ਇਹ ਕਿਉਂ ਕਰ ਰਹੇ ਹੋ ਅਤੇ ਕੀ ਕਰ ਰਹੇ ਹੋ! ਅਜਿਹਾ ਭਿਆਨਕ ਵਤੀਰਾ ਸਮਝ ਤੋਂ ਹੈ ਬਾਹਰ

Tuesday, Mar 14, 2023 - 02:24 AM (IST)

ਇਹ ਕਿਉਂ ਕਰ ਰਹੇ ਹੋ ਅਤੇ ਕੀ ਕਰ ਰਹੇ ਹੋ! ਅਜਿਹਾ ਭਿਆਨਕ ਵਤੀਰਾ ਸਮਝ ਤੋਂ ਹੈ ਬਾਹਰ

ਬੀਤੇ ਸਾਲ 12 ਨਵੰਬਰ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਵਿਖੇ ਆਫਤਾਬ ਪੂਨਾਵਾਲਾ ਨਾਮੀ ਨੌਜਵਾਨ ਨੂੰ ਆਪਣੀ ‘ਲਿਵ ਇਨ ਪਾਰਟਨਰ’ ਸ਼ਰਧਾ ਵਾਲਕਰ ਦੀ ਹੱਤਿਆ ਤੋਂ ਬਾਅਦ ਉਸਦੀ ਲਾਸ਼ ਦੇ 35 ਟੁੱਕੜੇ ਕਰ ਕੇ ਆਪਣੇ ਘਰ ਦੇ ਫਰਿੱਜ ’ਚ ਰੱਖਣ ਅਤੇ ਬਾਅਦ ’ਚ ਕਈ ਥਾਵਾਂ ’ਤੇ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਸ ਘਟਨਾ ਤੋਂ ਬਾਅਦ ਦੇਸ਼ ’ਚ ਨਾ ਸਿਰਫ ਕੋਹਰਾਮ ਮਚ ਗਿਆ, ਸਗੋਂ ਉਸ ਤੋਂ ਬਾਅਦ ਵੀ ਅਜਿਹੀਆਂ ਹੀ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ :

* 14 ਫਰਵਰੀ ਨੂੰ ਦੱਖਣੀ-ਪੱਛਮੀ ਦਿੱਲੀ ’ਚ ਆਪਣੀ ਪ੍ਰੇਮਿਕਾ ਨਿੱਕੀ ਯਾਦਵ ਦੀ ਹੱਤਿਆ ਕਰਨ ਪਿੱਛੋਂ ਉਸਦੀ ਲਾਸ਼ ਦੇ ਟੁੱਕੜੇ ਇਕ ਫਰਿੱਜ ’ਚ ਰੱਖਣ ਦੇ ਦੋਸ਼ ਹੇਠ ਸਾਹਿਲ ਗਹਿਲੋਤ ਨਾਮੀ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 20 ਫਰਵਰੀ ਨੂੰ ਅਾਸਾਮ ਦੇ ਗੋਹਾਟੀ ਵਿਖੇ ਵੰਦਨਾ ਕਲਿਤਾ ਨਾਮੀ ਔਰਤ ਨੂੰ ਆਪਣੇ ਦੋ ਸਾਥੀਆਂ ਦੀ ਮਦਦ ਨਾਲ ਆਪਣੀ ਸੱਸ ਅਤੇ ਪਤੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਪਿੱਛੋਂ ਉਨ੍ਹਾਂ ਦੀਆਂ ਲਾਸ਼ਾਂ ਦੇ ਟੁੱਕੜੇ-ਟੁੱਕੜੇ ਕਰ ਕੇ ਪਾਲੀਥੀਨ ਦੇ ਬੈਗਾਂ ’ਚ ਭਰ ਕੇ ਗੁਆਂਢੀ ਸੂਬੇ ਮੇਘਾਲਿਆ ਦੇ ਚੇਰਾਪੂੰਜੀ ਅਤੇ ਵੱਖ-ਵੱਖ ਥਾਵਾਂ ’ਤੇ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

* 20 ਫਰਵਰੀ ਨੂੰ ਹੀ ਰਾਜਸਥਾਨ ਦੇ ਨਾਗੌਰ ’ਚ ਇਕ ਨੌਜਵਾਨ ਨੇ ਵਿਆਹ ਲਈ ਦਬਾਅ ਪਾ ਰਹੀ ਆਪਣੀ ਪ੍ਰੇਮਿਕਾ ਨੂੰ ਰਾਹ ’ਚੋਂ ਹਟਾਉਣ ਲਈ ਖੌਫਨਾਕ ਖੂਨੀ ਸਾਜ਼ਿਸ਼ ਰਚ ਸੁੱਟੀ ਅਤੇ ਉਸਦੀ ਹੱਤਿਆ ਪਿੱਛੋਂ ਉਸਦੀ ਲਾਸ਼ ਦੇ ਕਈ ਟੁੱਕੜੇ ਕਰ ਕੇ ਉਨ੍ਹਾਂ ਨੂੰ ਸੁੱਟ ਦਿੱਤਾ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਵੱਖ-ਵੱਖ ਥਾਵਾਂ ਤੋਂ ਮ੍ਰਿਤਕਾ ਦੇ ਸਰੀਰ ਦੇ ਵੱਖ-ਵੱਖ ਅੰਗ ਬਰਾਮਦ ਕੀਤੇ।

* 25 ਫਰਵਰੀ ਨੂੰ ਆਜ਼ਮਗੜ੍ਹ (ਉੱਤਰ ਪ੍ਰਦੇਸ਼) ਜ਼ਿਲੇ ਦੇ ‘ਪਾਲੀਆ’ ਪਿੰਡ ਨੇੜਿਓਂ ਲੰਘਣ ਵਾਲੀ ‘ਕੁੰਵਰ ਨਦੀ’ ਦੇ ਕੰਢੇ ’ਤੇ ਇਕ ਆਰਤ ਦੀ ਵੱਖ-ਵੱਖ ਟੁੱਕੜਿਆਂ ’ਚ ਕੱਟੀ ਹੋਈ ਲਾਸ਼ ਮਿਲੀ ਪਰ ਔਰਤ ਦਾ ਸਿਰ ਗਾਇਬ ਸੀ।

* 6 ਮਾਰਚ ਨੂੰ ਬਿਲਾਸਪੁਰ (ਛੱਤੀਸਗੜ੍ਹ) ਦੇ ‘ਉਸਲਾਪੁਰ’ ਪਿੰਡ ’ਚ ਪਵਨ ਠਾਕੁਰ ਨਾਮੀ ਇਕ ਵਿਅਕਤੀ ਨੂੰ ਆਪਣੀ ਪਤਨੀ ਸਤੀ ਸਾਹੂ ਦੀ ਹੱਤਿਆ ਕਰਨ ਪਿੱਛੋਂ ਉਸਦੀ ਲਾਸ਼ ਨੂੰ ਕਈ ਟੁੱਕੜਿਆਂ ’ਚ ਕੱਟ ਕੇ ਆਪਣੇ ਹੀ ਘਰ ਦੀ ਪਾਣੀ ਦੀ ਟੈਂਕੀ ’ਚ ਸੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

* 8 ਮਾਰਚ ਨੂੰ ਜੰਮੂ-ਕਸ਼ਮੀਰ ਦੇ ਬਡਗਾਮ ਦੇ ਓਮਪੁਰਾ ’ਚ ਤਰਖਾਣ ਦਾ ਕੰਮ ਕਰਨ ਵਾਲੇ ਸ਼ਬੀਰ ਅਹਿਮਦ ਵਾਨੀ ਨਾਮੀ ਵਿਅਾਹੇ ਵਿਅਕਤੀ ਨੂੰ ਇਕ 30 ਸਾਲਾ ਔਰਤ ਨੂੰ ਟਾਈਲਾਂ ਕੱਟਣ ਵਾਲੀ ਆਰੀ ਨਾਲ ਕਤਲ ਕਰ ਕੇ ਉਸ ਦੇ ਸਰੀਰ ਦੇ ਅੱਧੀ ਦਰਜਨ ਟੁੱਕੜੇ ਕਰਨ ਪਿੱਛੋਂ ਰੇਲਵੇ ਬ੍ਰਿਜ ਓਮਪੁਰਾ ਸਮੇਤ ਵੱਖ-ਵੱਖ ਥਾਵਾਂ ’ਤੇ 4 ਕਿਲੋਮੀਟਰ ਦੇ ਘੇਰੇ ’ਚ ਟਿਕਾਣੇ ਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ।

