ਨਕਲੀ ਜਾਨਲੇਵਾ ਦਵਾਈਆਂ ਦਾ ਧੰਦਾ ਹਿਮਾਚਲ ’ਚ ਜ਼ੋਰਾਂ ’ਤੇ
Thursday, Dec 08, 2022 - 03:04 AM (IST)
ਭਾਰਤ ਨੂੰ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦਵਾਈ ਨਿਰਮਾਤਾ ਹੋਣ ਕਾਰਨ ‘ਵਿਸ਼ਵ ਦੀ ਫਾਰਮੇਸੀ’ ਵੀ ਕਿਹਾ ਜਾਂਦਾ ਹੈ। ‘ਇੰਡੀਅਨ ਫਾਰਮਾਸਿਊਟੀਕਲ ਅਲਾਇੰਸ’ ਮੁਤਾਬਕ ਅਮਰੀਕਾ ਦੀ ਹਰ ਤੀਜੀ ਅਤੇ ਯੂਰਪ ਦੀ ਹਰ ਚੌਥੀ ਟੈਬਲੇਟ ਭਾਰਤ ’ਚ ਬਣੀ ਹੁੰਦੀ ਹੈ। ਇੱਥੇ ਦੁਨੀਆ ਦੀ 60 ਫੀਸਦੀ ਵੈਕਸੀਨ ਅਤੇ 20 ਫੀਸਦੀ ਜੈਨੇਰਿਕ ਦਵਾਈਆਂ ਬਣਦੀਆਂ ਹਨ ਪਰ ਇਨ੍ਹਾਂ ’ਚ ਮਿਲਾਵਟ ਦਾ ਧੰਦਾ ਤੇਜ਼ੀ ਫੜ ਰਿਹਾ ਹੈ। ਇੱਥੋਂ ਤੱਕ ਕਿ ਪ੍ਰਾਣਰੱਖਿਅਕ ਦਵਾਈਆਂ ਵੀ ਮਿਲਾਵਟੀ ਅਤੇ ਨਕਲੀ ਬਣਨ ਲੱਗੀਆਂ ਹਨ।
ਹਿਮਾਚਲ ’ਚ ਏਸ਼ੀਆ ਦੀ ਸਭ ਤੋਂ ਵੱਡੀ ਫਾਰਮਾਸਿਊਟੀਕਲ ਹਬ ‘ਬੀ. ਬੀ. ਐੱਨ.’ ਦੇ ਬੱਦੀ ’ਚ ਤਿਆਰ ਕੁਝ ਦਵਾਈਆਂ ਦੀ ਗੁਣਵੱਤਾ ’ਤੇ ਸਵਾਲੀਆ ਨਿਸ਼ਾਨ ਲੱਗੇ ਹਨ। ਬੀ. ਬੀ. ਐੱਨ. ’ਚ ਹਰ ਸਾਲ 45000 ਕਰੋੜ ਰੁਪਏ ਦੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਬੱਦੀ ’ਚ ਦੇਸ਼ ਦੀਆਂ 30 ਫੀਸਦੀ ਦਵਾਈਆਂ ਬਣਦੀਆਂ ਹਨ ਪਰ ਇੱਥੇ ਨਕਲੀ ਦਵਾਈਆਂ ਦਾ ਨਿਰਮਾਣ ਦੁਨੀਆ ’ਚ ਹਿਮਾਚਲ ਦੀ ਸਾਖ ਨੂੰ ਢਾਅ ਲਾ ਰਿਹਾ ਹੈ। ਨਕਲੀ ਦਵਾਈਆਂ ਦਾ ਨਿਰਮਾਣ ਅਜਿਹੇ ਉਦਯੋਗਾਂ ’ਚ ਵੀ ਕੀਤਾ ਜਾ ਰਿਹਾ ਹੈ ਜਿਸ ਦਾ ਰਿਕਾਰਡ ਉਦਯੋਗ ਵਿਭਾਗ ਅਤੇ ਸਬੰਧਤ ਵਿਭਾਗ ਕੋਲ ਵੀ ਨਹੀਂ ਹੈ।
