ਜੀ-20 ਸੰਮੇਲਨ ਲਈ ਭਿਖਾਰੀਆਂ ਅਤੇ ਬੇਘਰਾਂ ਨੂੰ ਸ਼ੈਲਟਰਾਂ ’ਚ ਭੇਜਿਆ ਜਾ ਰਿਹਾ

09/04/2023 3:31:43 AM

ਦਿੱਲੀ ’ਚ ਹੋਣ ਵਾਲੇ ਜੀ-20 ਸੰਮੇਲਨ ਕਾਰਨ ਰਾਜਧਾਨੀ ਨੂੰ ਸਜਾਇਆ ਜਾ ਰਿਹਾ ਹੈ ਅਤੇ ਵੱਡੇ ਪੱਧਰ ’ਤੇ ਬੂਟੇ ਆਦਿ ਲਾਏ ਜਾ ਰਹੇ ਹਨ, ਦਿੱਲੀ ਦੀ ਸਾਫ-ਸਫਾਈ ਤੋਂ ਇਲਾਵਾ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾ ਰਹੇ ਹਨ।

ਜੀ-20 ਦੇ ਸੰਮੇਲਨ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਦੇ ਸਮਾਜ ਕਲਿਆਣ ਵਿਭਾਗ ਅਤੇ ਦਿੱਲੀ ਅਰਬਨ ਸ਼ੈਲਟਰ ਇੰਪਰੂਵਮੈਂਟ ਬੋਰਡ (ਡੀ. ਯੂ. ਐੱਸ. ਆਈ. ਬੀ.) ਦੀਆਂ ਸਾਂਝੀਆਂ ਟੀਮਾਂ ਨੇ ਲਗਭਗ 4000 ਬੇਘਰ ਲੋਕਾਂ ਅਤੇ ਭਿਖਾਰੀਆਂ ਨੂੰ ਰੋਹਿਣੀ ਅਤੇ ਦਵਾਰਕਾ ਦੇ ਸ਼ੈਲਟਰ ਹੋਮਾਂ ’ਚ ਭੇਜ ਦਿੱਤਾ ਹੈ, ਜਦੋਂ ਕਿ ਕੁਝ ਹੋਰ ਗੈਰ-ਕਾਨੂੰਨੀ ਕਬਜ਼ਾਧਾਰਕਾਂ ਨੂੰ ਵੀ ਨਵੀਂ ਦਿੱਲੀ ਅਤੇ ਕੇਂਦਰੀ ਦਿੱਲੀ ਦੀਆਂ ਜਨਤਕ ਥਾਵਾਂ ਤੋਂ ਅਗਲੇ ਕੁਝ ਦਿਨਾਂ ’ਚ ਹਟਾਇਆ ਜਾਵੇਗਾ। ਇਨ੍ਹਾਂ ’ਚੋਂ ਵਧੇਰੇ ਫਲਾਈਓਵਰਾਂ ਅਤੇ ਸੜਕਾਂ ’ਤੇ ਰਹਿੰਦੇ ਹਨ।

ਇਨ੍ਹਾਂ ਲੋਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਹਟਾਇਆ ਗਿਆ ਹੈ ਜਿੱਥੇ ਜੀ-20 ਦੇ ਮਹਿਮਾਨਾਂ ਦੇ ਦੌਰਾ ਕਰਨ ਦੀ ਸੰਭਾਵਨਾ ਹੈ। ਇਨ੍ਹਾਂ ’ਚ ਰਾਜਘਾਟ, ਸ਼ਾਂਤੀ ਵਨ, ਅਕਸ਼ਰਧਾਮ, ਲੋਟਸ ਟੈਂਪਲ ਅਤੇ ਚਾਂਦਨੀ ਚੌਕ ਸਮੇਤ ਕੁਝ ਖੇਤਰ ਸ਼ਾਮਲ ਹਨ ਜਿੱਥੇ ਮਹਿਮਾਨ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਜ਼ਿਟ ਕਰ ਸਕਦੇ ਹਨ।

ਦਿੱਲੀ ਸਰਕਾਰ ਨੇ ਇਸ ਕੰਮ ਲਈ 12 ਟੀਮਾਂ ਬਣਾਈਆਂ ਹਨ ਜੋ ਸੜਕਾਂ, ਫਲਾਈਓਵਰਾਂ, ਅੰਡਰਪਾਸਾਂ, ਰਸਤਿਆਂ ਅਤੇ ਹੋਰਨਾਂ ਖੁੱਲ੍ਹੇ ਖੇਤਰਾਂ ਤੋਂ ਬੇਘਰਾਂ ਨੂੰ ਹਟਾਉਣਗੀਆਂ।

