ਕੇਂਦਰ ਅਤੇ ਬੰਗਾਲ ਸਰਕਾਰ ਦਾ ਮਿਲ-ਜੁਲ ਕੇ ਚੱਲਣਾ ਹੀ ਦੇਸ਼ ਹਿੱਤ ''ਚ
Tuesday, May 25, 2021 - 03:01 AM (IST)
ਭਾਰਤ 'ਚ ਸੰਘੀ ਸ਼ਾਸਨ ਪ੍ਰਣਾਲੀ ਹੈ। ਇਥੇ ਕੇਂਦਰ 'ਚ ਇਕ ਲੋਕ ਸਭਾ ਅਤੇ ਇਕ ਰਾਜ ਸਭਾ ਹੈ, ਜਦਕਿ ਦੇਸ਼ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਇਕ ਸੰਘ ਹੈ, ਜਿਥੇ ਵਧੇਰੇ ਸੂਬਿਆਂ 'ਚ ਵਿਧਾਨ ਸਭਾਵਾਂ ਅਤੇ ਕੁਝ 'ਚ ਵਿਧਾਨ ਪ੍ਰੀਸ਼ਦਾਂ ਵੀ ਹਨ।
ਕੇਂਦਰ ਦੇ ਹੱਥ 'ਚ ਫੌਜ, ਦੂਰਸੰਚਾਰ, ਵਿਦੇਸ਼, ਵਿੱਤ, ਰੇਲਵੇ, ਹਵਾਬਾਜ਼ੀ ਆਦਿ ਮਹੱਤਵਪੂਰਨ ਮੰਤਰਾਲੇ ਹਨ। ਇਨ੍ਹਾਂ ਤੋਂ ਇਲਾਵਾ ਕੇਂਦਰ ਸਰਕਾਰ ਦੀਆਂ ਅਜਿਹੀਆਂ ਢੇਰ ਸਾਰੀਆਂ ਯੋਜਨਾਵਾਂ ਹਨ, ਜਿਨ੍ਹਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੇ ਲਈ ਸੂਬਾ ਸਰਕਾਰ ਦੀ ਪ੍ਰਸ਼ਾਸਨਿਕ ਮਸ਼ੀਨਰੀ ਦੀ ਲੋੜ ਪੈਂਦੀ ਹੈ ਅਤੇ ਇਸ ਦੇ ਸਹਿਯੋਗ ਦੇ ਬਿਨਾਂ ਲੋਕ ਹਿੱਤ ਦੀਆਂ ਇਨ੍ਹਾਂ ਯੋਜਨਾਵਾਂ ਨੂੰ ਲਾਗੂ ਕਰ ਸਕਣਾ ਕੇਂਦਰ ਸਰਕਾਰ ਲਈ ਸੰਭਵ ਨਹੀਂ ਹੁੰਦਾ।
ਇਸੇ ਤਰ੍ਹਾਂ ਸੂਬਿਆਂ ਨੂੰ ਕੁਦਰਤੀ ਆਫਤ ਸਮੇਤ ਕਈ ਮਾਮਲਿਆਂ 'ਚ ਕੇਂਦਰ ਦੇ ਸਹਿਯੋਗ ਦੀ ਲੋੜ ਪੈਂਦੀ ਹੈ ਅਤੇ ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਦੇ ਲਈ ਕੇਂਦਰ ਅਤੇ ਸੂਬਿਆਂ ਦੇ ਆਪਸੀ ਸਹਿਯੋਗ ਨਾਲ ਆਪਸ 'ਚ ਮਿਲ-ਜੁਲ ਕੇ ਚੱਲਣਾ ਜ਼ਰੂਰੀ ਹੈ।
