ਹਵਾਈ ਯਾਤਰਾ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਖੜੀ ਹੋ ਸਕਦੀ ਹੈ ਵੱਡੀ ਮੁਸੀਬਤ

Monday, Dec 19, 2022 - 06:35 PM (IST)

ਹਵਾਈ ਯਾਤਰਾ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਖੜੀ ਹੋ ਸਕਦੀ ਹੈ ਵੱਡੀ ਮੁਸੀਬਤ

ਅੰਮ੍ਰਿਤਸਰ (ਦਲਜੀਤ ਸ਼ਰਮਾ) - ਜਿਵੇਂ-ਜਿਵੇਂ ਕਰੋਨਾ ਵਾਇਰਸ ਦਾ ਪ੍ਰਭਾਵ ਘਟਦਾ ਜਾ ਰਿਹਾ ਹੈ, ਉਸੇ ਤਰ੍ਹਾਂ ਇਸ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਨੂੰ ਲੈ ਕੇ ਸਰਕਾਰੀ ਸਿਸਟਮ ਢਿੱਲਾ ਪੈ ਗਿਆ ਹੈ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੋਵਿਡਸ਼ੀਲਡ ਟੀਕਾਕਰਨ ਦਾ ਸਟਾਕ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਵਿਦੇਸ਼ ਜਾਣ ਅਤੇ ਹੋਰ ਕੰਮਾਂ ਲਈ ਲੋੜੀਂਦੇ ਟੀਕੇ ਲਗਵਾਉਣ ਵਾਲੇ ਲੋਕਾਂ ਨੂੰ ਵੈਕਸੀਨ ਦਾ ਲਾਭ ਨਾ ਮਿਲਣ ਕਾਰਨ ਭਾਰੀ ਪਰੇਸ਼ਾਨੀ ਹੋ ਰਹੀ ਹੈ।

ਜਾਣਕਾਰੀ ਅਨੁਸਾਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟਦਾ ਜਾ ਰਿਹਾ ਹੈ ਅਤੇ ਲੰਬੇ ਸਮੇਂ ਤੋਂ ਬਾਅਦ ਕੁਝ ਹੀ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਅਸਰ ਘਟਦਾ ਦੇਖ ਸਰਕਾਰੀ ਸਿਸਟਮ ਵੀ ਲਾਪਰਵਾਹ ਹੋ ਗਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਕਰੋਨਾ ਦਾ ਪ੍ਰਭਾਵ ਬਹੁਤ ਤੇਜ਼ੀ ਨਾਲ ਸੀ, ਉਦੋਂ ਵੀ ਸਟਾਕ ਪੂਰੀ ਤਰ੍ਹਾਂ ਨਾਲ ਨਹੀਂ ਮਿਲਦਾ ਸੀ। ਸਰਕਾਰੀ ਸਿਸਟਮ ਦੀ ਲਾਪ੍ਰਵਾਹੀ ਕਾਰਨ ਵੈਕਸੀਨੇਸ਼ਨ ਪੂਰੇ ਜ਼ਿਲੇ 'ਚ ਸ਼ੁਰੂ ਨਹੀਂ ਹੋਈ ਸੀ, ਉਦੋਂ ਵੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਜਦੋਂ ਕੋਰੋਨਾ ਦੇ ਬਹੁਤ ਘੱਟ ਮਾਮਲੇ ਸਾਹਮਣੇ ਆ ਰਹੇ ਹਨ ਤਾਂ ਹੁਣ ਵੀ ਇਸ ਦੀ ਵੈਕਸੀਨ ਦੀ ਘਾਟ ਦੇਖਣ ਨੂੰ ਮਿਲ ਰਹੀ ਹੈ। 

