ਦੇਸ਼ ’ਚ ਲਗਾਤਾਰ ‘ਲੁੱਟੇ ਜਾ ਰਹੇ ਬੈਂਕ’ ‘ਸੁਰੱਖਿਆ ਵਿਵਸਥਾ ’ਤੇ ਸਵਾਲੀਆ ਨਿਸ਼ਾਨ’

11/30/2022 3:03:03 AM

ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਦੇਸ਼ ’ਚ ਅਪਰਾਧ ਘੱਟ ਨਹੀਂ ਹੋ ਰਹੇ। ਇਕ ਪਾਸੇ ਜਿੱਥੇ ਜਬਰ-ਜ਼ਨਾਹ, ਹੱਤਿਆ, ਚੋਰੀ-ਡਕੈਤੀ ਆਦਿ ਦੇ ਮਾਮਲੇ ਵਧ ਗਏ ਹਨ ਤਾਂ ਦੂਜੇ ਪਾਸੇ ਬੈਂਕਾਂ ਅਤੇ ਏ.ਟੀ.ਐੱਮ. ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਕੁਝ ਸਮੇਂ ਦੌਰਾਨ ਬੈਂਕ ਲੁੱਟਣ ਦੀਆਂ ਹੇਠ ਲਿਖੀਆਂ ਵਾਰਦਾਤਾਂ ਹੋ ਚੁੱਕੀਆਂ ਹਨ :
* 05 ਜੁਲਾਈ ਨੂੰ ਸਵੇਰੇ ਭਿਵਾੜੀ (ਰਾਜਸਥਾਨ) ਵਿਖੇ 6 ਹਥਿਆਰਬੰਦ ਡਕੈਤਾਂ ਨੇ ਇਕ ਨਿੱਜੀ ਬੈਂਕ ਖੁੱਲ੍ਹਣ ਦੇ ਕੁਝ ਹੀ ਮਿੰਟ ਅੰਦਰ ਮੁਲਾਜ਼ਮਾਂ ਅਤੇ ਗਾਹਕਾਂ ਨੂੰ ਬੰਦੂਕ ਦੇ ਜ਼ੋਰ ’ਤੇ ਬੰਧਕ ਬਣਾ ਕੇ ਲਗਭਗ 76 ਲੱਖ ਰੁਪਏ ਨਕਦ ਅਤੇ 25 ਲੱਖ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਲੁੱਟ ਲਏ।
* 04 ਅਗਸਤ ਨੂੰ 3 ਨਕਾਬਪੋਸ਼ ਜਲੰਧਰ ’ਚ ਇਕ ਬੈਂਕ ਦੇ ਸਟਾਫ ਅਤੇ ਉੱਥੇ ਮੌਜੂਦ ਗਾਹਕਾਂ ਨੂੰ ਬੰਧਕ ਬਣਾ ਕੇ 14 ਲੱਖ ਰੁਪਏ ਲੁੱਟ ਕੇ ਲੈ ਗਏ।
* 05 ਅਗਸਤ ਨੂੰ 3 ਹਥਿਆਰਬੰਦ ਡਾਕੂ ਅਲਵਰ (ਰਾਜਸਥਾਨ) ਦੇ ਭੂਗੌਰ ਪਿੰਡ ਸਥਿਤ ‘ਬੜੌਦਾ-ਰਾਜਸਥਾਨ ਗ੍ਰਾਮੀਣ ਬੈਂਕ’ ਦੀ ਸ਼ਾਖਾ ’ਚ ਦਾਖਲ ਹੋ ਕੇ ਸਟਾਫ ਅਤੇ ਗਾਹਕਾਂ ਨੂੰ ਧਮਕਾ ਕੇ ਲਗਭਗ 10 ਮਿੰਟ ਅੰਦਰ 76 ਹਜ਼ਾਰ ਰੁਪਏ ਲੈ ਉਡੇ।
