‘ਰਿਸ਼ਵਤਖੋਰਾਂ ਨੂੰ ਫੜਨ ਵਾਲੇ’ ‘ਖੁਦ ਲੈ ਰਹੇ ਰਿਸ਼ਵਤ!’
Sunday, Dec 03, 2023 - 04:59 AM (IST)
ਸਰਕਾਰ ਦੇ ਲੱਖ ਯਤਨਾਂ ਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦਾ ਮਹਾਰੋਗ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਅਤੇ ਹੇਠਲੇ ਪੱਧਰ ਦੇ ਮੁਲਾਜ਼ਮਾਂ ਤੋਂ ਲੈ ਕੇ ਉਪਰ ਤੱਕ ਦੇ ਅਧਿਕਾਰੀ ਇਸ ’ਚ ਸ਼ਾਮਲ ਪਾਏ ਜਾ ਰਹੇ ਹਨ।
ਹੱਦ ਇਹ ਹੈ ਕਿ ਇਕ ਪਾਸੇ ਵਿੱਤ ਮੰਤਰਾਲਾ ’ਚ ਮਾਲੀਆ ਵਿਭਾਗ ਅਧੀਨ ਆਰਥਿਕ ਕਾਨੂੰਨਾਂ ਨੂੰ ਲਾਗੂ ਕਰਨ, ਵਿੱਤੀ ਅਪਰਾਧਾਂ ਦੀ ਜਾਂਚ ਕਰਨ ਅਤੇ ਨਾਜਾਇਜ਼ ਤੌਰ ’ਤੇ ਹਾਸਲ ਕੀਤੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਕੰਮ ਕਰਨ ਵਾਲੇ ‘ਇਨਫੋਰਸਮੈਂਟ ਡਾਇਰੈਕਟੋਰੇਟ’ (ਭਾਵ ਈ. ਡੀ.) ਵੱਲੋਂ ਆਰਥਿਕ ਅਪਰਾਧੀਆਂ ਵਿਰੁੱਧ ਛਾਪੇਮਾਰੀ ਜ਼ੋਰਾਂ ’ਤੇ ਹੈ, ਤਾਂ ਦੂਜੇ ਪਾਸੇ ਇਸ ਦੇ ਆਪਣੇ ਹੀ ਅਧਿਕਾਰੀ ਰਿਸ਼ਵਤਖੋਰੀ ਆਦਿ ਦੇ ਦੋਸ਼ਾਂ ’ਚ ਫੜੇ ਜਾ ਰਹੇ ਹਨ।
* 28 ਅਗਸਤ ਨੂੰ ਕੇਂਦਰੀ ਜਾਂਚ ਏਜੰਸੀ (ਸੀ. ਬੀ. ਆਈ.) ਨੇ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਇਕ ਮਾਮਲੇ ’ਚ ਇਕ ਕਾਰੋਬਾਰੀ ਕੋਲੋਂ 5 ਕਰੋੜ ਰੁਪਏ ਰਿਸ਼ਵਤ ਦੇ ਮਾਮਲੇ ’ਚ ਈ. ਡੀ. ਦੇ ਸਹਾਇਕ ਨਿਰਦੇਸ਼ਕ ਪਵਨ ਖੱਤਰੀ ਅਤੇ ਅੱਪਰ ਡਿਵੀਜ਼ਨ ਕਲਰਕ ਨੀਤੇਸ਼ ਕੋਹਾਰ ਸਮੇਤ 7 ਲੋਕਾਂ ਵਿਰੁੱਧ ਐੱਫ. ਆਈ. ਆਰ. ਦਰਜ ਕੀਤੀ ਹੈ।
* 2 ਨਵੰਬਰ ਨੂੰ ਜੈਪੁਰ ’ਚ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ. ਸੀ. ਬੀ.) ਨੇ ਈ. ਡੀ. ਦੇ ਇਕ ਇੰਸਪੈਕਟਰ ਪੱਧਰ ਦੇ ਅਧਿਕਾਰੀ ਨਵਲ ਕਿਸ਼ੋਰ ਮੀਣਾ ਅਤੇ ਉਸ ਦੇ ਇਕ ਸਹਿਯੋਗੀ ਬਾਬੂ ਲਾਲ ਮੀਣਾ ਨੂੰ 15 ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
