5 ਸੂਬਿਆਂ ਦੀਆਂ ਚੋਣਾਂ ''ਚ ਭਾਜਪਾ ਦਾ ਸਭ ਤੋਂ ''ਵਧੀਆ'' ਅਤੇ ਸਭ ਤੋਂ ''ਘਟੀਆ'' ਪ੍ਰਦਰਸ਼ਨ

03/15/2017 1:57:47 AM

ਚੋਣਾਂ ਵਾਲੇ ਸੂਬਿਆਂ ''ਚੋਂ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ''ਚ ਭਾਜਪਾ ਤੇ ਪੰਜਾਬ ''ਚ ਕਾਂਗਰਸ ਨੂੰ ਮਿਲੀ ਬੰਪਰ ਸਫਲਤਾ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੀ ਜਿੱਤ-ਹਾਰ ਦੇ ਕਾਰਨਾਂ ਦਾ ਪੋਸਟਮਾਰਟਮ ਸ਼ੁਰੂ ਹੋ ਗਿਆ ਹੈ।
ਸਭ ਤੋਂ ਵੱਧ ਹਲਚਲ ਉੱਤਰ ਪ੍ਰਦੇਸ਼ ''ਚ ਮਚੀ ਹੋਈ ਹੈ, ਜਿਥੇ ਭਾਜਪਾ ਨੂੰ ਚੁਣੌਤੀ ਦੇ ਰਹੀਆਂ ਸਪਾ, ਕਾਂਗਰਸ, ਬਸਪਾ ਤੇ ਰਾਸ਼ਟਰੀ ਲੋਕ ਦਲ ਨੂੰ ਮੂੰਹ ਦੀ ਖਾਣੀ ਪਈ। ਹੇਠਾਂ ਪੇਸ਼ ਹਨ ਇਨ੍ਹਾਂ ਚੋਣਾਂ ਤੋਂ ਬਾਅਦ ਹੋਈਆਂ ਕੁਝ ਘਟਨਾਵਾਂ :
* ਉੱਤਰਾਖੰਡ ''ਚ ਭਾਜਪਾ ਨੇ 70 ''ਚੋਂ 57 ਸੀਟਾਂ ਆਪਣੇ ਨਾਂ ਕਰ ਲਈਆਂ। ਇਹ ਉੱਤਰਾਖੰਡ ਬਣਨ ਤੋਂ ਬਾਅਦ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਹੈ, ਜਦਕਿ ਕਾਂਗਰਸ ਦੀ ਉੱਤਰਾਖੰਡ ''ਚ ਓਨੀ ਹੀ ਸ਼ਰਮਨਾਕ ਹਾਰ ਹੋਈ ਅਤੇ ਇਹ 11 ਸੀਟਾਂ ''ਤੇ ਹੀ ਸਿਮਟ ਗਈ। ਮੁੱਖ ਮੰਤਰੀ ਹਰੀਸ਼ ਰਾਵਤ ਨੇ 2 ਸੀਟਾਂ ਤੋਂ ਚੋਣ ਲੜੀ ਤੇ ਦੋਹਾਂ ਸੀਟਾਂ ''ਤੇ ਹੀ ਹਾਰ ਗਏ।
* ਪੰਜਾਬ ''ਚ 3 ਸੀਟਾਂ ''ਤੇ ਹੀ ਸਿਮਟ ਕੇ ਭਾਜਪਾ ਨੇ 20 ਵਰ੍ਹਿਆਂ ''ਚ  ਸਭ ਤੋਂ ਖਰਾਬ ਪ੍ਰਦਰਸ਼ਨ ਕੀਤਾ।
* ਪਰਿਵਾਰਕ ਕਲੇਸ਼ ਦਰਮਿਆਨ ਚੋਣਾਂ ਲੜਨ ਵਾਲੀ ਸਪਾ ਦੀ ਹਾਰ ਦਾ ਕਾਰਨ ''ਹੰਕਾਰ'' ਦੱਸਦਿਆਂ ਅਖਿਲੇਸ਼ ਯਾਦਵ ਵਿਰੋਧੀ ਧੜੇ ਨੇ ਇਹ ਦਾਅਵਾ ਕੀਤਾ ਹੈ ਕਿ ਅਖਿਲੇਸ਼ ਨੇ ਮੁਲਾਇਮ ਸਿੰਘ ਦਾ ਅਪਮਾਨ ਕੀਤਾ ਅਤੇ ਉਨ੍ਹਾਂ ਨੂੰ ਤੇ ਸ਼ਿਵਪਾਲ ਆਦਿ ਸੀਨੀਅਰ ਨੇਤਾਵਾਂ ਨੂੰ ਖੁੱਡੇ ਲਾਉਣ ਦਾ ਖਮਿਆਜ਼ਾ ਭੁਗਤਣਾ ਪਿਆ।
