ਵਿਧਾਨ ਸਭਾ ਚੋਣਾਂ ''ਚ ਹੋ ਰਹੇ ''ਧਮਾਕੇ'', ''ਬਗਾਵਤਾਂ'' ਅਤੇ ''ਸੱਤਾ ਵਿਰੋਧੀ ਲਹਿਰ''

01/18/2017 7:45:54 AM

ਪੰਜ ਸੂਬਿਆਂ ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ ਤੇ ਮਣੀਪੁਰ ਦੇ ਵਿਧਾਨ ਸਭਾ ਚੋਣ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਇਨ੍ਹਾਂ ਸੂਬਿਆਂ ਵਿਚ ਚੋਣ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਲਗਾਤਾਰ ''ਸਿਆਸੀ ਧਮਾਕੇ'' ਹੋ ਰਹੇ ਹਨ।
ਭਾਜਪਾ ਤੋਂ ਬਾਗੀ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ''ਆਪ'' ਅਤੇ ਫਿਰ ਕਾਂਗਰਸ ਵਿਚ ਜਾਣ ਦੀਆਂ ਅਟਕਲਾਂ ਦਰਮਿਆਨ ਆਖਿਰ 16 ਜਨਵਰੀ ਨੂੰ ਕਾਂਗਰਸ ਦਾ ਹੱਥ ਫੜ ਕੇ ਧਮਾਕਾ ਕਰ ਦਿੱਤਾ ਅਤੇ ਹੁਣ ਟਿਕਟਾਂ ਦੀ ਵੰਡ ਵਿਚ ਮਤਭੇਦਾਂ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨਗੀ ਅਹੁਦੇ ਤੋਂ ਵਿਜੇ ਸਾਂਪਲਾ ਦੇ ਅਸਤੀਫੇ ਦੀ ਅਫਵਾਹ ਸੁਣਾਈ ਦੇ ਰਹੀ ਹੈ।
ਵੱਖ-ਵੱਖ ਪਾਰਟੀਆਂ ਦੀਆਂ ਟਿਕਟਾਂ ਲੈਣ ਦੇ ਚਾਹਵਾਨਾਂ ਵਲੋਂ ਬਗਾਵਤ ਦੇ ਡਰੋਂ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਤੇ ਭਾਜਪਾ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਟਿਕਟਾਂ ਦੀ ਅਦਲਾ-ਬਦਲੀ ਦਾ ਸਿਲਸਿਲਾ ਜਾਰੀ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਨ੍ਹਾਂ ਚੋਣਾਂ ਵਿਚ ਸਭ ਤੋਂ ਵੱਧ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤਕ ਕਿ ਪਿਛਲੇ ਦਿਨੀਂ ਉਨ੍ਹਾਂ ''ਤੇ ਉਨ੍ਹਾਂ ਦੇ ਇਕ ਵਿਰੋਧੀ ਵਲੋਂ ਜੁੱਤੀ ਸੁੱਟੀ ਗਈ ਤੇ ਲੰਬੀ ਵਿਚ ਉਨ੍ਹਾਂ ਦੀਆਂ ਸਭਾਵਾਂ ਦੌਰਾਨ ਉਨ੍ਹਾਂ ਨੂੰ 4 ਜਗ੍ਹਾ ਵਿਰੋਧ ਦਾ ਸਾਹਮਣਾ ਕਰਨਾ ਪਿਆ। ''ਆਪ'' ਵਿਚ ਵੀ ਲਗਾਤਾਰ ਫੁੱਟ ਜਾਰੀ ਹੈ।