ਕੋਰੋਨਾ ਮਹਾਮਾਰੀ ਦੇ ਪ੍ਰਕੋਪ ਦੌਰਾਨ ਚੋਣ ਕਮਿਸ਼ਨ ਦੇ ਤੌਰ-ਤਰੀਕਿਆਂ ਦੇ ਵਿਰੋਧ ਦਰਮਿਆਨ ਜਿਥੇ ਬੰਗਾਲ 'ਚ ਚੋਣਾਂ 8 ਪੜਾਵਾਂ 'ਚ ਕਰਵਾਈਆਂ ਗਈਆਂ, ਉਥੇ ਅਸਮ 'ਚ 3 ਅਤੇ ਕੇਰਲ, ਤਾਮਿਲਨਾਡੂ ਅਤੇ ਪੁੱਡੂਚੇਰੀ 'ਚ ਇਕ ਹੀ ਪੜਾਅ 'ਚ ਵੋਟਾਂ ਪੁਆਈਆਂ ਗਈਆਂ।
ਇਹੀ ਨਹੀਂ, ਕੇਂਦਰ ਨੇ ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੇ ਵਿਰੁੱਧ ਚੋਣ ਪ੍ਰਚਾਰ 'ਚ ਆਪਣੀ ਪੂਰੀ ਤਾਕਤ ਝੋਕ ਦਿੱਤੀ। ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਦਰਮਿਆਨ ਤਿੱਖੇ ਕੌੜੇ ਵਚਨਾਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਚੋਣ ਹਿੰਸਾ 'ਚ 2 ਦਰਜਨ ਤੋਂ ਵੱਧ ਸਿਆਸੀ ਵਰਕਰ ਅਤੇ ਹੋਰ ਲੋਕ ਮਾਰੇ ਗਏ।
10 ਮਾਰਚ ਨੂੰ ਨੰਦੀਗ੍ਰਾਮ 'ਚ ਚੋਣ ਪ੍ਰਚਾਰ ਦੇ ਦੌਰਾਨ ਮਮਤਾ ਬੈਨਰਜੀ ਦੇ ਪੈਰ 'ਤੇ ਲੱਗੀ ਸੱਟ ਵੀ ਚਰਚਾ ਦਾ ਵਿਸ਼ਾ ਬਣੀ, ਜਿਸ ਨੂੰ ਮਮਤਾ ਨੇ ਆਪਣੇ ਉੱਪਰ ਹਮਲਾ ਅਤੇ ਭਾਜਪਾ ਨੇ ਇਸ ਨੂੰ ਹਮਦਰਦੀ ਬਟੋਰਨ ਦੀ ਕੋਸ਼ਿਸ਼ ਦੱਸਿਆ।
ਹਾਲਾਂਕਿ ਖੁਦ ਤਾਂ ਮਮਤਾ ਨੰਦੀਗ੍ਰਾਮ 'ਚ ਸ਼ੁਭੇਂਦੂ ਅਧਿਕਾਰੀ ਦੇ ਵਿਰੁੱਧ ਚੋਣ ਹਾਰ ਗਈ ਪਰ ਆਪਣੀ ਪਾਰਟੀ ਨੂੰ 213 ਸੀਟਾਂ ਜਤਾ ਕੇ ਉਨ੍ਹਾਂ ਨੇ ਸੂਬੇ ਦੀ ਸੱਤਾ 'ਤੇ ਕਬਜ਼ਾ ਕਰਨ 'ਚ ਫਿਰ ਸਫਲਤਾ ਪ੍ਰਾਪਤ ਕਰ ਲਈ।
ਇਹੀ ਨਹੀਂ, ਸੱਤਾ ਦੀ ਲਾਲਸਾ ਕਾਰਾਨ ਜਾਂ ਕਥਿਤ ਤੌਰ 'ਤੇ ਮਮਤਾ ਬੈਨਰਜੀ ਦੇ ਵਤੀਰੇ ਤੋਂ ਨਾਰਾਜ਼ ਹੋ ਕੇ ਘੱਟੋ-ਘੱਟ 34 ਵਿਧਾਇਕਾਂ, ਦਰਜਨਾਂ ਹੋਰ ਨੇਤਾਵਾਂ ਅਤੇ ਕਈ ਅਭਿਨੇਤਾ-ਅਭਿਨੇਤਰੀਆਂ ਨੇ ਭਾਜਪਾ ਦਾ ਪੱਲਾ ਫੜ ਲਿਆ।