* 12 ਅਗਸਤ ਨੂੰ ਲੁਧਿਆਣਾ ਦੇ ਦੇਤਵਾਲ ਪਿੰਡ ’ਚ ਸਥਿਤ ‘ਪੰਜਾਬ ਨੈਸ਼ਨਲ ਬੈਂਕ’ ਦੀ ਸ਼ਾਖਾ ’ਚੋਂ 5 ਹਥਿਆਰਬੰਦ ਲੁਟੇਰਿਆਂ ਨੇ 7.44 ਲੱਖ ਰੁਪਏ ਲੁੱਟ ਲਏ।
* 18 ਅਗਸਤ ਨੂੰ ਜਮਸ਼ੇਦਪੁਰ (ਝਾਰਖੰਡ) ਸਥਿਤ ‘ਬੈਂਕ ਆਫ ਇੰਡੀਆ’ ਦੇ ਸਟਾਫ ਅਤੇ ਗਾਹਕਾਂ ਨੂੰ ਬੰਦੂਕ ਵਿਖਾ ਕੇ ਬੰਧਕ ਬਣਾਉਣ ਪਿੱਛੋਂ 4 ਹਥਿਆਰਬੰਦ ਲੁਟੇਰੇ ਲਗਭਗ 30 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
* 06 ਸਤੰਬਰ ਨੂੰ ਮਹਾਰਾਸ਼ਟਰ ’ਚ ਲਾਤੂਰ ਸਥਿਤ ‘ਮਹਾਰਾਸ਼ਟਰ ਗ੍ਰਾਮੀਣ ਬੈਂਕ’ ਦੀ ਸ਼ਾਖਾ ’ਚੋਂ 27 ਲੱਖ ਰੁਪਏ ਨਕਦ ਅਤੇ 22 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਲੁੱਟ ਲਏ ਗਏ। ਬੈਂਕ ਦੇ ਲਾਕਰ ’ਚ 5 ਤਰ੍ਹਾਂ ਦੇ ਤਾਲੇ ਹੋਣ ਦੇ ਬਾਵਜੂਦ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
* 16 ਸਤੰਬਰ ਨੂੰ ਪਣਜੀ (ਗੋਆ) ਵਿਖੇ 5 ਨੌਜਵਾਨ ਸਟੇਟ ਬੈਂਕ ਦੀ ‘ਕੇਰੀ ਸਤਾਰੀ’ ਸ਼ਾਖਾ ਦੇ ਮੈਨੇਜਰ ਨੂੰ ਬੰਦੂਕ ਦੇ ਜ਼ੋਰ ’ਤੇ ਅਗਵਾ ਕਰਨ ਪਿੱਛੋਂ 55 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਕੇ ਲੈ ਗਏ।
* 19 ਸਤੰਬਰ ਨੂੰ ਮੁਜ਼ੱਫਰਪੁਰ (ਬਿਹਾਰ) ’ਚ ਇਕ ਨਿੱਜੀ ਬੈਂਕ ਦੀ ‘ਗੋਬਰਸਾਹੀ’ ਸ਼ਾਖਾ ’ਤੇ 3 ਅਗਿਆਤ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਅਤੇ ਬੈਂਕ ਦੇ ਡਿਪਟੀ ਮੈਨੇਜਰ ਵੱਲੋਂ ਵਿਰੋਧ ਕਰਨ ’ਤੇ ਉਸ ਨੂੰ ਜ਼ਖਮੀ ਕਰ ਕੇ 14.98 ਲੱਖ ਰੁਪਏ ਲੁੱਟ ਕੇ ਲੈ ਗਏ।
