹੀਂ ਚੁੱਕਣੀਆਂ ਚਾਹੀਦੀਆਂ ਕਿਉਂਕਿ ਅਜਿਹੇ ਲੋਕ ਮੌਜੂਦ ਹਨ ਜੋ ਚਾਹੁੰਦੇ ਹਨ ਕਿ ਵੱਧ ਤੋਂ ਵੱਧ ਨੌਜਵਾਨ ਹਥਿਆਰ ਚੁੱਕਣ ਤਾਂ ਕਿ ਉਹ ਉਨ੍ਹਾਂ ’ਤੇ ਵੱਧ ਅੱਤਿਆਚਾਰ ਕਰ ਸਕਣ। ਇਸ ਲਈ ਮੈਂ ਆਪਣੇ ਨੌਜਵਾਨਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਉਹ ਹਥਿਆਰ ਨਾ ਚੁੱਕਣ। ਤੁਸੀਂ ਲੋਕ ਮਾਰੇ ਜਾਂਦੇ ਹੋ ਅਤੇ ਪਿੱਛੇ ਛੱਡ ਜਾਂਦੇ ਹੋ ਬੁੱਢੇ ਮਾਂ-ਬਾਪ।’’

‘‘ਸਾਨੂੰ ਅਹਿੰਸਾ ਦਾ ਰਸਤਾ ਚੁਣਨਾ ਹੋਵੇਗਾ। ਸਾਨੂੰ (ਮਹਾਤਮਾ) ਗਾਂਧੀ ਤੋਂ ਸਿੱਖਣਾ ਹੋਵੇਗਾ। ਉਹ ਭਾਰਤ ਦੇ ਸਭ ਤੋਂ ਵੱਡੇ ਨੇਤਾ ਸਨ ਅਤੇ ਉਨ੍ਹਾਂ ਨੇ ਜਨਤਾ ’ਤੇ ਅੱਤਿਆਚਾਰਾਂ ਦੇ ਵਿਰੁੱਧ ਲੜਾਈ ਲੜੀ।’’

‘‘ਪੀ. ਡੀ. ਪੀ. ਦੇ ਸੰਸਥਾਪਕ ਮੁਫਤੀ ਮੁਹੰਮਦ ਸਈਦ ਨੇ ਜੰਮੂ-ਕਸ਼ਮੀਰ ਦੇ ਵੰਡੇ ਹੋਏ ਹਿੱਸਿਆਂ ਦੇ ਦਰਮਿਆਨ ਵਪਾਰ ਅਤੇ ਆਵਾਜਾਈ ਦਾ ਸੁਪਨਾ ਦੇਖਿਆ ਸੀ ਜੋ ਤਤਕਾਲੀਨ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਅਤੇ ਮਨਮੋਹਨ ਸਿੰਘ ਦੇ ਯਤਨਾਂ ਨਾਲ ਸਫਲ ਹੋਇਆ। ਲਿਹਾਜ਼ਾ, ਪਾਕਿਸਤਾਨ ਦੇ ਨਾਲ ਫਿਰ ਗੱਲਬਾਤ ਕਰ ਕੇ ਮੁਜ਼ੱਫਰਾਬਾਦ ਅਤੇ ਰਾਵਲਕੋਟ ਦੇ ਟਰੇਡ ਰੂਟ ਦੁਬਾਰਾ ਖੋਲ੍ਹੀਏ।’’

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘‘ਭਾਰਤ ਨੂੰ ਕਸ਼ਮੀਰ ਮੁੱਦੇ ਦੇ ਹੱਲ ਅਤੇ ਇਲਾਕੇ ’ਚ ਖੂਨ-ਖਰਾਬੇ ’ਤੇ ਮੁਕੰਮਲ ਰੋਕ ਲਗਾਉਣ ਦੇ ਲਈ ਪਾਕਿਸਤਾਨ ਨਾਲ ਗੱਲ ਕਰਨ ’ਚ ਝਿਜਕ ਨਹੀਂ ਹੋਣੀ ਚਾਹੀਦੀ। (ਇਸ ਸਾਲ ਫਰਵਰੀ ਤੋਂ ਲਾਗੂ) ਗੋਲੀਬੰਦੀ ਨਾਲ ਸਰਹੱਦ ’ਤੇ ਸ਼ਾਂਤੀ ਆਈ ਹੈ ਅਤੇ ਘੁਸਪੈਠ ਘੱਟ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੀ ਹੈ ਤਾਂ ਫਿਰ ਪਾਕਿਸਤਾਨ ਦੇ ਨਾਲ ਗੱਲਬਾਤ ਕਰਨ ’ਚ ਗਲਤ ਕੀ ਹੈ? ਅਸੀਂ ਚੀਨ ਨਾਲ ਗੱਲ ਕਰ ਰਹੇ ਹਾਂ ਜਿਸ ਨੇ ਸਾਡੀ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਹੈ।’’