ਇਸ ਚੋਣ ਮੌਸਮ ਦਾ ਇਕ ਹੋਰ ਧਮਾਕਾ ਯੂ. ਪੀ. ਦੇ ਸਮਾਜਵਾਦੀ ਯਾਦਵ ਪਰਿਵਾਰ ਵਿਚ ਹੋਇਆ, ਜਦੋਂ ਪਾਰਟੀ ਅਤੇ ਚੋਣ ਨਿਸ਼ਾਨ ''ਤੇ ਦਾਅਵੇ ਸੰਬੰਧੀ ਚੱਲ ਰਹੇ ਵਿਵਾਦ ਵਿਚ ਚੋਣ ਕਮਿਸ਼ਨ ਨੇ 16 ਜਨਵਰੀ ਨੂੰ ਸਪਾ ਦਾ ਚੋਣ ਨਿਸ਼ਾਨ ''ਸਾਈਕਲ'' ਅਖਿਲੇਸ਼ ਯਾਦਵ ਵਾਲੀ ਸਪਾ ਨੂੰ ਅਲਾਟ ਕਰ ਦਿੱਤਾ।
ਇਸੇ ਦਰਮਿਆਨ ਬੇਸ਼ੱਕ ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼ ਯਾਦਵ ਨੂੰ ਮੁਸਲਮਾਨਾਂ ਪ੍ਰਤੀ ''ਨਾਂਹ-ਪੱਖੀ ਰਵੱਈਆ ਰੱਖਣ ਵਾਲਾ ਨੇਤਾ'' ਕਰਾਰ ਦਿੱਤਾ ਪਰ ਮੰਤਰੀ ਆਜ਼ਮ ਖਾਂ ਵਰਗੇ ਪ੍ਰਭਾਵਸ਼ਾਲੀ ਨੇਤਾ ਤਾਂ ਅਖਿਲੇਸ਼ ਯਾਦਵ ਦੇ ਨਾਲ ਹੀ ਖੜ੍ਹੇ ਦਿਖਾਈ ਦਿੰਦੇ ਹਨ।
ਚੋਣ ਕਮਿਸ਼ਨ ਵਿਚ ਜਿੱਤ ਦੇ ਬਾਵਜੂਦ ਅਖਿਲੇਸ਼ ਨੇ ਇਕ ਵਾਰ ਫਿਰ ਸੂਬੇ ਦੀਆਂ ਚੋਣਾਂ ਆਪਣੇ ਪਿਤਾ ਮੁਲਾਇਮ ਸਿੰਘ ਦੀ ਅਗਵਾਈ ਹੇਠ ਹੀ ਲੜਨ ਦੀ ਗੱਲ ਕਹੀ ਤੇ ਉਨ੍ਹਾਂ ਦੇ ਘਰ ਜਾ ਕੇ ਉੇਨ੍ਹਾਂ ਤੋਂ ਆਸ਼ੀਰਵਾਦ ਵੀ ਲਿਆ। ਦੂਜੇ ਪਾਸੇ ਰਾਜਦ ਮੁਖੀ ਲਾਲੂ, ਜਿਨ੍ਹਾਂ ਦੀ ਮੁਲਾਇਮ ਸਿੰਘ ਨਾਲ ਨੇੜਲੀ ਰਿਸ਼ਤੇਦਾਰੀ ਵੀ ਹੈ, ਨੇ ਸਲਾਹ ਦਿੱਤੀ ਹੈ ਕਿ ਉਹ ਅਖਿਲੇਸ਼ ਨੂੰ ਆਸ਼ੀਰਵਾਦ ਦੇ ਕੇ ਫਿਰਕੂ ਤਾਕਤਾਂ ਨੂੰ ਕਮਜ਼ੋਰ ਕਰਨ।
ਉੱਤਰ ਪ੍ਰਦੇਸ਼ ਵਿਚ ਅਖਿਲੇਸ਼ ਯਾਦਵ ਦੀ ਅਗਵਾਈ ਵਾਲੇ ਸਪਾ ਦੇ ਧੜੇ ਵਲੋਂ ਕਾਂਗਰਸ ਨਾਲ ਗੱਠਜੋੜ ਦੇ ਮੁੱਢਲੇ ਐਲਾਨ ਤੋਂ ਬਾਅਦ ਭਾਜਪਾ ਲਈ ਸੱਤਾ ਹਾਸਲ ਕਰਨ ਦਾ ਮੁਕਾਬਲਾ ਸਖਤ ਹੋ ਗਿਆ ਹੈ, ਜਿਸ ਨਾਲ ਨਜਿੱਠਣ ਲਈ ਉਹ ਕਾਂਗਰਸ ਤੇ ਸਪਾ ਨੂੰ ਛੱਡ ਕੇ ਆਉਣ ਵਾਲਿਆਂ ਨੂੰ ਟਿਕਟਾਂ ਦੇ ਰਹੀ ਹੈ। ਇਸ ਤੋਂ ਇਲਾਵਾ ਇਸ ਨੇ ਓ. ਬੀ. ਸੀ. ਕਾਰਡ ਖੇਡਿਆ ਹੈ ਤੇ ਹੁਣ ਤਕ ਜਾਰੀ ਉਮੀਦਵਾਰਾਂ ਦੀ ਸੂਚੀ ਵਿਚ ਸਭ ਤੋਂ ਵੱਧ 56 ਟਿਕਟਾਂ ਪੱਛੜੇ ਵਰਗਾਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਹਨ।
ਦਲ-ਬਦਲੀ ਦੀ ਖੇਡ ਉੱਤਰਾਖੰਡ ਵਿਚ ਵੀ ਜਾਰੀ ਹੈ। ਪਿਛਲੇ 8 ਮਹੀਨਿਆਂ ''ਚ 11 ਕਾਂਗਰਸੀ ਵਿਧਾਇਕ ਪਾਰਟੀ ਛੱਡ ਕੇ ਭਾਜਪਾ ਵਿਚ ਜਾ ਚੁੱਕੇ ਹਨ ਅਤੇ ਉਥੇ ਕਾਂਗਰਸ ਨੂੰ ਸੱਤਾ ਦਿਵਾਉਣ ''ਚ ਵੱਡੀ ਭੂਮਿਕਾ ਨਿਭਾਉਣ ਵਾਲੇ ਮੰਤਰੀ ਯਸ਼ਪਾਲ ਆਰੀਆ, ਉਨ੍ਹਾਂ ਦਾ ਪੁੱਤਰ ਸੰਜੀਵ ਆਰੀਆ ਤੇ ਸਾਬਕਾ ਵਿਧਾਇਕ ਕੇਦਾਰ ਸਿੰਘ ਵੀ ਹੁਣ ਭਾਜਪਾ ''ਚ ਸ਼ਾਮਲ ਹੋ ਗਏ ਹਨ।
ਜਿੱਤ ਦੀ ਖਾਤਰ ਭਾਜਪਾ ਨੇ ਕਾਂਗਰਸ ਵਿਚੋਂ ਬਗਾਵਤ ਕਰ ਕੇ ਆਏ ਲੱਗਭਗ ਸਾਰੇ ਵਿਧਾਇਕਾਂ ਨੂੰ ਟਿਕਟਾਂ ਦੇ ਦਿੱਤੀਆਂ ਹਨ। ਇਸ ਦੀ ਪਹਿਲੀ ਸੂਚੀ ਵਿਚ ਜਿਹੜੇ 64 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਉਨ੍ਹਾਂ ਵਿਚੋਂ 16 ਕਾਂਗਰਸ ''ਚੋਂ ਆਏ ਹਨ।
ਗੋਆ ਵਿਚ ਬੇਸ਼ੱਕ ਇਸ ਸਮੇਂ ਭਾਜਪਾ ਦੀ ਸਰਕਾਰ ਹੈ ਪਰ ਉਥੇ ਗੋਆ ਦੇ ਸੰਘ ਸੂਬਾ ਮੁਖੀ ਦੇ ਅਹੁਦੇ ਤੋਂ ਹਟਾਏ ਗਏ ਸੁਭਾਸ਼ ਵੇਲਿੰਗਕਰ ਭਾਜਪਾ ਨੂੰ ਹਰਾਉਣ ਲਈ ''ਗੋਆ ਸੁਰੱਖਿਆ ਮੰਚ'' (ਜੀ. ਐੱਸ. ਐੱਮ.) ਦਾ ਗਠਨ ਅਤੇ ਗੋਆ ਵਿਚ ਭਾਜਪਾ ਨਾਲੋਂ ਅੱਡ ਹੋਈ ''ਮਹਾਰਾਸ਼ਟਰ ਗੋਮਾਂਤਕ ਪਾਰਟੀ'' (ਐੱਮ. ਜੀ. ਪੀ.) ਤੇ ਸ਼ਿਵ ਸੈਨਾ ਨਾਲ ਮਿਲ ਕੇ ਚੋਣਾਂ ਲੜਨ ਦਾ ਗੱਠਜੋੜ ਕਰ ਕੇ ਮੈਦਾਨ ''ਚ ਉਤਰ ਆਏ ਹਨ। ਇਥੇ ਹੁਣ ਭਾਜਪਾ, ''ਆਪ'' ਤੇ ਕਾਂਗਰਸ ਵਿਚਾਲੇ ਤਿਕੋਣੀ ਟੱਕਰ ਬਣ ਗਈ ਹੈ।
