ਬੰਗਲਾਦੇਸ਼ ’ਚ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ ਹਮਲੇ ਜਾਰੀ

10/17/2021 3:18:09 AM

ਮਨੁੱਖੀ ਅਧਿਕਾਰ ਸੰਸਥਾਵਾਂ ਦੇ ਅਨੁਸਾਰ ਬੰਗਲਾਦੇਸ਼ ’ਚ ਘੱਟਗਿਣਤੀਆਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਹੈ। ਢਾਕਾ ਯੂਨੀਵਰਸਿਟੀ ਦੇ ਪ੍ਰੋਫੈਸਰ ਅਬਦੁਲ ਬਰਕਤ ਦਾ ਕਹਿਣਾ ਹੈ ਕਿ ‘‘ਬੀਤੇ 4 ਦਹਾਕਿਆਂ ’ਚ 2.3 ਲੱਖ ਲੋਕ ਬੰਗਲਾਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਜੇਕਰ ਉੱਥੇ ਹਿੰਦੂਆਂ ਦੇ ਹਾਲਾਤ ਨਾ ਸੁਧਰੇ ਤਾਂ 25 ਸਾਲ ਦੇ ਬਾਅਦ ਉੱਥੇ ਕੋਈ ਵੀ ਹਿੰਦੂ ਨਹੀਂ ਰਹੇਗਾ। ਇਸ ਤਰ੍ਹਾਂ ਦੇ ਹਾਲਾਤ ਨੂੰ ਦੇਖਦੇ ਹੋਏ ਹਰ ਕੋਈ ਦੇਸ਼ ਛੱਡ ਕੇ ਕਿਤੇ ਹੋਰ ਜਾਣਾ ਚਾਹੁੰਦਾ ਹੈ।’’

ਬੰਗਲਾਦੇਸ਼ ਕੱਟੜਵਾਦੀ ਸੰਗਠਨਾਂ ਵੱਲੋਂ ਹਿੰਦੂਆਂ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਜੋ ਇਸੇ ਸਾਲ ਉੱਥੇ ਹੋਈਆਂ ਹੇਠਲੀਆਂ ਘਟਨਾਵਾਂ ਤੋਂ ਸਪੱਸ਼ਟ ਹੈ :

* 28 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਦੇ ਵਿਰੁੱਧ ‘ਬ੍ਰਾਹਮਣਬਰਿਆ’ ਅਤੇ ਹੋਰਨਾਂ ਥਾਵਾਂ ’ਤੇ ਭੜਕੀ ਹਿੰਸਾ ’ਚ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਜਿਸ ਦੇ ਲਈ ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜਜਮਾਂ ਨੇ ਕੱਟੜਪੰਥੀ ਇਸਲਾਮੀ ਸੰਗਠਨ ‘ਹਿਫਾਜ਼ਤ-ਏ-ਇਸਲਾਮ’ ਨੂੰ ਜ਼ਿੰਮੇਵਾਰ ਦੱਸਿਆ ਸੀ।

* 7 ਅਗਸਤ ਨੂੰ ਬੰਗਲਾਦੇਸ਼ ਦੇ ‘ਖੁਲਨਾ’ ਜ਼ਿਲੇ ’ਚ ‘ਰੂਪਸਾ’ ਥਾਣੇ ਦੇ ਸ਼ਿਆਲੀ, ਮਲਿੱਕਪੁਰਾ ਅਤੇ ਗੋਵਰਾ ਪਿੰਡਾਂ ’ਚ ਹਥਿਆਰਾਂ ਨਾਲ ਲੈਸ ਸੈਂਕੜੇ ਕੱਟੜਪੰਥੀਆਂ ਨੇ ਹਮਲਾ ਕਰਕੇ ਇਲਾਕੇ ਦੇ ਸਾਰੇ 6 ਮੰਦਰਾਂ ’ਚ ਤਬਾਹੀ ਮਚਾ ਦਿੱਤੀ।

ੁਉਨ੍ਹਾਂ ਨੇ 50 ਤੋਂ ਵੱਧ ਮੂਰਤੀਆਂ ਨਸ਼ਟ ਕਰਨ ਦੇ ਇਲਾਵਾ ਹਿੰਦੂਆਂ ਦੇ 57 ਘਰਾਂ ’ਚ ਭੰਨ-ਤੋੜ ਕੀਤੀ, ਕਈ ਦੁਕਾਨਾਂ ਨੂੰ ਲੁੱਟ ਕੇ ਅੱਗ ਲਗਾ ਦਿੱਤੀ ਅਤੇ ਵਿਰੋਧ ਕਰਨ ’ਤੇ ਲੋਕਾਂ ਨੂੰ ਬੇਰਹਿਮੀ ਨਾਲ ਕੁੱਟਿਆ ਜਿਸ ਨਾਲ ਦਰਜਨਾਂ ਲੋਕ ਜ਼ਖਮੀ ਹੋ ਗਏ।

