ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ’ਚ ਮਰੀਜ਼ਾਂ ’ਤੇ ਹੋ ਰਹੇ ਅੱਤਿਆਚਾਰ ਅਤੇ ਲੁੱਟ

04/28/2023 3:31:43 AM

ਅਪਰਾਧ ਅਤੇ ਨਸ਼ਿਆਂ ਸਬੰਧੀ ਸੰਯੁਕਤ ਰਾਸ਼ਟਰ ਦਫਤਰ ਦੀ ਰਿਪੋਰਟ ਮੁਤਾਬਕ ਵਿਸ਼ਵ ’ਚ 25.5 ਕਰੋੜ ਤੋਂ ਵੱਧ ਲੋਕ ਨਾਜਾਇਜ਼ ਨਸ਼ਿਆਂ ਦੀ ਵਰਤੋਂ ਕਰਦੇ ਹਨ। ਜਿੱਥੋਂ ਤੱਕ ਭਾਰਤ ਦਾ ਸਬੰਧ ਹੈ, ਇੱਥੇ ਪਿਛਲੇ ਕੁਝ ਦਹਾਕਿਆਂ ਦੌਰਾਨ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ’ਚ ਨਸ਼ੇ ਦੀ ਆਦਤ ’ਚ ਭਾਰੀ ਵਾਧਾ ਹੋਣ ਕਾਰਨ ਉਨ੍ਹਾਂ ਦੇ ਇਲਾਜ ਲਈ ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਦੀ ਲੋੜ ਪੈਦਾ ਹੋਈ ਹੈ।

ਇਸ ਦਾ ਅਣਉਚਿਤ ਲਾਭ ਉਠਾਉਂਦੇ ਹੋਏ ਸਮਾਜ ਵਿਰੋਧੀ ਤੱਤਾਂ ਨੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ਖੋਲ੍ਹ ਕੇ ਪੀੜਤਾਂ ਦਾ ਇਲਾਜ ਕਰਨ ਦੀ ਬਜਾਏ ਉਨ੍ਹਾਂ ਨੂੰ ਨਸ਼ੀਲੀਆਂ ਦਵਾਈਆਂ ਆਦਿ ਦੇ ਕੇ ਠੱਗਣਾ ਸ਼ੁਰੂ ਕਰ ਰੱਖਿਆ ਹੈ ਅਤੇ ਉਨ੍ਹਾਂ ਕੋਲੋਂ ਭਾਰੀ ਰਕਮਾਂ ਵਸੂਲ ਕੀਤੀਆਂ ਜਾਂਦੀਆਂ ਹਨ।

ਅਜਿਹੇ ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ’ਚ ਨਸ਼ੇ ਦੀ ਆਦਤ ਹੋਣ ’ਤੇ ਜਦੋਂ ਨਸ਼ੇੜੀ ਤੜਫਦੇ ਹਨ ਤਾਂ ਉਨ੍ਹਾਂ ਨਾਲ ਕੁੱਟਮਾਰ ਤੱਕ ਕੀਤੀ ਜਾਂਦੀ ਹੈ ਅਤੇ ਕਈ ਵਾਰ ਉਨ੍ਹਾਂ ਨੂੰ ਬੰਨ੍ਹ ਕੇ ਵੀ ਰੱਖਿਆ ਜਾਂਦਾ ਹੈ ਅਤੇ ਦਵਾਈ ਦੇ ਨਾਂ ’ਤੇ ਨਸ਼ਾ ਦਿੱਤਾ ਜਾਂਦਾ ਹੈ।

ਇਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 2 ਮਾਰਚ ਨੂੰ ਸ਼੍ਰੀਗੰਗਾਨਗਰ ਦੇ ਇਕ ਮਕਾਨ ’ਚ ਨਾਜਾਇਜ਼ ਤੌਰ ’ਤੇ ਸੰਚਾਲਿਤ ਨਸ਼ਾ ਮੁਕਤੀ ਕੇਂਦਰ ’ਚ ਬੰਧਕ ਬਣਾ ਕੇ ਰੱਖੇ ਗਏ ਨੌਜਵਾਨਾਂ ਨੇ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ਦੇ ਨਾਂ ’ਤੇ ਤਸੀਹੇ ਦੇਣ ਅਤੇ ਉਨ੍ਹਾਂ ਕੋਲੋਂ ਸਰੀਰਕ ਕਿਰਤ ਕਰਵਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਕੇਂਦਰ ਦਾ ਸੰਚਾਲਕ ਉਨ੍ਹਾਂ ਨੂੰ ਇਕ ਹੀ ਕਮਰੇ ’ਚ ਨੰਗਾ ਕਰ ਕੇ ਸੁਆਉਂਦਾ ਸੀ ਤਾਂ ਜੋ ਕੋਈ ਭੱਜ ਨਾ ਜਾਵੇ।

