‘ਕੋਰੋਨਾ’ ਨੇ ਬਦਲ ਦਿੱਤੇ ਸਮਾਜਿਕ ‘ਰੀਤੀ-ਰਿਵਾਜ’, ਖੂੰਜੇ ਲਾ ਦਿੱਤਾ ‘ਵਿਆਹ ਉਦਯੋਗ’

07/12/2020 3:22:26 AM

ਕੋਰੋਨਾ ਦੀ ਮਹਾਮਾਰੀ ’ਚ ਜਿਥੇ ਸਾਰੀਆਂ ਵਪਾਰਕ ਅਤੇ ਉਦਯੋਗਿਕ ਸਰਗਰਮੀਆਂ ’ਤੇ ਉਲਟ ਅਸਰ ਪਿਆ ਹੈ, ਉਥੇ ਹੀ ਇਸ ਨੇ ਸਮਾਜਿਕ ਤਾਣੇ-ਬਾਣੇ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਨਾਲ ਲੋਕਾਂ ਦੀ ਜੀਵਨਸ਼ੈਲੀ ਕਾਫੀ ਬਦਲ ਗਈ ਹੈ। ਕੋਰੋਨਾ ਸੰਕਟ ਕਾਰਣ ਵਿਆਹ ਟਲਣ ਨਾਲ ਵਿਆਹਾਂ ਨਾਲ ਜੁੜੇ ਕਾਰੋਬਾਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸਮਾਜਿਕ ਦੂਰੀ ਦੇ ਨਿਯਮ ਅਤੇ ਹੋਰ ਬੰਦਿਸ਼ਾਂ ਕਾਰਣ ਲੋਕ ਕਈ ਰਸਮਾਂ ਨੰੂ ਤਿਆਗਣ ਲਈ ਮਜਬੂਰ ਹੋ ਗਏ ਹਨ ਅਤੇ ਇਸੇ ਕਾਰਣ ਵਿਆਹ ਸਮਾਰੋਹਾਂ ’ਚ ਗੀਤ-ਸੰਗੀਤ-ਡਾਂਸ ਆਦਿ ਦਾ ਆਯੋਜਨ ਘੱਟ ਹੋ ਗਿਆ ਹੈ।

ਵਿਆਹ ਸਮਾਰੋਹਾਂ ’ਚ ਸੱਦਾ-ਪੱਤਰ ਵੰਡਣ ਦੀ ਰਸਮ ਲੱਗਭਗ ਖਤਮ ਹੋ ਜਾਣ ਨਾਲ ਵਿਆਹ ਦੇ ਕਾਰਡ ਛਾਪਣ ਵਾਲਿਆਂ ਦਾ ਲੱਖਾਂ ਰੁਪਏ ਦਾ ਕਾਰੋਬਾਰ ਵੀ ਠੱਪ ਹੋ ਗਿਆ ਹੈ। ਇਸ ਕਾਰਣ ਵਿਆਹ ਦੇ ਸੱਦਾ-ਪੱਤਰਾਂ ਦੀ ਛਪਾਈ ਆਦਿ ਨਾਲ ਜੁੜੇ ਹਜ਼ਾਰਾਂ ਕਾਮਿਆਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ। ਵਿਆਹ ਲਈ ਪੰਡਿਤਾਂ ਦੀ ਬੁਕਿੰਗ ਅਤੇ ਸਮਾਰੋਹ ਆਯੋਜਿਤ ਕਰਨ ਵਾਲੀਆਂ ਕੰਪਨੀਆਂ ਦਾ ਕੰਮ ਵੀ ਠੱਪ ਹੋ ਗਿਆ ਹੈ ਕਿਉਂਕਿ ਅੱਜ ਵਧੇੇਰੇ ਲੋਕ ਵਿਆਹ ਦੇ ਪ੍ਰੋਗਰਾਮ ਆਯੋਜਿਤ ਕਰ ਹੀ ਨਹੀਂ ਸਕਦੇ। ਇਸ ਤਰ੍ਹਾਂ ਦੁਲਹਨਾਂ ਦਾ ਸ਼ਿੰਗਾਰ, ਮੈਰਿਜ ਪੈਲੇਸਾਂ ਅਤੇ ਹਲਵਾਈਆਂ ਦਾ ਕੰਮ-ਧੰਦਾ ਵੀ ਲੱਗਭਗ ਠੱਪ ਹੈ ਅਤੇ ਇਨ੍ਹਾਂ ਕਾਰੋਬਾਰਾਂ ਨਾਲ ਜੁੜੇ ਲੋਕ ਬੇਰੋਜ਼ਗਾਰ ਹੋ ਗਏ ਹਨ।