* 17 ਨਵੰਬਰ ਨੂੰ ਪਾਲੀ (ਰਾਜਸਥਾਨ) ਸਥਿਤ ਸਟੇਟ ਬੈਂਕ ਦੀ ਸ਼ਾਖਾ ਖੁੱਲ੍ਹਦਿਆਂ ਹੀ 2 ਹਥਿਆਰਬੰਦ ਲੁਟੇਰੇ ਅੰਦਰ ਦਾਖਲ ਹੋਏ ਅਤੇ 50 ਸੈਕੰਡ ’ਚ ਹੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ 3,33,656 ਰੁਪਏ ਲੁੱਟ ਕੇ ਫਰਾਰ ਹੋ ਗਏ।
* 18-19 ਨਵੰਬਰ ਦੀ ਦਰਮਿਆਨੀ ਰਾਤ ਨੂੰ ਪਟਿਆਲਾ (ਪੰਜਾਬ) ’ਚ ਘਨੌਰ ਨੇੜੇ ‘ਜੰਡਮਘੌਲੀ’ ਦੇ ‘ਸੈਂਟਰਲ ਕੋ-ਆਪ੍ਰੇਟਿਵ ਬੈਂਕ’ ’ਚ 2 ਲੁਟੇਰੇ ਸੰਨ੍ਹ ਲਾਉਣ ਪਿੱਛੋਂ ਲਗਭਗ 8 ਲੱਖ ਰੁਪਏ ਨਕਦ ਚੋਰੀ ਕਰ ਕੇ ਫਰਾਰ ਹੋ ਗਏ।
* 26 ਨਵੰਬਰ ਨੂੰ ਕਟਨੀ (ਮੱਧ ਪ੍ਰਦੇਸ਼) ’ਚ ਰੰਗਨਾਥ ਨਗਰ ਥਾਣਾ ਅਧੀਨ ‘ਬਰਗਵਾਂ’ ਖੇਤਰ ’ਚ ਸਥਿਤ ਇਕ ‘ਗੋਲਡ ਬੈਂਕ’ ’ਚ ਦਿਨ ਦਿਹਾੜੇ ਡਕੈਤੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲਗਭਗ 6 ਬਦਮਾਸ਼ ਬੈਂਕ ’ਚ ਰੱਖਿਆ ਲਗਭਗ 15 ਕਿਲੋ ਸੋਨਾ ਅਤੇ ਲੱਖਾਂ ਰੁਪਏ ਨਕਦ ਲੈ ਕੇ ਫਰਾਰ ਹੋ ਗਏ।
* 26-27 ਨਵੰਬਰ ਦੀ ਦਰਮਿਆਨੀ ਰਾਤ ਨੂੰ 4 ਨਕਾਬਪੋਸ਼ ਲੁਟੇਰਿਆਂ ਨੇ ਕਰਨਾਟਕ ਦੇ ‘ਡੋਡਾ ਬੱਲਾਪੁਰਾ’ ਨੇੜੇ ‘ਹੋਸਾਹੱਲੀ’ ਵਿਖੇ ‘ਕਰਨਾਟਕ ਗ੍ਰਾਮੀਣ ਬੈਂਕ’ ’ਚ ਦਾਖਲ ਹੋ ਕੇ 14 ਲੱਖ ਰੁਪਏ ਨਕਦ ਅਤੇ 3.5 ਕਰੋੜ ਰੁਪਏ ਦੇ ਮੁੱਲ ਦਾ ਸੋਨਾ ਲੁੱਟ ਲਿਆ।
* ਅਤੇ ਹੁਣ 28 ਨਵੰਬਰ ਨੂੰ ਦਿਨ ਦਿਹਾੜੇ ਘਨੌਰ (ਪੰਜਾਬ) ਸਥਿਤ ਯੂਕੋ ਬੈਂਕ ਦੀ ਸ਼ਾਖਾ ’ਚੋਂ 3 ਨਕਾਬਪੋਸ਼ ਲੁਟੇਰੇ 17.80 ਲੱਖ ਰੁਪਏ ਲੁੱਟਣ ਪਿੱਛੋਂ ਬੈਂਕ ’ਚ ਲੱਗੇ ਸੀ. ਸੀ. ਟੀ.ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਪੁੱਟ ਕੇ ਲੈ ਗਏ।
