ਪਿਛਲੇ 2 ਦਿਨਾਂ ''ਚ 2 ਦੁਖਦਾਈ ਘਟਨਾਵਾਂ ''ਚ 33 ਮੌਤਾਂ, ਕਈ ਜ਼ਖ਼ਮੀ

01/17/2017 3:32:29 AM

ਸਾਡੇ ਦੇਸ਼ ''ਚ ਆਯੋਜਿਤ ਧਾਰਮਿਕ ਉਤਸਵਾਂ ਅਤੇ ਸਮਾਗਮਾਂ ''ਚ ਪ੍ਰਾਚੀਨ ਕਾਲ ਤੋਂ ਹੀ ਲੱਖਾਂ-ਕਰੋੜਾਂ ਦੀ ਗਿਣਤੀ ''ਚ ਸ਼ਰਧਾਲੂ ਪਹੁੰਚਦੇ ਰਹੇ ਹਨ। ਹੁਣ ਜਿਥੇ ਆਉਣ-ਜਾਣ ਦੇ ਸਾਧਨਾਂ ਅਤੇ ਆਬਾਦੀ ਵਧਣ ਨਾਲ ਇਨ੍ਹਾਂ ''ਚ ਭੀੜ ਵਧ ਗਈ ਹੈ, ਉਥੇ ਹੀ ਲੋਕਾਂ ਕੋਲ ਸਮਾਂ ਵੀ ਬਹੁਤ ਘੱਟ ਹੋਣ ਕਾਰਨ ਛੇਤੀ ਵਾਪਸ ਜਾਣ ਦੀ ਆਪਾਧਾਪੀ ''ਚ ਤੀਰਥ ਅਸਥਾਨਾਂ ''ਤੇ ਭਾਜੜ ਮਚਣ ਨਾਲ ਵੱਡੀ ਗਿਣਤੀ ''ਚ ਮੌਤਾਂ ਹੋਣ ਲੱਗੀਆਂ ਹਨ।
ਇਕ ਦਹਾਕੇ ''ਚ ਅਜਿਹੀਆਂ ਭਾਜੜਾਂ ''ਚ 1000 ਤੋਂ ਜ਼ਿਆਦਾ ਸ਼ਰਧਾਲੂ ਮਰ ਚੁੱਕੇ ਹਨ ਅਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਪਿਛਲੇ ਸਿਰਫ 2 ਦਿਨਾਂ ''ਚ 2 ਸੂਬਿਆਂ ''ਚ ਬਹੁਤ ਦੁਖਦਾਈ ਘਟਨਾਵਾਂ ਵਾਪਰ ਗਈਆਂ ਹਨ।
ਪਹਿਲੀ ਦੁਰਘਟਨਾ ਮਕਰ ਸੰਕ੍ਰਾਂਤੀ (ਮਾਘੀ ਦੀ ਸੰਗਰਾਂਦ) ਮੌਕੇ 14 ਜਨਵਰੀ ਦੀ ਸ਼ਾਮ ਨੂੰ ਸਾਰਣ ਜ਼ਿਲੇ ''ਚ ਬਿਹਾਰ ਸਰਕਾਰ ਵਲੋਂ ਆਯੋਜਿਤ ''ਪਤੰਗ ਉਤਸਵ'' ਦੌਰਾਨ ਵਾਪਰੀ, ਜਦੋਂ ਜ਼ਿਲੇ ਦੇ ਸਬਲਪੁਰ ਦਿਆਰਾ ਤੋਂ ਪਟਨਾ ਦੇ ਗਾਂਧੀ ਘਾਟ ਜਾਣ ਵਾਲੇ ਸਟੀਮਰ ''ਚ ਸਵਾਰ ਹੋਣ ਜਾ ਰਹੇ ਲੋਕਾਂ ਨਾਲ ਭਰੀ ਪ੍ਰਾਈਵੇਟ ਕਿਸ਼ਤੀ ਦੇ ਉਲਟ ਜਾਣ ਨਾਲ ਉਸ ''ਚ ਸਵਾਰ 24 ਵਿਅਕਤੀਆਂ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ 25 ਵਿਅਕਤੀਆਂ ਦੀ ਸਮਰੱਥਾ ਵਾਲੀ ਕਿਸ਼ਤੀ ''ਚ 50 ਵਿਅਕਤੀ ਸਵਾਰ ਸਨ।
ਅਗਲੇ ਹੀ ਦਿਨ 15 ਜਨਵਰੀ ਨੂੰ ਵੀ ਸ਼ਾਮ ਦੇ ਸਾਢੇ 5 ਵਜੇ ਦੇ ਲੱਗਭਗ ਬੰਗਾਲ ਦੇ ਦੱਖਣੀ 24 ਪਰਗਣਾ ਜ਼ਿਲੇ ''ਚ ਸਥਿਤ ਸਾਗਰ ਟਾਪੂ ''ਚ ਭਾਜੜ ਮਚਣ ਨਾਲ 9 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਇਸ ''ਚ ਕਈ ਲੋਕ ਜ਼ਖ਼ਮੀ ਹੋ ਗਏ।