ਕੇਂਦਰ ਤੋਂ ਛੁੱਟ ਕੇ ਆਏ ਨੌਜਵਾਨਾਂ ਦੀ ਸ਼ਿਕਾਇਤ ’ਤੇ ਅਧਿਕਾਰੀਆਂ ਨੇ ਛਾਪਾ ਮਾਰ ਕੇ ਉੱਥੋਂ ਨਸ਼ੇ ’ਚ ਇਸਤੇਮਾਲ ਹੋਣ ਵਾਲੀਆਂ ਗੋਲੀਆਂ, ਸ਼ਰਾਬ ਦੀਆਂ ਬੋਤਲਾਂ ਅਤੇ ਤਲਵਾਰ ਸਮੇਤ ਕਈ ਹਥਿਆਰ ਬਰਾਮਦ ਕੀਤੇ।

* 11 ਮਾਰਚ ਨੂੰ ਨੋਇਡਾ ਦੇ ਇਕ ਨਸ਼ਾ ਮੁਕਤੀ ਕੇਂਦਰ ’ਚ ਭਰਤੀ ਕੀਤੇ ਗਏ ਵਿਅਕਤੀ ਦੀ ਨਸ਼ਾ ਮੁਕਤੀ ਕੇਂਦਰ ਦੇ ਸੰਚਾਲਕ ਵੱਲੋਂ ਕਥਿਤ ਕੁੱਟਮਾਰ ਦੇ ਨਤੀਜੇ ਵਜੋਂ ਗੰਭੀਰ ਰੂਪ ’ਚ ਜ਼ਖਮੀ ਹੋਣ ਤੋਂ ਬਾਅਦ ਮੌਤ ਹੋ ਗਈ।

* 17 ਮਾਰਚ ਨੂੰ ਗਾਜ਼ੀਆਬਾਦ ਦੇ ਟ੍ਰਾਨਿਕਾ ਸਿਟੀ ਖੇਤਰ ’ਚ ਸੰਚਾਲਿਤ ਨਸ਼ਾ ਮੁਕਤੀ ਕੇਂਦਰ ’ਚ ਇਕ ਨੌਜਵਾਨ ਦੀ ਮੌਤ ਦੇ ਸਿਲਸਿਲੇ ’ਚ ਮ੍ਰਿਤਕ ਦੇ ਸਾਥੀਆਂ ਨੇ ਕੇਂਦਰ ਦੇ ਸੰਚਾਲਕ ’ਤੇ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰਨ ਦਾ ਦੋਸ਼ ਲਾਇਆ।

* 10 ਅਪ੍ਰੈਲ ਨੂੰ ਦੇਹਰਾਦੂਨ (ਉੱਤਰਾਖੰਡ) ਸਥਿਤ ਇਕ ਨਸ਼ਾ ਮੁਕਤੀ ਕੇਂਦਰ ’ਚ ਦਾਖਲ ਨੌਜਵਾਨ ਦੇ ਘਰ ਜਾਣ ਦੀ ਜ਼ਿੱਦ ਕਰਨ ਤੋਂ ਨਾਰਾਜ਼ ਉੱਥੋਂ ਦੇ ਕਰਮਚਾਰੀਆਂ ਨੇ ਉਸ ਨੂੰ ਭੁੱਖਾ-ਪਿਆਸਾ ਰੱਖ ਕੇ ਬੁਰੀ ਤਰ੍ਹਾਂ ਕੁੱਟਿਆ ਜਿਸ ਨਾਲ ਉਸ ਦੀ ਮੌਤ ਹੋ ਗਈ।

* 22 ਅਪ੍ਰੈਲ ਨੂੰ ਜਲੰਧਰ ਦੇ ਗਾਜੀਪੁਰ ਸਥਿਤ ਨਾਜਾਇਜ਼ ਨਸ਼ਾ ਮੁਕਤੀ ਕੇਂਦਰ ’ਚ ਛਾਪੇਮਾਰੀ ਕਰ ਕੇ ਅਧਿਕਾਰੀਆਂ ਨੇ ਉੱਥੇ ਬੰਦੀ ਬਣਾ ਕੇ ਰੱਖੇ ਗਏ 56 ਨੌਜਵਾਨਾਂ ਨੂੰ ਛੁਡਵਾਉਣ ਤੋਂ ਇਲਾਵਾ ਨਸ਼ੀਲੀਆਂ ਗੋਲੀਆਂ ਅਤੇ ਟੀਕੇ ਆਦਿ ਵੀ ਬਰਾਮਦ ਕੀਤੇ। ਕੇਂਦਰ ਦੇ ਸੰਚਾਲਕ ਹਰੇਕ ਨੌਜਵਾਨ ਕੋਲੋਂ 15 ਤੋਂ 20 ਹਜ਼ਾਰ ਰੁਪਏ ਮਹੀਨਾ ਲੈ ਰਹੇ ਸਨ।