* 23 ਸਤੰਬਰ ਨੂੰ ਬੱਦੀ ’ਚ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ’ਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀਆਂ ਨਕਲੀ ਗੋਲੀਆਂ ਵੱਡੀ ਗਿਣਤੀ ’ਚ ਬਰਾਮਦ ਕੀਤੀਆਂ ਗਈਆਂ।
* 22 ਨਵੰਬਰ ਨੂੰ ਬੱਦੀ ਬੈਰੀਅਰ ਤੋਂ ਹਿਮਾਚਲ ਡਰੱਗ ਵਿਭਾਗ ਨੇ ਸਿਪਲਾ ਅਤੇ ਯੂ. ਐੱਸ. ਵੀ. ਸਮੇਤ 8 ਪ੍ਰਸਿੱਧ ਕੰਪਨੀਆਂ ਦੀ ਗਲੇ ਦੀ ਇਨਫੈਕਸ਼ਨ, ਸਰੀਰ ਦਰਦ, ਦਿਲ ਦੇ ਰੋਗਾਂ ਆਦਿ ਦੀਆਂ ਲਗਭਗ ਇਕ ਕਰੋੜ ਰੁਪਏ ਦੀਆਂ ਨਕਲੀ ਦਵਾਈਆਂ ਫੜੀਆਂ। ਇਸ ਸਬੰਧੀ ਨਕਲੀ ਦਵਾਈਆਂ ਬਣਾਉਣ ਵਾਲੇ ਗਿਰੋਹ ਦੇ ਸਰਗਨਾ ਆਗਰਾ ਵਾਸੀ ਮੋਹਿਤ ਬਾਂਸਲ, ਅਤੁਲ ਗੁਪਤਾ ਅਤੇ ਵਿਜੇ ਕੌਸ਼ਲ ਆਦਿ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
* 29 ਨਵੰਬਰ ਨੂੰ ਬੱਦੀ ’ਚ ਮੋਹਿਤ ਬਾਂਸਲ ਦੇ ਇਕ ਹੋਰ ਗੋਦਾਮ ਦਾ ਪਤਾ ਲੱਗਾ, ਜਿੱਥੋਂ ਭਾਰੀ ਮਾਤਰਾ ’ਚ ਵੱਖ-ਵੱਖ ਰੋਗਾਂ ਦੇ ਇਲਾਜ ’ਚ ਕੰਮ ਆਉਣ ਵਾਲੀਆਂ ਨਕਲੀ ਦਵਾਈਆਂ ਤੋਂ ਇਲਾਵਾ ਕੰਪ੍ਰੈਸ਼ਰ ਮਸ਼ੀਨ ਵੀ ਬਰਾਮਦ ਹੋਈ, ਜਿਸ ਦੀ ਵਰਤੋਂ ਪਾਊਡਰ ਨੂੰ ਕੰਪ੍ਰੈੱਸ ਕਰ ਕੇ ਦਵਾਈ ਦੇ ਸਹੀ ਸਾਈਜ਼ ਅਤੇ ਭਾਰ ਲਈ ਕੀਤੀ ਜਾਂਦੀ ਹੈ। ਇੱਥੇ ਡਾਈ ਅਤੇ ਪੰਚ ਦੇ ਵੀ 5 ਸੈੱਟ ਮਿਲੇ, ਜਿਸ ਤੋਂ ਲੱਗਦਾ ਹੈ ਕਿ ਨਕਲੀ ਦਵਾਈਆਂ ਦਾ ਉਤਪਾਦਨ ਕੰਪਨੀ ਦੇ ਗੋਦਾਮਾਂ ’ਚ ਵੀ ਕੀਤਾ ਜਾ ਰਿਹਾ ਸੀ। ਕਈ ਦਵਾਈਆਂ ਦੀਆਂ ਗੋਲੀਆਂ ਤਿਆਰ ਹੋ ਚੁੱਕੀਆਂ ਸਨ, ਜਿਨ੍ਹਾਂ ’ਤੇ ਵੱਡੀਆਂ ਕੰਪਨੀਆਂ ਦੇ ਨਾਂ ਦਾ ਲੇਬਲ ਲਗਾਉਣਾ ਬਾਕੀ ਸੀ।