ਬੈਂਕਾਂ ’ਚ ਹਮਲਿਆਂ ਕਾਰਨ ਕਈ ਵਾਰ ਉਸ ਸਮੇਂ ਉਥੇ ਰੁਪਏ ਜਮ੍ਹਾ ਕਰਵਾਉਣ ਜਾਂ ਕਢਵਾਉਣ ਆਏ ਗਾਹਕਾਂ ਦੀ ਜਾਨ ਵੀ ਖਤਰੇ ’ਚ ਪੈ ਜਾਂਦੀ ਹੈ ਅਤੇ ਕਈ ਵਾਰ ਲੁਟੇਰੇ ਬੈਂਕਾਂ ਅਤੇ ਏ. ਟੀ.ਐੱਮ. ’ਚੋਂ ਰੁਪਏ ਕਢਵਾ ਕੇ ਜਾਣ ਵਾਲਿਆਂ ਦੇ ਪਿੱਛੇ ਵੀ ਲਗ ਜਾਂਦੇ ਹਨ ਅਤੇ ਮੌਕਾ ਮਿਲਦਿਆਂ ਹੀ ਉਨ੍ਹਾਂ ਨੂੰ ਲੁੱਟ ਲੈਂਦੇ ਹਨ।
ਕਈ ਬੈਂਕ ਸ਼ਾਖਾਵਾਂ ’ਚ ਸੁਰੱਖਿਆ ਮੁਲਾਜ਼ਮਾਂ ਦੀ ਲਾਪ੍ਰਵਾਹੀ ਕਾਰਨ ਇਹ ਘਟਨਾਵਾਂ ਹੋ ਰਹੀਆਂ ਹਨ ਤੇ ਕਈ ਮਾਮਲਿਆਂ ’ਚ ਅਪਰਾਧੀ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ’ਚ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਾਰਨ ਬਚ ਨਿਕਲਦੇ ਹਨ।
ਕਈ ਵਾਰ ਕੈਮਰਿਆਂ ਦੇ ਲੈਂਜ਼ ’ਤੇ ਰੰਗ ਛਿੜਕ ਕੇ ਉਨ੍ਹਾਂ ਨੂੰ ਨਕਾਰਾ ਕਰ ਦੇਣ ਜਾਂ ਘਟਨਾ ਨੂੰ ਰਿਕਾਰਡ ਕਰਨ ਵਾਲੇ ਡੀ. ਵੀ ਆਰ. ਤੱਕ ਪੁੱਟ ਕੇ ਆਪਣੇ ਨਾਲ ਲਿਜਾਣ ਕਾਰਨ ਵੀ ਲੁਟੇਰੇ ਫੜੇ ਨਹੀਂ ਜਾਂਦੇ।
ਅਜਿਹੇ ਮਾਮਲਿਆਂ ’ਚ ਕਈ ਵਾਰ ਬੈਂਕਾਂ ਦੇ ਮੁਲਾਜ਼ਮ ਵੀ ਅਪਰਾਧੀਆਂ ਨਾਲ ਮਿਲੇ ਪਾਏ ਗਏ ਹਨ। ਇਸ ਲਈ ਬੈਂਕਾਂ ’ਚ ਸੁਰੱਖਿਆ ਪ੍ਰਬੰਧ ਮਜ਼ਬੂਤ ਬਣਾਉਣ ਅਤੇ ਅਜਿਹੀਆਂ ਵਾਰਦਾਤਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਫੜ ਕੇ ਸਖਤ ਸਜ਼ਾ ਦੇਣੀ ਯਕੀਨੀ ਬਣਾਉਣ ਦੀ ਲੋ਼ੜ ਹੈ।  

 -ਵਿਜੇ ਕੁਮਾਰ


Mandeep Singh

Content Editor

Related News