ਏ. ਸੀ. ਬੀ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਹੇਮੰਤ ਪ੍ਰਿਯਦਰਸ਼ੀ ਨੇ ਦੋਸ਼ ਲਾਇਆ ਕਿ ਦੋਸ਼ੀ ਅਧਿਕਾਰੀ ਨਵਲ ਕਿਸ਼ੋਰ ਮੀਣਾ ਨੇ ਇਕ ਚਿੱਟ ਫੰਡ ਸਬੰਧੀ ਕੇਸ ਨਿਬੇੜਣ ਲਈ ਸ਼ਿਕਾਇਤਕਰਤਾ ਕੋਲੋਂ 17 ਲੱਖ ਰੁਪਏ ਰਿਸ਼ਵਤ ਮੰਗੀ ਸੀ।
* 1 ਦਸੰਬਰ ਨੂੰ ਈ. ਡੀ. ਨਾਲ ਜੁੜੇ ਅਧਿਕਾਰੀਆਂ ਦੀ ਰਿਸ਼ਵਤਖੋਰੀ ਦੇ ਮਾਮਲਿਆਂ ’ਚ ਸ਼ਮੂਲੀਅਤ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਜਦ ਤਮਿਲਨਾਡੂ ਦੇ ਮਦੁਰੈ ’ਚ ਤਾਇਨਾਤ ਈ. ਡੀ. ਦੇ ਇਕ ਅਧਿਕਾਰੀ ਅੰਕਿਤ ਤਿਵਾੜੀ ਨੂੰ 20 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਸੂਬੇ ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਅਤੇ ਚੌਕਸੀ ਵਿਭਾਗ ਦੀਆਂ ਸੰਯੁਕਤ ਟੀਮਾਂ ਨੇ ਗ੍ਰਿਫ਼ਤਾਰ ਕੀਤਾ।
ਸੂਬਾ ਸਰਕਾਰ ਦੀਆਂ ਏਜੰਸੀਆਂ ਅਨੁਸਾਰ ਉਕਤ ਅਧਿਕਾਰੀ ਨੇ ਇਸੇ ਸਾਲ ਅਕਤੂਬਰ ’ਚ ਡਿੰਡੀਗੁਲ ਦੇ ਇਕ ਸਰਕਾਰੀ ਡਾਕਟਰ ਨੂੰ ਕਿਸੇ ਪੁਰਾਣੇ ਮਾਮਲੇ ’ਚ ਫਸਾਉਣ ਦੀ ਧਮਕੀ ਦੇ ਕੇ ਉਸ ਕੋਲੋਂ 3 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਦੇ ਸਬੰਧ ’ਚ ਅਖੀਰ 51 ਲੱਖ ਰੁਪਏ ’ਚ ਸੌਦਾ ਤੈਅ ਹੋਇਆ ਸੀ।
ਅੰਕਿਤ ਤਿਵਾੜੀ ਵੱਲੋਂ ਉਕਤ ਡਾਕਟਰ ਨੂੰ ਵ੍ਹਟਸਐਪ ਅਤੇ ਮੈਸੇਜ ਰਾਹੀਂ ਧਮਕੀਆਂ ਦੇਣ ’ਤੇ ਉਸ ਨੇ 30 ਨਵੰਬਰ ਨੂੰ ਭ੍ਰਿਸ਼ਟਾਚਾਰ ਰੋਕੂ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਬਾਰੇ ਸ਼ਿਕਾਇਤ ਕਰ ਦਿੱਤੀ ਜਿਸ ਪਿੱਛੋਂ ਡਾਕਟਰ ਵੱਲੋਂ ਅੰਕਿਤ ਤਿਵਾੜੀ ਨੂੰ 1 ਦਸੰਬਰ ਨੂੰ ਰਿਸ਼ਵਤ ਦੀ ਰਕਮ ਦੀ ਪਹਿਲੀ ਕਿਸ਼ਤ ਵਜੋਂ 20 ਲੱਖ ਰੁਪਏ ਦੇਣ ਸਮੇਂ ਅਧਿਕਾਰੀਆਂ ਨੇ ਉਸ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ।
