‘ਤਮਿਲਨਾਡੂ ਦੀ ਸਿਆਸਤ ’ਚ ਹਲਚਲ’ ਸ਼ਸ਼ੀਕਲਾ ਦੀ ਅੰਨਾਦਰਮੁਕ ਨਾਲ ‘ਸੁਲ੍ਹਾ’ ਦੀ ਪਹਿਲ

02/26/2021 5:01:39 AM

5 ਦਸੰਬਰ, 2016 ਨੂੰ ‘ਅੰਨਾਦਰਮੁਕ’ ਸੁਪਰੀਮੋ ਅਤੇ ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਦੇ ਦੋ ਮਹੀਨਿਆਂ ਬਾਅਦ ਹੀ ਪਾਰਟੀ ਵਿਧਾਇਕ ਦਲ ਦੀ ਬੈਠਕ ’ਚ ਪਨੀਰਸੇਲਵਮ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਅਤੇ ਮੁੱਖ ਮੰਤਰੀ ਦੇ ਅਹੁਦੇ ਲਈ ਜੈਲਲਿਤਾ ਦੀ ਨਜ਼ਦੀਕੀ ਸ਼ਸ਼ੀਕਲਾ ਦਾ ਨਾਂ ਤਜਵੀਜ਼ਤ ਕਰਨ ਦੇ ਬਾਅਦ ਉਸ ਨੂੰ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ।

ਇਸ ਤਰ੍ਹਾਂ ਸ਼ਸ਼ੀਕਲਾ ਦੇ ਸੂਬੇ ਦੀ ਮੁੱਖ ਮੰਤਰੀ ਬਣਨ ਦਾ ਰਾਹ ਸਾਫ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਉਨ੍ਹੀਂ ਦਿਨੀਂ ਉਸ ਦੇ ਵਿਰੁੱਧ ਚੱਲ ਰਹੇ ਨਾਜਾਇਜ਼ ਜਾਇਦਾਦ ਦੇ ਮਾਮਲੇ ’ਚ ਅਦਾਲਤ ਵੱਲੋਂ ਸੁਣਾਏ ਗਏ ਫੈਸਲੇ ’ਚ ਉਸ ਨੂੰ ਕੈਦ ਦੀ ਸਜ਼ਾ ਮਿਲਣ ਦੀ ਪ੍ਰਬਲ ਸੰਭਾਵਨਾ ਦੇ ਮੱਦੇਨਜ਼ਰ ਫੈਸਲਾ ਆਉਣ ਤੱਕ ਮੁੱਖ ਮੰਤਰੀ ਦੇ ਰੂਪ ’ਚ ਉਨ੍ਹਾਂ ਵੱਲੋਂ ਸਹੁੰ ਚੁੱਕਣੀ ਮੁਲਤਵੀ ਕਰਨ ਦਾ ਅਦਾਲਤ ਵੱਲੋਂ ਹੁਕਮ ਜਾਰੀ ਹੋ ਜਾਣ ਦੇ ਕਾਰਨ ਅਜਿਹਾ ਨਾ ਹੋ ਸਕਿਆ।

7 ਫਰਵਰੀ, 2017 ਨੂੰ ਮੁੱਖ ਮੰਤਰੀ ਪਨੀਰਸੇਲਵਮ ਨੇ ਸ਼ਸ਼ੀਕਲਾ ਦੇ ਵਿਰੁੱਧ ਬਗਾਵਤ ਕਰ ਕੇ ਉਸ ਨੂੰ ਅੰਨਾਦਰਮੁਕ ’ਚੋਂ ਕੱਢ ਦਿੱਤਾ। ਇਸ ਦੇ ਬਾਅਦ 14 ਫਰਵਰੀ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ 4 ਸਾਲ ਕੈਦ ਦੀ ਸਜ਼ਾ ਭੁਗਤਣ ਲਈ ਸ਼ਸ਼ੀਕਲਾ ਜੇਲ ਚਲੀ ਗਈ ਅਤੇ ਉਸ ਦੇ ਭਤੀਜੇ ਦਿਨਾਕਰਨ ਨੇ ਅੰਨਾਦਰਮੁਕ ਦੇ ਸੱਤਾਧਾਰੀ ਧੜੇ ਦਾ ਮੁਕਾਬਲਾ ਕਰਨ ਲਈ ‘ਅੰਮਾ ਮੱਕਲ ਮੁਨੇਤ੍ਰਕਝਗਮ’ (ਏ. ਐੱਮ. ਐੱਮ. ਕੇ.) ਦਾ ਗਠਨ ਕਰ ਲਿਆ।