ਅੰਮ੍ਰਿਤਸਰ ਹਵਾਈ ਅੱਡੇ ਤੋਂ ਵਿਦੇਸ਼ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਆਪਣੀ ਯਾਤਰਾ ਲਈ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਟੀਕਾਕਰਨ ਲਈ ਵੈਕਸੀਨ ਉਪਲੱਬਧ ਨਹੀਂ ਹੋ ਰਹੀ ਜਿਸ ਕਾਰਨ ਟੀਕਾਕਰਨ ਦਾ ਕੰਮ ਰੁਕ ਗਿਆ ਹੈ। ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਇਸ ਲਈ ਤਿੰਨ ਦਿਨ ਤੱਕ ਦਾ ਸਮਾਂ ਵੀ ਲੱਗ ਸਕਦਾ ਹੈ। ਜਦੋਂ ਤੱਕ ਵੈਕਸੀਨ ਨਹੀਂ ਮਿਲਦੀ ਉਸ ਸਮੇਂ ਤੱਕ ਅਜਿਹੇ ਯਾਤਰੀ ਜਿੰਨ੍ਹਾਂ ਦੀ ਟਿਕਟ ਆ ਗਈ ਹੈ ਉਹ ਵੀ ਆਪਣੀ ਯਾਤਰਾ ਲਈ ਨਹੀਂ ਜਾ ਸਕਣਗੇ । ਇਸ ਤੋਂ ਇਲਾਵਾ ਜਿਹੜੇ ਯਾਤਰੀ ਇਹ ਸੋਚ ਕੇ ਆ ਰਹੇ ਹਨ ਕਿ ਹਵਾਈ ਅੱਡੇ 'ਤੇ ਜਾ ਕੇ ਦੂਜੀ ਡੋਜ਼ ਲਗਵਾ ਲਵਾਂਗੇ, ਉਨ੍ਹਾਂ ਲਈ ਵੀ ਅਚਾਨਕ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ। ਕੰਫਰਮ ਟਿਕਟ ਵਾਲੇ ਯਾਤਰੀ ਸਿਰਫ਼ ਟੀਕਾਕਰਨ ਨਾ ਹੋਣ ਕਾਰਨ ਆਪਣੀ ਯਾਤਰਾ ਤੋਂ ਖੁੰਝ ਸਕਦੇ ਹਨ ਅਤੇ ਭਾਰੀ ਵਿੱਤੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। 

ਜ਼ਿਕਰਯੋੋੋਗ ਹੈ ਕਿ ਹਵਾਈ ਯਾਤਰਾ ਲਈ ਸਾਰੇ ਦੇਸ਼ਾਂ ਨੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਲਾਜ਼ਮੀ ਕੀਤਾ ਹੋਇਆ ਹੈ। ਇਸ ਲਈ ਜਦੋਂ ਤੱਕ ਕਿਸੇ ਯਾਤਰੀ ਦਾ ਲੌੜੀਂਦਾ ਟੀਕਾਕਰਨ ਪੂਰਾ ਨਹੀਂ ਹੁੰਦਾ ਉਸ ਸਮੇਂ ਤੱਕ ਯਾਤਰੀ ਯਾਤਰਾ ਨਹੀਂ ਕਰ ਸਕਣਗੇ। ਹੁਣ ਯਾਤਰੀਆਂ ਨੂੰ 2-3 ਦਿਨਾਂ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। 

ਸਮਾਜ ਸੇਵੀ ਅਤੇ ਆਰ.ਟੀ.ਆਈ. ਕਾਰਕੁਨ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਹਸਪਤਾਲ ਵਿੱਚ ਕੋਵੀਸ਼ੀਲਡ ਟੀਕਾਕਰਨ ਉਪਲਬਧ ਨਹੀਂ ਹੈ। ਵਿਦੇਸ਼ ਵਿਚ ਜਾਣ ਲਈ ਤਿਆਰ ਖੜ੍ਹੇ ਲੋਕ ਜਾਂ ਸਰਕਾਰੀ ਦਫਤਰਾਂ ਵਿਚ ਲੋੜੀਂਦਾ ਟੀਕਾਕਰਨ ਕਰਵਾਉਣ ਵਾਲੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਲਾਲੀ ਨੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸੱਤਾ ਵਿਚ ਆਉਂਦੇ ਹੀ ਵੈਕਸੀਨੇਸ਼ਨ ਦੀ ਘਾਟ ਹੋ ਗਈ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ। 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਅਤੇ  ਤੁਰੰਤ ਇਸ ਸਮੱਸਿਆ ਦਾ ਹੱਲ ਕੱਢਣਾ ਚਾਹੀਦਾ ਹੈ ਅਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਉਣੀ ਚਾਹੀਦੀ ਹੈ। 
ਦੂਜੇ ਪਾਸੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਕੰਵਲਜੀਤ ਸਿੰਘ ਨੇ ਕਿਹਾ ਕਿ ਟੀਕਾਕਰਨ ਕੋਵੀਸ਼ੀਲਡ ਦਾ ਸਟਾਕ ਤਿੰਨ ਦਿਨਾਂ ਵਿੱਚ ਆ ਜਾਵੇਗਾ ਅਤੇ ਜਿਹੜੇ ਲੋਕ ਟੀਕਾਕਰਨ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਦੇ ਨੰਬਰ ਨੋਟ ਕਰ ਲਏ ਗਏ ਹਨ, ਉਨ੍ਹਾਂ ਨੂੰ ਫ਼ੋਨ ਕਰਕੇ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਟੀਕਾਕਰਨ ਦਾ ਲਾਭ ਜ਼ਰੂਰ ਦਿੱਤਾ ਜਾਵੇਗਾ।

 

 

PunjabKesari

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News