ਪੰਜਾਬ ਸਰਕਾਰ ਸੂਬੇ ''ਚ ਸ਼ਾਂਤੀ ਬਹਾਲ ਕਰੇ :  ਪ੍ਰੋ: ਸਰਚਾਂਦ ਸਿੰਘ ਖਿਆਲਾ

Wednesday, Mar 22, 2023 - 05:51 PM (IST)

ਪੰਜਾਬ ਸਰਕਾਰ ਸੂਬੇ ''ਚ ਸ਼ਾਂਤੀ ਬਹਾਲ ਕਰੇ :  ਪ੍ਰੋ: ਸਰਚਾਂਦ ਸਿੰਘ ਖਿਆਲਾ

ਅੰਮ੍ਰਿਤਸਰ : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪੰਜਾਬ ਵਿਚ ਪੈਦਾ ਹੋਈ ਅਰਾਜਕਤਾ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਪ੍ਰਤੀ ਤੁਰੰਤ ਪ੍ਰਭਾਵ ਨਾਲ ਜਾਂਚ ਕਰਨ ਤੋਂ ਬਾਅਦ ਬੇਕਸੂਰ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ। ਪ੍ਰੋ: ਸਰਚਾਂਦ ਸਿੰਘ ਨੇ ਕਿਹਾ ਕਿ ਸੂਬਿਆਂ ਵਿਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਸੂਬੇ ਦਾ ਵਿਸ਼ਾ ਹੈ। ਇਸ ਲਈ ਜੇਕਰ ਕਿਸੇ ਵੀ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੁੰਦੀ ਹੈ। 

ਇਹ ਵੀ ਪੜ੍ਹੋ- ਮਾਨਸਾ ਦੀ ਨੇਤਰਹੀਣ ਵੀਰਪਾਲ ਕੌਰ ਨੇ ਵਧਾਇਆ ਸੂਬੇ ਦਾ ਮਾਣ, ਜੂਡੋ-ਕਰਾਟੇ ਚੈਂਪੀਅਨਸ਼ਿਪ 'ਚ ਜਿੱਤਿਆ ਗੋਲਡ ਮੈਡਲ

ਪ੍ਰੋ: ਸਰਚਾਂਦ ਨੇ ਆਖਿਆ ਕਿ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਮਰਥਕਾਂ ’ਤੇ ਐੱਨ. ਐੱਸ. ਏ. ਲਾਉਣ ਅਤੇ ਕਈਆਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ’ਚ ਭੇਜਣ ਦਾ ਫ਼ੈਸਲਾ ਵੀ ਸੂਬਾ ਸਰਕਾਰ ਦਾ ਹੀ ਹੈ। ਜਿਸ ਤੋਂ ਇਕ ਗਲ ਤਾਂ ਸਾਫ਼ ਤੇ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਕੇਂਦਰੀ ਸਹਾਇਤਾ ਬਿਨਾਂ ਆਪਣੇ ਬਲਬੂਤੇ ਸੂਬੇ ਵਿਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੌਜੂਦਾ ਪ੍ਰਸੰਗ ’ਤੇ ’ਹਮ ਦੇਸ਼ ਭਗਤ ਲੋਕ ਹੈ’ ਕਹਿ ਕੇ ਪੰਜਾਬੀਆਂ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਦਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਅਤੇ ਸਿੱਖ ਕੌਮ ਨੇ ਦੇਸ਼ ਦੀ ਆਜ਼ਾਦੀ ਲਈ 90 ਫ਼ੀਸਦੀ ਸਿਰ ਦਿੱਤੇ ਹਨ। ਕੀ ਪੰਜਾਬੀ ਅਤੇ ਸਿੱਖਾਂ ਤੋਂ ਵੱਧ ਕੋਈ ਹੋਰ ਦੇਸ਼ ਭਗਤ ਹੋ ਸਕਦੇ ਹਨ? ਉਨ੍ਹਾਂ ਕੇਜਰੀਵਾਲ ਦੇ ਉਸ ਦਾਅਵੇ ਨੂੰ ਵੀ ਨਿਖੇਧੀ ਕੀਤੀ ਕੀਤਾ, ਜਿਸ ਵਿਚ ਉਨ੍ਹਾਂ ਦੀ ਸਰਕਾਰ ਵੱਲੋਂ ਪੰਜਾਬ ਵਿਚ ਨਸ਼ੇ ਖ਼ਤਮ ਕਰਨ ਅਤੇ ਗੈਂਗਸਟਰਾਂ ’ਤੇ ਕਾਬੂ ਪਾ ਲੈਣ ਦਾ ਦਾਅਵਾ ਕੀਤਾ ਸੀ।  

