''ਅਗਨੀਪਥ'' ਨੂੰ ਲੈ ਕੇ ਵਧਿਆ ਰੋਸ, ਯੋਜਨਾ ''ਤੇ ਤੁਰੰਤ ਸਪੱਸ਼ਟਤਾ ਦੀ ਲੋੜ

Friday, Jun 17, 2022 - 01:28 AM (IST)

''ਅਗਨੀਪਥ'' ਨੂੰ ਲੈ ਕੇ ਵਧਿਆ ਰੋਸ, ਯੋਜਨਾ ''ਤੇ ਤੁਰੰਤ ਸਪੱਸ਼ਟਤਾ ਦੀ ਲੋੜ

ਫੌਜ 'ਚ ਨੌਜਵਾਨਾਂ ਦੀ ਭਰਤੀ ਦੇ ਮਕਸਦ ਨਾਲ ਕੇਂਦਰ ਸਰਕਾਰ ਨੇ 14 ਜੂਨ ਨੂੰ 'ਅਗਨੀਪਥ' ਯੋਜਨਾ ਪੇਸ਼ ਕੀਤੀ ਹੈ। ਇਸ ਦੇ ਰਾਹੀਂ ਫੌਜ 'ਚ ਹਰ ਸਾਲ 17.5 ਸਾਲ ਤੋਂ 21 ਸਾਲ ਉਮਰ ਦੇ 45,000 ਨੌਜਵਾਨਾਂ ਨੂੰ 4 ਸਾਲ ਲਈ ਫੌਜ 'ਚ ਨੌਕਰੀ ਦਾ ਮੌਕਾ ਮਿਲੇਗਾ।
ਅਗਨੀ ਵੀਰਾਂ ਨੂੰ 30,000 ਤੋਂ 40,000 ਰੁਪਏ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਇਸ ਦਾ ਇਕ ਹਿੱਸਾ ਕੋਰ ਫੰਡ 'ਚ ਜਾਵੇਗਾ। ਸਰਕਾਰ ਵੀ ਆਪਣੇ ਵੱਲੋਂ ਓਨਾ ਹੀ ਅੰਸ਼ਦਾਨ ਕਰੇਗੀ। 4 ਸਾਲ ਪੂਰੇ ਹੋਣ 'ਤੇ ਇਹ ਰਕਮ ਲਗਭਗ 11-12 ਲੱਖ ਰੁਪਏ ਬਣ ਜਾਵੇਗੀ, ਜੋ ਉਨ੍ਹਾਂ ਨੂੰ ਰਿਟਾਇਰਮੈਂਟ 'ਤੇ ਦੇ ਦਿੱਤੀ ਜਾਵੇਗੀ।
ਜਿੱਥੇ ਇਕ ਪਾਸੇ ਕੇਂਦਰ ਸਰਕਾਰ ਇਸ ਯੋਜਨਾ ਨੂੰ ਫੌਜ ਲਈ ਬੇਹੱਦ ਮਹੱਤਵਪੂਰਨ ਦੱਸ ਰਹੀ ਹੈ, ਉਥੇ ਹੀ ਇਸ ਦੇ ਐਲਾਨ ਦੇ ਅਗਲੇ ਹੀ ਦਿਨ ਇਸ ਦਾ ਵਿਰੋਧ ਸ਼ੁਰੂ ਹੋ ਗਿਆ ਅਤੇ ਬਿਹਾਰ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ 'ਚ ਨੌਜਵਾਨ ਇਸ ਦੇ ਵਿਰੁੱਧ ਰੋਸ ਵਿਖਾਵੇ 'ਤੇ ਉਤਰ ਆਏ ਹਨ।
ਵਿਖਾਵਾਕਾਰੀਆਂ ਦਾ ਕਹਿਣਾ ਹੈ ਕਿ ਫੌਜ 'ਚ ਭਰਤੀ ਹੋਣ ਲਈ ਉਨ੍ਹਾਂ ਨੇ ਲੰਬੀ ਉਡੀਕ ਕੀਤੀ ਹੈ ਤੇ ਇਸ ਅਰਸੇ ਦੇ ਦੌਰਾਨ ਲਗਾਤਾਰ ਮਿਹਨਤ ਕਰਕੇ ਖੁਦ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕੀਤੀ ਪਰ 2 ਸਾਲਾਂ ਤੋਂ ਭਰਤੀ ਨਾ ਹੋਣ ਕਾਰਨ ਫੌਜ 'ਚ ਭਰਤੀ ਲਈ ਨਿਰਧਾਰਿਤ ਉਨ੍ਹਾਂ ਦੀ ਉਮਰ ਵੀ ਨਿਕਲਦੀ ਜਾ ਰਹੀ ਹੈ।
ਇਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਇਸ ਯੋਜਨਾ ਦੇ ਤਹਿਤ 4 ਸਾਲ ਦੇ ਲਈ ਭਰਤੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ ਤਾਂ ਉਨ੍ਹਾਂ ਨੂੰ ਦੁਬਾਰਾ ਨੌਕਰੀ ਲੱਭਣੀ ਪਵੇਗੀ। ਇਸ ਲਈ ਨਵੀਂ ਯੋਜਨਾ ਰੱਦ ਕਰਕੇ ਫੌਜ 'ਚ ਭਰਤੀ ਦੀ ਪੁਰਾਣੀ ਪ੍ਰਕਿਰਿਆ ਹੀ ਬਹਾਲ ਕੀਤੀ ਜਾਵੇ।
ਬਿਹਾਰ ਦੇ ਇਕ ਦਰਜਨ ਤੋਂ ਵੱਧ ਸ਼ਹਿਰਾਂ 'ਚ ਵਿਦਿਆਰਥੀ ਅਤੇ ਨੌਜਵਾਨ 15 ਜੂਨ ਤੋਂ ਹੀ ਹਿੰਸਕ ਵਿਖਾਵੇ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਰੇਲਗੱਡੀਆਂ 'ਤੇ ਪਥਰਾਅ ਤੇ ਡੱਬਿਆਂ ਨੂੰ ਅੱਗ ਲਗਾਉਣ ਤੋਂ ਇਲਾਵਾ ਰੇਲ ਪਟੜੀਆਂ 'ਚ ਅੱਗ ਲਾ ਦਿੱਤੀ ਅਤੇ ਰੇਲਵੇ ਟ੍ਰੈਕ ਜਾਮ ਕਰ ਦਿੱਤੇ।
ਨਵਾਦਾ 'ਚ ਵਿਖਾਵਾਕਾਰੀ ਨੌਜਵਾਨਾਂ ਨੇ ਭਾਜਪਾ ਵਿਧਾਇਕ ਅਰੁਣਾ ਦੇਵੀ ਦੀ ਗੱਡੀ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦਾ ਡਰਾਈਵਰ ਜ਼ਖਮੀ ਹੋ ਗਿਆ। ਆਰਾ ਰੇਲਵੇ ਸਟੇਸ਼ਨ ਖਾਲੀ ਕਰਵਾ ਲਿਆ ਗਿਆ, ਜਿੱਥੇ ਟਿਕਟ ਖਿੜਕੀ ਆਦਿ 'ਤੇ ਭਾਰੀ ਭੰਨ੍ਹ-ਤੋੜ ਕੀਤੀ ਗਈ ਹੈ।
ਕਈ ਥਾਵਾਂ 'ਤੇ ਸੜਕ ਮਾਰਗ ਵੀ ਰੋਕੇ ਗਏ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਦਿੱਲੀ ਦੇ ਨਾਂਗਲੋਈ ਰੇਲਵੇ ਸਟੇਸ਼ਨ 'ਤੇ ਵੀ ਟ੍ਰੇਨ ਰੋਕ ਕੇ ਰੋਸ ਵਿਖਾਵਾ ਕੀਤਾ ਗਿਆ। ਰਾਜਸਥਾਨ ਤੇ ਮੱਧ ਪ੍ਰਦੇਸ਼ 'ਚ ਵੀ ਨੌਜਵਾਨਾਂ ਵੱਲੋਂ ਵਿਖਾਵੇ ਕਰਨ ਦੀਆਂ ਖ਼ਬਰਾਂ ਹਨ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ 'ਚ ਵੀ ਇਸ ਫੈਸਲੇ ਦੇ ਵਿਰੁੱਧ ਵਿਖਾਵਾ ਕੀਤਾ ਗਿਆ।
ਹਰਿਆਣਾ ਦੇ ਵੱਖ-ਵੱਖ ਜ਼ਿਲਿਆਂ 'ਚ ਵੀ ਹਿੰਸਾ ਭੜਕ ਉੱਠੀ ਹੈ। ਪਲਵਲ 'ਚ ਹੋਈ ਹਿੰਸਾ 'ਤੇ 3 ਜ਼ਿਲ੍ਹਿਆਂ ਦੀ ਪੁਲਸ 4 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਕਾਬੂ ਪਾ ਸਕੀ, ਜਦਕਿ ਵੱਖ-ਵੱਖ ਥਾਵਾਂ 'ਤੇ ਧਰਨਾ-ਵਿਖਾਵਾ ਕਰ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕੀਤਾ ਗਿਆ। ਇਸ ਫੈਸਲੇ ਤੋਂ ਦੁਖੀ ਪਿੰਡ ਲਿਜਵਾਨਾ ਦੇ ਇਕ ਨੌਜਵਾਨ ਨੇ ਖੁਦਕੁਸ਼ੀ ਵੀ ਕਰ ਲਈ।
