ਡਾ. ਗੁਰਤੇਜ ਸੰਧੂ ਅਮਰੀਕੀ ਪੇਟੈਂਟਸ ਨਾਲ ਵਿਸ਼ਵ ਦੇ 7ਵੇਂ ਸਭ ਤੋਂ ਵੱਡੇ ਖੋਜੀ ਵਜੋਂ ਉਭਰੇ
Friday, Aug 01, 2025 - 06:25 PM (IST)

ਅੰਮ੍ਰਿਤਸਰ : ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀ.ਐਨ.ਡੀ.ਯੂ.) ਦੇ ਸਾਬਕਾ ਵਿਦਿਆਰਥੀ ਡਾ. ਗੁਰਤੇਜ ਸੰਧੂ ਨੇ ਵਿਸ਼ਵ ਪੱਧਰ ’ਤੇ ਤਕਨੀਕੀ ਜਗਤ ਵਿਚ ਆਪਣਾ ਨਾਂ ਸੁਨਹਿਰੀ ਅੱਖਰਾਂ ਨਾਲ ਲਿਖਵਾ ਲਿਆ ਹੈ। 1,382 ਅਮਰੀਕੀ ਪੇਟੈਂਟਸ ਨਾਲ ਉਹ ਵਿਸ਼ਵ ਦੇ 7ਵੇਂ ਸਭ ਤੋਂ ਵੱਡੇ ਖੋਜੀ ਵਜੋਂ ਉਭਰੇ ਹਨ, ਜਿਸ ਨੇ ਮਹਾਨ ਖੋਜੀ ਥਾਮਸ ਐਡੀਸਨ ਨੂੰ ਵੀ ਪਛਾੜ ਦਿੱਤਾ। ਇਹ ਪ੍ਰਾਪਤੀ ਨਾ ਸਿਰਫ਼ ਜੀ.ਐਨ.ਡੀ.ਯੂ. ਲਈ, ਸਗੋਂ ਪੂਰੇ ਭਾਰਤ ਲਈ ਮਾਣ ਵਾਲੀ ਗੱਲ ਹੈ। ਮਾਈਕਰੋਨ ਟੈਕਨਾਲੋਜੀ ਵਿਚ ਸੀਨੀਅਰ ਫੈਲੋ ਅਤੇ ਵਾਈਸ ਪ੍ਰੈਜ਼ੀਡੈਂਟ ਵਜੋਂ ਕਾਰਜਸ਼ੀਲ ਡਾ. ਸੰਧੂ ਨੇ ਸੈਮੀਕੰਡਕਟਰ ਤਕਨੀਕ ਵਿਚ ਕ੍ਰਾਂਤੀਕਾਰੀ ਯੋਗਦਾਨ ਪਾਇਆ ਹੈ। ਉਨ੍ਹਾਂ ਦੀਆਂ ਖੋਜਾਂ, ਜਿਵੇਂ ਕਿ ਐਟੋਮਿਕ ਲੇਅਰ ਡਿਪੋਜ਼ੀਸ਼ਨ, ਆਕਸੀਜਨ-ਮੁਕਤ ਟਾਈਟੇਨੀਅਮ ਕੋਟਿੰਗ, ਅਤੇ ਪਿੱਚ-ਡਬਲਿੰਗ ਤਕਨੀਕਾਂ ਨੇ ਮੂਰਜ਼ ਲਾਅ ਨੂੰ ਜਾਰੀ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਨਵੀਨਤਾਵਾਂ ਨੇ ਸਮਾਰਟਫੋਨ, ਕੈਮਰੇ ਅਤੇ ਕਲਾਊਡ ਸਟੋਰੇਜ ਵਰਗੇ ਆਧੁਨਿਕ ਉਪਕਰਣਾਂ ਨੂੰ ਛੋਟਾ, ਤੇਜ਼ ਅਤੇ ਵਧੇਰੇ ਕੁਸ਼ਲ ਬਣਾਇਆ, ਜਿਸ ਨੇ ਅਰਬਾਂ ਲੋਕਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ।
