ਪੰਜਾਬ ਦੇ ਮੌਜੂਦਾ ਹਾਲਾਤ ''ਤੇ ਵਿਚਾਰ ਚਰਚਾ ਕਰਨ ਲਈ 7 ਅਪ੍ਰੈਲ ਨੂੰ ਹੋਵੇਗੀ ਵਿਸ਼ੇਸ਼ ਇਕੱਤਰਤਾ
Wednesday, Apr 05, 2023 - 11:12 AM (IST)

ਅੰਮ੍ਰਿਤਸਰ (ਸਰਬਜੀਤ) : ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਜਾਰੀ ਕੀਤਾ ਹੈ ਕਿ ਪੰਜਾਬ ਦੇ ਮੌਜੂਦਾ ਸਮੇਂ ਦੌਰਾਨ ਸਰਕਾਰ ਵੱਲੋਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਲਈ ਸਿਰਜੇ ਝੂਠੇ ਬਿਰਤਾਂਤ ਨੂੰ ਪੰਜਾਬੀਅਤ ਪੱਤਰਕਾਰਾਂ ਅਤੇ ਚੈਨਲਾਂ ਨੇ ਸੱਚੀ ਪੱਤਰਕਾਰਤਾ ਰਾਹੀਂ ਤੋੜਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਨੇ ਕਾਨੂੰਨ ਛਿੱਕੇ 'ਤੇ ਟੰਗ ਕੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ ਚੈਨਲਾਂ ਦੀ ਆਵਾਜ਼ ਬੰਦ ਕੀਤੀ| ਇਸ ਵਰਤਾਰੇ ਦੀ ਪੜਚੋਲ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਧਰਮ ਪ੍ਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ ਹਿੱਤ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ 'ਤੇ ਇਕ ਵਿਸ਼ੇਸ਼ ਇਕੱਤਰਤਾ 7 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਦੀ ਪਾਵਨ ਧਰਤੀ 'ਤੇ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤੀਕ ਬੁਲਾਈ ਗਈ ਹੈ। ਇਸ ਇਕੱਤਰਤਾ ਵਿਚ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਸੰਬੋਧਨ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਪਿੰਡ ਦੀ ਪੰਚਾਇਤ ਮੁਅੱਤਲ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਸਮੂਹ ਸਿੱਖ ਅਤੇ ਪੰਜਾਬੀ ਪੱਤਰਕਾਰਤਾ ਨਾਲ ਜੁੜੇ ਹੋਏ ਪੰਜਾਬਪ੍ਰਸਤ ਵੀਰਾਂ-ਭੈਣਾ ਨੂੰ ਇਸ ਇਕੱਤਰਤਾ ਵਿਚ ਬੁਲਾਇਆ ਗਿਆ ਹੈ। ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਮਿਤੀ 12 ਤੋਂ 15 ਅਪ੍ਰੈਲ 2023 ਤੀਕ ਗੁਰਮਤਿ ਸਮਾਗਮ ਉਲੀਕੇ ਗਏ ਹਨ। ਸੰਗਤਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਸੰਗਤ ਵਿਸਾਖੀ ਸਮਾਗਮ ਵਿਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖ਼ੁਸ਼ੀਆਂ ਪ੍ਰਾਪਤ ਕਰੋ।
ਇਹ ਵੀ ਪੜ੍ਹੋ : ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਸ ਮੁਲਾਜ਼ਮਾਂ ਨੂੰ ਨਵੇਂ ਹੁਕਮ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