ਕਿਉਂਕਿ ਘੋੜਾ-ਬੱਘੀ ਵਾਲਿਆਂ ਦੀ ਜ਼ਿਆਦਾਤਰ ਕਮਾਈ ਵਿਆਹ-ਬਰਾਤ ਦੇ ਦਿਨਾਂ ’ਚ ਹੀ ਹੁੰਦੀ ਹੈ, ਇਸ ਲਈ ਇਕੱਲੀ ਰਾਜਧਾਨੀ ਦਿੱਲੀ ’ਚ ਹੀ ਘੋੜਾ-ਬੱਘੀ ਦਾ ਕਾਰੋਬਾਰ ਵੀ ਚੌਪਟ ਹੋ ਜਾਣ ਕਾਰਣ ਇਸ ਧੰਦੇ ਨਾਲ ਜੁੜੇ ਲੋਕ ਅਤੇ ਉਨ੍ਹਾਂ ਦੇ ਘੋੜਾ-ਘੋੜੀ ਵੀ ਭੁੱਖਮਰੀ ਦੇ ਕੰਢੇ ’ਤੇ ਪਹੰੁਚ ਗਏ ਹਨ। ਬੈਂਡ ਵਾਜਾ ਅਤੇ ਡੀ. ਜੇ. ਵਾਲਿਆਂ ਦਾ ਕੰਮ ਵੀ ਠੱਪ ਹੋ ਜਾਣ ਕਾਰਣ ਇਸ ਨਾਲ ਜੁੜੇ ਹਜ਼ਾਰਾਂ ਲੋਕਾਂ ਸਾਹਮਣੇ ਵੀ ਰੋਜ਼ੀ-ਰੋਟੀ ਦਾ ਸਵਾਲ ਖੜ੍ਹਾ ਹੋ ਗਿਆ ਹੈ। ਹਾਲਾਂਕਿ ਮਜਬੂਰੀਵਸ ਹੀ ਸਹੀ, ਲੋਕ ਸਾਦੇ ਵਿਆਹਾਂ ਲਈ ਪ੍ਰੇਰਿਤ ਹੋਏ ਹਨ ਪਰ ਕੋਰੋਨਾ ਦੀ ਮਹਾਇਨਫੈਕਸ਼ਨ ਨੇ ਜਿਥੇ ਕਾਰੋਬਾਰ ਅਤੇ ਉਦਯੋਗ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ‘ਵਿਆਹ ਉਦਯੋਗ’ ਨੂੰ ਵੀ ਭਾਰੀ ਨੁਕਸਾਨ ਪੁੱਜਾ ਹੈ ਅਤੇ ਲੋਕ ਆਪਣੀਆਂ ਸਦੀਆਂ ਪੁਰਾਣੀਆਂ ਪ੍ਰੰਪਰਾਵਾਂ ਅਤੇ ਰੀਤੀ-ਰਿਵਾਜਾਂ ਨੂੰ ਛੱਡਣ ਲਈ ਮਜਬੂਰ ਹੋ ਗਏ ਹਨ।

-ਵਿਜੇ ਕੁਮਾਰ


Bharat Thapa

Content Editor

Related News