ਇਕ ਪਾਸੇ ਜਿਥੇ ਭਾਜਪਾ ਦੀ ਕੇਂਦਰੀ ਅਤੇ ਸੂਬਾਈ ਲੀਡਰਸ਼ਿਪ ਇਨ੍ਹਾਂ ਦਲ-ਬਦਲੂਆਂ ਨੇ ਅੱਖਾਂ ਮੀਚ ਕੇ ਪਾਰਟੀ 'ਚ ਸ਼ਾਮਲ ਕਰਦੀ ਚਲੀ ਗਈ ਅਤੇ ਦੂਸਰੇ ਪਾਸੇ ਭਾਜਪਾ ਨੇਤਾਵਾਂ ਦੇ ਇਕ ਵਰਗ 'ਚ ਇਸ ਦੇ ਵਿਰੱਧ ਵਗਾਵਤ ਵੀ ਸ਼ੁਰੂ ਹੋ ਗਈ।
'ਰਾਸ਼ਟਰੀ ਸਵੈਮ-ਸੇਵਕ ਸੰਘ' ਦੇ ਕੁਝ ਨੇਤਾਵਾਂ ਨੂੰ ਹੀ ਦਲ-ਬਦਲੂਆਂ ਨੂੰ ਆਪਣੀ ਪਾਰਟੀ 'ਚ ਸ਼ਾਮਲ ਕਰਨਾ ਪਸੰਦ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਦਲ-ਬਦਲੂ 'ਸੱਤਾ ਦੇ ਸਵਾਰਥ' ਦੇ ਲਈ ਹੀ ਦੂਸਰੀ ਪਾਰਟੀ 'ਚ ਜਾਂਦੇ ਹਨ।
ਜਿਥੇ ਤ੍ਰਿਣਮੂਲ ਕਾਂਗਰਸ ਤੋਂ ਆਏ ਦਲ-ਬਦਲੂਆਂ ਨੂੰ ਚੋਣ ਲੜਾਉਣ ਦਾ ਭਾਜਪਾ ਦਾ ਪ੍ਰਯੋਗ ਅਸਫਲ ਰਿਹਾ, ਉਥੇ ਹੀ ਹੁਣ ਮਮਤਾ ਬੈਨਰਜੀ ਦੀ ਜਿੱਤ ਦੇ ਬਾਅਦ ਸੱਤਾ ਲਈ ਪਾਰਟੀ ਛੱਡ ਕੇ ਭਾਜਪਾ 'ਚ ਗਏ ਤ੍ਰਿਣਮੂਲ ਕਾਂਗਰਸ ਦੇ ਇਕ ਦਰਜਨ ਦੇ ਲਗਭਗ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੇ ਪਛਤਾਵਾ ਕਰਦੇ ਹੋਏ ਦੁਬਾਰਾ ਪਾਰਟੀ 'ਚ ਵਾਪਸ ਆਉਣ ਦੀ ਇੱਛਾ ਨਾਲ ਮਮਤਾ ਨੂੰ ਪੱਤਰ ਲਿਖ ਆਪਣੀ ਭੁੱਲ ਲਈ ਮਾਫੀ ਵੀ ਮੰਗੀ ਹੈ।
ਬਦਲੇ ਹਾਲਾਤ 'ਚ ਇਕ ਚੰਗਾ ਭਟਨਾਕ੍ਰਮ ਇਹ ਹੋਇਆ ਹੈ ਕਿ ਜਿਥੇ ਚੋਣ ਨਤੀਜਿਆਂ ਦੇ ਆਉਂਦੇ ਹੀ ਮਮਤਾ ਬੈਨਰਜੀ ਦਾ ਸੱਟ ਵਾਲਾ ਪੈਰ ਠੀਕ ਹੋ ਗਿਆ ਹੈ, ਉਥੇ ਹੀ ਬੰਗਾਲ ਦੀ ਖਾੜੀ ਦੇ ਕੰਢੇ ਵਾਲੇ ਰਾਜਾਂ 'ਤੇ ਧਾਵਾ ਬੋਲਣ ਆ ਰਹੇ ਭਿਆਨਕ ਤੂਫਾਨ 'ਯਾਸ' ਤੋਂ ਬਚਾਅ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਸੱਦੀ ਗਈ ਵੀਡੀਓ ਕਾਨਫਰੰਸ 'ਚ ਮਮਤਾ ਨੇ ਸ਼ਾਮਲ ਹੋ ਕੇ ਸਥਿਤੀ ਨਾਲ ਨਜਿੱਠਣ ਲਈ ਸਾਰੇ ਚੌਕਸੀ ਵਾਲੇ ਕਦਮ ਚੁੱਕਣ ਦਾ ਭਰੋਸਾ ਦਿੱਤਾ।