ਪ੍ਰੋ: ਸਰਚਾਂਦ ਸਿੰਘ ਨੇ ਅੱਗੇ ਕਿਹਾ ਕਿ ਸਿੱਖ ਇਕ ਅਮਨ ਪਸੰਦ ਕੌਮ ਹਨ। ਉਨ੍ਹਾਂ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਯੋਜਨਾ ਮੁਤਾਬਕ ਕੁਝ ਖ਼ਾਲਿਸਤਾਨ ਪੱਖੀ ਲੋਕਾਂ ਵੱਲ਼ੋਂ ਆਸਟ੍ਰੇਲੀਆ ਦੇ ਕੈਨਬਰਾ ’ਚ ਵਿਰੋਧ ਪ੍ਰਦਰਸ਼ਨ ਤੋਂ ਇਲਾਵਾ ਲੰਡਨ ਸਥਿਤ ਭਾਰਤੀ ਹਾਈ ਕਮਿਸ਼ਨ ’ਚ ਭਾਰਤੀ ਰਾਸ਼ਟਰੀ ਝੰਡੇ- ਤਿਰੰਗੇ ਦਾ ਅਪਮਾਨ ਕਰਕੇ ਅਤੇ ਯੂ. ਐੱਸ. ਏ.  ’ਚ ਸਾਨ ਫਰਾਂਸਿਸਕੋ ਸਥਿਤ ਭਾਰਤੀ ਦੂਤਾਵਾਸ ਦੇ ਬਾਹਰ ਭੰਨਤੋੜ ਦੀ ਕਾਰਵਾਈ ਕਰਕੇ ਸਿੱਖ ਭਾਈਚਾਰੇ ਦੀ ਛਵੀ ਖ਼ਰਾਬ ਕਰਨ ਦੀ ਕੀਤੀ ਗਈ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਤੱਤਾਂ ਵੱਲੋਂ ਗੁੰਮਰਾਹ ਕੀਤੇ ਗਏ ਸਿੱਖ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਪਹਿਲਾਂ ਸਹੀ ਰਾਹ ’ਤੇ ਵਾਪਸ ਲੈ ਕੇ ਆਉਣਾ ਸਾਡਾ ਸਭ ਦਾ ਪਹਿਲਾ ਫ਼ਰਜ਼ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਮੋਗਾ 'ਚ ਦਿਨ ਚੜ੍ਹਦੇ ਹੀ ਅਧਿਆਪਕਾ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ 'ਤੇ ਹੀ ਟੁੱਟ ਗਈ ਸਾਹਾਂ ਦੀ ਡੋਰ

ਇਸ ਕਾਰਜ ਲਈ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੀ ਨਾਕਾਮੀ ਕਾਰਨ ਪੈਦਾ ਹੋਈ ਅਨਿਸ਼ਚਿਤਤਾ ਵਾਲੇ ਮਾਹੌਲ ਕਾਰਨ ਸਭ ਲੋਕ ਸਹਿਮੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਵਿਚ ਵਿਸ਼ਵਾਸ ਰੱਖਦੇ ਹਨ। ਉਹਅੰਮ੍ਰਿਤਪਾਲ ਸਿੰਘ ਦੇ ਕਿਸੇ ਵੀ ਹਿੰਸਾ ਦੇ ਵਰਤਾਰੇ ਜਾਂ ਮਾਡਲ ਨਾਲ ਸਹਿਮਤ ਨਹੀਂ ਹੈ ਫਿਰ ਵੀ ਉਨ੍ਹਾਂ ਵੱਲੋਂ ਗੁੰਮਰਾਹ ਕੀਤੇ ਗਏ ਨੌਜਵਾਨਾਂ ਨਾਲ ਪੂਰੀ ਹਮਦਰਦੀ ਰੱਖਦਾ ਹੈ। ਉਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਪ੍ਰਤੀ ਤੁਰੰਤ ਪ੍ਰਭਾਵ ਨਾਲ ਜਾਂਚ ਕਰਨ ਤੋਂ ਬਾਅਦ ਬੇਕਸੂਰ ਨੌਜਵਾਨਾਂ ਨੂੰ ਜਲਦ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News