ਬਿਹਾਰ ਕਿਸ਼ਤੀ ਦੁਰਘਟਨਾ ਬਾਰੇ ਕਿਹਾ ਜਾਂਦਾ ਹੈ ਕਿ ਨਾ ਮੁੱਖ ਮੰਤਰੀ ਨਿਤੀਸ਼ ਕੁਮਾਰ, ਨਾ ਉਨ੍ਹਾਂ ਦੇ ਡਿਪਟੀ ਤੇਜਸਵੀ ਯਾਦਵ ਅਤੇ ਨਾ ਹੀ ਸੈਰ-ਸਪਾਟਾ ਮੰਤਰੀ ਅਨੀਤਾ ਦੇਵੀ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਕ ਕਿਸ਼ਤੀ ਡੁੱਬੀ ਜਾਂ ਦੋ।
ਕਿਸ਼ਤੀ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ''''ਗੰਗਾ ਦੇ ਇਸ ਹਿੱਸੇ ''ਚ ਹਰ ਰੋਜ਼ 50 ਪ੍ਰਾਈਵੇਟ ਕਿਸ਼ਤੀਆਂ ਚਲਦੀਆਂ ਹਨ, ਜਿਨ੍ਹਾਂ ਵਿਚੋਂ 30 ਦੇ ਲੱਗਭਗ ਕਿਸ਼ਤੀਆਂ ਨਾ ਰਜਿਸਟਰਡ ਹਨ ਤੇ ਨਾ ਹੀ ਉਨ੍ਹਾਂ ''ਚ ਲਾਈਫ ਜੈਕੇਟਾਂ ਜਾਂ ਸੁਰੱਖਿਆ ਟਿਊਬਾਂ ਹੀ ਹੁੰਦੀਆਂ ਹਨ। ਅਧਿਕਾਰੀ ਆਮ ਤੌਰ ''ਤੇ ਉਨ੍ਹਾਂ ਦੀਆਂ ਕਿਸ਼ਤੀਆਂ ਦੇ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਨਹੀਂ ਕਰਦੇ ਅਤੇ ਨਾ ਹੀ ਇਸ ਗੱਲ ਦੀ ਜਾਂਚ ਕਰਦੇ ਹਨ ਕਿ ਉਹ ਲਾਈਫ ਜੈਕੇਟਾਂ ਨਾਲ ਲੈਸ ਹਨ ਜਾਂ ਨਹੀਂ।''''
''''ਜ਼ਿਆਦਾਤਰ ਉਤਸਵਾਂ, ਤਿਉਹਾਰਾਂ ਮੌਕੇ ਲੋਕਾਂ ਨੂੰ ਢੋਣ ਲਈ ਸਰਕਾਰੀ ਕਿਸ਼ਤੀਆਂ ਦੀ ਘਾਟ ਕਾਰਨ ਵੀ ਪ੍ਰਾਈਵੇਟ ਕਿਸ਼ਤੀਆਂ ''ਚ ਜ਼ਿਆਦਾ ਭੀੜ ਹੁੰਦੀ ਹੈ। ਸੂਰਜ ਡੁੱਬਣ ਤੋਂ ਬਾਅਦ ਕਿਸ਼ਤੀਆਂ ਨਾ ਚਲਾਉਣ ਸੰਬੰਧੀ ਹੁਕਮਾਂ ਦੀ ਪਾਲਣਾ ਵੀ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਅਧਿਕਾਰੀ ਨਿਰੀਖਣ ਕਰਨ ਲਈ ਉਥੇ ਜਾਂਦੇ ਹਨ।''''
ਦਿਆਰਾ ''ਚ ਪ੍ਰੋਗਰਾਮ ਵਾਲੀ ਜਗ੍ਹਾ ''ਤੇ ਇਹ ਐਲਾਨ ਕੀਤਾ ਜਾ ਰਿਹਾ ਸੀ ਕਿ ਸ਼ਾਮ 4 ਵਜੇ ਤੋਂ ਬਾਅਦ ਗਾਂਧੀ ਘਾਟ ਲਈ ਕੋਈ ਕਿਸ਼ਤੀ ਨਹੀਂ ਜਾਵੇਗੀ, ਇਸ ਲਈ ਲੋਕ ਛੇਤੀ-ਛੇਤੀ ਵਾਪਸ ਚਲੇ ਜਾਣ। ਕੋਈ ਨਹੀਂ ਜਾਣਦਾ ਕਿ ਉਕਤ ਐਲਾਨ ਕੌਣ ਆਦਮੀ ਕਰ ਰਿਹਾ ਸੀ। 