ਇਸ ’ਚ ਕੋਈ ਸ਼ੱਕ ਨਹੀਂ ਕਿ ਦੋਵਾਂ ਦੇਸ਼ਾਂ ’ਚ ਹਿੰਸਾ ਦੀ ਸਮਾਪਤੀ ਹੋਣੀ ਜਾਂ ਵਪਾਰ ਬਹਾਲੀ ਦੋਵਾਂ ਹੀ ਦੇਸ਼ਾਂ ਦੇ ਹਿੱਤ ’ਚ ਹੈ ਅਤੇ ਇਸ ਤੋਂ ਵੱਧ ਲਾਭ ਤਾਂ ਪਾਕਿਸਤਾਨ ਨੂੰ ਹੀ ਹੋਣ ਵਾਲਾ ਹੈ ਜਿੱਥੇ ਮਹਿੰਗਾਈ ਅਤੇ ਬੇਕਾਬੂ ਅੱਤਵਾਦ ਨਾਲ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਹੈ।

ਆਖਿਰ ਇਹ ਤੱਥ ਕਿਸ ਕੋਲੋਂ ਲੁਕਿਆ ਹੋਇਆ ਹੈ ਕਿ ਜੰਮੂ-ਕਸ਼ਮੀਰ ’ਚ ਸਰਗਰਮ ਇਹ ਪਾਕਿਸਤਾਨ ਸਮਰਥਿਤ ਅੱਤਵਾਦੀ ਆਪਣੇ ਹੀ ਲੋਕਾਂ ਦੀ ਹੱਤਿਆ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਤਬਾਹ ਅਤੇ ਬਰਬਾਦ ਕਰਨ ਦੇ ਜ਼ਿੰਮੇਵਾਰ ਹਨ।

ਅਸੀਂ 1 ਜੁਲਾਈ ਦੇ ਸੰਪਾਦਕੀ ‘ਕਸ਼ਮੀਰ ’ਚ ਅੱਤਵਾਦੀਆਂ ਵੱਲੋਂ ਆਪਣਿਆਂ ਦੇ ਵਿਰੁੱਧ ਹਿੰਸਾ ਅਤੇ ਖੂਨ-ਖਰਾਬਾ’ ’ਚ ਲਿਖਿਆ ਸੀ : ‘‘ਕਸ਼ਮੀਰ ਘਾਟੀ ’ਚ ਅੱਤਵਾਦੀਆਂ ਨੇ ਜੋ ਖੂਨੀ ਖੇਡ ਜਾਰੀ ਰੱਖੀ ਹੋਈ ਹੈ ਉਸ ਨਾਲ ਉਹ ਆਪਣੇ ਹੀ ਵਿਰੁੱਧ ਲੋਕਾਂ ਦਾ ਗੁੱਸਾ ਪੈਦਾ ਕਰ ਰਹੇ ਹਨ।’’

ਇਸ ਲਈ ਮਹਿਬੂਬਾ ਦਾ ਨੌਜਵਾਨਾਂ ਨੂੰ ਹਥਿਆਰ ਛੱਡਣ ਤੇ ਸ਼ਾਂਤੀ ਦਾ ਰਾਹ ਅਪਣਾਉਣ ਦੀ ਸਲਾਹ ਸੌ ਫੀਸਦੀ ਸਹੀ ਹੈ। ਜਿੱਥੋਂ ਤੱਕ ਕੇਂਦਰ ਸਰਕਾਰ ਦਾ ਸਬੰਧ ਹੈ ਉਹ ਆਪਣੇ ਮੁੜ-ਵਸੇਬਾ ਪੈਕੇਜ ਦੇ ਅਧੀਨ ਨੌਜਵਾਨ ਪ੍ਰਵਾਸੀ ਕਸ਼ਮੀਰੀਆਂ ਨੂੰ ਸੂਬੇ ’ਚ ਵਾਪਸ ਲਿਆ ਕੇ ਉਨ੍ਹਾਂ ਨੂੰ ਨੌਕਰੀਆਂ ਦੇਣ ਦੇ ਨਾਲ-ਨਾਲ ਲੋਕਾਂ ਦੀ ਸੁਰੱਖਿਆ ਦੇ ਲਈ ਢੁੱਕਵੇਂ ਕਦਮ ਚੁੱਕ ਰਹੀ ਹੈ ਅਤੇ ਹੁਣੇ-ਹੁਣੇ ਉਸ ਨੇ ਵਾਪਸ ਆਏ 1997 ਪ੍ਰਵਾਸੀ ਕਸ਼ਮੀਰੀਆਂ ਨੂੰ ਨੌਕਰੀਆਂ ਵੀ ਦਿੱਤੀਆਂ ਹਨ।

-ਵਿਜੇ ਕੁਮਾਰ


Bharat Thapa

Content Editor

Related News