ਫਿਲਹਾਲ ਸਜ਼ਾ ਪੂਰੀ ਕਰ ਕੇ 9 ਫਰਵਰੀ, 2021 ਨੂੰ ਚੇਨਈ ਪਹੁੰਚਣ ਤੋਂ ਪਹਿਲਾਂ ਹੀ ਸ਼ਸ਼ੀਕਲਾ ਨੇ ਇਹ ਐਲਾਨ ਕਰ ਕੇ ਆਪਣੇ ਸਿਆਸੀ ਇਰਾਦੇ ਸਪੱਸ਼ਟ ਕਰ ਦਿੱਤੇ ਕਿ ਉਸ ਦਾ ਮਕਸਦ ‘ਸਾਂਝੇ ਦੁਸ਼ਮਣ’ ਦਰਮੁਕ ਅਤੇ ਕਾਂਗਰਸ ਨੂੰ ਹਰਾਉਣਾ ਹੈ।

ਤਮਿਲਨਾਡੂ ਦੀ ਸਿਆਸਤ ’ਚ ਜ਼ੋਰ-ਸ਼ੋਰ ਨਾਲ ਸਰਗਰਮ ਹੋਣ ਦੀ ਆਪਣੀ ਰਣਨੀਤੀ ਦੇ ਅਧੀਨ ਹੀ ਸ਼ਸ਼ੀਕਲਾ ਨੇ 24 ਫਰਵਰੀ, 2021 ਨੂੰ ਜੈਲਲਿਤਾ ਦੀ 73ਵੀਂ ਜਯੰਤੀ ’ਤੇ ਅੰਨਾਦਰਮੁਕ ਨੇਤਾਵਾਂ ਦੇ ਨਾਲ ‘ਸੁਲ੍ਹਾ’ ਦਾ ਸੰਕੇਤ ਦਿੰਦੇ ਹੋਏ ਜੈਲਲਿਤਾ ਦੇ ‘ਸੱਚੇ ਪੈਰੋਕਾਰਾਂ’ ਨੂੰ ਤਮਿਲਨਾਡੂ ਦੀਆਂ ਆਉਣ ਵਾਲੀਆਂ ਚੋਣਾਂ ’ਚ ਦਰਮੁਕ ਅਤੇ ਕਾਂਗਰਸ ਦੇ ਗਠਜੋੜ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।

ਬਿਨਾਂ ਕਿਸੇ ਦਾ ਨਾਂ ਲਏ ਸ਼ਸ਼ੀਕਲਾ ਨੇ ਕਿਹਾ,‘‘ਅਗਲੇ 100 ਸਾਲਾਂ ਲਈ ਉਨ੍ਹਾਂ ਦੀ (ਜੈਲਲਿਤਾ) ਸਰਕਾਰ ਦੇ ਸ਼ਾਸਨ ਨੂੰ ਯਕੀਨੀ ਬਣਾਉਣ ਲਈ ਜੈਲਲਿਤਾ ਦੇ ਸਮਰਥਕਾਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਸਾਰੇ ਭਾਰੀ ਬਹੁਮਤ ਨਾਲ ‘ਅੰਮਾ ਸਰਕਾਰ’ ਦੀ ਸਫਲਤਾ ਯਕੀਨੀ ਬਣਾਉਣ।’’