ਹਜ਼ਾਰਾਂ ਲੋਕਾਂ ਦੀ ਭੀੜ ਜੁੜਨ ਦੇ ਬਾਵਜੂਦ ਕੌਮੀ ਆਫਤ ਪ੍ਰਬੰਧ ਟੀਮ ਨੂੰ ਉਤਸਵ ਵਾਲੀ ਜਗ੍ਹਾ ''ਤੇ ਨਹੀਂ ਸੱਦਿਆ ਗਿਆ। ਆਫਤ ਪ੍ਰਬੰਧ ਟੀਮ ਦੇ ਇਕ ਮੈਂਬਰ ਅਨੁਸਾਰ, ''''ਸਾਨੂੰ ਤਾਂ ਦੁਖਾਂਤ ਵਾਪਰ ਜਾਣ ਤੋਂ ਬਾਅਦ ਹੀ ਸੱਦਿਆ ਜਾਂਦਾ ਹੈ।''''
ਦੁਰਘਟਨਾ ਤੋਂ ਬਾਅਦ ਪਟਨਾ ਮੈਡੀਕਲ ਕਾਲਜ ਹਸਪਤਾਲ ''ਚ ਮਰਨ ਵਾਲਿਆਂ ਦੇ ਪੋਸਟਮਾਰਟਮ ਅਤੇ ਜ਼ਖ਼ਮੀਆਂ ਦੇ ਇਲਾਜ ਦੇ ਪ੍ਰਬੰਧ ਵੀ ਤਸੱਲੀਬਖਸ਼ ਨਹੀਂ ਸਨ। ਹਸਪਤਾਲ ''ਚ ਲਾਸ਼ਾਂ ਰੱਖਣ ਲਈ ਜਗ੍ਹਾ ਨਾ ਹੋਣ ਕਾਰਨ ਕਈ ਲਾਸ਼ਾਂ ਜ਼ਮੀਨ ''ਤੇ ਹੀ ਰੱਖ ਦਿੱਤੀਆਂ ਗਈਆਂ।
ਜਿਥੋਂ ਤਕ ਬੰਗਾਲ ''ਚ ਵਾਪਰੀ ਦੁਰਘਟਨਾ ਦਾ ਸੰਬੰਧ ਹੈ, ਸ਼ਰਧਾਲੂ ਗੰਗਾ ਸਾਗਰ ''ਚ ਪਵਿੱਤਰ ਡੁਬਕੀ (ਚੁੱਭੀ) ਲਗਾ ਕੇ ਕੋਲਕਾਤਾ ਪਹੁੰਚਣ ਲਈ ਕੁਚੁਬੇਰੀਆ ''ਚ ਸਟੀਮਰ ''ਤੇ ਸਵਾਰ ਹੋਣ ਲਈ ਇਕੱਠੇ ਹੀ ਭੱਜ ਪਏ। ਬੈਰੀਕੇਡ ਟੁੱਟ ਜਾਣ ਨਾਲ ਭੀੜ ਬੇਕਾਬੂ ਹੋ ਗਈ ਅਤੇ ਭਾਜੜ ਮਚਣ ਨਾਲ ਇਹ ਦੁਖਾਂਤ ਵਾਪਰ ਗਿਆ।
ਜਿਥੇ ਬਿਹਾਰ ਦੀ ਦੁਰਘਟਨਾ ਲਈ ਭਾਜਪਾ ਨੇ ਨਿਤੀਸ਼ ਕੁਮਾਰ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਲਾਲੂ ਯਾਦਵ ਨੇ ਕਿਹਾ ਹੈ ਕਿ ਪਤੰਗ ਉਤਸਵ ਸਰਕਾਰ ਨੇ ਆਯੋਜਿਤ ਕੀਤਾ ਸੀ, ਇਸ ਲਈ ਇਸ ਵਾਸਤੇ ਸਮੁੱਚੇ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਉਸੇ ਦੀ ਸੀ। 
ਬੰਗਾਲ ''ਚ ਵਾਪਰੀ ਦੁਰਘਟਨਾ ਨੂੰ ਤਾਂ ਤ੍ਰਿਣਮੂਲ ਕਾਂਗਰਸ ਦੇ ਕਈ ਨੇਤਾਵਾਂ ਨੇ ''ਭਾਜੜ ਦਾ ਨਤੀਜਾ'' ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਹੈ।