* 4 ਦਸੰਬਰ ਨੂੰ ਬੱਦੀ ’ਚ ਨਕਲੀ ਦਵਾਈਆਂ ਦਾ ਇਕ ਹੋਰ ਗੋਦਾਮ ਮਿਲਿਆ, ਜਿੱਥੋਂ ਡਰੱਗ ਵਿਭਾਗ ਨੇ 27.91 ਲੱਖ ਰੁਪਏ ਦੀਆਂ ਨਕਲੀ ਦਵਾਈਆਂ ਦੀ ਖੇਪ ਫੜੀ। ਇਸ ਸਬੰਧੀ ਸੂਬਾਈ ਹਾਈ ਕੋਰਟ ਨੇ ਬੱਦੀ ’ਚ ਨਕਲੀ ਦਵਾਈਆਂ ਬਣਾਉਣ ਵਾਲੀ ਕੰਪਨੀ ਦੇ ਗੋਦਾਮਾਂ ’ਚੋਂ ਗੈਰ-ਕਾਨੂੰਨੀ ਦਵਾਈਆਂ ਦਾ ਭੰਡਾਰ ਫੜੇ ਜਾਣ ਦੇ ਮਾਮਲੇ ’ਚ ਖੁਦ ਹੀ ਨੋਟਿਸ ਲੈਂਦੇ ਹੋਏ ਆਗਰਾ ਭੇਜੀਆਂ ਗਈਆਂ ਨਕਲੀ ਦਵਾਈਆਂ ਦਾ ਭੰਡਾਰ ਵਾਪਸ ਮੰਗਵਾਇਆ ਹੈ।
ਇਹ ਪ੍ਰਗਟਾਵਾ ਵੀ ਹੋਇਆ ਹੈ ਕਿ ਬੱਦੀ ਸਥਿਤ 2 ਉਦਯੋਗਾਂ ’ਚ ਦਿਲ ਦੀਆਂ ਬੀਮਾਰੀਆਂ ਦੀਆਂ ਪ੍ਰਸਿੱਧ ਕੰਪਨੀਆਂ ਦੇ ਨਾਂ ਹੇਠ ਨਕਲੀ ਦਵਾਈਆਂ ਬਣਾਈਆਂ ਜਾ ਰਹੀਆਂ ਸਨ। ਨਕਲੀ ਦਵਾਈ ਮਾਫੀਆ ਵਧੇਰੇ ਕਰ ਕੇ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਨਕਲੀ ਦਵਾਈਆਂ ਬਣਾ ਰਿਹਾ ਸੀ।
ਡਰੱਗ ਵਿਭਾਗ ਵੱਲੋਂ ਪਿਛਲੇ 2 ਮਹੀਨਿਆਂ ’ਚ ਨਕਲੀ ਦਵਾਈਆਂ ਦੇ ਸਕੈਂਡਲ ਦਾ ਪਰਦਾਫਾਸ਼ ਕਰ ਕੇ 3 ਮਾਮਲਿਆਂ ’ਚ ਬਰਾਮਦ ਕੀਤੀਆਂ ਗਈਆਂ ਦਵਾਈਆਂ ਦੀ ਵੱਡੀ ਖੇਪ ਨਾਲ ਇਸ ਦਾ ਖੁਲਾਸਾ ਹੋਇਆ।
ਉੱਤਰ ਪ੍ਰਦੇਸ਼ ਤੋਂ ਇਲਾਵਾ ਹੋਰਨਾਂ ਸੂਬਿਆਂ ’ਚ ਵੀ ਨਕਲੀ ਦਵਾਈਆਂ ਦੀ ਸਪਲਾਈ ਕੀਤੀ ਜਾ ਰਹੀ ਸੀ। ਹਾਈ ਕੋਰਟ ਨੇ ਬੱਦੀ ’ਚ ਨਕਲੀ ਦਵਾਈਆਂ ਬਣਾਉਣ ਦਾ ਨੋਟਿਸ ਲੈਂਦੇ ਹੋਏ ਸੂਬੇ ਦੇ ਮੁੱਖ ਸਕੱਤਰ ਸਮੇਤ ਹੋਰਨਾਂ ਪ੍ਰਤੀਵਾਦੀਆਂ ਕੋਲੋਂ 3 ਹਫਤਿਆਂ ’ਚ ਜਵਾਬ ਮੰਗਿਆ ਹੈ। ਉੱਤਰ ਪ੍ਰਦੇਸ਼ ਦੇ ਡਰੱਗ ਡਿਪਟੀ ਕਮਿਸ਼ਨਰ ਡਾ. ਏ. ਕੇ. ਜੈਨ ਦਾ ਕਹਿਣਾ ਹੈ ਕਿ ਵਧੇਰੇ ਕਰ ਕੇ ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਨਿਰਮਾਤਾਵਾਂ ਦੀਆਂ ਦਵਾਈਆਂ ਹੀ ‘ਸਬ ਸਟੈਂਡਰਡ’ ਜਾਂ ‘ਮਿਸ ਬ੍ਰਾਂਡਿਡ’ ਮਿਲਦੀਆਂ ਹਨ।