ਪੂਰੇ ਭਾਸ਼ਣ ’ਚ ਸ਼ਸ਼ੀਕਲਾ ਨੇ ਸੂਬੇ ਦੀ ਅੰਨਾਦਰਮੁਕ ਸਰਕਾਰ ਨੂੰ ‘ਅੰਮਾ ਸਰਕਾਰ’ ਕਹਿ ਕੇ ਸੰਬੋਧਿਤ ਕੀਤਾ। ਉਸ ਨੇ ਪਾਰਟੀ ਦੀ ਸਫਲਤਾ ਲਈ ਸਾਰਿਆਂ ਨੂੰ ਸ਼ਹਿਦ ਦੀਅਾਂ ਮੱਖੀਆਂ ਵਰਗੀ ਲਗਨ ਨਾਲ ਇਕਜੁੱਟ ਹੋ ਕੇ ਕੰਮ ਕਰਨ ਨੂੰ ਕਿਹਾ ਅਤੇ ਭਰੋਸਾ ਪ੍ਰਗਟ ਕੀਤਾ ਕਿ ‘‘ਸਵ. ਜੈਲਲਿਤਾ ਦੇ ਸ਼ਰਧਾਵਾਨ ਪੈਰੋਕਾਰ ਪਾਰਟੀ ’ਚ ਏਕਤਾ ਦੇ ਮੇਰੇ ਯਤਨਾਂ ਦਾ ਢੁੱਕਵਾਂ ਜਵਾਬ ਦੇਣਗੇ ਅਤੇ ਮੈਂ ਉਨ੍ਹਾਂ ਨੂੰ ਆਪਣਾ ਪੂਰਾ ਸਮਰਥਨ ਦੇਵਾਂਗੀ।’’

ਵਰਣਨਯੋਗ ਹੈ ਕਿ ਇਕ ਪਾਸੇ ਜਿੱਥੇ ਦਰਮੁਕ ਅਤੇ ਕਾਂਗਰਸ ਸੂਬੇ ’ਚ ਅੰਨਾਦਰਮੁਕ ਅਤੇ ਭਾਜਪਾ ਨੂੰ ਸੱਤਾ ’ਚ ਆਉਣ ਤੋਂ ਰੋਕਣ ਲਈ ਯਤਨਸ਼ੀਲ ਹਨ ਤਾਂ ਦੂਸਰੇ ਪਾਸੇ ਦਰਮੁਕ ਅਤੇ ਕਾਂਗਰਸ ਨੂੰ ਸੱਤਾ ’ਚ ਆਉਣ ਤੋਂ ਰੋਕਣ ਲਈ ਭਾਜਪਾ ਦੇ ਨੇਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਸ਼ਸ਼ੀਕਲਾ ਅਤੇ ਅੰਨਾਦਰਮੁਕ ਦੇ ਨਾਲ ਮਿਲ ਕੇ ਤਮਿਲਨਾਡੂ ’ਚ ਚੋਣ ਲੜੇ।

ਅਜਿਹੇ ’ਚ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰਿਆਂ ਦੀ ਨਜ਼ਰ ਸ਼ਸ਼ੀਕਲਾ ਦੇ ਅਗਲੇ ਕਦਮ ’ਤੇ ਟਿਕੀ ਹੋਈ ਹੈ, ਜੋ ਜੇਲ ਤੋਂ ਵਾਪਸੀ ਤੋਂ ਬਾਅਦ ਤਮਿਲਨਾਡੂ ’ਚ ਸੱਤਾਧਾਰੀ ਅੰਨਾਦਰਮੁਕ ਦੀ ਕਮਾਨ ਇਕ ਵਾਰ ਫਿਰ ਆਪਣੇ ਹੱਥ ’ਚ ਲੈਣ ਲਈ ਯਤਨਸ਼ੀਲ ਹੈ।