* 14 ਅਕਤੂਬਰ ਨੂੰ ਦੁਰਗਾ ਪੂਜਾ ਸਮਾਰੋਹਾਂ ’ਚ ਕੋਮਿੱਲਾ ’ਚ ਕੁਝ ਸ਼ਰਾਰਤੀ ਤੱਤਾਂ ਵੱਲੋਂ ਸੋਸ਼ਲ ਮੀਡੀਆ ’ਤੇ ਫਰਜ਼ੀ ਖਬਰ ਫੈਲਾਉਣ ਨਾਲ ਹਿੰਸਾ ਸ਼ੁਰੂ ਹੋ ਗਈ। ਪਹਿਲਾਂ ਦੰਗਾਕਾਰੀਆਂ ਨੇ ‘ਨਾਨੂੰਪਾਰ ਦਿਘੀਰ ਪਾਰ ਮੰਦਰ’ ਦੇ ਦੁਰਗਾ ਪੂਜਾ ਪੰਡਾਲ ’ਚ ਭੰਨ-ਤੋੜ ਕੀਤੀ ਅਤੇ ਉਸ ਦੇ ਬਾਅਦ ਹੋਰਨਾਂ ਥਾਵਾਂ ’ਤੇ ਸਥਿਤ ਦੁਰਗਾ ਪੂਜਾ ਪੰਡਾਲਾਂ ਤੇ ਮੰਦਰਾਂ ’ਤੇ ਵੀ ਹਮਲੇ ਕਰ ਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ।

ਕੋਮਿੱਲਾ ਨਾਲ ਲੱਗਦੇ ਹਾਜੀਗੰਜ ’ਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਅਤੇ ਦੰਗਾਕਾਰੀਆਂ ਵੱਲੋਂ ਸ਼ਰਧਾਲੂਆਂ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਨਤੀਜੇ ਵਜੋਂ ਘੱਟੋ-ਘੱਟ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 60 ਜ਼ਖਮੀ ਹੋ ਗਏ। ਇਸੇ ਦਿਨ ਅਧਿਕਾਰੀਆਂ ਨੇ ਖੁਲਨਾ ਜ਼ਿਲੇ ’ਚ ਇਕ ਹਿੰਦੂ ਮੰਦਰ ਦੇ ਗੇਟ ’ਤੇ 18 ਜ਼ਿੰਦਾ ਬੰਬ ਬਰਾਮਦ ਕੀਤੇ।

* 15 ਅਕਤੂਬਰ ਨੂੰ ਵੀ ਹਜ਼ਾਰਾਂ ਕੱਟੜਪੰਥੀਆਂ ਨੇ ਕਹਿਰ ਵਰ੍ਹਾਉਂਦੇ ਹੋਏ ਰਾਜਧਾਨੀ ਢਾਕਾ ’ਚ ਵਿਖਾਵਾ ਕੀਤਾ ਅਤੇ ਉਨ੍ਹਾਂ ’ਤੇ ਕਾਬੂ ਪਾਉਣ ਲਈ ਸੁਰੱਖਿਆ ਬਲਾਂ ਨੂੰ ਲਾਠੀਚਾਰਜ ਕਰਨਾ ਪਿਆ।

ਇਸੇ ਦੌਰਾਨ ਜੁੰਮੇ ਦੀ ਨਮਾਜ਼ ਦੇ ਬਾਅਦ ‘ਨੋਆਖਲੀ’ ’ਚ ਮੁਸਲਿਮ ਭਾਈਚਾਰੇ ਦੇ ਲਗਭਗ 500 ਮੈਂਬਰਾਂ ਨੇ ‘ਇਸਕਾਨ’ ਮੰਦਰ ’ਤੇ ਹਮਲਾ ਕਰ ਕੇ ਇਸ ਦੇ ਸੰਸਥਾਪਕ ਭਗਤੀ ਵੇਦਾਂਤ ਸਵਾਮੀ ਪ੍ਰਭੂਪਾਦ ਦੀ ਮੌਤ ਸਮੇਤ ਉੱਥੇ ਪਵਿੱਤਰ ਹਿੰਦੂ ਦੇਵਤਿਆਂ ਦੀਆਂ ਕਈ ਮੂਰਤੀਆਂ ਤੋੜਨ ਦੇ ਬਾਅਦ ਉਨ੍ਹਾਂ ’ਚ ਅੱਗ ਲਗਾ ਦਿੱਤੀ ਅਤੇ ਇਕ ਹਿੰਦੂ ਸ਼ਰਧਾਲੂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ‘ਇਸਕਾਨ’ ਨੇ ਇਸ ਘਟਨਾ ਨੂੰ ਸ਼ਰਮਨਾਕ ਦੱਸਦੇ ਹੋਏ ਸੰਯੁਕਤ ਰਾਸ਼ਟਰ ਤੋਂ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸੇ ਦਿਨ ‘ਨੋਆਖਲੀ’ ਦੇ ਬੇਗਮਗੰਜ ’ਚ ਦੰਗਾਕਾਰੀਆਂ ਨੇ ਇਕ ਰੈਲੀ ਕੱਢੀ।

