ਬੇਂਗਲੁਰੂ : ਪਹਿਲਾਂ ‘ਸਲੱਮ’ ਹੀ ਡੁੱਬਦੇ ਸਨ ਹੜ੍ਹ ’ਚ ਇਸ ਵਾਰ ਪਾਸ਼ ਇਲਾਕੇ ਵੀ ਡੁੱਬੇ!

Wednesday, Sep 07, 2022 - 02:00 AM (IST)

ਬੇਂਗਲੁਰੂ : ਪਹਿਲਾਂ ‘ਸਲੱਮ’ ਹੀ ਡੁੱਬਦੇ ਸਨ ਹੜ੍ਹ ’ਚ ਇਸ ਵਾਰ ਪਾਸ਼ ਇਲਾਕੇ ਵੀ ਡੁੱਬੇ!

ਦੇਸ਼ ਦੇ ਕਈ ਸੂਬਿਆਂ ਦੇ ਨਾਲ-ਨਾਲ ਇਨ੍ਹੀਂ ਦਿਨੀਂ ਕਰਨਾਟਕ ਦੇ 27 ਜ਼ਿਲੇ ਭਿਆਨਕ ਹੜ੍ਹ ਦੀ ਲਪੇਟ ’ਚ ਹਨ। ਇੱਥੋਂ ਤੱਕ ਕਿ ‘ਸਿਲੀਕਾਨ ਸਿਟੀ’ ਬੇਂਗਲੁਰੂ ’ਚ ਮੋਹਲੇਧਾਰ ਮੀਂਹ ਅਤੇ ਹੜ੍ਹ ਨਾਲ ਜਨਜੀਵਨ ਪੂਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ ਹੈ।ਪਾਣੀ ਦੇ ਤੇਜ਼ ਵਹਾਅ ਨਾਲ ਕਈ ਸੜਕਾਂ ਦੀ ਹੋਂਦ ਖਤਮ ਹੋ ਗਈ ਹੈ, ਸੈਂਕੜੇ ਵਾਹਨ ਪਾਣੀ ’ਚ ਡੁੱਬ ਗਏ। ਜੋ ਜਿਸ ਥਾਂ ਸੀ, ਉੱਥੇ ਹੀ ਫਸਿਆ ਰਹਿ ਗਿਆ। ਹਰ ਪਾਸੇ ਪਾਣੀ ਹੀ ਪਾਣੀ ਹੈ ਪਰ ਲੋਕਾਂ ਦੇ ਪੀਣ ਲਈ ਨਾ ਪਾਣੀ ਹੈ ਤੇ ਨਾ ਘਰਾਂ ’ਚ ਰੌਸ਼ਨੀ ਕਰਨ ਲਈ ਬਿਜਲੀ। ਹਰ ਸਾਲ ਸਤੰਬਰ ਅਤੇ ਅਕਤੂਬਰ ’ਚ ਇੱਥੇ ਇਹੀ ਹਾਲ ਹੁੰਦਾ ਹੈ।ਕਈ ਇਲਾਕਿਆਂ ’ਚ ਤਾਂ ਹੜ੍ਹ ’ਚ ਫਸੇ ਲੋਕਾਂ ਨੂੰ ਕਿਸ਼ਤੀਆਂ, ਟਰੈਕਟਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਤੱਕ ਦੀ ਸਹਾਇਤਾ ਨਾਲ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਕਈ ਥਾਂ ਕਰੰਟ ਆ ਜਾਣ ਨਾਲ ਲੋਕਾਂ ਦੇ ਮਾਰੇ ਜਾਣ ਦੀਆਂ ਵੀ ਖਬਰਾਂ ਹਨ। ਸ਼ਹਿਰ ’ਚ ਕਈ ਝੀਲਾਂ, ਤਲਾਬ ਅਤੇ ਨਾਲੇ ਨੱਕੋ-ਨੱਕ ਭਰੇ ਹੋਏ ਹਨ ਅਤੇ ਘਰਾਂ ’ਚ ਪਾਣੀ ਭਰ ਗਿਆ ਹੈ।

ਇਕ ਰਾਤ ਦੇ ਮੀਂਹ ਨੇ ਹੀ ਸ਼ਹਿਰ ਦੀ ਜਲ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਿਦੱਤੀ ਹੈ। ਕੁਝ ਘੰਟਿਆਂ ਦੇ ਮੀਂਹ ’ਚ ਹੀ ਪ੍ਰਸ਼ਾਸਨ ਦੇ ਸਾਰੇ ਪ੍ਰਬੰਧ ਨਕਾਰਾ ਸਿੱਧ ਹੋ ਗਏ। ਇਸ ਦਾ ਕਾਰਨ ਗਲਤ ‘ਟਾਊਨ ਪਲਾਨਿੰਗ’ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਸਾਲ ਹੜ੍ਹ ਆਉਂਦਾ ਹੈ ਅਤੇ ਸਰਕਾਰਾਂ ਕੁਝ ਨਹੀਂ ਕਰਦੀਆਂ। ਹੁਣ ਤੱਕ ਤਾਂ ਇਹ ਹੜ੍ਹ ਸਲੱਮ ਇਲਾਕਿਆਂ ਨੂੰ ਹੀ ਆਪਣੀ ਲਪੇਟ ’ਚ ਲੈਂਦੇ ਰਹੇ ਪਰ ਇਸ ਵਾਰ ਕਿਉਂਕਿ ਹੜ੍ਹ ਨੇ ਅਮੀਰ ਅਖਵਾਉਣ ਵਾਲੇ ਇਲਾਕਿ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ ਹੈ ਸ਼ਾਇਦ ਇਸ ਲਈ ਇਸ ਦੀ ਇੰਨੀ ਚਰਚਾ ਹੋ ਰਹੀ ਹੈ ਅਤੇ ਰੌਲਾ ਪੈ ਗਿਆ ਹੈ।ਸਿਰਫ 250 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਤਾਂ ਆਈ. ਟੀ. ਇੰਡਸਟਰੀ ਨਾਲ ਜੁੜੇ ਲੋਕਾਂ ਨੇ ਦੱਸਿਆ ਹੈ ਜਦਕਿ ਹੋਰਨਾਂ ਇਲਾਕਿਆਂ ’ਚ ਹੋਣ ਵਾਲਾ ਨੁਕਸਾਨ ਇਸ ਤੋਂ ਕਿਤੇ ਵੱਧ ਹੋਵੇਗਾ ਜਿਸ ਦੇ ਲਈ ਜੰਗਲਾਂ ਦੀ ਕਟਾਈ ਅਤੇ ਗਲਤ ਢੰਗ ਨਾਲ ਕੀਤੀ ਗਈ ਸੜਕਾਂ ਅਤੇ ਗਗਨਚੁੰਬੀ ਇਮਾਰਤਾਂ ਦੀ ਉਸਾਰੀ ਜ਼ਿੰਮੇਵਾਰ ਹੈ।

-ਵਿਜੇ ਕੁਮਾਰ


author

Karan Kumar

Content Editor

Related News