* ਮਾਇਆਵਤੀ ਨੇ ਪੂਰਬੀ ਯੂ. ਪੀ. ''ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਉਦੇਸ਼ ਨਾਲ ਕੈਦ ਕੱਟ ਰਹੇ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਮਊ ਤੋਂ ਟਿਕਟ ਦੇਣ ਤੋਂ ਇਲਾਵਾ ਉਸ ਦੇ ਭਰਾ ਅਤੇ ਬੇਟੇ ਨੂੰ ਵੀ ਟਿਕਟਾਂ ਦਿੱਤੀਆਂ ਪਰ ਉਹ ਦੋਵੇਂ ਵੋਟਰਾਂ ਨੂੰ ਤਾਂ ਪ੍ਰਭਾਵਿਤ ਕੀ ਕਰਦੇ, ਖੁਦ ਵੀ ਚੋਣਾਂ ਹਾਰ ਗਏ। ਸਿਰਫ ਮੁਖਤਾਰ ਹੀ ਜਿੱਤ ਸਕਿਆ।
* ਪੰਜਾਬ ਦੇ 117 ਵਿਧਾਇਕਾਂ ''ਚੋਂ 25 ਵਿਧਾਇਕ 60 ਸਾਲ ਤੋਂ ਜ਼ਿਆਦਾ ਉਮਰ ਦੇ ਹਨ। ਇਨ੍ਹਾਂ ''ਚ ਲੰਬੀ ਤੋਂ 6ਵੀਂ ਵਾਰ ਜਿੱਤਣ ਵਾਲੇ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਵੱਧ 89 ਸਾਲਾਂ ਦੇ ਅਤੇ ਕੈਪਟਨ ਅਮਰਿੰਦਰ ਸਿੰਘ 75 ਸਾਲਾਂ ਦੇ ਹਨ।
* ਸਭ ਤੋਂ ਘੱਟ ਉਮਰ (25 ਸਾਲ) ਦੇ ਵਿਧਾਇਕ ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ (ਕਾਂਗਰਸ) ਹਨ। ਉਨ੍ਹਾਂ ਨੇ ਸਿਰਫ 265 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ।
* ਕਈ ਚੋਣਾਂ ਵਾਂਗ ਇਨ੍ਹਾਂ ਚੋਣਾਂ ''ਚ ਵੀ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਉਨ੍ਹਾਂ ਦੇ ਹੀ ਨਾਵਾਂ ਵਾਲੇ ਉਮੀਦਵਾਰ ਖੜ੍ਹੇ ਹੋਏ। ਜ਼ੀਰਾ ''ਚ ਕੁਲਬੀਰ ਸਿੰਘ (ਕਾਂਗਰਸ) ਦੇ ਨਾਂ ਵਾਲੇ ਤਿੰਨ ਹੋਰ ਵਿਅਕਤੀ ਚੋਣਾਂ ਲੜ ਰਹੇ ਸਨ, ਜਿਨ੍ਹਾਂ ਨੂੰ ਕ੍ਰਮਵਾਰ 121, 147 ਅਤੇ 195 ਵੋਟਾਂ ਪਈਆਂ। ਉਨ੍ਹਾਂ ਦੇ ਵਿਰੋਧੀ ਗੁਰਪ੍ਰੀਤ ਸਿੰਘ (ਆਪ) ਦੇ ਨਾਂ ਵਾਲੇ ਵੀ 2 ਉਮੀਦਵਾਰ ਮੈਦਾਨ ''ਚ ਸਨ, ਜਿਨ੍ਹਾਂ ਨੂੰ ਕ੍ਰਮਵਾਰ 198 ਅਤੇ 331 ਵੋਟਾਂ ਮਿਲੀਆਂ। 