* ਅਤੇ ਹੁਣ 11 ਮਾਰਚ ਨੂੰ ਗੋਰਖਪੁਰ ਦੇ ਤਿਵਾਰੀਪੁਰ ਇਲਾਕੇ ’ਚ ਇਕ ਦਿਲ ਹਿਲਾ ਦੇਣ ਵਾਲੀ ਘਟਨਾ ’ਚ ਇਕ ਨੌਜਵਾਨ ਨੇ ਪੈਸੇ ਨਾ ਦੇਣ ’ਤੇ ਪਹਿਲਾਂ ਤਾਂ ਅਾਪਣੇ ਪਿਤਾ ਦੇ ਸਿਰ ’ਤੇ ਸਿਲ-ਵੱਟਾ ਮਾਰ ਕੇ ਬੇਹੋਸ਼ ਕਰਨ ਪਿੱਛੋਂ ਆਰੀ ਨਾਲ ਕੱਟ ਕੇ ਉਸਦੀ ਧੌਣ ਧੜ ਤੋਂ ਵੱਖ ਕਰਨ ਪਿੱਛੋਂ ਸਰੀਰ ਦੇ ਕਈ ਟੁੱਕੜੇ ਕਰ ਕੇ ਉਨ੍ਹਾਂ ਨੂੰ ਟਿਕਾਣੇ ਲਾਉਣ ਲਈ ਇਕ ਸੂਟਕੇਸ ’ਚ ਬੰਦ ਕਰ ਕੇ ਘਰ ਦੇ ਪਿਛਵਾੜੇ ’ਚ ਰੱਖ ਦਿੱਤਾ ਪਰ ਲਾਸ਼ ਨੂੰ ਟਿਕਾਣੇ ਲਾਉਣ ਤੋਂ ਪਹਿਲਾਂ ਹੀ ਭੇਤ ਖੁੱਲ੍ਹ ਜਾਣ ਕਾਰਨ ਉਹ ਫੜਿਆ ਗਿਆ।

ਲੋਕਾਂ ’ਚ ਵਧ ਰਹੀ ਇਸ ਤਰ੍ਹਾਂ ਦੀ ਹਿੰਸਾ ਦੀ ਭਾਵਨਾ ਸਮਝ ਤੋਂ ਬਾਹਰ ਹੈ, ਜਿਸ ਨੂੰ ਦੇਖਦੇ ਹੋਏ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਆਖਿਰ ਲੋਕਾਂ ਨੂੰ ਕੀ ਹੋ ਗਿਆ ਹੈ ਅਤੇ ਉਹ ਇਸ ਤਰ੍ਹਾਂ ਦਾ ਭਿਆਨਕ ਵਤੀਰਾ ਕਿਉਂ ਕਰਨ ਲੱਗੇ ਹਨ?

ਇਸ ਲਈ ਇਸ ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਜਿੰਨੀ ਜਲਦੀ ਸੰਭਵ ਹੋ ਸਕੇ, ਸਖਤ ਤੋਂ ਸਖਤ ਸਜ਼ਾ ਦੇ ਕੇ ਦੂਜਿਆਂ ਲਈ ਇਕ ਮਿਸਾਲ ਪੈਦਾ ਕਰਨ ਦੀ ਲੋੜ ਹੈ ਤਾਂ ਜੋ ਇਸ ਰੁਝਾਨ ਨੂੰ ਹੋਰ ਵਧਣ ਤੋਂ ਰੋਕਿਆ ਜਾ ਸਕੇ।

-ਵਿਜੇ ਕੁਮਾਰ


author

Anmol Tagra

Content Editor

Related News