ਸ਼ਸ਼ੀਕਲਾ ਦੀ ਉਕਤ ‘ਪੇਸ਼ਕਸ਼’ ਨੂੰ ਰੱਦ ਕਰਦੇ ਹੋਏ ਅੰਨਾਦਰਮੁਕ ਸਰਕਾਰ ’ਚ ਮੰਤਰੀ ਡੀ. ਜੈਕੁਮਾਰ ਨੇ ਕਿਹਾ, ‘‘ਸ਼ਸ਼ੀਕਲਾ ਦਾ ਇਹ ਸੱਦਾ ਅੰਨਾਦਰਮੁਕ ਦੇ ਸੱਤਾਧਾਰੀ ਧੜੇ ਲਈ ਨਾ ਹੋ ਕੇ ਸਿਰਫ ਉਸ ਦੇ ਭਤੀਜੇ ਦਿਨਾਕਰਨ ਵੱਲੋਂ ਗਠਿਤ ‘ਅੰਮਾ ਮੱਕਲ ਮਨ੍ਰੇਤਕਝਗਮ’ (ਏ. ਐੱਮ. ਐੱਮ. ਕੇ.) ਦੇ ਵਰਕਰਾਂ ਲਈ ਹੈ। ਅਸੀਂ ਸ਼ਸ਼ੀਕਲਾ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਆਪਣੇ ਧੜੇ ’ਚ ਸ਼ਾਮਲ ਨਾ ਕਰਨ ਦੇ ਸਟੈਂਡ ’ਤੇ ਕਾਇਮ ਹੈ।’’

ਅੱਜ ਜਦਕਿ ਦੱਖਣੀ ਭਾਰਤ ’ਚ ਆਪਣੇ ਪੈਰ ਜਮਾਉਣ ਲਈ ਭਾਜਪਾ ਦੀ ਲੀਡਰਸ਼ਿਪ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ ਅਤੇ ਉਸ ਨੇ ਅੰਨਾਦਰਮੁਕ ਨਾਲ ਗਠਜੋੜ ਦੇ ਯਤਨ ਵੀ ਸ਼ੁਰੂ ਕਰ ਕੀਤੇ ਹੋਏ ਹਨ, ਅਜਿਹੇ ’ਚ ਸੂਬੇ ’ਚ ਦਰਮੁਕ ਅਤੇ ਕਾਂਗਰਸ ਦੇ ਗਠਜੋੜ ਨੂੰ ਮਜ਼ਬੂਤ ਚੁਣੌਤੀ ਦੇਣ ਲਈ ਅੰਨਾਦਰਮੁਕ ਨੂੰ ਜੈਲਲਿਤਾ ਦੇ ਦੌਰ ਦੇ ਵਾਂਗ ਸੰਗਠਿਤ ਹੋਣਾ ਚਾਹੀਦਾ ਹੈ।

ਤਿਕੋਣਾ ਮੁਕਾਬਲਾ ਹੋਣ ਦੀ ਬਜਾਏ ਇਕ ਪਾਸੇ ਸੰਗਠਿਤ ਅੰਨਾਦਰਮੁਕ ਅਤੇ ਭਾਜਪਾ ਅਤੇ ਦੂਸਰੇ ਪਾਸੇ ਕਾਂਗਰਸ ਦੇ ਦਰਮਿਆਨ ਸਿੱਧਾ ਮੁਕਾਬਲਾ ਹੋਣ ਦੀ ਸਥਿਤੀ ’ਚ ਇਕ ਧੜਾ ਜੇਤੂ ਬਣ ਕੇ ਅਤੇ ਦੂਸਰਾ ਧੜਾ ਵਿਰੋਧੀ ਧਿਰ ਦੇ ਰੂਪ ’ਚ ਉਭਰ ਕੇ ਸੂਬੇ ਦੇ ਸ਼ਾਸਨ ’ਚ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਭੂਮਿਕਾ ਨਿਭਾ ਸਕੇਗਾ, ਜਿਸ ਨਾਲ ਸੂਬੇ ਦਾ ਭਲਾ ਹੀ ਹੋਵੇਗਾ।

-ਵਿਜੇ ਕੁਮਾਰ


Bharat Thapa

Content Editor

Related News