ਮਣੀਪੁਰ ''ਚ ਮੁੱਖ ਮੰਤਰੀ ਓਕਰਾਮ ਇਬੋਬੀ ਦੀ ਅਗਵਾਈ ਹੇਠ 15 ਸਾਲਾਂ ਤੋਂ ਕਾਂਗਰਸ ਦੀ ਸਰਕਾਰ ਚੱਲ ਰਹੀ ਹੈ। ਸੱਤਾ ਵਿਰੋਧੀ ਲਹਿਰ ਚੱਲਣ ਕਾਰਨ ਇਸ ਵਾਰ ਇਸ ਨੂੰ ਉਲਟ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ''ਚ ਜਿਥੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸੱਤਾ ਵਿਰੋਧੀ ਲਹਿਰ ਦੀ ਸ਼ਿਕਾਰ ਹੈ, ਉਥੇ ਹੀ ਯੂ. ਪੀ. ਵਿਚ ਅਖਿਲੇਸ਼ ਦੇ ਪੱਖ ਵਿਚ ਹਵਾ ਦੇ ਬਾਵਜੂਦ ਘਰੇਲੂ ਝਗੜੇ ਨੇ ਪਾਰਟੀ ਦੇ ਅਕਸ ਨੂੰ ਠੇਸ ਲਗਾਈ ਹੈ। ਆਬਜ਼ਰਵਰਾਂ ਮੁਤਾਬਕ ਸਪਾ ਤੇ ਭਾਜਪਾ ਵਿਚਾਲੇ ਸਿੱਧੀ ਟੱਕਰ ਹੁੰਦੀ ਲੱਗ ਰਹੀ ਹੈ, ਜਿਸ ਵਿਚ ਭਾਜਪਾ ਦਾ ਪੱਲੜਾ ਭਾਰੀ ਵੀ ਰਹਿ ਸਕਦਾ ਹੈ।
ਅਜਿਹਾ ਲੱਗਦਾ ਹੈ ਕਿ ਯੂ. ਪੀ. ਵਿਚ ਮੁਸਲਿਮ ਵੋਟਰ ਸਪਾ ਦੇ ਨਾਲ ਹੋਣਗੇ ਅਤੇ ਭਾਜਪਾ ਹਿੰਦੂ ਵੋਟਾਂ ''ਤੇ ਧਿਆਨ ਕੇਂਦ੍ਰਿਤ ਕਰੇਗੀ। ਬਸਪਾ ਨੂੰ ਮੁਸ਼ਕਿਲਾਂ ਹੋ ਸਕਦੀਆਂ ਹਨ, ਖਾਸ ਕਰ ਕੇ ਉਦੋਂ, ਜਦੋਂ ਉਸ ਦੀਆਂ ਦਲਿਤ ਵੋਟਾਂ ਵਿਚ ਭਾਜਪਾ ਸੰਨ੍ਹ ਲਾਉਣ ਦੀ ਕੋਸ਼ਿਸ਼ ਵਿਚ ਹੈ। ਜਿਥੋਂ ਤਕ ਕਾਂਗਰਸ ਦਾ ਸੰਬੰਧ ਹੈ, ਸਪਾ ਨਾਲ ਗੱਠਜੋੜ ਕਰ ਕੇ ਵੀ ਇਸ ਨੂੰ ਯੂ. ਪੀ. ਵਿਚ ਕੋਈ ਖਾਸ ਲਾਭ ਹੋਣ ਵਾਲਾ ਨਹੀਂ ਹੈ।  
ਉੱਤਰਾਖੰਡ ਵਿਚ ਜਿਥੇ ਕਾਂਗਰਸ ਨੂੰ ਅੰਦਰੂਨੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਗੋਆ ਵਿਚ ਇਹੋ ਹਾਲ ਭਾਜਪਾ ਦਾ ਹੈ ਅਤੇ ਮਣੀਪੁਰ ''ਚ ਚੱਲ ਰਹੀ ਸੱਤਾ ਵਿਰੋਧੀ ਲਹਿਰ ਇਸ ਵਾਰ ਕੀ ਰੰਗ ਦਿਖਾਉਂਦੀ ਹੈ, ਇਹ ਸਮੇਂ ਦੇ ਗਰਭ ''ਚ ਹੈ।                                                         
-ਵਿਜੇ ਕੁਮਾਰ


Vijay Kumar Chopra

Chief Editor

Related News