90 ਲੱਖ ਨੌਕਰੀਆਂ ਗਈਆਂ! ਦੇਸ਼ ’ਚ ਬੇਰੋਜ਼ਗਾਰੀ ਦੇ ਚਿੰਤਾਜਨਕ ਅੰਕੜੇ

11/06/2019 1:15:37 AM

ਹੁਣੇ ਜਿਹੇ ‘ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ’ (ਸੀ. ਐੱਮ. ਆਈ. ਈ.) ਵਲੋਂ ਜਾਰੀ ਅੰਕੜੇ ਦੇਸ਼ ਦੀ ਅਰਥ ਵਿਵਸਥਾ ਦੀ ਵਿਗੜਦੀ ਹਾਲਤ ਅਤੇ ਵਧਦੀ ਬੇਰੋਜ਼ਗਾਰੀ ਵੱਲ ਇਸ਼ਾਰਾ ਕਰ ਰਹੇ ਹਨ, ਜਿਨ੍ਹਾਂ ਮੁਤਾਬਿਕ ਅਕਤੂਬਰ ਮਹੀਨੇ ਵਿਚ ਦੇਸ਼ ਵਿਚ ਬੇਰੋਜ਼ਗਾਰੀ 3 ਵਰ੍ਹਿਆਂ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ।

‘ਅਜ਼ੀਮ ਪ੍ਰੇਮਜੀ ਯੂਨੀਵਰਸਿਟੀ’ ਦੇ ‘ਸੈਂਟਰ ਫਾਰ ਸਸਟੇਨੇਬਲ ਇੰਪਲਾਇਮੈਂਟ’ ਵਲੋਂ ਜਾਰੀ ਇਕ ਖੋਜ-ਪੱਤਰ ਵਿਚ ਵੀ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 6 ਵਰ੍ਹਿਆਂ ਵਿਚ ਲੋਕਾਂ ਨੂੰ ਰੋਜ਼ਗਾਰ ਮਿਲਣ ਦੀ ਗਿਣਤੀ ’ਚ ਕਾਫੀ ਗਿਰਾਵਟ ਆਈ ਹੈ ਅਤੇ 2011-12 ਤੋਂ 2017-18 ਦੇ ਦਰਮਿਆਨ 90 ਲੱਖ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ।

‘ਜਵਾਹਰ ਲਾਲ ਨਹਿਰੂ ਯੂਨੀਵਰਸਿਟੀ’ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਸੰਤੋਸ਼ ਮਹਿਰੋਤਰਾ ਅਤੇ ‘ਸੈਂਟਰਲ ਯੂਨੀਵਰਸਿਟੀ ਆਫ ਪੰਜਾਬ’ ਦੇ ‘ਜਜਾਤੀ ਕੇ. ਪਾਰਿਦਾ’ ਵਲੋਂ ਤਿਆਰ ਕੀਤੇ ਗਏ ਇਸ ਖੋਜ-ਪੱਤਰ ਮੁਤਾਬਿਕ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ।

ਉਨ੍ਹਾਂ ਨੇ ਆਪਣੇ ਖੋਜ-ਪੱਤਰ ਵਿਚ ਦਾਅਵਾ ਕੀਤਾ ਹੈ ਕਿ 2011-12 ਵਿਚ ਨੌਕਰੀਆਂ ਦੀ ਗਿਣਤੀ 47.5 ਕਰੋੜ ਸੀ, ਜੋ 2017-18 ਵਿਚ ਘਟ ਕੇ 46.5 ਕਰੋੜ ਰਹਿ ਗਈ, ਭਾਵ ਇਨ੍ਹਾਂ 6 ਵਰ੍ਹਿਆਂ ਵਿਚ ਦੇਸ਼ ’ਚ 90 ਲੱਖ ਨੌਕਰੀਆਂ ਘਟ ਗਈਆਂ।