* 16 ਅਗਸਤ ਨੂੰ ਵੀ ਸਵੇਰ ਦੇ ਸਮੇਂ ਬੇਗਮਗੰਜ ਦੇ ਇਕ ਮੰਦਰ ’ਤੇ ਹਮਲਾ ਕਰ ਕੇ 6 ਮੂਰਤੀਆਂ ਨੂੰ ਤੋੜਨ ਦੇ ਇਲਾਵਾ 2 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ।

ਪਿਛਲੇ ਇਕ ਹਫਤੇ ’ਚ ਬੰਗਲਾਦੇਸ਼ ’ਚ 7 ਹਿੰਦੂਆਂ ਦੀ ਹੱਤਿਆ ਕੀਤੀ ਜਾ ਚੁੱਕੀ ਹੈ ਅਤੇ ਇਨ੍ਹਾਂ ਘਟਨਾਵਾਂ ਦੇ ਕਾਰਨ ਚਾਂਦਪੁਰ ਕੋਕਸ ਬਾਜ਼ਾਰ, ਬੰਦਰਬਦ, ਸਿਲਹਟ, ਚਟਗਾਂਵ ਤੇ ਗਾਜ਼ੀਪੁਰ ਆਦਿ ’ਚ ਭਾਰੀ ਤਣਾਅ ਪੈਦਾ ਹੋ ਜਾਣ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ।

ਇਸੇ ਦਰਮਿਆਨ ਬੀਤੇ ਦਿਨੀਂ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਢਾਕੇਸ਼ਵਰੀ ਮੰਦਰ ’ਚ ਆਯੋਜਿਤ ਦੁਰਗਾ ਪੂਜਾ ਸਮਾਰੋਹ ’ਚ ਵਰਚੁਅਲੀ ਸ਼ਾਮਲ ਹੋਈ ਅਤੇ ਹਿੰਦੂ ਭਾਈਚਾਰੇ ਨੂੰ ਦੇਸ਼ ਦਾ ਸਨਮਾਨਿਤ ਨਾਗਰਿਕ ਦੱਸਦੇ ਹੋਏ ਭਰੋਸਾ ਦਿੱਤਾ ਕਿ :

‘‘ਤੁਸੀਂ ਬਰਾਬਰ ਅਧਿਕਾਰ ਦੇ ਨਾਲ ਆਪਣੇ ਧਰਮ ਦੀ ਪਾਲਣਾ ਕਰੋਗੇ ਅਤੇ ਤਿਉਹਾਰ ਮਨਾਓਗੇ। ਤੁਸੀਂ ਕਦੀ ਖੁਦ ਨੂੰ ਘੱਟਗਿਣਤੀ ਨਾ ਸਮਝੋ। ਹਿੰਸਾ ਤੇ ਭੰਨ-ਤੋੜ ’ਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ’ਤੇ ਸਖਤ ਕਾਰਵਾਈ ਕੀਤੀ ਜਵੇਗੀ। ਵਿਸ਼ਵ ’ਚ ਅੱਤਵਾਦ ਦੀਆਂ ਵਧਦੀਆਂ ਘਟਨਾਵਾਂ ਨਾਲ ਅਸੀਂ ਵੀ ਪ੍ਰਭਾਵਿਤ ਹੋਏ ਹਾਂ।’’

