ਦਮਦਮੀ ਟਕਸਾਲ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੀਤੀ ਨਆਰੇਬਾਜ਼ੀ

Sunday, Jan 19, 2025 - 06:13 PM (IST)

ਦਮਦਮੀ ਟਕਸਾਲ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੀਤੀ ਨਆਰੇਬਾਜ਼ੀ

ਅਜਨਾਲਾ (ਗੁਰਜੰਟ)- ਗੁਰਮਿਤ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਵੱਲੋਂ ਸੁਖਬੀਰ ਬਾਦਲ ਨੂੰ ਮੁਆਫੀ ਦੇਣ ਦੇ ਵਿਰੋਧ ਵਿੱਚ ਜਥੇਦਾਰਾਂ ਦਾ ਪੁਤਲਾ ਫੂਕਿਆ ਅਤੇ ਸ਼੍ਰੋਮਣੀ ਕਮੇਟੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਅਜਨਾਲਾ ਦੇ ਭਾਈ ਅਮਰੀਕ ਸਿੰਘ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਜਥੇਦਾਰਾਂ ਨੂੰ ਪੰਥ ਦੇ ਗਦਾਰ ਦੱਸਦਿਆਂ ਕਿਹਾ ਕਿ ਇਨ੍ਹਾਂ ਨੇ ਸੁਖਬੀਰ ਬਾਦਲ ਤੇ ਉਸ ਦੀ ਜੁੰਡਲੀ ਨੂੰ ਮੁਆਫੀ ਦੇਣ ਦਾ ਬਹੁਤ ਵੱਡਾ ਅਪਰਾਧ ਕੀਤਾ ਗਿਆ, ਜਦੋਂ ਕਿ ਬਾਦਲਾ ਦੀ ਸਰਕਾਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਘੋਰ ਬੇਅਦਬੀ ਹੋਈ ਅਤੇ ਗੁਰੂ ਸਾਹਿਬਾਨ ਦੇ ਸਰੂਪ ਚੋਰੀ ਹੋਏ। ਆਪਣੇ ਆਪ ਨੂੰ ਪੰਥਕ ਹੋਣ ਦਾ ਦਾਅਵਾ ਕਰਨ ਵਾਲੀ ਇਸ ਸਰਕਾਰ ਨੇ ਬੇਅਦਬੀ ਹੋਣ ਤੋਂ ਬਾਅਦ ਦੋ ਸਾਲ ਸਤਾ ਦਾ ਸੁੱਖ ਭੋਗਿਆ, ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਖੁਰਦ ਬੁਰਦ ਕੀਤਾ ਅਤੇ ਦੋਸ਼ੀਆਂ ਨੂੰ ਆਪਣੇ ਖੰਭਾਂ ਹੇਠ ਲੁਕੋ ਕੇ ਰੱਖਿਆ।

 ਉਹਨਾਂ ਅੱਗੇ ਕਿਹਾ ਕਿ ਹੁਣ ਨੌ ਸਾਲ ਦਾ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਇੱਕ ਇੱਕ ਅਪਰਾਧ ਮੰਨ ਲਿਆ ਹੈ, ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਾਂ ਕਰਵਾਉਣ ਵਾਲੇ ਨੂੰ ਕਦੇ ਵੀ ਮੁਆਫੀ ਕਿਉਂ ਦਿੱਤੀ। ਇਨ੍ਹਾਂ ਜਥੇਦਾਰਾਂ ਨੇ ਦੋਸ਼ੀਆਂ ਨੂੰ ਦੋਸ਼ ਮੁਕਤ ਕੀਤਾ, ਮੁਆਫੀ ਦਿੱਤੀ, ਜੋ ਕਿ ਬਹੁਤ ਵੱਡਾ ਅਪਰਾਧ ਹੈ, ਜਿਸ ਨਾਲ ਸਿੱਖ ਪੰਥ ਦੇ ਹਿਰਦੇ ਵਲੂੰਦਰੇ ਗਏ ਹਨ। ਇਸ ਮੌਕੇ ਬਲਵਿੰਦਰ ਸਿੰਘ, ਗੁਰਮੁਖ ਸਿੰਘ, ਸ਼ਮਸ਼ੇਰ ਸਿੰਘ, ਜੋਬਨ ਸਿੰਘ, ਅਮਰੀਕ ਸਿੰਘ ਅਤੇ ਬੇਅੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਿੰਘ ਹਾਜ਼ਰ ਸਨ। 


author

Shivani Bassan

Content Editor

Related News