ਫਿਲੀਪੀਨਜ਼ ਦੇ ਇਕ ਸ਼ਹਿਰ ’ਚ ਲਾਗੂ ਹੋਈ ''ਸਮਾਈਲ ਪਾਲਿਸੀ'', ਮੁਸਕਰਾਉਂਦੇ ਰਹਿਣ ਨਾਲ ਠੀਕ ਰਹਿੰਦੀ ਹੈ ਸਿਹਤ
Sunday, Jul 24, 2022 - 02:28 AM (IST)

ਅੱਜ ਦੀ ਤਣਾਅਪੂਰਨ ਜ਼ਿੰਦਗੀ ’ਚ ਲੋਕ ਮੁਸਕਰਾਉਣਾ ਹੀ ਭੁੱਲਦੇ ਜਾ ਰਹੇ ਹਨ, ਜਿਸ ਨੂੰ ਦੇਖਦਿਆਂ ਫਿਲੀਪੀਨਜ਼ ਦੇ ‘ਕਿਊਜ਼ੋਨ’ ਸੂਬੇ ਦੇ ‘ਮੁਲਾਨੇ’ ਸ਼ਹਿਰ ਦੇ ਮੇਅਰ ਅਰਿਸਟੋਟਲ ਏਗੁਇਰੇ ਨੇ ਸ਼ਹਿਰ ’ਚ ‘ਸਮਾਈਲ ਪਾਲਿਸੀ’ ਲਾਗੂ ਕਰ ਦਿੱਤੀ ਹੈ। ਇਸ ਦੇ ਅਨੁਸਾਰ ਸਰਕਾਰੀ ਮੁਲਾਜ਼ਮਾਂ ਨੂੰ ਸ਼ਾਂਤੀਪੂਰਨ ਅਤੇ ਮਿੱਤਰਤਾਪੂਰਨ ਵਿਵਹਾਰ ਦਾ ਪ੍ਰਦਰਸ਼ਨ ਕਰਦਿਆਂ ਖੁਸ਼ੀ-ਖੁਸ਼ੀ ਲੋਕਾਂ ਦੇ ਕੰਮ ਕਰਨ ਦਾ ਹੁਕਮ ਦਿੱਤਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਨੂੰ ਆਪਣੀ 6 ਮਹੀਨਿਆਂ ਦੀ ਤਨਖਾਹ ਦੇ ਬਰਾਬਰ ਜੁਰਮਾਨਾ ਭਰਨਾ ਪੈ ਸਕਦਾ ਹੈ ਜਾਂ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ।
ਮੇਅਰ ਨੇ ਇਹ ਹੁਕਮ ਸਰਕਾਰੀ ਮੁਲਾਜ਼ਮਾਂ ਵੱਲੋਂ ਲੋਕਾਂ ਦੇ ਕੰਮ ਦੇ ਪ੍ਰਤੀ ਅਣਦੇਖੀ ਵਾਲਾ ਵਤੀਰਾ ਅਪਣਾਉਣ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜਾਰੀ ਕੀਤਾ ਹੈ। ਹਾਲਾਂਕਿ ਕਿਸੇ ਨੂੰ ਜ਼ਬਰਦਸਤੀ ਮੁਸਕਰਾਉਣ ਲਈ ਕਹਿਣਾ ਕੁਝ ਅਜੀਬ ਲੱਗਦਾ ਹੈ ਪਰ ਇਹ ਤਾਂ ਇਕ ਸਾਰਿਆਂ ਦਾ ਜਾਣਿਆ ਤੱਥ ਹੈ ਕਿ ਜਿੱਥੇ ਤਣਾਅ ’ਚ ਰਹਿਣ ਨਾਲ ਕਿਸੇ ਵੀ ਵਿਅਕਤੀ ਦੀ ਸਿਹਤ ’ਤੇ ਪ੍ਰਤੀਕੂਲ ਅਸਰ ਪੈਂਦਾ ਹੈ, ਉਥੇ ਹੀ ਖੁਸ਼ਮਿਜ਼ਾਜ ਵਿਅਕਤੀ ਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਦੂਜੇ ਲੋਕ ਵੀ ਉਸ ਨਾਲ ਖੁਸ਼ ਰਹਿੰਦੇ ਹਨ।