ਜਿੱਥੇ 'ਅਗਨੀਪਥ' ਯੋਜਨਾ ਦੇ ਵਿਰੁੱਧ ਨੌਜਵਾਨਾਂ ਦਾ ਰੋਸ ਤੇਜ਼ ਹੁੰਦਾ ਜਾ ਰਿਹਾ ਹੈ, ਉਥੇ ਹੀ ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਲਿਖੇ ਪੱਤਰ 'ਚ ਕਿਹਾ ਹੈ, ''ਇਸ ਯੋਜਨਾ ਨੂੰ ਲੈ ਕੇ ਨੌਜਵਾਨਾਂ ਦੇ ਮਨ 'ਚ ਕਈ ਸਵਾਲ ਹਨ, ਇਸ ਲਈ ਉਨ੍ਹਾਂ ਨੂੰ ਦੁਚਿੱਤੀ ਦੀ ਸਥਿਤੀ ਤੋਂ ਬਾਹਰ ਕੱਢਣ ਲਈ ਸਰਕਾਰ ਜਿੰਨੀ ਜਲਦੀ ਹੋ ਸਕੇ ਯੋਜਨਾ ਨਾਲ ਜੁੜੀ ਨੀਤੀ ਸਬੰਧੀ ਤੱਥਾਂ ਬਾਰੇ  ਆਪਣਾ ਪੱਖ ਸਪੱਸ਼ਟ ਕਰੇ।''
ਜਿੱਥੇ ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਨਾਰਾਜ਼ ਨੌਜਵਾਨਾਂ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਜਿਵੇਂ ਫੌਜ 'ਚ 'ਮਨਰੇਗਾ' ਸ਼ੁਰੂ ਹੋਇਆ ਹੈ, ਜਿਸ ਤਰ੍ਹਾਂ ਮਨਰੇਗਾ 'ਚ 100 ਦਿਨਾਂ ਦੇ ਕੰਮ ਦੀ ਗਾਰੰਟੀ ਹੈ ਉਸੇ ਤਰ੍ਹਾਂ ਫੌਜ ਨੌਜਵਾਨਾਂ ਨੂੰ ਵੀਰ ਬਣਾਉਣ ਦੇ ਲਈ 4 ਸਾਲ ਦੀ ਗਾਰੰਟੀ ਦੇ ਰਹੀ ਹੈ।
ਇਸ ਦੇ ਉਲਟ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਇਹ ਨਵਾਂ ਮਾਡਲ ਹਥਿਆਰਬੰਦ ਬਲਾਂ ਦੇ ਲਈ ਨਵੀਂ ਸਮਰੱਥਾ ਲੈ ਕੇ ਆਵੇਗਾ ਅਤੇ ਨਿੱਜੀ ਖੇਤਰ 'ਚ ਨੌਜਵਾਨਾਂ ਦੇ ਮੌਕੇ ਦੇ ਦੁਆਰ ਵੀ ਖੋਲ੍ਹੇਗਾ। ਸ਼ਾਇਦ ਇਸ ਯੋਜਨਾ ਦੀ ਆਲੋਚਨਾ ਕਰਨ ਵਾਲਿਆਂ ਨੂੰ ਇਹ ਗੱਲ ਠੀਕ ਤਰ੍ਹਾਂ ਸਮਝ 'ਚ ਨਹੀਂ ਆਈ ਹੈ, ਜਦਕਿ ਸਰਕਾਰ ਦਾ ਮਕਸਦ ਭਾਰਤੀ ਫੌਜ ਦਾ ਖਰਚ ਘਟਾਉਣਾ ਅਤੇ ਨੌਜਵਾਨ ਦੇਸ਼ ਦੇ ਲਈ ਨੌਜਵਾਨ ਫੌਜ ਤਿਆਰ ਕਰਨੀ ਹੀ ਹੈ।
ਜੋ ਵੀ ਹੋਵੇ, ਇਸ ਮੁੱਦੇ ਨੂੰ ਲੈ ਕੇ ਅੰਦੋਲਨ 'ਤੇ ਉਤਰੇ ਨੌਜਵਾਨ ਅੰਦੋਲਨਕਾਰੀਆਂ ਨੂੰ ਸੰਤੁਸ਼ਟ ਕਰਨ ਲਈ ਸਰਕਾਰ ਇਸ ਯੋਜਨਾ ਦਾ ਤਰਕਸੰਗਤ ਢੰਗ ਨਾਲ ਪੂਰਾ ਵੇਰਵਾ ਦੇ ਕੇ ਅਤੇ ਉਨ੍ਹਾਂ ਦੇ ਖਦਸ਼ੇ ਦੂਰ ਕਰਕੇ ਉਨ੍ਹਾਂ ਨੂੰ ਸੰਤੁਸ਼ਟ ਕਰੇ ਤਾਂ ਕਿ ਉਨ੍ਹਾਂ 'ਚ ਪੈਦਾ ਹੋਇਆ ਅਸੰਤੋਸ਼ ਦੂਰ ਹੋਵੇ ਤੇ ਦੇਸ਼ 'ਚ ਬੇਲੋੜਾ ਹੋਰ ਤਣਾਅ ਪੈਦਾ ਨਾ ਹੋਵੇ।
–ਵਿਜੇ ਕੁਮਾਰ


author

Mukesh

Content Editor

Related News