ਡਾ. ਸੰਧੂ ਦੀ ਯਾਤਰਾ ਜੀ.ਐਨ.ਡੀ.ਯੂ. ਤੋਂ ਸ਼ੁਰੂ ਹੋਈ, ਜਿੱਥੇ ਉਨ੍ਹਾਂ ਨੇ 1980 ਦੇ ਆਸਪਾਸ ਫਿਜ਼ਿਕਸ ਵਿਚ ਐਮ.ਐਸਸੀ. (ਆਨਰਜ਼) ਕੀਤੀ। ਉਹ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਸੰਸਥਾਪਕ ਮੁਖੀ ਪ੍ਰੋ. ਐਸ.ਐਸ. ਸੰਧੂ ਦੇ ਸਪੁੱਤਰ ਹਨ। ਅੰਮ੍ਰਿਤਸਰ ਵਿਚ ਉਨ੍ਹਾਂ ਦੀ ਸਿੱਖਿਆ ਨੇ ਉਨ੍ਹਾਂ ਦੇ ਸ਼ਾਨਦਾਰ ਕੈਰੀਅਰ ਦੀ ਨੀਂਹ ਰੱਖੀ। ਬਾਅਦ ਵਿਚ ਉਨ੍ਹਾਂ ਨੇ ਆਈ.ਆਈ.ਟੀ. ਦਿੱਲੀ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੀ.ਟੈਕ ਅਤੇ ਯੂਨੀਵਰਸਿਟੀ ਆਫ਼ ਨਾਰਥ ਕੈਰੋਲੀਨਾ, ਚੈਪਲ ਹਿੱਲ ਤੋਂ ਫਿਜ਼ਿਕਸ ਵਿੱਚ ਪੀ.ਐਚ.ਡੀ. ਹਾਸਲ ਕੀਤੀ।
ਜੀ.ਐਨ.ਡੀ.ਯੂ. ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਡਾ. ਸੰਧੂ ਦੀਆਂ ਪ੍ਰਾਪਤੀਆਂ ਨੂੰ “ਯੂਨੀਵਰਸਿਟੀ ਅਤੇ ਭਾਰਤ ਲਈ ਅਣਮੁੱਲਾ ਮਾਣ” ਦੱਸਿਆ। ਉਨ੍ਹਾਂ ਕਿਹਾ ਕਿ ਡਾ. ਸੰਧੂ ਦੀ ਸਾਡੇ ਕੈਂਪਸ ਤੋਂ ਵਿਸ਼ਵ ਪੱਧਰ ਤੱਕ ਦੀ ਯਾਤਰਾ ਸਮਰਪਣ ਅਤੇ ਬੌਧਿਕ ਜਿਗਿਆਸਾ ਦੀ ਮਿਸਾਲ ਹੈ। ਉਹ ਸਾਡੇ ਵਿਦਿਆਰਥੀਆਂ ਅਤੇ ਫੈਕਲਟੀ ਲਈ ਪ੍ਰੇਰਨਾ ਸਰੋਤ ਹਨ। ਡੀਨ ਅਕਾਦਮਿਕ ਅਫੇਅਰਜ਼ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਵੀ ਡਾ. ਸੰਧੂ ਨੂੰ ਸ਼੍ਰੇਸ਼ਠਤਾ ਦਾ ਪ੍ਰਤੀਕ ਅਤੇ ਖੋਜੀਆਂ ਲਈ ਰੋਲ ਮਾਡਲ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦਾ ਯੋਗਦਾਨ ਜੀ.ਐਨ.ਡੀ.ਯੂ. ਦੀ ਵਿਰਾਸਤ ਅਤੇ ਭਾਰਤੀ ਅਕਾਦਮਿਕ ਜਗਤ ਦੀ ਵਿਸ਼ਵ ਪੱਧਰ ’ਤੇ ਪਰਿਵਰਤਨਸ਼ੀਲ ਸਮਰੱਥਾ ਨੂੰ ਉਜਾਗਰ ਕਰਦਾ ਹੈ।