ਆਸਾਮ ’ਚ ਫਿਰ ਸ਼ੁਰੂ ਹੋਈ ਬਾਲ ਵਿਆਹ ਰੋਕਣ ਲਈ ਗ੍ਰਿਫ਼ਤਾਰੀ ਮੁਹਿੰਮ

Thursday, Oct 05, 2023 - 01:41 AM (IST)

ਆਸਾਮ ’ਚ ਫਿਰ ਸ਼ੁਰੂ ਹੋਈ ਬਾਲ ਵਿਆਹ ਰੋਕਣ ਲਈ ਗ੍ਰਿਫ਼ਤਾਰੀ ਮੁਹਿੰਮ

ਬਾਲ ਵਿਆਹ ਨਾ ਸਿਰਫ ਬਾਲ ਅਧਿਕਾਰਾਂ ਦਾ ਉਲੰਘਣ ਹੈ, ਸਗੋਂ ਇਨ੍ਹਾਂ ਦਾ ਮਾੜਾ ਨਤੀਜਾ ਕੁੜੀਆਂ ਦੇ ਜਲਦੀ ਗਰਭਧਾਰਨ ਦੇ ਸਿੱਟੇ ਵਜੋਂ ਸਿਹਤ ਸਬੰਧੀ ਖਤਰਾ, ਉੱਚ ਬਾਲ ਮੌਤ ਦਰ, ਕਮਜ਼ੋਰ ਬੱਚਿਆਂ ਦੇ ਜਨਮ ਆਦਿ ਦੇ ਰੂਪ ’ਚ ਨਿਕਲਦਾ ਹੈ।

ਇਸੇ ਕਾਰਨ ਆਸਾਮ ਸਰਕਾਰ ਨੇ ਇਸ ਸਾਲ 3 ਫਰਵਰੀ ਤੋਂ ਪਿਛਲੇ 7 ਸਾਲਾਂ ਦੌਰਾਨ ਛੋਟੀ ਉਮਰ ਦੀਆਂ ਕੁੜੀਆਂ ਦੇ ਵਿਆਹ ਕਰਨ ਵਾਲਿਆਂ ਵਿਰੁੱਧ ਸੈਕਸ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸ) ਕਾਨੂੰਨ ਦੇ ਅਧੀਨ ਮਾਮਲਾ ਦਰਜ ਕਰਨ ਦੀ ਮੁਹਿੰਮ ਚਲਾਈ, ਜੋ ਪੂਰੇ ਇਕ ਮਹੀਨਾ ਜਾਰੀ ਰਹੀ।

ਸਮਾਜ ਦੇ ਇਕ ਵਰਗ ਦੇ ਵਿਰੋਧ ਦੇ ਬਾਵਜੂਦ ਇਸ ਮੁਹਿੰਮ ਦੌਰਾਨ 3141 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਜਿਨ੍ਹਾਂ ’ਚ ਨਾਬਾਲਿਗ ਕੁੜੀਆਂ ਨਾਲ ਵਿਆਹ ਕਰਨ ਵਾਲੇ ਨੌਜਵਾਨ , ਉਨ੍ਹਾਂ ਦੇ ਰਿਸ਼ਤੇਦਾਰ, ਪੁਜਾਰੀ ਅਤੇ ਕਾਜ਼ੀ ਸ਼ਾਮਲ ਸਨ। ਗ੍ਰਿਫਤਾਰ ਲੋਕਾਂ ’ਚ 62.24 ਫੀਸਦੀ ਮੁਸਲਮਾਨ ਅਤੇ ਬਾਕੀ ਹਿੰਦੂ ਜਾਂ ਹੋਰ ਭਾਈਚਾਰਿਆਂ ਨਾਲ ਸਬੰਧਤ ਲੋਕ ਸਨ।

ਅਤੇ ਹੁਣ ਇਕ ਵਾਰ ਮੁੜ 2 ਅਕਤੂਬਰ ਤੋਂ ਆਸਾਮ ’ਚ ਬਾਲ ਵਿਆਹਾਂ ਵਿਰੁੱਧ ਸੂਬਾ ਪੱਧਰੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਨੁਸਾਰ ਇਸ ਅਧੀਨ ਹੁਣ ਤਕ 1039 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਇਨ੍ਹਾਂ ’ਚ ਨਾਬਾਲਿਗ ਕੁੜੀਆਂ ਨਾਲ ਵਿਆਹ ਕਰਨ ਵਾਲੇ ਨੌਜਵਾਨ, ਉਨ੍ਹਾਂ ਦੇ ਰਿਸ਼ਤੇਦਾਰ, ਵਿਆਹ ਸੰਪੰਨ ਕਰਵਾਉਣ ਵਾਲੇ ਪੁਜਾਰੀ ਅਤੇ ਕਾਜ਼ੀ ਆਦਿ ਸ਼ਾਮਲ ਹਨ।

ਇਨ੍ਹਾਂ ਕਦਮਾਂ ਨਾਲ ਲੋਕਾਂ ਨੂੰ ਕੁਝ ਸਬਕ ਮਿਲੇਗਾ ਅਤੇ ਉਹ ਆਪਣੀਆਂ ਔਲਾਦਾਂ, ਖਾਸ ਤੌਰ ’ਤੇ ਬੇਟੀਆਂ ਦਾ ਛੋਟੀ ਉਮਰ ’ਚ ਵਿਆਹ ਕਰ ਕੇ ਉਨ੍ਹਾਂ ਦੇ ਸੈਕਸ ਸ਼ੋਸ਼ਣ ਅਤੇ ਸਿਹਤ ਲਈ ਖਤਰਾ ਪੈਦਾ ਕਰਨ ਵਾਲੇ ‘ਪਾਪ’ ਤੋਂ ਬਚ ਸਕਣਗੇ।

 ਵਿਜੇ ਕੁਮਾਰ


author

Anmol Tagra

Content Editor

Related News