ਕੈਂਸਰ ਦੇ ਇਲਾਜ ਲਈ ਕੀਮੋਥੈਰੇਪੀ ’ਚ ਵਰਤੀ ਜਾਣ ਵਾਲੀ ਦਵਾਈ ਦੀ ਇਕ ਖੁਰਾਕ ਵੀ ਹਜ਼ਾਰਾਂ ਰੁਪਏ ’ਚ ਆਉਂਦੀ ਹੈ। ਪ੍ਰਸਿੱਧ ਕੰਪਨੀਆਂ ਦੇ ਰੈਪਰ ’ਚ ਪੈਕ ਕਰ ਕੇ ਨਕਲੀ ਦਵਾਈਆਂ ਦੇ ਨਿਰਮਾਤਾ ਇਨ੍ਹਾਂ ਨੂੰ ਹਸਪਤਾਲਾਂ ਦੇ ਆਸ-ਪਾਸ ਦੀਆਂ ਦੁਕਾਨਾਂ ’ਤੇ ਪਹੁੰਚਾਉਂਦੇ ਹਨ, ਜਿਨ੍ਹਾਂ ਨੂੰ ਬਿਨਾਂ ਰਸੀਦ ਤੋਂ ਸਸਤਾ ਵੇਚ ਕੇ ਰੋਗੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾਂਦਾ ਹੈ।
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਮੁਤਾਬਕ, ‘‘ਦਵਾਈ ਉਦਯੋਗ ’ਚ ਭ੍ਰਿਸ਼ਟਾਚਾਰੀ ਤੰਤਰ ਹਾਵੀ ਹੋਣ ਲੱਗਾ ਹੈ ਅਤੇ ਅਧਿਕਾਰੀ ਇਸ ’ਤੇ ਸ਼ਿਕੰਜਾ ਕੱਸਣ ’ਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਜ਼ਾਂਬੀਆ ’ਚ ਹਿਮਾਚਲ ਅਤੇ ਹਰਿਆਣਾ ਦੀ ਇਕ ਫਾਰਮਾ ਕੰਪਨੀ ਦੀ ਦਵਾਈ ਕਾਰਨ 82 ਲੋਕਾਂ ਦੀ ਮੌਤ ਹੋ ਗਈ। ਮੰਦੇਭਾਗੀ ਪੈਸੇ ਦੇ ਪਾਗਲਪਨ ’ਚ ਇਮਾਨਦਾਰੀ ਅਤੇ ਨੈਤਿਕਤਾ ਖਤਮ ਹੁੰਦੀ ਜਾ ਰਹੀ ਹੈ।’’
ਨਕਲੀ ਦਵਾਈਆਂ ਦੇ ਇਹ ਧੰਦੇਬਾਜ਼ ਨਾ ਸਿਰਫ ਪੈਸਿਆਂ ਦੇ ਲਾਲਚ ’ਚ ਲੋਕਾਂ ਦੀ ਜਾਨ ਨਾਲ ਖੇਡ ਰਹੇ ਹਨ, ਸਗੋਂ ਦੂਜੇ ਦੇਸ਼ਾਂ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੇ ਹਨ। ਇਸ ਲਈ ਅਜਿਹੇ ਕੰਮਾਂ ’ਚ ਸ਼ਾਮਲ ਹੋਣ ਵਾਲੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ।
-ਵਿਜੇ ਕੁਮਾਰ