* ਪੰਜਾਬ ''ਚ ਕਾਂਗਰਸ ਦੀ ਬੰਪਰ ਜਿੱਤ ਹੋਈ ਪਰ ਵੋਟਰਾਂ ਤੋਂ ''ਦੂਰੀ'' ਕਾਰਨ ਇਸ ਦੀਆਂ ਕਈ ਵੱਡੀਆਂ ਤੋਪਾਂ ਲੁੜਕ ਗਈਆਂ।
* ਪੰਜਾਬ ''ਚ 1146 ਉਮੀਦਵਾਰਾਂ ''ਚੋਂ 800 ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹਨ। ਇਹ ਪਹਿਲਾ ਮੌਕਾ ਹੈ, ਜਦੋਂ ਇਕ ਵੀ ਆਜ਼ਾਦ ਉਮੀਦਵਾਰ ਚੋਣਾਂ ਨਹੀਂ ਜਿੱਤ ਸਕਿਆ। 
* ਲੱਗਭਗ 1.08 ਲੱਖ ਵੋਟਰਾਂ ਨੇ ਪੰਜਾਬ ''ਚ ''ਨੋਟਾ'' (ਉਕਤ ''ਚੋਂ ਕੋਈ ਵੀ ਪਸੰਦ ਨਹੀਂ) ਦਾ ਬਟਨ ਦਬਾਇਆ। ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਸੁਨਾਮ ''ਚ ਹੋਈ।
ਪੰਜਾਬ ਤੋਂ ਜੇਤੂਆਂ ''ਚ ਇਕ ਸਾਬਕਾ ਟੈਕਸੀ ਡਰਾਈਵਰ ਅਮਰਜੀਤ ਸਿੰਘ ਸੰਦੋਆ (ਆਪ) ਵੀ ਸ਼ਾਮਿਲ ਹੈ। ਉਹ ਦਿੱਲੀ ''ਚ ਟੈਕਸੀ ਚਲਾਉਂਦੇ ਸਨ ਤੇ ਹੁਣ ਉਨ੍ਹਾਂ ਦੀ ਇਕ ਛੋਟੀ ਜਿਹੀ ਟਰਾਂਸਪੋਰਟ ਕੰਪਨੀ ਹੈ। ਉਨ੍ਹਾਂ ਨੇ ਰੂਪਨਗਰ ''ਚ ਵਰਿੰਦਰ ਸਿੰਘ ਢਿੱਲੋਂ (ਕਾਂਗਰਸ) ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ''ਚ ਸਿੱਖਿਆ ਮੰਤਰੀ ਰਹੇ ਸ਼੍ਰੀ ਦਲਜੀਤ ਸਿੰਘ ਚੀਮਾ ਨੂੰ ਹਰਾਇਆ।
* ਪੰਜਾਬ ਅਤੇ ਗੋਆ ''ਚ ਬਹੁਤ ਧੂਮ-ਧੜੱਕੇ ਨਾਲ ਚੋਣ ਦੰਗਲ ''ਚ ਉਤਰਨ ਵਾਲੀ ''ਆਪ'' ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪੰਜਾਬ ''ਚ ਤਾਂ ਇਸ ਨੂੰ 117 ''ਚੋਂ 22 ਸੀਟਾਂ ਮਿਲ ਗਈਆਂ ਪਰ ਗੋਆ ''ਚ ਇਹ ਇਕ ਵੀ ਸੀਟ ਨਹੀਂ ਜਿੱਤ ਸਕੀ।
