ਬਾਬਾ ਬਲਬੀਰ ਸਿੰਘ 96 ਕਰੋੜੀ ਵੱਲੋਂ ਬੁੱਢਾ ਦਲ ਦੀ ਛਾਉਣੀ ਦੀ ਕੀਤੀ ਗਈ ਕਾਇਆ ਕਲਪ

03/09/2023 6:04:52 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਦੀ ਸਮੁੱਚੀਆਂ ਇਮਾਰਤਾਂ ਖਾਸਕਰ ਬੁਰਜ ਅਕਾਲੀ ਅਕਾਲੀ ਬਾਬਾ ਫੂਲਾ ਸਿੰਘ ਤੇ ਰੰਗਰੋਗਨ ਅਤੇ ਸਾਰੇ ਕੰਪਲੈਕਸ ਨੂੰ ਸੁੰਦਰ ਸੜਕਾਂ ਨਾਲ ਸ਼ਿੰਗਾਰਿਆਂ ਗਿਆ ਹੈ। ਨਿਲੰਬਰੀ ਝੂਲਦੇ ਮੀਰੀ ਪੀਰੀ ਦੇ ਨਿਸ਼ਾਨ ਸਾਹਿਬ ਦੇ ਤੀਰਾਂ ਨੂੰ ਸੋਨੇ ਦੀਆਂ ਪਰਤਾਂ ਚੜਾਉਣ ਦੀ ਸੇਵਾ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ ਮੁਖੀ ਬੁੱਢਾ ਦਲ ਵੱਲੋਂ ਸ਼ਰਧਾ ਪੂਰਵਕ ਕਰਵਾਈ ਗਈ ਹੈ। ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਵੱਲੋਂ ਗੁ: ਬੁਰਜ ਸਾਹਿਬ ਵਿਚਲੇ ਸਾਰੇ ਨਿਸ਼ਾਨ ਸਾਹਿਬ ਦੇ ਤੀਰਾਂ ਨੂੰ ਸੋਨਾ ਚੜਾਉਣ ਦੀ ਸੇਵਾ ਕਰਵਾਈ ਗਈ ਹੈ ਹਰੇਕ ਤੀਰ ਛੇ ਫੁੱਟ ਤਾਂਬੇ ਦਾ ਬਣਾ ਕੇ ਉਸ ਤੇ ਸੋਨੇ ਦੀਆਂ 13 ਪਰਤਾਂ ਚੜਾਈਆਂ ਗਈਆਂ ਹਨ। ਪੰਜ ਨਿਸ਼ਾਨ ਸਾਹਿਬਾਂ ਦੇ ਤੀਰਾਂ ਨੂੰ ਸੋਨ ਸੁਨਹਿਰੀ ਕੀਤਾ ਗਿਆ ਹੈ ਅਤੇ ਮਹੱਲੇ ਸਮੇਂ ਨਿਸ਼ਾਨ ਸਾਹਿਬ ਦੇ ਚੋਲਿਆਂ ਦੀ ਸੇਵਾ ਕੋਹਲੀ ਟਰਾਂਸਪੋਰਟ ਕੰਪਨੀ ਵੱਲੋਂ ਕਰਵਾਈ ਗਈ ਹੈ।

ਗੁ: ਬੁਰਜ ਸਾਹਿਬ ਅਤੇ ਗੁ: ਮੱਲ ਅਖਾੜਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਹੋਲੇ-ਮਹੱਲੇ ਦੇ ਪਵਿੱਤਰ ਤਿਉਹਾਰ ਪੂਰਨ ਸ਼ਰਧਾ ਸਤਿਕਾਰ ਅਤੇ ਖਾਲਸਾ ਪਰੰਪਰਾਵਾਂ ਅਨੁਸਾਰ ਮਨਾਇਆ ਗਿਆ। ਹੋਲੇ ਮਹੱਲੇ ਸਮੇਂ ਵਿਸ਼ੇਸ਼ ਤੌਰ ’ਤੇ ਵੱਧ ਤੋਂ ਵੱਧ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸ੍ਰੀ ਗੁਰੂ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਲੇ-ਮਹੱਲੇ ਨੂੰ ਸਮਰਪਿਤ ਪੁਰਾਤਨ ਰਵਾਇਤ ਮੁਤਾਬਕ ਨਗਰ ਕੀਰਤਨ ਸਜਾਇਆ ਗਿਆ। ਜਿਸ ਦੇ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਪੁੱਜਣ ਤੇ ਪੰਜ ਪਿਆਰਿਆਂ, ਨਿਸ਼ਾਚੀਆਂ, ਨਿਗਾਰਚੀਆਂ ਅਤੇ ਨਗਰ ਕੀਰਤਨ ਦੇ ਪ੍ਰਬੰਧਕਾਂ ਜਿਸ ’ਚ ਗੁ: ਸਿੰਘ ਦੇ ਜਨਰਲ ਸਕੱਤਰ ਹਰਮਨਜੀਤ ਸਿੰਘ, ਗੁਰਬਖਸ਼ ਸਿੰਘ ਬੇਦੀ ਐਡੀਸ਼ਨਲ ਸਕੱਤਰ, ਦਫਤਰ ਸਕੱਤਰ  ਗੋਪਾਲ ਸਿੰਘ, ਰਾਵਿੰਦਰਜੀਤ ਸਿੰਘ ਪ੍ਰਚਾਰ ਸਕੱਤਰ, ਸੁਖਵਿੰਦਰ ਸਿੰਘ ਸਕੱਤਰ ਨੂੰ ਬਾਬਾ ਭਗਤ ਸਿੰਘ, ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਸਮਨਾਤ ਕੀਤਾ। ਇਸ ਸਮੇਂ ਬਾਬਾ ਅਮਰੀਕ ਸਿੰਘ, ਜਸਵਿੰਦਰ ਸਿੰਘ ਦੀਨਪੁਰ, ਪਰਮਜੀਤ ਸਿੰਘ ਬਾਜਵਾ ਅਤੇ ਹੋਰ ਗੁ: ਪ੍ਰਬੰਧਕ ਹਾਜ਼ਰ ਸਨ। 


Anuradha

Content Editor

Related News