ਇਸ ਸਬੰਧੀ ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ’ਚ ਸਿਰਫ 4000-4500 ਮਨੋਚਿਕਿਤਸਕ ਹੀ ਹਨ ਅਤੇ ਉਹ ਸਾਰੇ ਨਸ਼ਾ ਮੁਕਤੀ ਇਲਾਜ ਦੇ ਨਾਲ ਜੁੜੇ ਹੋਏ ਵੀ ਨਹੀਂ ਹਨ। ਇਸ ਤੋਂ ਸਪੱਸ਼ਟ ਹੈ ਕਿ ਦੇਸ਼ ’ਚ ਨਸ਼ਾ ਪੀੜਤਾਂ ਦੇ ਇਲਾਜ ਲਈ ਮਾਹਿਰਾਂ ਦੀ ਕਿੰਨੀ ਕਮੀ ਹੈ।

ਮਾਹਿਰਾਂ ਮੁਤਾਬਕ ਖਾਸ ਕਰ ਕੇ ਕਾਲਜ ਵਿਦਿਆਰਥੀਆਂ ’ਚ ਭੰਗ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਆਮ ਹੋ ਗਈ ਹੈ ਅਤੇ ਇਨ੍ਹਾਂ ਹੀ ਨਸ਼ਿਆਂ ਨਾਲ ਸ਼ੁਰੂਆਤ ਕਰ ਕੇ ਉਹ ਦੂਜੇ ਨਸ਼ਿਆਂ ਵੱਲ ਵਧਦੇ ਹਨ। ਹਾਲਤ ਇਹ ਹੈ ਕਿ 9 ਸਾਲ ਤੱਕ ਦੀ ਛੋਟੀ ਉਮਰ ਦੇ ਬੱਚੇ ਵੀ ਹੁਣ ਨਸ਼ੇ ਦੀ ਆਦਤ ਦੇ ਸ਼ਿਕਾਰ ਹੋ ਰਹੇ ਹਨ।

‘ਏਮਜ਼’ ਨਵੀਂ ਦਿੱਲੀ ਸਥਿਤ ‘ਨੈਸ਼ਨਲ ਡਰੱਗ ਡਿਪੈਂਡੈਂਸ ਟ੍ਰੀਟਮੈਂਟ ਸੈਂਟਰ’ ਦੇ ਐਡੀਸ਼ਨਲ ਪ੍ਰੋਫੈਸਰ ਡਾ. ਅਤੁਲ ਅੰਬੇਕਰ ਦਾ ਕਹਿਣਾ ਹੈ ਕਿ ਵਧੇਰੇ ਨਸ਼ਾ ਕੰਟਰੋਲ ਪ੍ਰੋਗਰਾਮਾਂ ’ਚ ਨਾਜਾਇਜ਼ ਦਵਾਈਆਂ ਦੀ ਸਪਲਾਈ ਨੂੰ ਸੀਮਤ ਕਰਨ ’ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਇਸ ਦੇ ਲਈ ਜ਼ਿਆਦਾ ਗਿਣਤੀ ’ਚ ਸਰਕਾਰ ਵੱਲੋਂ ਅਧਿਕਾਰਤ ਨਸ਼ਾ ਮੁਕਤੀ ਕੇਂਦਰ ਖੋਲ੍ਹਣ ਦੀ ਲੋੜ ਹੈ।

ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ਕਾਰਨ ਪੀੜਤਾਂ ਦਾ ਸ਼ੋਸ਼ਣ ਰੋਕਣ ਲਈ ਕੇਂਦਰ ਸਰਕਾਰ ਨੂੰ ਜ਼ਿਆਦਾ ਚੌਕਸੀ ਵਧਾਉਣੀ ਚਾਹੀਦੀ ਹੈ। ਨਾਲ ਹੀ ਪੀੜਤਾਂ ਦੇ ਪਰਿਵਾਰਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਕਿ ਉਹ ਮਰੀਜ਼ਾਂ ਨੂੰ ਨਾਜਾਇਜ਼ ਨਸ਼ਾ ਮੁਕਤੀ ਕੇਂਦਰਾਂ ’ਚ ਇਲਾਜ ਲਈ ਲੈ ਕੇ ਨਾ ਜਾਣ ਤਾਂ ਜੋ ਉਨ੍ਹਾਂ ਦਾ ਸਹੀ ਇਲਾਜ ਹੋਵੇ ਅਤੇ ਉਹ ਲੁੱਟਣ ਤੋਂ ਵੀ ਬਚੇ ਰਹਿਣ।

-ਵਿਜੇ ਕੁਮਾਰ


Mukesh

Content Editor

Related News