ਸਫਲਤਾ ਦੀ ਲਹਿਰ ’ਤੇ ਸਵਾਰ ‘ਭਾਜਪਾ ਨੂੰ ਵੱਡੇ ਨੇਤਾਵਾਂ ਦੀ ਚਿਤਾਵਨੀ’

04/20/2019 7:13:26 AM

ਇਸ ਸਮੇਂ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸਫਲਤਾ ਦੀ ਲਹਿਰ ’ਤੇ ਸਵਾਰ ਹੈ ਅਤੇ 2019 ਦੀਆਂ ਚੋਣਾਂ ’ਚ ਆਪਣੀ ਜਿੱਤ ਪੱਕੀ ਸਮਝ ਰਹੀ ਹੈ, ਕੁਝ ਅਜਿਹੇ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ’ਤੇ ਭਾਜਪਾ ਲੀਡਰਸ਼ਿਪ ਨੂੰ ਧਿਆਨ ਦੇਣ ਦੀ ਲੋੜ ਹੈ। ਪਹਿਲਾ ਬਿਆਨ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਦਾ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਅਤੇ ਉਨ੍ਹਾਂ ਦੇ ਅਜੇਤੂ ਰਹਿਣ ਸਬੰਧੀ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ‘‘ਸੰਨ 2004 ਨੂੰ ਨਾ ਭੁੱਲੋ। ਉਦੋਂ ਵੀ ਵਾਜਪਾਈ ਜੀ ਅਜੇਤੂ ਲੱਗ ਰਹੇ ਸਨ ਪਰ ਅਸੀਂ ਜੇਤੂ ਰਹੇ ਸੀ। ਇਸ ਵਾਰ ਵੀ ਕੁਝ ਅਜਿਹਾ ਹੀ ਹੋਣ ਵਾਲਾ ਹੈ।’’ ਦੂਜਾ ਬਿਆਨ 2014 ਦੀਆਂ ਚੋਣਾਂ ’ਚ ਰਾਏਬਰੇਲੀ ਤੋਂ ਸੋਨੀਆ ਗਾਂਧੀ ਵਿਰੁੱਧ ਚੋਣ ਲੜਨ ਵਾਲੇ ਭਾਜਪਾ ਨੇਤਾ ਅਜੈ ਅਗਰਵਾਲ ਦਾ ਹੈ, ਜਿਸ ’ਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਹਿਸਾਨ ਫਰਾਮੋਸ਼ ਦੱਸਿਆ ਅਤੇ ਕਿਹਾ ਹੈ ਕਿ ‘‘ਜੇਕਰ ਨਿਰਪੱਖ ਚੋਣਾਂ ਹੋਣਗੀਆਂ ਤਾਂ ਤੁਸੀਂ ਜੋ 400 ਸੀਟਾਂ ਦਾ ਦਾਅਵਾ ਕਰ ਰਹੇ ਹੋ, ਦੇਸ਼ ਭਰ ’ਚ ਉਸ ਦੀ ਥਾਂ ਸਿਰਫ 40 ਸੀਟਾਂ ’ਤੇ ਵੀ ਸਿਮਟ ਸਕਦੇ ਹੋ।’’

ਭਾਜਪਾ ਦੇ ਸੀਨੀਅਰ ਨੇਤਾ ਸ਼੍ਰੀ ਸ਼ਾਂਤਾ ਕੁਮਾਰ ਨੇ ਵੀ ਕਿਹਾ ਹੈ ਕਿ ਸੋਨੀਆ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਨ 2004 ਨੂੰ ਯਾਦ ਰੱਖਣ ਦੀ ਦਿੱਤੀ ਗਈ ਨਸੀਹਤ ਗਲਤ ਨਹੀਂ ਹੈ। ਇਹ ਗੱਲ ਉਹ ਖ਼ੁਦ ਕਈ ਦਿਨਾਂ ਤੋਂ ਪਾਰਟੀ ’ਚ ਕਹਿ ਰਹੇ ਹਨ। ਉਨ੍ਹਾਂ ਕਿਹਾ, ‘‘ਸੰਨ 2004 ’ਚ ਵੀ ਕਿਹਾ ਜਾਂਦਾ ਸੀ ਕਿ ਵਾਜਪਾਈ ਜੀ ਦਾ ਕੋਈ ਬਦਲ ਨਹੀਂ ਹੈ ਪਰ ਫਿਰ ਵੀ ਭਾਜਪਾ ਹਾਰ ਗਈ ਸੀ। ਇਹ ਸੱਚ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਈ ਬਦਲ ਨਹੀਂ ਹੈ ਪਰ ਚੋਣਾਂ ’ਚ ਜਿੱਤ-ਹਾਰ ਲਈ ਕਦੇ ਇਕ ਫੈਕਟਰ ਜ਼ਿੰਮੇਵਾਰ ਨਹੀਂ ਹੁੰਦਾ।’’ ਇਸੇ ਤਰ੍ਹਾਂ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ‘‘ਪਹਿਲਾਂ ਰਾਜਸ਼ਾਹੀ ਸਰਕਾਰਾਂ 30 ਤੋਂ 50 ਸਾਲਾਂ ’ਚ ਬਦਲਦੀਆਂ ਸਨ ਪਰ ਹੁਣ ਹਰੇਕ 5 ਸਾਲਾਂ ’ਚ ਬਦਲਣ ਦੀ ਸੰਭਾਵਨਾ ਰਹਿੰਦੀ ਹੈ। ਅਜਿਹੀ ਸਥਿਤੀ ’ਚ (ਸਰਕਾਰ ਦਾ) ਕੋਈ ਭਰੋਸਾ ਨਹੀਂ ਹੈ। ਇਸ ਲਈ ਜਦੋਂ ਤਕ ਹੈ, ਇਸ ਦੀ ਸਹੀ ਵਰਤੋਂ ਕਰੋ।’’ ਉਕਤ ਚਾਰੇ ਟਿੱਪਣੀਆਂ ਇਸ ਤੱਥ ਦੀ ਪੁਸ਼ਟੀ ਕਰਦੀਆਂ ਹਨ ਕਿ ਸਿਆਸਤ ’ਚ ਕਦੋਂ ਕੀ ਹੋ ਜਾਵੇ, ਕਿਹਾ ਨਹੀਂ ਜਾ ਸਕਦਾ। ਇਸ ਲਈ ਵੱਡੀਆਂ ਪਾਰਟੀਆਂ ਨੂੰ ਹਰ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।

–ਵਿਜੇ ਕੁਮਾਰ
 


Bharat Thapa

Content Editor

Related News