ਲੁਧਿਆਣਾ ਅਦਾਲਤ ਕੰਪਲੈਕਸ ’ਚ ਬੰਬ ਧਮਾਕੇ ਨਾਲ ਪੰਜਾਬ ’ਚ ਸੁਰੱਖਿਆ ਵਿਵਸਥਾ ’ਤੇ ਲੱਗਾ ਸਵਾਲੀਆ ਨਿਸ਼ਾਨ

12/24/2021 3:26:25 AM

ਸਰਹੱਦ ਪਾਰ ਪਾਕਿਸਤਾਨ ਤੋਂ ਭਾਰਤ ’ਚ ਨਸ਼ਾ, ਹਥਿਆਰ ਅਤੇ ਟਿਫਿਨ ਬੰਬ ਭਿਜਵਾਉਣ ਦੇ ਮੱਦੇਨਜ਼ਰ ਬੀਤੇ ਮਹੀਨੇ ਖੁਫੀਆ ਬਿਊਰੋ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ‘ਆਈ. ਐੱਸ. ਆਈ.’ ਪੰਜਾਬ ’ਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੀ ਹੈ।

ਬੀਤੀ 21 ਨਵੰਬਰ ਨੂੰ ਪਠਾਨਕੋਟ ’ਚ ਫੌਜ ਦੇ ਕੈਂਪ ਦੇ ਨੇੜੇ ਮੋਟਰਸਾਈਕਲ ਸਵਾਰਾਂ ਨੇ ਗ੍ਰੇਨੇਡ ਸੁੱਟਿਆ ਸੀ ਅਤੇ ਹੁਣ 23 ਦਸੰਬਰ ਨੂੰ ਲੁਧਿਆਣਾ ਦੇ 6 ਮੰਜ਼ਿਲਾ ਅਦਾਲਤ ਕੰਪਲੈਕਸ ਦੀ ਦੂਸਰੀ ਮੰਜ਼ਿਲ ਦੇ ਬਾਥਰੂਮ ’ਚ ਦੁਪਹਿਰ 12.20 ਵਜੇ ਹੋਏ ਇਕ ਬੰਬ ਧਮਾਕੇ ’ਚ, ਜਿਸ ਦੀ ਗੂੰਜ ਲਗਭਗ 5 ਕਿਲੋਮੀਟਰ ਤੱਕ ਸੁਣਾਈ ਦਿੱਤੀ, 2 ਵਿਅਕਤੀਆਂ ਦੀ ਮੌਤ ਅਤੇ 4 ਹੋਰ ਗੰਭੀਰ ਜ਼ਖਮੀ ਹੋ ਗਏ। ਇਕ ਮ੍ਰਿਤਕ ਦੇ ਤਾਂ ਚੀਥੜੇ ਉੱਡ ਗਏ।

ਪਤਾ ਲੱਗਾ ਹੈ ਕਿ ਇਕ ਵਿਅਕਤੀ ਆਪਣੇ ਨਾਲ ਧਮਾਕਾਖੇਜ਼ ਸਮੱਗਰੀ ਲੈ ਕੇ ਅਦਾਲਤ ਕੰਪਲੈਕਸ ’ਚ ਦਾਖਲ ਹੋਇਆ ਸੀ। ਅਨੁਮਾਨ ਲਗਾਏ ਜਾ ਰਹੇ ਹਨ ਕਿ ਸ਼ੱਕੀ ਹਮਲਾਵਰ ਦਾ ਇਰਾਦਾ ਪੂਰੇ ਅਦਾਲਤ ਕੰਪਲੈਕਸ ਨੂੰ ਉਡਾਉਣ ਦਾ ਸੀ ਪਰ ਅਚਾਨਕ ਧਮਾਕਾ ਹੋ ਗਿਆ।

ਜੇਕਰ ਧਮਾਕਾ ਬਾਥਰੂਮ ਦੀ ਬਜਾਏ ਕਿਸੇ ਹੋਰ ਥਾਂ ’ਤੇ ਹੁੰਦਾ ਤਾਂ ਮੌਤਾਂ ਵੱਧ ਹੋ ਸਕਦੀਆਂ ਸਨ। ਦੱਸਿਆ ਜਾਂਦਾ ਹੈ ਕਿ ਅਦਾਲਤ ਕੰਪਲੈਕਸ ’ਚ ਦਾਖਲ ਹੋਣ ਦੇ 2 ਅਜਿਹੇ ਚੋਰ ਰਸਤੇ ਵੀ ਹਨ ਜਿੱਥੇ ਪੁਲਸ ਅਤੇ ਚੈਕਿੰਗ ਨਹੀਂ ਹੈ। ਸ਼ੱਕੀ ਵਿਅਕਤੀ ਇਸੇ ਰਸਤੇ ਰਾਹੀਂ ਅਦਾਲਤ ਕੰਪਲੈਕਸ ਦੇ ਅੰਦਰ ਦਾਖਲ ਹੋਇਆ ਸੀ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ, ‘‘ਦੇਸ਼ ਅਤੇ ਪੰਜਾਬ ਵਿਰੋਧੀ ਸ਼ਕਤੀਆਂ ਮਾਹੌਲ ਖਰਾਬ ਕਰ ਰਹੀਆਂ ਹਨ। ਉਨ੍ਹਾਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਵੇਗਾ।’’

ਧਾਰਮਿਕ ਅਸਥਾਨਾਂ ਦੀ ਬੇਅਦਬੀ ਦੇ ਬਾਅਦ ਪੰਜਾਬ ’ਚ ਪਹਿਲਾਂ ਹੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਹੈ। ਹੁਣ ਜਨਤਕ ਥਾਵਾਂ ’ਤੇ ਵੀ ਸੁਰੱਖਿਆ ਪ੍ਰਬੰਧ ਵਧਾਉਣ ਦੇ ਹੁਕਮ ਦਿੱਤੇ ਗਏ ਹਨ। ਪੰਜਾਬ-ਹਰਿਆਣਾ ਹਾਈ ਕੋਰਟ ਨੇ ਇਸ ਹਮਲੇ ’ਤੇ ਖੁਦ ਨੋਟਿਸ ਲੈਂਦੇ ਹੋਏ ਪੰਜਾਬ ’ਚ ਅਦਾਲਤ ਕੰਪੈਲਕਸਾਂ ਦੀ ਸੁਰੱਖਿਆ ਵਧਾਉਣ ਦਾ ਹੁਕਮ ਵੀ ਦੇ ਦਿੱਤਾ ਹੈ ਪਰ ਫਿਲਹਾਲ ਤਾਂ ਇਸ ਧਮਾਕੇ ਨੇ ਸੂਬੇ ’ਚ ਸੁਰੱਖਿਆ ਵਿਵਸਥਾ ’ਤੇ ਕਈ ਸਵਾਲ ਖੜ੍ਹੇ ਕਰ ਹੀ ਦਿੱਤੇ ਹਨ।

-ਵਿਜੇ ਕੁਮਾਰ


Bharat Thapa

Content Editor

Related News