ਪਰ ਬੈਠਕ ਤੋਂ ਬਾਅਦ ਮਮਤਾ ਬੈਨਰਜੀ ਨੇ ਕੇਂਦਰ ਸਰਕਾਰ 'ਤੇ ਪੱਛਮੀ ਬੰਗਾਲ ਨੂੰ ਯਾਸ ਤੂਫਾਨ ਦੇ ਮੁਕਾਬਲੇ ਲਈ ਪੇਸ਼ਗੀ ਸਹਾਇਤਾ ਰਕਮ ਦੇ ਤੌਰ 'ਤੇ ਸਿਰਫ 400 ਕਰੋੜ ਰੁਪਏ ਦੇਣ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਬੰਗਾਲ ਦੀ ਤੁਲਨਾ 'ਚ ਘੱਟ ਆਬਾਦੀ ਵਾਲੇ ਸੂਬਿਆਂ ਨੂੰ ਵੱਧ ਰਕਮ ਦਿੱਤੀ ਗਈ ਹੈ।
ਪਹਿਲਾਂ ਇਹ ਸਮਝਿਆ ਜਾ ਰਿਹਾ ਸੀ ਕਿ ਮਮਤਾ ਬੈਨਰਜੀ ਇਸ ਬੈਠਕ ਸ਼ਾਮਲ ਨਹੀਂ ਹੋਵੇਗੀ ਪਰ ਕੇਂਦਰ-ਸੂਬਾ ਸੰਬੰਧਾਂ 'ਚ ਇਹ ਸੁਖਾਵਾਂ ਮੋੜ ਹੈ ਕਿਉਂਕਿ ਦੋਵਾਂ ਨੂੰ ਹੀ ਇਕ ਦੂਸਰੇ ਦੀ ਲੋੜ ਹੈ।
ਚੋਣਾਂ ਦੇ ਦੌਰਾਨ ਜੋ ਕੁਝ ਵੀ ਹੋਇਆ, ਉਸ ਨੂੰ ਭੁਲਾ ਕੇ ਹੁਣ ਕੇਂਦਰ ਅਤੇ ਬੰਗਾਲ ਸਰਕਾਰ ਦੇ ਆਪਸ 'ਚ ਮਿਲ-ਜੁਲ ਕੇ ਚੱਲਣ 'ਚ ਹੀ ਦੋਵਾਂ ਅਤੇ ਦੇਸ਼ ਦਾ ਹਿੱਤ ਹੈ। ਝਗੜੇ ਨਾਲ ਕਿਸੇ ਵੀ ਸਮਸਿਆ ਦਾ ਹੱਲ ਨਹੀਂ ਹੁੰਦਾ।
ਆਪਸੀ ਸਹਿਯੋਗ ਅਤੇ ਚੰਗੇ ਸੰਬੰਧਾਂ 'ਚ ਸਫਲਤਾ ਦਾ ਰਹੱਸ ਸਮਾਇਆ ਹੋਇਆ ਹੈ। ਜੇਕਰ ਕੇਂਦਰ ਅਤੇ ਸੂਬਾ ਸਰਕਾਰ ਦੇ ਸੰਬੰਧ ਚੰਗੇ ਹੋਣਗੇ ਤਾਂ ਇਸ ਨਾਲ ਜਿਥੇ ਵਿਕਾਸ ਯੋਜਨਾਵਾਂ ਸਮੇਂ ਸਿਰ ਪੂਰੀਆਂ ਹੋਣਗੀਆਂ ਅਤੇ ਪ੍ਰਸ਼ਾਸਨਿਕ ਤਾਲਮੇਲ ਵਧੇਗਾ, ਉਥੇ ਇਸ ਨਾਲ ਦੇਸ਼ ਦਾ ਸੰਘੀ ਢਾਂਚਾ ਵੀ ਮਜ਼ਬੂਤ ਹੋਵੇਗਾ।
-ਵਿਜੇ ਕੁਮਾਰ