* ਚੋਣਾਂ ਵਾਲੇ ਸੂਬਿਆਂ ''ਚ 100 ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਮਿਲੀਆਂ। ਮਣੀਪੁਰ ''ਚ ਲਾਗੂ ''ਫੌਜ ਦਾ ਵਿਸ਼ੇਸ਼ ਅਧਿਕਾਰ ਕਾਨੂੰਨ'' (ਅਫਸਪਾ) ਹਟਾਉਣ ਲਈ 16 ਸਾਲਾਂ ਤਕ ਭੁੱਖ ਹੜਤਾਲ ਕਰਨ ਵਾਲੀ ਇਰੋਮ ਸ਼ਰਮੀਲਾ ਨੇ ਆਪਣੀ ਪਾਰਟੀ ਬਣਾ ਕੇ ਤਿੰਨ ਉਮੀਦਵਾਰ ਖੜ੍ਹੇ ਕੀਤੇ ਸਨ, ਜੋ ਹਾਰ ਗਏ। ਇਰੋਮ ਸਿਰਫ 90 ਵੋਟਾਂ ਹੀ ਹਾਸਿਲ ਕਰ ਸਕੀ ਤੇ ਹੁਣ ਉਸ ਨੇ ਕਦੇ ਵੀ ਚੋਣ ਨਾ ਲੜਨ ਦਾ ਫੈਸਲਾ ਲਿਆ ਹੈ।
* ਰਾਹੁਲ ਗਾਂਧੀ ਨੇ ਜਿਥੇ ਕਿਤੇ ਵੀ ਕਾਂਗਰਸ ਲਈ ਪ੍ਰਚਾਰ ਕੀਤਾ, ਲੱਗਭਗ ਹਰ ਜਗ੍ਹਾ ਇਸ ਦੀ ਹਾਰ ਹੋਈ। ਇਸ ਦੇ ਉਲਟ ਨਰਿੰਦਰ ਮੋਦੀ ਵਲੋਂ ਸੰਬੋਧਨ ਕੀਤੀਆਂ ਚੋਣ ਰੈਲੀਆਂ ''ਚ ਪਾਰਟੀ ਦੀ ਸਫਲਤਾ ਦੀ ਦਰ 86 ਫੀਸਦੀ ਰਹੀ ਤੇ ਜਿਥੇ-ਜਿਥੇ ਵੀ ਕੇਂਦਰੀ ਮੰਤਰੀਆਂ ਨੇ ਪ੍ਰਚਾਰ ਕੀਤਾ, ਉਥੇ ਸੌ ਫੀਸਦੀ ਉਮੀਦਵਾਰ ਸਫਲ ਹੋਏ।
ਹੁਣ ਤਕ ਭਾਜਪਾ ਨੂੰ ਉਪਰਲੇ ਸਦਨ ''ਚ ਮੈਂਬਰਾਂ ਦੀ ਗਿਣਤੀ ਘੱਟ ਹੋਣ ਕਾਰਨ ਕਈ ਬਿੱਲ ਪਾਸ ਕਰਵਾਉਣ ''ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਅਗਲੇ ਇਕ ਸਾਲ ''ਚ ਰਾਜ ਸਭਾ ਵਿਚ ਇਸ ਦੇ ਮੈਂਬਰਾਂ ਦੀ ਗਿਣਤੀ ਵਧ ਜਾਣ ਨਾਲ ਇਸ ਨੂੰ ਰੁਕੇ ਹੋਏ ਅਹਿਮ ਬਿੱਲ ਪਾਸ ਕਰਵਾਉਣ ''ਚ ਆਸਾਨੀ ਹੋਵੇਗੀ ਤੇ ਇਸ ਤੋਂ ਇਲਾਵਾ ਇਹ ਇਸੇ ਸਾਲ ਜੁਲਾਈ ''ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ''ਚ ਆਪਣੀ ਪਸੰਦ ਦਾ ਉਮੀਦਵਾਰ ਜਿਤਾਉਣ ਦੀ ਸਥਿਤੀ ''ਚ ਆ ਜਾਵੇਗੀ।    
—ਵਿਜੇ ਕੁਮਾਰ


Vijay Kumar Chopra

Chief Editor

Related News