ਦੋਹਾਂ ਹੀ ਘਟਨਾਵਾਂ ''ਚ ਸੰਬੰਧਤ ਸਰਕਾਰਾਂ ਦੀ ਬਦਇੰਤਜ਼ਾਮੀ ਸਾਹਮਣੇ ਆਈ ਹੈ ਤੇ ਉਕਤ ਦੋਹਾਂ ਹੀ ਸੂਬਿਆਂ ਲਈ ਅਜਿਹੀਆਂ ਘਟਨਾਵਾਂ ਨਵੀਆਂ ਨਹੀਂ ਹਨ। ਬਿਹਾਰ ''ਚ 12 ਨਵੰਬਰ 2012 ਨੂੰ ਛਠ ਮੌਕੇ ਚਾਂਚਰਪੁਲ ''ਤੇ ਮਚੀ ਭਾਜੜ ''ਚ 22 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਦਕਿ 4 ਅਕਤੂਬਰ 2014 ਨੂੰ ਦੁਸਹਿਰੇ ਮੌਕੇ ਪਟਨਾ ਦੇ ਗਾਂਧੀ ਮੈਦਾਨ ''ਚ ਮਚੀ ਭਾਜੜ ਵਿਚ 33 ਵਿਅਕਤੀ ਮਾਰੇ ਗਏ ਸਨ।
ਇਸੇ ਤਰ੍ਹਾਂ ਬੰਗਾਲ ''ਚ 2010 ਵਿਚ ਗੰਗਾ ਸਾਗਰ ਮੇਲੇ ''ਚ ਮਚੀ ਭਾਜੜ ਦੌਰਾਨ 7 ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਦਰਜਨ ਦੇ ਲੱਗਭਗ ਲੋਕ ਜ਼ਖ਼ਮੀ ਹੋ ਗਏ ਸਨ। 
ਸਪੱਸ਼ਟ ਹੈ ਕਿ ਅਤੀਤ ''ਚ ਵੀ ਹੋ ਚੁੱਕੀਆਂ ਅਜਿਹੀਆਂ ਘਟਨਾਵਾਂ ਤੋਂ ਦੋਹਾਂ ਹੀ ਸੂਬਿਆਂ ਦੀਆਂ ਸਰਕਾਰਾਂ ਨੇ ਕੋਈ ਸਬਕ ਨਹੀਂ ਸਿੱਖਿਆ ਹੈ। ਜਦੋਂ ਵੀ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਸੰਬੰਧਤ ਸਰਕਾਰਾਂ ਖੁਦ ਨੂੰ ਬਚਾਉਣ ਲਈ ਪੀੜਤਾਂ ਨੂੰ ਮੁਆਵਜ਼ਾ ਦੇਣ ਅਤੇ ਜਾਂਚ ਲਈ ਕਿਸੇ ''ਇਨਕੁਆਰੀ ਕਮੇਟੀ'' ਦੇ ਗਠਨ ਦਾ ਐਲਾਨ ਕਰ ਦਿੰਦੀਆਂ ਹਨ।
ਸਰਕਾਰਾਂ ਅਤੇ ਸੰਬੰਧਤ ਮਹਿਕਮਿਆਂ ਦੇ ਅਜਿਹੇ ਹੀ ਰਵੱਈਏ ਕਾਰਨ ਲਗਾਤਾਰ ਅਜਿਹੀਆਂ ਦੁਰਘਟਨਾਵਾਂ ਵਾਪਰ ਰਹੀਆਂ ਹਨ, ਇਸ ਲਈ ਇਨ੍ਹਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਅਸਰਦਾਰ ਤੇ ਪੁਖਤਾ ਪ੍ਰਬੰਧ ਕਰਨ ਅਤੇ ਦੁਰਘਟਨਾ ਲਈ ਜ਼ਿੰਮੇਵਾਰ ਲੋਕਾਂ ਨੂੰ ਸਖਤ ਤੋਂ ਸਖਤ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਹੈ।   
—ਵਿਜੇ ਕੁਮਾਰ


Vijay Kumar Chopra

Chief Editor

Related News