ਸ਼ੇਖ ਹਸੀਨਾ ਦੇ ਇਸ ਭਰੋਸੇ ਦੇ ਬਾਵਜੂਦ ਹਬੀਬਗੰਜ ਜ਼ਿਲੇ ’ਚ ਇਕ ਦੁਰਗਾ ਪੂਜਾ ਥਾਂ ’ਤੇ ਮਦਰੱਸਾ ਵਿਦਿਆਰਥੀਆਂ ਨੇ ਹਿੰਦੂਆਂ ਦੇ ਨਾਲ ਝਗੜਾ ਕੀਤਾ ਜਿਸ ਦੇ ਨਤੀਜੇ ਵਜੋਂ 20 ਤੋਂ ਵੱਧ ਵਿਅਕਤੀ ਜ਼ਖਮੀ ਹੋ ਗਏ।

ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਦੇ ਅਨੁਸਾਰ ਜਿੱਥੇ ਕੇਂਦਰ ਸਰਕਾਰ ਲਗਾਤਾਰ ਇਸ ਮਾਮਲੇ ’ਚ ਬੰਗਲਾਦੇਸ਼ ਸਰਕਾਰ ਦੇ ਸੰਪਰਕ ’ਚ ਹੈ ਉੱਥੇ ਅ. ਭਾ. ਹਿੰਦੂ ਮਹਾਸਭਾ ਦੇ ਪ੍ਰਧਾਨ ਸਵਾਮੀ ਚਕਰਪਾਣੀ ਨੇ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਇਹ ਮਾਮਲਾ ਕੌਮਾਂਤਰੀ ਪੱਧਰ ’ਤੇ ਉਠਾਉਣ ਦੀ ਮੰਗ ਕੀਤੀ ਹੈ।

ਬੰਗਲਾਦੇਸ਼ ਦੇ ਹਿੰਦੂਆਂ ਦੇ ਵਿਰੁੱਧ ਜਾਰੀ ਹਮਲਿਆਂ ’ਚ ਕਿਸੇ ਹੱਦ ਤੱਕ ਪਾਕਿਸਤਾਨ ਸਰਕਾਰ ਦਾ ਹੱਥ ਹੋਣ ਦਾ ਦੋਸ਼ ਵੀ ਲਗਾਇਆ ਜਾਂਦਾ ਹੈ ਜਿਸ ਦੇ ਨਾਲ ਬੰਗਲਾਦੇਸ਼ ’ਚ ਵਿਰੋਧੀ ਧਿਰ ਦੀ ਨੇਤਾ ਖਾਲਿਦਾ ਜ਼ਿਆ ਦੇ ਚੰਗੇ ਸਬੰਧ ਹਨ। ਇਸੇ ਕਾਰਨ ਹੁਣ ਸਿਆਸੀ ਹਲਕਿਆਂ ’ਚ ਇਹ ਚਰਚਾ ਹੋਣ ਲੱਗੀ ਹੈ ਕਿ ਕਿਤੇ ਬੰਗਲਾਦੇਸ਼ ‘ਮਿੰਨੀ ਪਾਕਿਸਤਾਨ’ ਤਾਂ ਨਹੀਂ ਬਣਦਾ ਜਾ ਰਿਹਾ।

ਬੇਸ਼ੱਕ ਸ਼ੇਖ ਹਸੀਨਾ ਨੇ ਦੇਸ਼ ਦੇ ਘੱਟਗਿਣਤੀਆਂ ਨੂੰ ਸਭ ਤਰ੍ਹਾਂ ਦੇ ਸਨਮਾਨ ਅਤੇ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ ਪਰ ਇਸ ਦੇ ਲਈ ਇਨ੍ਹਾਂ ਘਟਨਾਵਾਂ ’ਚ ਸ਼ਾਮਲ ਲੋਕਾਂ ਨੂੰ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਸਜ਼ਾ ਦੇ ਕੇ ਦੂਸਰੇ ਲੋਕਾਂ ਨੂੰ ਸਖਤ ਸੰਦੇਸ਼ ਦੇਣਾ ਜ਼ਰੂਰੀ ਹੈ। ਇਸ ਦੇ ਲਈ ਸ਼ੇਖ ਹਸੀਨਾ ਨੂੰ ਆਪਣੇ ਦੇਸ਼ ’ਚ ਕੱਟੜਵਾਦੀ ਤੱਤਾਂ ਦੀ ਨਕੇਲ ਕੱਸਣ ਦੇ ਲਈ ਜ਼ੁਬਾਨੀ-ਕਲਾਮੀ ਗੱਲਾਂ ਕਰਨ ਦੀ ਬਜਾਏ ਕੁਝ ਕਰ ਕੇ ਦਿਖਾਉਣਾ ਹੋਵੇਗਾ।

-ਵਿਜੇ ਕੁਮਾਰ


Bharat Thapa

Content Editor

Related News