ਉਨ੍ਹਾਂ ਨੇ ਰਿਪੋਰਟ ’ਚ ਇਹ ਵੀ ਕਿਹਾ ਹੈ ਕਿ ‘‘ਵਿੱਦਿਅਕ ਯੋਗਤਾ ਵਿਚ ਵਾਧੇ ਦੇ ਨਾਲ-ਨਾਲ ਪੜ੍ਹੇ-ਲਿਖੇ ਵਰਗ ਲਈ ਰੋਜ਼ਗਾਰ ਦੇ ਮੌਕਿਆਂ ਵਿਚ ਵੀ ਕਮੀ ਹੁੰਦੀ ਗਈ ਹੈ।’’

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਇਕ ਮਾਹਿਰ ਹਿਮਾਂਸ਼ੂ ਦਾ ਵੀ ਦਾਅਵਾ ਹੈ ਕਿ 6 ਵਰ੍ਹਿਆਂ ਵਿਚ ਨੌਕਰੀਆਂ ਸੱਚਮੁਚ ਘਟੀਆਂ ਹਨ। ਉਨ੍ਹਾਂ ਮੁਤਾਬਿਕ 2011-12 ਵਿਚ 47.25 ਕਰੋੜ ਤੋਂ ਘਟ ਕੇ ਨੌਕਰੀਆਂ 2017-18 ਵਿਚ 45.7 ਕਰੋੜ ਰਹਿ ਗਈਆਂ। ਉਨ੍ਹਾਂ ਦੇ ਅੰਕੜਿਆਂ ਮੁਤਾਬਿਕ ਇਸ ਮਿਆਦ ਦੌਰਾਨ 1.5 ਕਰੋੜ ਨੌਕਰੀਆਂ ਘਟੀਆਂ ਹਨ।

ਇਕ ਹੋਰ ਚਿੰਤਾਜਨਕ ਰੁਝਾਨ ਅਨੁਸਾਰ ਲੋਕਾਂ ’ਚ ‘ਵ੍ਹਾਈਟ ਕਾਲਰ’ ਨੌਕਰੀਆਂ ਪ੍ਰਤੀ ਰੁਝਾਨ ਵਧਿਆ ਹੈ, ਜਦਕਿ ਕਾਰਖਾਨਿਆਂ ’ਚ ਕਾਰੀਗਰਾਂ ਆਦਿ ਵਜੋਂ ਨੌਕਰੀ ਕਰਨ ’ਚ ਦਿਲਚਸਪੀ ਘਟੀ ਹੈ। ਇਸੇ ਤਰ੍ਹਾਂ ਇਕ ਪਾਸੇ ਜਿੱਥੇ ‘ਵ੍ਹਾਈਟ ਕਾਲਰ’ ਨੌਕਰੀ ਦੇ ਚਾਹਵਾਨਾਂ ਦੀ ਗਿਣਤੀ ਵਧ ਰਹੀ ਹੈ, ਉਥੇ ਹੀ ਦੂਜੇ ਪਾਸੇ ਕਾਰਖਾਨਿਆਂ ਵਿਚ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਦੀਆਂ ਆਸਾਮੀਆਂ ਖਾਲੀ ਪਈਆਂ ਹਨ।

ਜ਼ਿਆਦਾਤਰ ਉਕਤ ਅੰਕੜੇ ਦੇਸ਼ ਦੀ ਆਰਥਿਕ ਸਥਿਤੀ ਦੀ ਚਿੰਤਾਜਨਕ ਤਸਵੀਰ ਹੀ ਪੇਸ਼ ਕਰ ਰਹੇ ਹਨ। ਜੇ ਸਰਕਾਰ ਸੱਚਾਈ ਮੰਨਣ ਤੋਂ ਬਚਦੀ ਰਹੇਗੀ ਤਾਂ ਹੋ ਸਕਦਾ ਹੈ ਕਿ ਸਥਿਤੀ ਹੋਰ ਖਰਾਬ ਹੋ ਜਾਵੇ। ਇਸ ਲਈ ਦੇਸ਼ ਦੇ ਹਿੱਤ ਵਿਚ ਇਹੋ ਹੋਵੇਗਾ ਕਿ ਸਰਕਾਰ ਸੁਧਾਰ ਦੇ ਕਦਮ ਚੁੱਕਣ ਵਿਚ ਤੇਜ਼ੀ ਲਿਆਵੇ।

–ਵਿਜੇ ਕੁਮਾਰ


Bharat Thapa

Content Editor

Related News