ਖੇਤਾਂ ’ਚ ‘ਪਰਾਲੀ ਨਾ ਸਾੜਨ ਦਾ’ ਮਾਨਸਾ-ਪੰਚਾਇਤਾਂ ਦਾ ਸ਼ਲਾਘਾਯੋਗ ਫ਼ੈਸਲਾ

Friday, Oct 14, 2022 - 03:43 AM (IST)

ਝੋਨੇ ਅਤੇ ਕਣਕ ਦੀ ਕਟਾਈ ਦੇ ਬਾਅਦ ਪਰਾਲੀ ਅਤੇ ਨਾੜ ਨੂੰ ਅੱਗ ਲਗਾਉਣ ਨਾਲ ਖੇਤਾਂ ਵਿਚ ਮੌਜੂਦ ਜ਼ਮੀਨ ਦੇ ਹੇਠਾਂ ਰਹਿਣ ਵਾਲੇ ਮਿੱਤਰ ਕੀੜੇ ਅਤੇ ਸੂਖਮ ਜੀਵ ਅੱਗ ਨਾਲ ਮਰ ਜਾਂਦੇ ਹਨ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟ ਹੋ ਜਾਂਦੀ ਹੈ ਅਤੇ ਫਸਲਾਂ ਨੂੰ ਵੱਖ-ਵੱਖ ਬੀਮਾਰੀਆਂ ਲੱਗਣ ਦੇ ਇਲਾਵਾ ਦੁਸ਼ਮਣ ਕੀਟਾਂ ਦਾ ਪ੍ਰਕੋਪ ਵੀ ਵਧ ਜਾਂਦਾ ਹੈ। ਇਹੀ ਨਹੀਂ, ਸਿਹਤ ਦੇ ਲਿਹਾਜ਼ ਤੋਂ ਵੀ ਇਹ ਧੂੰਆਂ ਬੜਾ ਹੀ ਹਾਨੀਕਾਰਕ ਹੈ। ਇਨ੍ਹੀਂ ਦਿਨੀਂ ਝੋਨੇ ਦੀ ਕਟਾਈ ਦੇ ਨਾਲ ਹੀ ਪੰਜਾਬ, ਹਰਿਆਣਾ ਆਦਿ ਵਿਚ ਪਰਾਲੀ ਸਾੜਨੀ ਸ਼ੁਰੂ ਹੋ ਗਈ ਹੈ ਅਤੇ 12 ਅਕਤੂਬਰ ਤੱਕ ਪੰਜਾਬ ਵਿਚ ਪਰਾਲੀ ਸਾੜਨ ਦੇ 867 ਮਾਮਲੇ ਸਾਹਮਣੇ ਆ ਚੁੱਕੇ ਹਨ।

ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਕਈ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਅਜਿਹਾ ਕਰਨ ਵਾਲਿਆਂ ਦੇ ਹਥਿਆਰ ਲਾਇਸੈਂਸ ਮੁਅੱਤਲ ਕਰਨ, ਉਨ੍ਹਾਂ ਦੇ ਪਾਸਪੋਰਟਾਂ ਦੀ ਵੈਰੀਫਿਕੇਸ਼ਨ ਨਾ ਕਰਨ ਵਰਗੇ ਸਜ਼ਾ ਵਾਲੇ ਉਪਾਅ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਪੰਜਾਬ ਦੇ ਜੰਗਲਾਤ ਅਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਲਈ ਸੂਬਾ ਸਰਕਾਰ ਤਾਂ ਲਗਾਤਾਰ ਕਦਮ ਚੁੱਕ ਰਹੀ ਹੈ ਪਰ ਇਸਦੇ ਲਈ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਵਿੱਤੀ ਸਹਾਇਤਾ ਦੇਣੀ ਜ਼ਰੂਰੀ ਹੈ।

ਇਸੇ ਦਰਮਿਆਨ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦੇ ਲਈ ਇਲਾਕੇ ਦੀਆਂ ਪੰਚਾਇਤਾਂ ਦੇ ਰਾਹੀਂ ਇਕ ਮੁਹਿੰਮ ਆਰੰਭ ਕੀਤੀ ਹੈ, ਜਿਸ ਦੇ ਤਹਿਤ ਜ਼ਿਲ੍ਹੇ ਦੀਆਂ 245 ਵਿਚੋਂ 208 ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦਾ ਮਤਾ ਪਾਸ ਕੀਤਾ ਹੈ। ਉਕਤ ਪੰਚਾਇਤਾਂ ਵੱਲੋਂ ਪਰਾਲੀ ਨਾ ਸਾੜਨ ਦਾ ਫ਼ੈਸਲਾ ਸ਼ਲਾਘਾਯੋਗ ਹੈ ਅਤੇ ਹੋਰ ਪੰਚਾਇਤਾਂ ਅਤੇ ਕਿਸਾਨ ਭਾਈਚਾਰੇ ਨੂੰ ਵੀ ਅੱਗੇ ਆ ਕੇ ਅਜਿਹਾ ਹੀ ਫ਼ੈਸਲਾ ਲੈਣਾ ਚਾਹੀਦਾ ਹੈ। ਇਸ ਨਾਲ ਨਾ ਸਿਰਫ ਲੋਕ ਧੂੰਏਂ ਨਾਲ ਪ੍ਰਦੂਸ਼ਣ ਸਬੰਧੀ ਬੀਮਾਰੀਆਂ ਤੋਂ ਬਚ ਸਕਣਗੇ, ਸਗੋਂ ਵਾਯੂਮੰਡਲ ਵਿਚ ਫੈਲੇ ਧੂੰਏਂ ਨਾਲ ਹੋਣ ਵਾਲੇ ਸੜਕ ਹਾਦਸਿਆਂ ਤੋਂ ਵੀ ਬਚਿਆ ਜਾ ਸਕੇਗਾ ਅਤੇ ਧਰਤੀ ਵਿਚ ਮੌਜੂਦ ਮਿੱਤਰ ਕੀਟਾਂ ਦੇ ਬਚੇ ਰਹਿਣ ਨਾਲ ਧਰਤੀ ਦੀ ਉਪਜਾਊ ਸ਼ਕਤੀ ਵੀ ਪ੍ਰਭਾਵਿਤ ਨਹੀਂ ਹੋਵੇਗੀ।

ਵਿਜੇ ਕੁਮਾਰ


Mukesh

Content Editor

Related News