ਦੋਸ਼ੀ ਦੇ ਟਿਕਾਣਿਆਂ ਦੀ ਤਲਾਸ਼ੀ ਦੌਰਾਨ ਸੂਬਾ ਸਰਕਾਰ ਦੇ ਅਧਿਕਾਰੀਆਂ ਵੱਲੋਂ ਸੁਰੱਖਿਆ ਉਪਾਅ ਵਜੋਂ ਈ. ਡੀ. ਦੇ ਦਫਤਰ ਦੇ ਅੰਦਰ ਭਾਰਤ-ਤਿੱਬਤ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਇਸ ਸਿਲਸਿਲੇ ’ਚ ਮਦੁਰੈ ਸਥਿਤ ਈ. ਡੀ. ਦਫਤਰ ਅਤੇ ਅੰਕਿਤ ਤਿਵਾੜੀ ਦੀ ਰਿਹਾਇਸ਼ ’ਤੇ ਛਾਪੇ ਮਾਰਨ ਤੋਂ ਇਲਾਵਾ ਚੇਨਈ ਸਥਿਤ ਈ. ਡੀ. ਦਫਤਰਾਂ ’ਚ ਵੀ ਛਾਪੇਮਾਰੀ ਕੀਤੀ ਗਈ ਅਤੇ ਜਾਂਚ ਦੌਰਾਨ ਅੰਕਿਤ ਤਿਵਾੜੀ ਵੱਲੋਂ ਕਈ ਲੋਕਾਂ ਨੂੰ ਬਲੈਕਮੇਲ ਕਰ ਕੇ ਕਰੋੜਾਂ ਰੁਪਏ ਇਕੱਠੇ ਕਰਨ ਅਤੇ ਵਿਭਾਗ ’ਚ ਆਪਣੇ ਸਾਥੀਆਂ ਨੂੰ ਉਸ ਰਕਮ ’ਚੋਂ ਹਿੱਸਾ ਵੰਡਣ ਦਾ ਵੀ ਪਤਾ ਲੱਗਾ ਹੈ।
ਪਿਛਲੇ ਕੁਝ ਮਹੀਨਿਆਂ ’ਚ ਮਨੀ ਲਾਂਡ੍ਰਿੰਗ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਤਮਿਲਨਾਡੂ ਦੇ 2 ਮੰਤਰੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਈ. ਡੀ. ਦੇ ਹੀ ਉਕਤ ਅਧਿਕਾਰੀ ਨੂੰ ਖੁਦ ਭ੍ਰਿਸ਼ਟਾਚਾਰ ’ਚ ਸ਼ਾਮਲ ਹੋਣ ਦੇ ਦੋਸ਼ ’ਚ ਗ੍ਰਿਫਤਾਰ ਕਰਨ ਅਤੇ ਈ. ਡੀ. ਵੱਲੋਂ ਨਾਜਾਇਜ਼ ਰੇਤ ਮਾਈਨਿੰਗ ਦੇ ਮਾਮਲੇ ’ਚ ਕਥਿਤ ਮਨੀ ਲਾਂਡ੍ਰਿੰਗ ਨੂੰ ਲੈ ਕੇ 5 ਜ਼ਿਲਿਆਂ ਦੇ ਕਲੈਕਟਰਾਂ ਨੂੰ ਸੰਮਨ ਜਾਰੀ ਕਰਨ ਪਿੱਛੋਂ ਈ. ਡੀ. ਅਤੇ ਸੂਬਾ ਸਰਕਾਰ ’ਚ ਅਣਬਣ ਹੈ।
ਵਰਨਣਯੋਗ ਹੈ ਕਿ ਪਿਛਲੇ 5 ਮਹੀਨਿਆਂ ’ਚ ਰਿਸ਼ਵਤਖੋਰੀ ਦੇ ਦੋਸ਼ ’ਚ ਈ. ਡੀ. ਦੇ 3 ਅਧਿਕਾਰੀ ਫੜੇ ਜਾ ਚੁੱਕੇ ਹਨ। ਸਰਕਾਰ ਵੱਲੋਂ ਆਰਥਿਕ ਅਪਰਾਧਾਂ ਨੂੰ ਫੜਨ ਲਈ ਕਾਇਮ ਕੀਤੇ ਗਏ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੀ ਆਰਥਿਕ ਅਪਰਾਧਾਂ ’ਚ ਸ਼ਾਮਲ ਹੋਣਾ ਗੰਭੀਰ ਅਪਰਾਧ ਅਤੇ ਰੱਖਿਅਕ ਦੇ ਹੀ ਭਕਸ਼ਕ ਬਣ ਜਾਣ ਦੇ ਬਰਾਬਰ ਹੈ।
ਇਸ ਲਈ ਅਹੁਦੇ ਦੀ ਦੁਰਵਰਤੋਂ ਕਰ ਕੇ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਉਣ ਵਾਲੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਕਾਰਿਆਂ ਨਾਲ ਈ. ਡੀ. ਦੀ ਸਾਖ ਨੂੰ ਵੀ ਵੱਟਾ ਲੱਗ ਰਿਹਾ ਹੈ।
- ਵਿਜੇ ਕੁਮਾਰ