ਏਮਸ ‘ਸਰਵਰ’ ਹੈਕ ਮਾਮਲਾ: ਦੇਸ਼ ’ਚ ਸਾਈਬਰ ਸੁਰੱਖਿਆ ’ਤੇ ਸਵਾਲੀਆ ਨਿਸ਼ਾਨ
Friday, Dec 02, 2022 - 02:57 AM (IST)
ਸਾਲ 2020 ਦੀ ਤੁਲਨਾ ’ਚ 2021 ’ਚ ਦੇਸ਼ ਵਿਚ ਸਾਈਬਰ ਅਪਰਾਧਾਂ ਦੀ ਗਿਣਤੀ 5 ਫੀਸਦੀ ਵਧ ਕੇ 52,974 ਹੋ ਗਈ ਅਤੇ ਇਹ ਲਗਾਤਾਰ ਵਧਦੀ ਹੀ ਜਾ ਰਹੀ ਹੈ। ਸਾਈਬਰ ਅਪਰਾਧਾਂ ਦੀ ਨਵਾਂ ਸ਼ਿਕਾਰ ਨਵੀਂ ਦਿੱਲੀ ਸਥਿਤ ਦੇਸ਼ ਦਾ ਸਭ ਤੋਂ ਵੱਡਾ ਮੈਡੀਕਲ ਸੰਸਥਾਨ ‘ਅਖਿਲ ਭਾਰਤੀਯ ਆਯੁਰਵਿਗਿਆਨ ਸੰਸਥਾਨ’ (ਏਮਸ) ਬਣਿਆ ਹੈ। ਇਸ ਦੇ ਸਰਵਰ ਨੂੰ 23 ਨਵੰਬਰ ਨੂੰ ਹੈਕ ਕਰ ਲਏ ਜਾਣ ਦੇ ਕਾਰਣ ਉੱਥੇ ਡਿਜੀਟਲ ਸੇਵਾਵਾਂ ਠੱਪ ਹੋ ਗਈਆਂ ਅਤੇ 30 ਨਵੰਬਰ ਤੱਕ ਲਗਾਤਾਰ 8ਵੇਂ ਦਿਨ ਠੱਪ ਰਹਿਣ ਦੇ ਬਾਅਦ 1 ਦਸੰਬਰ ਨੂੰ ਵੀ ਇਸ ਨੂੰ ਪੂਰੀ ਤਰ੍ਹਾਂ ਬਹਾਲ ਨਹੀਂ ਕੀਤਾ ਜਾ ਸਕਿਆ।
ਇਹ ਸਾਈਬਰ ਹਮਲਾ ਚੀਨ ਜਾਂ ਉੱਤਰ ਕੋਰੀਆਈ ਹੈਕਰਾਂ ਵੱਲੋਂ ਕੀਤੇ ਜਾਣ ਦਾ ਖਦਸ਼ਾ ਹੈ ਅਤੇ ਕਥਿਤ ਤੌਰ ’ਤੇ ਹੈਕਰਾਂ ਨੇ ਫਿਰੌਤੀ ਦੇ ਤੌਰ ’ਤੇ ‘ਕ੍ਰਿਪਟੋ ਕਰੰਸੀ’ ਦੇ ਰੂਪ ਵਿਚ 200 ਕਰੋੜ ਰੁਪਏ ਦੀ ਮੰਗ ਵੀ ਕੀਤੀ ਹੈ। ਇਹ ਦੇਸ਼ ਵਿਚ ਸਭ ਤੋਂ ਵੱਡੇ ਸਾਈਬਰ ਹਮਲਿਆਂ ’ਚੋਂ ਇਕ ਦੱਸਿਆ ਜਾਂਦਾ ਹੈ। ਇਸ ਵਿਚ 4 ਤੋਂ 5 ਕਰੋੜ ਰੋਗੀਆਂ ਦਾ ਡਾਟਾ ਸੀ। ਇਸ ਨਾਲ ਰੋਗੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਪ੍ਰਸ਼ਾਸਨ ਦੇ ਲਈ ਭਾਰੀ ਸਮੱਸਿਆ ਖੜ੍ਹੀ ਹੋ ਗਈ ਅਤੇ ਸਾਰੀ ਕਾਰਵਾਈ ਹੱਥ ਨਾਲ ਕਾਗਜ਼ਾਂ ’ਤੇ ਕਰਨ ਦੀ ਨੌਬਤ ਆ ਗਈ ਹੈ।
ਏਮਸ ’ਚ ਇਸ ਸਮੇਂ ਘੱਟੋ-ਘੱਟ 5,000 ਕੰਪਿਊਟਰ ਦੱਸੇ ਜਾਂਦੇ ਹਨ। ਹਾਲਾਂਕਿ ਸਰਵਰ ਬਹਾਲ ਕਰ ਲਿਆ ਗਿਆ ਹੈ ਪਰ ਆਨਲਾਈਨ ਸੇਵਾਵਾਂ ਦੇ ਪੜਾਅਬੱਧ ਢੰਗ ਨਾਲ 6 ਦਸੰਬਰ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ’ਚ ਹੋਰ ਸਮਾਂ ਲੱਗੇਗਾ। ਇਸ ਸਬੰਧ ਵਿਚ ਏਮਸ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਏਮਸ ਮੈਨੇਜਮੈਂਟ ਨੇ ਚੋਟੀ ਦੀਆਂ ਸਰਕਾਰੀ ਅਤੇ ਪ੍ਰਾਈਵੇਟ ਆਈ.ਟੀ. ਫਰਮਾਂ ਦੇ ਨਾਲ ਆਪਣੇ ਕੰਪਿਊਟਰਾਂ ਅਤੇ ਆਈ. ਟੀ. ਨਾਲ ਸਬੰਧਤ ਕੰਮ ਦੀ ਦੇਖਭਾਲ ਲਈ ਸੰਪਰਕ ਕਾਇਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ।
ਇਸੇ ਦਰਮਿਆਨ ਏਮਸ ਸਰਵਰ ਹੈਕ ਮਾਮਲੇ ਦੇ ਬਾਅਦ 1 ਦਸੰਬਰ ਨੂੰ ਇਕ ਹੋਰ ਵੱਡੇ ਸਾਈਬਰ ਅਟੈਕ ਵਿਚ ਜਲ ਸ਼ਕਤੀ ਮੰਤਰਾਲਾ ਦਾ ਟਵਿਟਰ ਹੈਂਡਲ ਹੈਕ ਕੀਤੇ ਜਾਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਬਾਅਦ ਵਿਚ ਠੀਕ ਕਰ ਦਿੱਤਾ ਗਿਆ। ਯਕੀਨਨ ਹੀ ਇਹ ਇਕ ਗੰਭੀਰ ਸਮੱਸਿਆ ਹੈ, ਜਿਸ ਤੋਂ ਬਚਣ ਲਈ ਠੋਸ ਉਪਾਅ ਕਰਨ ਦੀ ਲੋੜ ਹੈ ਤਾਂ ਕਿ ਭਵਿੱਖ ਵਿਚ ਏਮਸ ਅਤੇ ਹੋਰਨਾਂ ਸੰਸਥਾਨਾਂ ਨੂੰ ਇਸ ਕਿਸਮ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਨਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ਸਿੱਧੇ ਤੌਰ ’ਤੇ ਜੁੜੀ ਹੋਈ ਹੋਵੇ।
-ਵਿਜੇ ਕੁਮਾਰ