ਇਸ ਸਬੰਧ ’ਚ ਜੈਨ ਸਥਾਨਕ, ਗੁੜ ਮੰਡੀ, ਜਲੰਧਰ ’ਚ ਪ੍ਰਵਚਨ ਕਰਦਿਆਂ ਜੈਨਾਚਾਰੀਆ ਸ਼੍ਰੀ ਗਿਆਨਚੰਦਰ ਜੀ ਮਹਾਰਾਜ ਨੇ ਕਿਹਾ, ‘‘ਗੁੱਸਾ ਇਕ ਅਜਿਹੀ ਅੱਗ ਹੈ ਜਿਸ ਨਾਲ ਵਿਅਕਤੀ ਦੇ ਦਿਮਾਗੀ ਨਾੜੀ ਤੰਤਰ ਸੜ ਕੇ ਭਸਮ ਹੋ ਜਾਂਦੇ ਹਨ ਅਤੇ ਉਸ ਦੀ ਸੋਚਣ-ਸਮਝਣ ਦੀ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ।’’ ‘‘ਗੁੱਸੇਖੋਰ ਵਿਅਕਤੀ ਨਾਲ ਕੋਈ ਪ੍ਰੇਮ ਨਹੀਂ ਕਰਦਾ। ਇੱਥੋਂ ਤੱਕ ਕਿ ਉਸ ਦੀ ਪਤਨੀ ਵੀ ਉਸ ਨਾਲ ਨਫ਼ਰਤ ਕਰਨ ਲੱਗਦੀ ਹੈ। ਗੁੱਸੇਖੋਰ ਵਿਅਕਤੀ ਦਾ ਚਿਹਰਾ ਵੀ ਭਿਆਨਕ ਨਜ਼ਰ ਆਉਂਦਾ ਹੈ।’’ ‘‘ਇਸ ਲਈ ਜਦੋਂ ਵੀ ਤੁਹਾਨੂੰ ਤੇਜ਼ ਗੁੱਸਾ ਆਵੇ, ਉਸ ਸਮੇਂ ਦੀ ਆਪਣੀ ਤਸਵੀਰ ਖਿੱਚ ਕੇ ਆਪਣੇ ਪਰਸ ’ਚ ਰੱਖ ਲਓ। ਸਵੇਰੇ ਅਤੇ ਸ਼ਾਮ ਉਸ ਨੂੰ ਦੇਖਦੇ ਰਹੋ ਤਾਂ ਉਸ ਨਾਲ ਗੁੱਸਾ ਸ਼ਾਂਤ ਰਹਿਣ ਲੱਗੇਗਾ। ਸਾਨੂੰ ਤਣਾਅਮੁਕਤ ਹੋਣ ਲਈ ਜ਼ਰਾ ਨਹੀਂ, ਸਦਾ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ।’’
ਹਾਲਾਂਕਿ ਫਿਲੀਪੀਨਜ਼ ਦੇ ਉਕਤ ਸ਼ਹਿਰ ਦੇ ਮੇਅਰ ਵੱਲੋਂ ਜਬਰੀ ਮੁਸਕਰਾਉਂਦੇ ਰਹਿਣ ਦਾ ਹੁਕਮ ਜਾਰੀ ਕਰਨਾ ਕੁਝ ਅਜੀਬ ਲੱਗਦਾ ਹੈ ਪਰ ਜੇਕਰ ਜੈਨ ਮੁਨੀ ਦੇ ਪ੍ਰਵਚਨ ਦੀ ਰੌਸ਼ਨੀ ’ਚ ਉਸ ਨੂੰ ਦੇਖੀਏ ਤਾਂ ਇਸ ਤੱਥ ਨਾਲ ਜ਼ਰੂਰ ਸਹਿਮਤ ਹੋਣਗੇ ਕਿ ਮੁਫ਼ਤ ਦੀ ਇਸ ਦਵਾਈ ਨਾਲ ਸਾਨੂੰ ਖੁਦ ਨੂੰ ਅਤੇ ਦੂਜਿਆਂ ਨੂੰ ਖੁਸ਼ ਰੱਖਣ ’ਚ ਕਾਫੀ ਮਦਦ ਮਿਲ ਸਕਦੀ ਹੈ।
-ਵਿਜੇ ਕੁਮਾਰ