ਵਰਨਣਯੋਗ ਹੈ ਕਿ ਡੀ. ਯੂ. ਐੱਸ. ਆਈ. ਬੀ. ਨੇ ਦਸੰਬਰ ’ਚ ਆਪਣੇ ਚੀਫ ਇੰਜੀਨੀਅਰ ਦੀ ਪ੍ਰਧਾਨਗੀ ਹੇਠ ਇਕ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ, ਜਿਸ ਨੂੰ ਆਈ. ਐੱਸ. ਬੀ. ਟੀ. ਦੇ ਨੇੜੇ ਹਨੂੰਮਾਨ ਮੰਦਰ, ਰਾਜਘਾਟ, ਸ਼ਾਂਤੀ ਵਨ, ਆਈ. ਟੀ. ਓ. ਅਤੇ ਹੋਰਨਾਂ ਖੇਤਰਾਂ ਤੋਂ ਭਿਖਾਰੀਆਂ ਨੂੰ ਸ਼ਿਫਟ ਕਰਨ ਲਈ ਇਕ ਕਾਰਜਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਸੀ।

29 ਭਾਈਵਾਲ ਦੇਸ਼ਾਂ ਦੇ ਸੈਂਕੜੇ ਪ੍ਰਮੁੱਖ ਮਹਿਮਾਨ ਜੀ-20 ਸੰਮੇਲਨ ’ਚ ਹਿੱਸਾ ਲੈਣ ਲਈ ਇਸੇ ਹਫਤੇ ਇੱਥੇ ਪੁੱਜਣਗੇ, ਜਿਨ੍ਹਾਂ ਨੂੰ 23 ਹੋਟਲਾਂ ’ਚ ਠਹਿਰਾਇਆ ਜਾਵੇਗਾ। ਉਹ ਸਮਾਰੋਹ ਦੀ ਮੁੱਖ ਥਾਂ ਪ੍ਰਗਤੀ ਮੈਦਾਨ ਜਾਣ ਲਈ 61 ਰਸਤਿਆਂ ਦੀ ਵਰਤੋਂ ਕਰਨਗੇ।

ਜੀ-20 ਸੰਮੇਲਨ ਲਈ ਸ਼ਹਿਰ ਨੂੰ ਵੱਡੀ ਪੱਧਰ ’ਤੇ ਸੁੰਦਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ ਤੇ ਭਿਖਾਰੀਆਂ ਨੂੰ ਹਟਾਉਣਾ ਵੀ ਉਸੇ ਮੁਹਿੰਮ ਦਾ ਹਿੱਸਾ ਹੈ। ਇਸ ਸਮੇਂ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਰਾਜਧਾਨੀ ਦੀ ਚਮਕ-ਦਮਕ ਪਿੱਛੇ ਲੁਕਿਆ ਇਸ ਦਾ ਦੂਜਾ ਚਿਹਰਾ ਵਿਦੇਸ਼ੀ ਮਹਿਮਾਨਾਂ ਦੇ ਸਾਹਮਣੇ ਨਾ ਆ ਸਕੇ।

ਪਰ ਭਿਖਾਰੀਆਂ ਅਤੇ ਬੇਘਰਾਂ ਨੂੰ ਸ਼ਰਨ ਵਾਲੀ ਥਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਜ਼ਰੂਰੀ ਸਹੂਲਤਾਂ ਪ੍ਰਦਾਨ ਕਰਨ ਦਾ ਕੰਮ ਤਾਂ ਪ੍ਰਸ਼ਾਸਨ ਨੂੰ ਆਮ ਹਾਲਾਤ ’ਚ ਵੀ ਕਰਨਾ ਚਾਹੀਦਾ ਹੈ ਤਾਂ ਜੋ ਉਹ ਫਲਾਈਓਵਰਾਂ ਦੇ ਹੇਠਾਂ ਅਤੇ ਫੁੱਟਪਾਥਾਂ ’ਤੇ ਆਪਣੀਆਂ ਰਾਤਾਂ ਬਿਤਾਉਣ ਲਈ ਮਜਬੂਰ ਨਾ ਹੋਣ ਅਤੇ ਅਜਿਹੀ ਨੌਬਤ ਵੀ ਨਾ ਆਏ ਕਿ ਲੋੜ ਪੈਣ ’ਤੇ ਫੁੱਟਪਾਥਾਂ ’ਤੇ ਬੈਠੇ ਭਿਖਾਰੀਆਂ ਤੇ ਬੇਘਰਾਂ ਨੂੰ ਚੁੱਕ ਕੇ ਸ਼ੈਲਟਰਾਂ ’ਚ ਰੱਖਣਾ ਪਵੇ।


Mukesh

Content Editor

Related News